Breaking News
Home / ਹਫ਼ਤਾਵਾਰੀ ਫੇਰੀ / ਰਾਜੇਵਾਲ ਦੇ ਤਾਹਨੇ ਤੋਂ ਖਿਝ ਤੋਮਰ ਦੇ ਮੂੰਹੋਂ ਨਿਕਲਿਆ ਅੰਬਾਨੀ-ਅਡਾਨੀ ਨੂੰ ਨਹੀਂ ਕਰ ਸਕਦੇ ਨਾਰਾਜ਼

ਰਾਜੇਵਾਲ ਦੇ ਤਾਹਨੇ ਤੋਂ ਖਿਝ ਤੋਮਰ ਦੇ ਮੂੰਹੋਂ ਨਿਕਲਿਆ ਅੰਬਾਨੀ-ਅਡਾਨੀ ਨੂੰ ਨਹੀਂ ਕਰ ਸਕਦੇ ਨਾਰਾਜ਼

ਕਾਨੂੰਨ ਵਾਪਸ ਲਓ ਜਾਂ ਸਾਡੀ ਜਾਨ ਲਓ : ਰਾਜੇਵਾਲ
ਕੈਨੇਡਾ ਸਣੇ ਸਮੁੱਚੇ ਐਨ ਆਰ ਆਈਜ਼ ਨੂੰ ਰਾਜੇਵਾਲ ਦੀ ਅਪੀਲ : ਕੋਈ ਪੈਸਾ ਨਾ ਭੇਜੋ, ਇਥੇ ਕਿਸੇ ਚੀਜ਼ ਦੀ ਤੋਟ ਨਹੀਂ
ਰਜਿੰਦਰ ਸੈਣੀ
ਦਿੱਲੀ ਵਿਚ ਪਿਛਲੇ 15 ਦਿਨਾਂ ਤੋਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਚੱਲ ਰਹੇ ਘੋਲ਼ ਦੀ ਮੌਜੂਦਾ ਸਥਿਤੀ ਤੋਂ ਕੈਨੇਡਾ ਤੇ ਦੁਨੀਆ ਭਰ ਦੇ ਪਾਠਕਾਂ, ਸਰੋਤਿਆਂ ਤੇ ਦਰਸ਼ਕਾਂ ਨੂੰ ਜਾਣੂ ਕਰਵਾਉਣ ਲਈ ਅਦਾਰਾ ‘ਪਰਵਾਸੀ’ ਦੇ ਮੁਖੀ ਰਜਿੰਦਰ ਸੈਣੀ ਹੁਰਾਂ ਨੇ ਬਲਬੀਰ ਸਿੰਘ ਰਾਜੇਵਾਲ ਹੁਰਾਂ ਨਾਲ ਵਿਸਥਾਰਤ ਇੰਟਰਵਿਊ ਕੀਤੀ, ਜਿਸ ਦਾ ਮੁੱਖ ਸਾਰਅੰਸ਼ ਇਸ ਅੰਕ ਵਿਚ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।
ਆਪਣੀ ਬੇਬਾਕੀ ਲਈ ਜਾਣੇ ਜਾਂਦੇ ਬਲਬੀਰ ਸਿੰਘ ਰਾਜੇਵਾਲ ਨੇ ਆਖਿਆ ਕਿ ਵੀਰਵਾਰ ਨੂੰ ਹੋਈ ਪ੍ਰੈਸ ਕਾਨਫਰੰਸ ਦੌਰਾਨ ਜਿੱਥੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਖੁਦ ਮੰਨ ਗਏ ਕਿ ਇਹ ਖੇਤੀ ਕਾਨੂੰਨ ਵਣਜ-ਵਪਾਰ ਲਈ ਹਨ ਭਾਵ ਟਰੇਡ ਐਂਡ ਕਾਮਰਸ ਲਈ ਹਨ ਜਿਸ ਤੋਂ ਸਾਫ਼ ਹੈ ਕਿ ਇਹ ਖੇਤੀ ਕਾਨੂੰਨ ਸੰਵਿਧਾਨ ਦੀ ਉਲੰਘਣਾ ਕਰਕੇ ਬਣਾਏ ਗਏ ਹਨ। ਬਲਬੀਰ ਸਿੰਘ ਰਾਜੇਵਾਲ ਨੇ ਆਖਿਆ ਕਿ ਆਖਰ ਬਿੱਲੀ ਥੈਲਿਓਂ ਬਾਹਰ ਆ ਹੀ ਗਈ।
ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈ ਬੈਠਕ ਦੇ ਸਬੰਧ ਵਿਚ ਰਜਿੰਦਰ ਸੈਣੀ ਹੁਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਰਾਜੇਵਾਲ ਨੇ ਆਖਿਆ ਕਿ ਮੈਂ ਅਮਿਤ ਸ਼ਾਹ ਹੁਰਾਂ ਨੂੰ ਵੀ ਸਾਫ਼ ਆਖ ਦਿੱਤਾ ਕਿ ਸਾਨੂੰ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ। ਥੋਡੇ ਕੋਲ ਸੱਤਾ ਹੈ, ਤਾਕਤ ਹੈ ਤੇ ਤੁਸੀਂ ਧੱਕੇਸ਼ਾਹੀ ਕਰ ਸਕਦੇ ਹੋ, ਪਰ ਸਾਨੂੰ ਕਾਨੂੰਨ ਵਾਪਸ ਚਾਹੀਦੇ ਹਨ, ਚਾਹੇ ਗੋਲ਼ੀ ਮਾਰ ਦਿਓ। ਅਮਿਤ ਸ਼ਾਹ ਨਾਲ ਹੋਈ ਬੈਠਕ ਦੇ ਸਬੰਧ ਵਿਚ ਖੜ੍ਹੇ ਹੋਏ ਸ਼ੰਕਿਆਂ ਦਾ ਜਵਾਬ ਦਿੰਦਿਆਂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਗ੍ਰਹਿ ਮੰਤਰੀ ਵੱਲੋਂ ਛੋਟਾ ਡੈਲੀਗੇਸ਼ਨ ਮਿਲਣ ਦੀ ਮੰਗ ਨੂੰ ਧਿਆਨ ‘ਚ ਰੱਖਦਿਆਂ ਅਸੀਂ 5 ਨੈਸ਼ਨਲ ਲੀਡਰ ਤੇ 8 ਪੰਜਾਬ ਦੇ ਨੁਮਾਇੰਦਿਆਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਸੀ। ਪਰ ਸਰਕਾਰ ਨੇ ਸ਼ਰਾਰਤ ਤਹਿਤ ਇਸ ਗੱਲ ਨੂੰ ਫੈਲਾਇਆ ਕਿ ਜਿਵੇਂ ਕਿਸਾਨ ਜਥੇਬੰਦੀਆਂ ਵੰਡੀਆਂ ਗਈਆਂ ਹੋਣ ਜਦੋਂਕਿ ਅਜਿਹਾ ਬਿਲਕੁਲ ਵੀ ਨਹੀਂ ਹੋਇਆ। ਅਸੀਂ ਸਾਰੇ ਇਕੱਠੇ ਹਾਂ ਤੇ ਜੋਗਿੰਦਰ ਸਿੰਘ ਉਗਰਾਹਾਂ ਵੀ ਸਾਡੇ ਨਾਲ ਹਨ।
ਇਕ ਬੈਠਕ ਦੌਰਾਨ ਖੇਤੀਬਾੜੀ ਮੰਤਰੀ ਤੋਮਰ ਦੇ ਮੂੰਹ ‘ਚੋਂ ਅੰਬਾਨੀ-ਅਡਾਨੀ ਦਾ ਨਾਂ ਨਿਕਲਣ ਦੇ ਸਬੰਧ ਵਿਚ ਰਜਿੰਦਰ ਸੈਣੀ ਹੁਰਾਂ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕਿਸਾਨ ਆਗੂ ਨੇ ਆਖਿਆ ਕਿ ਮੈਂ ਜਦੋਂ ਇਹ ਤੰਜ ਕਸਿਆ ਕਿ ਤੁਸੀਂ ਤੇਲ, ਕਮਿਊਨੀਕੇਸ਼ਨ, ਡਿਫੈਂਸ, ਕੋਲ, ਰੇਲਵੇ ਤੇ ਹਵਾਈ ਜਹਾਜ਼ਾਂ ਤੱਕ ਸਭ ਕੁਝ ਕਾਰਪੋਰੇਟ ਘਰਾਣਿਆਂ ਨੂੰ ਦੇ ਦਿੱਤੇ ਹਨ, ਹੁਣ ਖੇਤ ਤਾਂ ਛੱਡ ਦਿਓ, ਕਿਉਂ ਖੇਤੀ ਵੀ ਉਨ੍ਹਾਂ ਨੂੰ ਦੇਣ ‘ਤੇ ਤੁਲੇ ਹੋਏ ਹੋ। ਤਦ ਇਸ ਤੰਜ ਦਾ ਜਵਾਬ ਦਿੰਦਿਆਂ ਨਰਿੰਦਰ ਤੋਮਰ ਦੇ ਮੂਹੋਂ ਨਿਕਲ ਹੀ ਗਿਆ ਕਿ ਜੇ ਅਸੀਂ ਬਿਲ ਵਾਪਸ ਲੈ ਲਏ ਤਾਂ ਅੰਬਾਨੀ-ਅਡਾਨੀ ਨਾਰਾਜ਼ ਹੋ ਜਾਣਗੇ ਤੇ ਸਾਨੂੰ ਨਵੇਂ ਬਿਲ ਬਣਾਉਣ ਲਈ ਆਖਣਗੇ। ਰਾਜੇਵਾਲ ਨੇ ਆਖਿਆ ਕਿ ਸਰਕਾਰ ‘ਤੇ ਉਨ੍ਹਾਂ ਦੇ ਅਕਾਵਾਂ ਦਾ ਬਹੁਤ ਦਬਾਅ ਹੈ।
ਕੈਨੇਡਾ ਸਣੇ ਸਮੂਹ ਉਨ੍ਹਾਂ ਮੁਲਕਾਂ ਦਾ ਧੰਨਵਾਦ ਕਰਦਿਆਂ ਬਲਬੀਰ ਸਿੰਘ ਰਾਜੇਵਾਲ ਨੇ ਆਖਿਆ ਕਿ ਕੈਨੇਡਾ ‘ਚ ਵਸਦਾ ਸਾਡਾ ਭਾਈਚਾਰਾ, ਕੈਨੇਡਾ ਦੀ ਪਾਰਲੀਮੈਂਟ ‘ਚ ਸਾਡੇ ਨੁਮਾਇੰਦੇ ਤੇ ਕੈਨੇਡਾ ਸਰਕਾਰ ਵੱਲੋਂ ਜੋ ਸਮਰਥਨ ਮਿਲਿਆ ਹੈ, ਉਸ ਦਾ ਧੰਨਵਾਦ, ਇੰਝ ਹੀ ਇੰਗਲੈਂਡ, ਆਸਟਰੇਲੀਆ, ਅਮਰੀਕਾ, ਯੂਐਨਓ ਤੇ ਇੰਟਰਨੈਸ਼ਨਲ ਹਿਊਮਨ ਰਾਈਟ ਵੱਲੋਂ ਵੀ ਭਰਪੂਰ ਸਾਥ ਮਿਲ ਰਿਹਾ ਹੈ।
ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪਰ ਮੇਰੀ ਕੈਨੇਡਾ ਸਣੇ ਸਮੂਹ ਐਨ ਆਰ ਆਈਜ਼ ਭਰਾਵਾਂ ਨੂੰ ਬੇਨਤੀ ਹੈ ਕਿ ਪੈਸੇ ਨਾ ਭੇਜੋ। ਇਥੇ ਕੋਈ ਤੋਟ ਨਹੀਂ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ। ਕਿਉਂਕਿ ਇਸ ਵਿਸ਼ਾਲ ਅੰਦੋਲਨ ਦੌਰਾਨ ਕਈ ਲੋਕ ਦੁਕਾਨਾਂ ਖੋਲ੍ਹ ਕੇ ਬੈਠ ਸਕਦੇ ਹਨ। ਇਨ੍ਹਾਂ ਦੁਕਾਨਾਂ ਤੋਂ ਬਚਣਾ ਤੇ ਪੈਸੇ ਨਾ ਭੇਜਣਾ। ਤੁਸੀਂ ਸਾਡੇ ਹੋ, ਜਦੋਂ ਲੋੜ ਪਈ ਤੁਹਾਨੂੰ ਹਾਕ ਮਾਰ ਲਵਾਂਗੇ। ਫਿਲਹਾਲ ਮੇਰੀ ਇਹ ਬੇਨਤੀ ਪ੍ਰਵਾਨ ਕਰਨਾ।
ਸਰਕਾਰ ਵੱਲੋਂ ਜਾਂ ਏਜੰਸੀਆਂ ਵੱਲੋਂ ਘੜੀਆਂ ਜਾ ਰਹੀਆਂ ਸਾਜ਼ਿਸ਼ਾਂ ਦਾ ਜ਼ਿਕਰ ਕਰਦਿਆਂ ਰਾਜੇਵਾਲ ਹੁਰਾਂ ਨੇ ਆਖਿਆ ਕਿ ਅਸੀਂ 16 ਮੁੰਡੇ ਤੇ 2 ਕੁੜੀਆਂ ਫੜੀਆਂ ਹਨ ਜੋ ਸ਼ਰਾਰਤ ਕਰਨ ਦੇ ਇਰਾਦੇ ਨਾਲ ਅੰਦੋਲਨ ਵਿਚ ਦਾਖਲ ਹੋਏ ਸਨ। ਜਿਸ ਦੇ ਸਬੰਧ ਵਿਚ ਮੈਂ ਤੇ ਸਾਡੇ ਸਾਥੀਆਂ ਨੇ ਕੇਂਦਰ ਨਾਲ ਹੋ ਰਹੀਆਂ ਬੈਠਕਾਂ ਦੌਰਾਨ ਸਰਕਾਰ ਦੇ ਨੁਮਾਇੰਦਿਆਂ ਨੂੰ ਝਾੜਾਂ ਵੀ ਪਾਈਆਂ ਕਿ ਤੁਸੀਂ ਆਹ ਕੀ ਕਰ ਰਹੇ ਹੋ। ਸ਼ਾਂਤਮਈ ਚੱਲ ਰਹੇ ਅੰਦੋਲਨ ਨੂੰ ਮੋਦੀ ਦੇ ਹਾਈਟੈਕ ਆਈਟੀ ਸੈਲ ਤੋਂ ਵੀ ਸੁਚੇਤ ਰਹਿਣ ਦੀ ਲੋੜ ਹੈ। ਪਰ ਰਾਜੇਵਾਲ ਨੇ ਆਖਿਆ ਕਿ ਮੈਨੂੰ ਆਪਣੇ ਪੰਜਾਬ ਤੇ ਦੇਸ਼ ਦੇ ਨੌਜਵਾਨਾਂ ‘ਤੇ ਮਾਣ ਹੈ ਜਿਨ੍ਹਾਂ ਨੂੰ ਨਸ਼ੇੜੀ ਆਖਦੇ ਸੀ ਉਹ ਸਾਡੀ ਇਕ ਬੇਨਤੀ, ਇਕ ਅਪੀਲ ‘ਤੇ ਦਿਨ-ਰਾਤ ਟੀਮਾਂ ਬਣਾ ਕੇ ਡਿਊਟੀਆਂ ਨਿਭਾਅ ਰਹੇ ਹਨ। ਇਸ ਅੰਦੋਲਨ ਨੇ ਨੌਜਵਾਨਾਂ ਦੇ ਮੱਥੇ ‘ਤੇ ਲੱਗੇ ਕਈ ਦਾਗਾਂ ਨੂੰ ਧੋਅ ਦਿੱਤਾ।
ਅਗਲੀ ਰਣਨੀਤੀ ਦੇ ਸਬੰਧ ਵਿਚ ਗੱਲ ਕਰਦਿਆਂ ਬਲਬੀਰ ਸਿੰਘ ਰਾਜੇਵਾਲ ਨੇ ਆਖਿਆ ਕਿ ਹੁਣ ਇਹ ਅੰਦੋਲਨ ਦੇਸ਼ਵਿਆਪੀ ਬਣ ਚੁੱਕਾ ਹੈ ਸੋ ਅਸੀਂ ਛੇਤੀ ਹੀ ਦੇਸ਼ ਭਰ ਦੀਆਂ ਜਥੇਬੰਦੀਆਂ ਦੀ ਸਾਂਝੀ ਤਾਲਮੇਲ ਕਮੇਟੀ ਵਿਚ ਪੂਰੇ ਦੇਸ਼ ਵਿਚ ਰੇਲ ਰੋਕਣ ਦੇ ਪ੍ਰੋਗਰਾਮ ਨੂੰ ਉਲੀਕਣ ਦੀ ਰਣਨੀਤੀ ਘੜਾਂਗੇ ਤੇ ਜਿਵੇਂ ਪੰਜਾਬ ਵਿਚ ਟੋਲ ਖੋਲ੍ਹੇ ਗਏ ਹਨ। ਅੰਬਾਨੀ-ਅਡਾਨੀਆਂ ਦੇ ਮੌਲ ਤੇ ਪੰਪ ਘੇਰੇ ਗਏ ਹਨ ਹੁਣ ਇਹੀ ਕਰਮ 12 ਦਸੰਬਰ ਤੋਂ ਦੇਸ਼ ਭਰ ਵਿਚ ਦੁਹਰਾਇਆ ਜਾਵੇਗਾ। ਬਲਬੀਰ ਸਿੰਘ ਰਾਜੇਵਾਲ ਨੇ ਆਖਿਆ ਕਿ ਅਸੀਂ ਗੱਲਬਾਤ ਤੋਂ ਨਹੀਂ ਭੱਜਦੇ ਪਰ ਸਰਕਾਰ ਉਹੀ ਗੱਲਾਂ ਕਰ ਰਹੀ ਹੈ, ਉਹੀ ਤਜਵੀਜ਼ ਭੇਜ ਰਹੀ ਜੋ ਸਾਨੂੰ ਮਨਜ਼ੂਰ ਨਹੀਂ। ਸਾਡੀ ਮੰਗ ਬਿਲ ਵਾਪਸੀ ਹੀ ਹੈ ਉਸ ਤੋਂ ਘੱਟ ਕੁਝ ਮਨਜ਼ੂਰ ਨਹੀਂ। ਅਦਾਰਾ ‘ਪਰਵਾਸੀ’ ਦੇ ਨਾਲ-ਨਾਲ ਸਮੁੱਚੇ ਐਨ ਆਰ ਆਈਜ਼ ਭਰਾਵਾਂ ਦੇ ਸਾਥ, ਸਹਿਯੋਗ, ਹੁਲਾਰੇ ਤੇ ਹੌਸਲੇ ਲਈ ਬਲਬੀਰ ਸਿੰਘ ਰਾਜੇਵਾਲ ਨੇ ਸਮੁੱਚੀਆਂ ਕਿਸਾਨ ਜਥੇਬੰਦੀਆਂ ਵੱਲੋਂ ਉਚੇਚਾ ਧੰਨਵਾਦ ਵੀ ਕੀਤਾ।

Check Also

ਇਕੋ ਦਿਨ ਜਲੰਧਰ ‘ਚੋਂ ਉਡ ਗਈਆਂ ‘ਆਪ’ ਦੀਆਂ ਦੋ ਤਿਤਲੀਆਂ

ਚੰਦ ਦਿਨਾਂ ‘ਚ ਚੁਣੇ ਹੋਏ ਤਿੰਨ ਸੰਸਦ ਮੈਂਬਰਾਂ ਨੇ ਦਲ ਬਦਲ ਕੇ ਭਾਜਪਾ ‘ਚ ਕੀਤੀ …