8.1 C
Toronto
Thursday, October 16, 2025
spot_img
Homeਹਫ਼ਤਾਵਾਰੀ ਫੇਰੀਸ਼ਿਵ ਸੈਨਾ ਤੋਂ ਬਾਅਦ ਅਕਾਲੀ ਦਲ ਨੇ ਵੀ ਭਾਜਪਾ ਨੂੰ ਦਿਖਾਈਆਂ ਅੱਖਾਂ

ਸ਼ਿਵ ਸੈਨਾ ਤੋਂ ਬਾਅਦ ਅਕਾਲੀ ਦਲ ਨੇ ਵੀ ਭਾਜਪਾ ਨੂੰ ਦਿਖਾਈਆਂ ਅੱਖਾਂ

ਨਰੇਸ਼ ਗੁਜਰਾਲ ਦੇ ਮੋਢੇ ‘ਤੇ ਰੱਖ ਕੇ ਬਾਦਲ ਦਲ ਨੇ ਦਾਗਿਆ ਤੀਰ
ਭਾਈਵਾਲਾਂ ਦੇ ਸਾਥ ਬਿਨਾ 2019 ‘ਚ ਭਾਜਪਾ ਲਈ ਜਿੱਤਣਾ ਅਸੰਭਵ
ਜਲੰਧਰ : ਗੁਜਰਾਤ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ઠਖਰਾਬ ਕਾਰਗੁਜ਼ਾਰੀ ਦੀ ਖਬਰ ਆਉਂਦਿਆਂ ਹੀ ਭਾਰਤੀ ਜਨਤਾ ਪਾਰਟੀ ਦਾ ਸਭ ਤੋਂ ਪੁਰਾਣਾ ਅਤੇ ਦੂਜਾ ਵੱਡਾ ਸਹਿਯੋਗੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਖਿਲਾਫ ਹਮਲਾਵਰ ਰੁਖ ਵਿਚ ਆ ਗਿਆ ਹੈ। ਐੱਨ. ਡੀ. ਏ. ਦੀ ਵੱਡੀ ਸਹਿਯੋਗੀ ਸ਼ਿਵ ਸੈਨਾ ਤੋਂ ਬਾਅਦ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨੇ ਇਕ ਟੀ. ਵੀ. ਚੈਨਲ ਨੂੰ ਦਿੱਤੇ ਗਏ ਇੰਟਰਵਿਊ ਦੌਰਾਨ ਕਿਹਾ ਕਿ ਦੇਸ਼ ਵਿਚ ਇਕ ਪਾਰਟੀ ਦੇ ਸੱਤਾ ਵਿਚ ਆਉਣ ਵਾਲਾ ਦੌਰ ਖਤਮ ਹੋ ਗਿਆ ਹੈ ਅਤੇ 2019 ਵਿਚ ਉਹੀ ਪਾਰਟੀ ਸੱਤਾ ‘ਤੇ ਕਾਬਜ਼ ਹੋ ਸਕੇਗੀ, ਜੋ ਆਪਣੀਆਂ ਸਹਿਯੋਗੀ ਪਾਰਟੀਆਂ ਦੀ ਕਦਰ ਕਰੇਗੀ।
ਕਿਹਾ : ਭਾਜਪਾ ਨੂੰ ਅਟਲ ਬਿਹਾਰੀ ਵਾਜਪਾਈ ਵਰਗੀ ਨੀਤੀ ਅਪਣਾਉਣ ਦੀ ਲੋੜ
ਗੁਜਰਾਲ ਨੇ ਕਿਹਾ ਕਿ ਸਿਆਸੀ ਗਠਜੋੜ ਨੂੰ ਲੈ ਕੇ ਭਾਜਪਾ ਨੂੰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵਰਗੀ ਨੀਤੀ ‘ਤੇ ਚੱਲਣ ਦੀ ਲੋੜ ਹੈ। ਵਾਜਪਾਈ ਦੇ ਪ੍ਰਧਾਨ ਮੰਤਰੀ ਹੁੰਦਿਆਂ ਗਠਜੋੜ ਦੀ ਹਰ ਪਾਰਟੀ ਨੂੰ ਬਣਦਾ ਸਨਮਾਨ ਦਿੱਤਾ ਗਿਆ ਸੀ। ਗੁਜਰਾਤ ਦੇ ਨਤੀਜੇ ਤੋਂ ਦੇਸ਼ ਦੀ ਲੀਡਰਸ਼ਿਪ ਨੂੰ ਸਬਕ ਲੈਣ ਦੀ ਲੋੜ ਹੈ। ਨਾਲ ਹੀ ਇਸ ਗੱਲ ‘ਤੇ ਵੀ ਵਿਚਾਰ ਕਰਨ ਦੀ ਲੋੜ ਹੈ ਕਿ ਅਸੀਂ ਦੇਸ਼ ਦੇ 20 ਫੀਸਦੀ ਘੱਟ ਗਿਣਤੀ ਭਾਈਚਾਰੇ ਨੂੰ ਅੱਖੋਂ-ਪਰੋਖੇ ਕਰਕੇ ਵੀ ਸਿਆਸੀ ਤੌਰ ‘ਤੇ ਪੂਰੀ ਤਰ੍ਹਾਂ ਸਫਲ ਨਹੀਂ ਹੋ ਸਕਦੇ। ਗੁਜਰਾਤ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਹਵਾਲਾ ਦਿੰਦਿਆਂ ਗੁਜਰਾਲ ਨੇ ਕਿਹਾ ਕਿ ਜੇਕਰ ਕਾਂਗਰਸ ਨੇ ਆਪਣੇ ਸਹਿਯੋਗੀਆਂ ਦੀ ਕਦਰ ਕੀਤੀ ਹੁੰਦੀ ਤਾਂ ਗੁਜਰਾਤ ਦਾ ਨਤੀਜਾ ਕੁਝ ਹੋਰ ਹੋਣਾ ਸੀ।
ਕਾਂਗਰਸ ਗੁਜਰਾਤ ਵਿਚ ਐੱਨ. ਸੀ. ਪੀ. ਨਾਲ ਤਾਲਮੇਲ ਨਹੀਂ ਬਿਠਾ ਸਕੀ ਤੇ ਨਾ ਹੀ ਆਪਣੇ ਨਾਰਾਜ਼ ਆਗੂ ਸ਼ੰਕਰ ਸਿੰਘ ਵਘੇਲਾ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ। ਕਾਂਗਰਸ ਨੂੰ ਇਸ ਗੱਲ ਦਾ ਵਹਿਮ ਸੀ ਕਿ ਉਹ ਇਕੱਲੇ ਹੀ ਭਾਜਪਾ ਨੂੰ ਚੁਣੌਤੀ ਦੇ ਸਕਦੀ ਹੈ ਪਰ ਨਤੀਜਿਆਂ ਵਿਚ ਕਾਂਗਰਸ ਦਾ ਇਹ ਅਤਿ-ਆਤਮ-ਵਿਸ਼ਵਾਸ ਹੀ ਉਸ ਨੂੰ ਲੈ ਡੁੱਬਾ ਜਾਪ ਰਿਹਾ ਹੈ। ਇਸੇ ਲਈ ਮੇਰਾ ਕਹਿਣਾ ਹੈ ਕਿ 2019 ਵਿਚ ਜਿਹੜੀ ਪਾਰਟੀ ਸਹਿਯੋਗੀਆਂ ਦੀ ਕਦਰ ਕਰੇਗੀ, ਨੂੰ ਹੀ ਦਿੱਲੀ ਦਾ ਤਾਜ ਮਿਲੇਗਾ।
ਗੁਜਰਾਲ ਨੇ ਕਿਹਾ ਕਿ ਗੁਜਰਾਤ ਵਿਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਨਹੀਂ ਸਗੋਂ ਇਹ ਜਿੱਤ ਸਿਰਫ ਨਰਿੰਦਰ ਮੋਦੀ ਦੀ ਹੀ ਮੰਨੀ ਜਾਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਨੇ ਹੀ ਸਿਆਸੀ ਨਬਜ਼ ਨੂੰ ਪਛਾਣਿਆਂ ਤੇ ਅਹਿਮ ਮੌਕੇ ‘ਤੇ ਖੁਦ ਹੀ ਮੈਦਾਨ ਵਿਚ ਕੁੱਦ ਗਏ ਤੇ ਸਥਿਤੀ ਨੂੰ ਸੰਭਾਲਿਆ। ਜੇਕਰ ਸ਼ਹਿਰਾਂ ਦੀ ਜਨਤਾ ਭਾਜਪਾ ਦਾ ਸਾਥ ਨਾ ਦਿੰਦੀ ਤਾਂ ਗੁਜਰਾਤ ਵਿਚ ਇਹ ਨਤੀਜੇ ਨਹੀਂ ਆਉਣੇ ਸਨ।
ਛੋਟੀਆਂ ਗੱਲਾਂ ਭਾਜਪਾ ਲਈ ਵੱਡੀ ਸਮੱਸਿਆ ਬਣ ਸਕਦੀਆਂ ਹਨ : ਦਿੱਲੀ ਦੇ ਦਿਆਲ ਸਿੰਘ ਮਜੀਠੀਆ ਕਾਲਜ ਦਾ ਨਾਂ ਬਦਲ ਕੇ ਵੰਦੇ ਮਾਤਰਮ ਕਾਲਜ ਕੀਤੇ ਜਾਣ ਤੋਂ ਦੁਖੀ ਗੁਜਰਾਲ ਨੇ ਹਮਲਾਵਰ ਹੁੰਦੇ ਹੋਏ ਕਿਹਾ ਕਿ ਭਾਜਪਾ ਆਪਣੇ ਸਹਿਯੋਗੀਆਂ ਦੀ ਗੱਲ ਨਹੀਂ ਸੁਣ ਰਹੀ। ਇਹ ਗੱਲ ਸਿਰਫ ਅਸੀਂ ਨਹੀਂ ਕਹਿ ਰਹੇ ਜਦਕਿ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਮੈਂਬਰ ਵੀ ਇਸ ਗੱਲ ਨੂੰ ਮਹਿਸੂਸ ਕਰਦੇ ਹਨ ਕਿ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਉਨ੍ਹਾਂ ਦੀ ਗੱਲ ਨਹੀਂ ਸੁਣਦੀ। ਅਸੀਂ ਪਿਛਲੇ ਦੋ ਮਹੀਨੇ ਤੋਂ ਭਾਰਤੀ ਜਨਤਾ ਪਾਰਟੀ ਨੂੰ ਇਹ ਗੱਲ ਸਮਝਾਉਣ ਲਈ ਤਰਲੇ ਮਾਰ ਰਹੇ ਹਾਂ ਕਿ ਇਸ ਕਾਲਜ ਦੇ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ ਪਰ ਸਾਡੀ ਕੋਈ ਗੱਲ ਨਹੀਂ ਸੁਣੀ ਜਾ ਰਹੀ। ਜੇ ਪਾਰਟੀ ਦਾ ਅਜਿਹਾ ਹੀ ਵਤੀਰਾ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਇਹ ਛੋਟੀਆਂ ਗੱਲਾਂ ਹੀ ਵੱਡੀ ਸਮੱਸਿਆ ਦਾ ਕਾਰਨ ਬਣ ਸਕਦੀਆਂ ਹਨ।
ਕਿਸਾਨਾਂ ਨੂੰ ਅੱਖੋਂ-ਪਰੋਖੇ ਕਰਨਾ 2019 ‘ਚ ਮਹਿੰਗਾ ਪੈ ਸਕਦੈ : ਇਹ ਨਤੀਜੇ ਇਹ ਵੀ ਸਾਬਤ ਕਰਦੇ ਹਨ ਕਿ ਦੇਸ਼ ਦੀ ਸਰਕਾਰ ਨੇ ਕਿਸਾਨਾਂ ਨੂੰ ਅੱਖੋਂ-ਪਰੋਖੇ ਕੀਤਾ ਹੈ ਤੇ ਉਨ੍ਹਾਂ ਨਾਲ ਕੀਤੇ ਗਏ ਵਾਅਦੇ ਪੂਰੇ ਨਹੀਂ ਹੋਏ। ਭਾਜਪਾ ਸਵਾਮੀਨਾਥਨ ਕਮਿਸ਼ਨ ਦੀ ਸਿਫਾਰਸ਼ ਨੂੰ ਲਾਗੂ ਕਰਨ ਤੋਂ ਇਲਾਵਾ ਪਾਣੀਆਂ ਦੀ ਵੰਡ ਦੇ ਮਸਲੇ ਅਜੇ ਤੱਕ ਬਰਕਰਾਰ ਹਨ, ਲਿਹਾਜ਼ਾ ਸਵਰਾਸ਼ਟਰ ਵਰਗੇ ਕਿਸਾਨਾਂ ਦੇ ਪ੍ਰਭਾਵ ਵਾਲੇ ਤੇ ਪੇਂਡੂ ਇਲਾਕਿਆਂ ਵਿਚ ਭਾਜਪਾ ਕਾਂਗਰਸ ਦੇ ਮੁਕਾਬਲੇ ਪੱਛੜ ਗਈ। ਜੇਕਰ ਆਉਣ ਵਾਲੇ ਇਕ ਸਾਲ ਅੰਦਰ ਕਿਸਾਨਾਂ ਨਾਲ ਜੁੜੇ ਮਸਲੇ ਹੱਲ ਨਾ ਹੋਏ ਤਾਂ ਇਹ ਅਗਲੀਆਂ ਚੋਣਾਂ ਦਾ ਵੱਡਾ ਮੁੱਦਾ ਹੋਣਗੇ ਤੇ ਕਿਸਾਨਾਂ ਨੂੰ ਨਜ਼ਰ-ਅੰਦਾਜ਼ ਕਰਨ ਵਾਲੀ ਪਾਰਟੀ ਦਾ ਨਤੀਜਾ ਭੁਗਤਣਾ ਪਵੇਗਾ।

RELATED ARTICLES
POPULAR POSTS