ਅਮਰੀਕਾ ਤੇ ਉਤਰੀ ਕੋਰੀਆ ਵਿਚਾਲੇ ਪਹਿਲੀ ਵਾਰ ਹੋਇਆ ਕੋਈ ਸਮਝੌਤਾ, ਟਰੰਪ ਤੋਂ ਪਹਿਲਾਂ 12 ਰਾਸ਼ਟਰਪਤੀ ਨਹੀਂ ਪਾ ਸਕੇ ਸਾਂਝ
ਟਰੰਪ ਦੀ ਸੁਰੱਖਿਆ ਗਰੰਟੀ ਤੋਂ ਬਾਅਦ ਕਿਮ ਐਟਮੀ ਹਥਿਆਰ ਖਤਮ ਕਰਨ ਨੂੰ ਤਿਆਰ
ਭਾਰਤ ਵੱਲੋਂ ਵਾਰਤਾ ਸਹੀ ਪੇਸ਼ਕਦਮੀ ਕਰਾਰ
ਸਿੰਗਾਪੁਰ/ਬਿਊਰੋ ਨਿਊਜ਼ : 70 ਸਾਲ ਤੋਂ ਦੁਸ਼ਮਣ ਰਹੇ ਅਮਰੀਕਾ ਅਤੇ ਉਤਰੀ ਕੋਰੀਆ ਵਿਚਾਲੇ ਮੰਗਲਵਾਰ ਨੂੰ ਪਹਿਲੀ ਵਾਰ ਗੱਲਬਾਤ ਹੋਈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਤਰੀ ਕੋਰੀਆਈ ਤਾਨਾਸ਼ਾਹ ਕਿੰਮ ਜੌਂਗ ਉਨ ਸਿੰਗਾਪੁਰ ਵਿਚ ਮਿਲੇ। 71 ਸਾਲਾਂ ਦੇ ਟਰੰਪ ਨੇ 34 ਸਾਲ ਦੇ ਕਿੰਮ ਨੂੰ ਪ੍ਰਮਾਣੂ ਹਥਿਆਰ ਪੂਰੀ ਤਰ੍ਹਾਂ ਖਤਮ ਕਰਨ ਲਈ ਰਾਜ਼ੀ ਕਰ ਲਿਆ। ਟਰੰਪ ਨੇ ਬਦਲੇ ਵਿਚ ਸੁਰੱਖਿਆ ਦੀ ਗਰੰਟੀ ਦਿੱਤੀ। ਟਰੰਪ ਤੋਂ ਪਹਿਲਾਂ 12 ਰਾਸ਼ਟਰਪਤੀ ਵੀ ਅਜਿਹੀ ਸਾਂਝ ਨਹੀਂ ਪਾ ਸਕੇ।
ਸਿੰਗਾਪੁਰ ‘ਚ ਅਮਰੀਕੀ ਸਦਰ ਡੋਨਾਲਡ ਟਰੰਪ ਨਾਲ ਇਤਿਹਾਸਕ ਸਿਖਰ ਵਾਰਤਾ ਮੌਕੇ ਉੱਤਰੀ ਕੋਰੀਆ ਦੇ ਆਗੂ ਕਿਮ ਜੌਂਗ ਉੱਨ ਨੇ ‘ਮੁਕੰਮਲ ਨਿਸ਼ਸਤਰੀਕਰਨ’ ਲਈ ਕੰਮ ਕਰਨ ਦਾ ਵਾਅਦਾ ਕਰਦਿਆਂ ਵੱਟੇ ਵਿਚ ਅਮਰੀਕਾ ਤੋਂ ਸੁਰੱਖਿਆ ਗਾਰੰਟੀ ਦੀ ਮੰਗ ਕੀਤੀ। ਦੋਵਾਂ ਮੁਲਕਾਂ ਦੇ ਆਗੂਆਂ ਦੀ ਇਹ ਇਤਿਹਾਸਕ ਮਿਲਣੀ ਕੋਰੀਅਨ ਪ੍ਰਾਈਦੀਪ ਵਿਚ ਬਣੇ ਤਣਾਅ ਨੂੰ ਘਟਾਉਣ ਤੇ ਏਸ਼ੀਆ ਪ੍ਰਸ਼ਾਂਤ ਖਿੱਤੇ ਦੇ ਭੂ-ਸਿਆਸੀ ਹਾਲਾਤ ਨੂੰ ਮੁੜ ਆਕਾਰ ਦੇਣ ਦੇ ਸੁਨੇਹੇ ਨਾਲ ਖ਼ਤਮ ਹੋ ਗਈ। ਉਂਝ ਟਰੰਪ ਨੇ ਸਾਫ਼ ਕਰ ਦਿੱਤਾ ਕਿ ਪ੍ਰਮਾਣੂ ਤਜਰਬੇ ਕਰਕੇ ਉੱਤਰੀ ਕੋਰੀਆ ‘ਤੇ ਲੱਗੀਆਂ ਪਾਬੰਦੀਆਂ ਹਾਲ ਦੀ ਘੜੀ ਆਇਦ ਰਹਿਣਗੀਆਂ। ਇਸ ਦੌਰਾਨ ਭਾਰਤ ਨੇ ਇਸ ਇਤਿਹਾਸਕ ਸਿਖਰ ਵਾਰਤਾ ਦਾ ਸਵਾਗਤ ਕਰਦਿਆਂ ਇਸ ਨੂੰ ਸਕਾਰਾਤਮਕ ਦਿਸ਼ਾ ਵਿਚ ਕੀਤੀ ਪੇਸ਼ਕਦਮੀ ਦੱਸਿਆ ਹੈ। ਉਧਰ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਅਮਰੀਕਾ ਤੇ ਉੱਤਰੀ ਕੋਰੀਆ ਵਿਚਾਲੇ ਹੋਏ ਕਰਾਰ ਨੂੰ ‘ਅਹਿਮ ਮੀਲਪੱਥਰ’ ਦੱਸਦਿਆਂ ਆਲਮੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਕੋਰੀਅਨ ਪ੍ਰਾਈਦੀਪ ਵਿੱਚ ਮੁਕੰਮਲ ਨਿਸ਼ਸਤਰੀਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਹਮਾਇਤ ਕਰਨ।
ਸਮਝੌਤੇ ਦੀਆਂ ਅਹਿਮ ਗੱਲਾਂ ਇਹ ਰਹੀਆਂ ਕਿਉਤਰੀ ਕੋਰੀਆ ਆਪਣੇ ਪ੍ਰਮਾਣੂ ਹਥਿਆਰਾਂ ਨੂੰ ਪੂਰੀ ਤਰ੍ਹਾਂ ਖਤਮ ਕਰੇਗਾ। ਯੁੱਧਬੰਦੀ ਤੇ ਫੌਜੀ ਕਾਰਵਾਈ ਦੌਰਾਨ ਗੁਆਚੇ ਲੋਕ ਇਕ-ਦੂਜੇ ਨੂੰ ਵਾਪਸ ਕੀਤੇ ਜਾਣਗੇ ਅਤੇ ਦੱਖਣੀ ਕੋਰੀਆ ਨਾਲ ਸਾਂਝਾ ਯੁੱਧ ਅਭਿਆਸ ਅਮਰੀਕਾ ਬੰਦ ਕਰੇਗਾ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚਾਰ ਘੰਟਿਆਂ ਤੋਂ ਵੱਧ ਸਮਾਂ ਚੱਲੀ ਪ੍ਰਬਲ ਗੱਲਬਾਤ ਮਗਰੋਂ ਕਿਹਾ, ‘ਬੀਤੇ ਦੇ ਝਗੜੇ ਝੇੜੇ ਨੂੰ ਆਉਣ ਵਾਲੇ ਕੱਲ੍ਹ ਦੀ ਜੰਗ ਨਹੀਂ ਬਣਨ ਦਿੱਤਾ ਜਾ ਸਕਦਾ।’ ਅਮਰੀਕੀ ਸਦਰ ਨੇ ਗੱਲਬਾਤ ਨੂੰ ‘ਇਮਾਨਦਾਰ, ਸਿੱਧੀ ਤੇ ਸਪਸ਼ਟ ਅਤੇ ਰਚਨਾਤਮਕ ਦੱਸਿਆ। ਟਰੰਪ ਨੇ ਕਿਹਾ ਕਿ ਕਿਮ ਨੇ ਕੋਰੀਅਨ ਪ੍ਰਾਇਦੀਪ ਦੇ ਨਿਸ਼ਸਤਰੀਕਰਨ ਦੀ ਵਚਨਬੱਧਤਾ ਨੂੰ ਮੁੜ ਦੁਹਰਾਉਂਦਿਆਂ ਮਿਜ਼ਾਈਲ ਇੰਜਨ ਟੈਸਟ ਸਾਈਟ ਨੂੰ ਤਬਾਹ ਕਰਨ ਦੀ ਸਹਿਮਤੀ ਵੀ ਦਿੱਤੀ ਹੈ। ਉੱਤਰੀ ਕੋਰੀਆ ਦੇ ਆਗੂ ਨਾਲ ਆਪਣੀ ਪਲੇਠੀ ਮੀਟਿੰਗ ਮਗਰੋਂ ਟਰੰਪ ਨੇ ਪੱਤਰਕਾਰਾਂ ਨੂੰ ਦੱਸਿਆ ਕਿ ‘ਅਸੀਂ ਦੋਵਾਂ ਮੁਲਕਾਂ ਵਿਚਾਲੇ ਨਵਾਂ ਅਧਿਆਏ ਲਿਖਣ ਲਈ ਤਿਆਰ ਹਾਂ।’ ਟਰੰਪ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਉੱਤਰੀ ਕੋਰੀਆ ‘ਤੇ ਲੱਗੀਆਂ ਪਾਬੰਦੀਆਂ ਜਾਰੀ ਰਹਿਣਗੀਆਂ। ਨਿਸ਼ਸਤਰੀਕਰਨ ਦੇ ਅਮਲ ਬਾਰੇ ਪੁੱਛੇ ਜਾਣ ‘ਤੇ ਟਰੰਪ ਨੇ ਕਿਹਾ , ‘ਅਸੀਂ ਜਲਦੀ ਹੀ ਅਮਲ ਸ਼ੁਰੂ ਕਰਾਂਗੇ ੩ਬਹੁਤ ਜਲਦੀ।’ ਟਰੰਪ ਨੇ ਕਿਹਾ ਕਿ ਇਸ ਸਬੰਧ ਵਿੱਚ ਅਗਲੇ ਹਫ਼ਤੇ ਮੀਟਿੰਗ ਹੋਵੇਗੀ ਤੇ ਸਮਝੌਤੇ ਨੂੰ ਸਿਰੇ ਚਾੜ੍ਹਨ ਲਈ ਖੇਤਰੀ ਮੁਲਕਾਂ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। ਦੋਵਾਂ ਆਗੂਆਂ ਨੇ ਇਕ ਦੂਜੇ ਨਾਲ ਆਹਮੋ-ਸਾਹਮਣੀ ਮੀਟਿੰਗ ਮਗਰੋਂ ਸਾਂਝੇ ਬਿਆਨ ‘ਤੇ ਸਹੀ ਪਾਈ। ਇਸ ਮੀਟਿੰਗ ਵਿੱਚ ਅਨੁਵਾਦਕ ਵੀ ਮੌਜੂਦ ਸਨ। ਮਗਰੋਂ ਇਸ ਮੀਟਿੰਗ ਦਾ ਘੇਰਾ ਵਧਾਉਂਦਿਆਂ ਦੋਵਾਂ ਮੁਲਕਾਂ ਦੇ ਸਿਖਰਲੇ ਆਗੂਆਂ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ।
ਸਮਝੌਤੇ ਦੀਆਂ ਤਿੰਨ ਵੱਡੀਆਂ ਗੱਲਾਂ
1. ਉਤਰੀ ਕੋਰੀਆ ਆਪਣੇ ਪ੍ਰਮਾਣੂ ਹਥਿਆਰਾਂ ਨੂੰ ਪੂਰੀ ਤਰ੍ਹਾਂ ਖਤਮ ਕਰੇਗਾ।
2. ਯੁੱਧਬੰਦੀ ਤੇ ਫੌਜੀ ਕਾਰਵਾਈ ਦੌਰਾਨ ਗੁਆਚੇ ਲੋਕ ਇਕ-ਦੂਜੇ ਨੂੰ ਵਾਪਸ ਕੀਤੇ ਜਾਣਗੇ।
3. ਦੱਖਣੀ ਕੋਰੀਆ ਨਾਲ ਸਾਂਝਾ ਯੁੱਧ ਅਭਿਆਸ ਅਮਰੀਕਾ ਬੰਦ ਕਰੇਗਾ।
ਟਰੂਡੋ ਨੂੰ ਬੇਈਮਾਨ ਕਹਿਣ ਵਾਲੇ ਟਰੰਪ ਨੂੰ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਦਿੱਤੀ ਵਧਾਈ
ਓਟਵਾ : ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਅਮਰੀਕਾ ਦੇ ਉਕਤ ਫੈਸਲੇ ਕਿ ਸਟੀਲ ਅਤੇ ਐਲੂਮੀਨੀਅਮ ਅਯਾਤ ‘ਤੇ ਟੈਰਿਫ ਲੱਗੇਗਾ, ਦਾ ਵਿਰੋਧ ਕਰਨ ਤੋਂ ਬਾਅਦ ਭੜਕੇ ਅਮਰੀਕੀ ਰਾਸ਼ਟਰਪਤੀ ਨੇ ਆਪਣੇ ਇਕ ਟਵੀਟ ਵਿਚ ਕੈਨੇਡੀਅਨ ਪ੍ਰਧਾਨ ਮੰਤਰੀ ਨੂੰ ਬੇਈਮਾਨ ਤੇ ਕਮਜ਼ੋਰ ਤੱਕ ਆਖ ਦਿੱਤਾ, ਜਿਸ ਦੀ ਸਮੁੱਚੇ ਕੈਨੇਡੀਅਨ ਲੋਕਾਂ ਦੇ ਨਾਲ-ਨਾਲ ਵੱਖੋ-ਵੱਖ ਪਾਰਟੀਆਂ ਦੇ ਲੀਡਰਾਂ ਨੇ ਵੀ ਨਿੰਦਾ ਕੀਤੀ। ਪਰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਮਾਮਲੇ ‘ਤੇ ਟਿੱਪਣੀ ਕਰਨ ਦੀ ਬਜਾਏ ਇਕ ਸੁਲਝੇ ਹੋਏ ਆਗੂ ਵਾਂਗ ਵਿਵਹਾਰ ਕਰਦਿਆਂ ਉਤਰ ਕੋਰੀਆ ਨਾਲ ਹੋਏ ਅਮਰੀਕੀ ਸਮਝੌਤੇ ‘ਤੇ ਗੱਲ ਕਰਦਿਆਂ ਦੋਵਾਂ ਮੁਲਕਾਂ ਵਿਚਾਲੇ ਬਣੇ ਸੁਖਾਵੇਂ ਮਾਹੌਲ ਲਈ ਅਤੇ ਪ੍ਰਮਾਣੂ ਹਥਿਆਰਾਂ ਨੂੰ ਉਤਰ ਕੋਰੀਆ ਵੱਲੋਂ ਖਤਮ ਕਰਨ ‘ਤੇ ਹੋਈ ਸਹਿਮਤੀ ‘ਤੇ ਤਸੱਲੀ ਪ੍ਰਗਟਾਉਂਦਿਆਂ ਡੋਨਾਲਡ ਟਰੰਪ ਨੂੰ ਵਧਾਈ ਦਿੱਤੀ।