9.6 C
Toronto
Saturday, November 8, 2025
spot_img
Homeਹਫ਼ਤਾਵਾਰੀ ਫੇਰੀਬੇਅਦਬੀ ਮਾਮਲਿਆਂ ਦੀ ਡਿੱਗੇਗੀ ਗਾਜ : ਜਥੇਦਾਰ ਨੂੰ ਬਦਲਣ ਦੀਆਂ ਤਿਆਰੀਆਂ

ਬੇਅਦਬੀ ਮਾਮਲਿਆਂ ਦੀ ਡਿੱਗੇਗੀ ਗਾਜ : ਜਥੇਦਾਰ ਨੂੰ ਬਦਲਣ ਦੀਆਂ ਤਿਆਰੀਆਂ

ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਸੰਕਟ ਵਿੱਚ ਘਿਰਨ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਛੁੱਟੀ ਹੋਣ ਦੀਆਂ ਸੰਭਾਵਨਾਵਾਂ ਵਧਦੀਆਂ ਜਾ ਰਹੀਆਂ ਹਨ। ਸੂਤਰਾਂ ਦਾ ਦੱਸਣਾ ਹੈ ਕਿ ਇਸ ਮੁੱਦੇ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰਨਾਂ ਸੀਨੀਅਰ ਆਗੂਆਂ ਨਾਲ ਵਿਚਾਰ ਚਰਚਾ ਕਰ ਲਈ ਹੈ। ਸ਼੍ਰੋਮਣੀ ਕਮੇਟੀ ਵੱਲੋਂ ਕਿਸੇ ਵੀ ਸਮੇਂ ਜਥੇਦਾਰ ਤੋਂ ਅਸਤੀਫਾ ਲਿਆ ਜਾ ਸਕਦਾ ਹੈ ਅਤੇ ਨਵੇਂ ਜਥੇਦਾਰ ਦੀ ਨਿਯੁਕਤੀ ਲਈ ਸਰਗਰਮੀਆਂ ਵੀ ਤੇਜ਼ ਕੀਤੀਆਂ ਹੋਈਆਂ ਹਨ। ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਤਾਜ਼ਾ ਘਟਨਾਕ੍ਰਮ ਦੇ ਚਲਦਿਆਂ ਜਥੇਦਾਰ ਦੀ ਤਬਦੀਲੀ ਸਬੰਧੀ ਹੋ ਰਹੀ ਚਰਚਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਧਾਰਮਿਕ ਖੇਤਰ ਦੀ ਕਿਸੇ ਕੱਦਾਵਰ ਸਿੱਖ ਹਸਤੀ ਨੂੰ ਇਸ ਵਕਾਰੀ ਅਹੁਦੇ ‘ਤੇ ਬਿਠਾਉਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। ਪਾਰਟੀ ਦੇ ਇਸ ਆਗੂ ਦਾ ਇਹ ਵੀ ਕਹਿਣਾ ਹੈ ਕਿ ਕਿਸੇ ਸਿਆਸੀ ਆਗੂ ਨੂੰ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨਹੀਂ ਥਾਪਿਆ ਜਾ ਸਕਦਾ ਕਿਉਂਕਿ ਅਕਾਲੀ ਦਲ ਪਹਿਲਾਂ ਹੀ ਸਿਆਸੀ ਸੰਕਟ ਵਿੱਚ ਘਿਰਿਆ ਹੋਇਆ ਹੈ।
ਪੰਜਾਬ ਵਿਧਾਨ ਸਭਾ ਵਿੱਚ ਦੋ ਕੁ ਹਫ਼ਤੇ ਪਹਿਲਾਂ ਜਸਟਿਸ (ਸੇਵਾ ਮੁਕਤ) ਰਣਜੀਤ ਸਿੰਘ ‘ਤੇ ਅਧਾਰਿਤ ਕਮਿਸ਼ਨ ਦੀ ਰਿਪੋਰਟ ‘ਤੇ ਹੋਈ ਬਹਿਸ ਦੌਰਾਨ ਜਥੇਦਾਰ ਗਿਆਨੀ ਗੁਰਬਚਨ ਸਿੰਘ ਬਾਰੇ ਵੀ ਤਿੱਖੀਆਂ ਟਿੱਪਣੀਆਂ ਹੋਣ ਤੋਂ ਬਾਅਦ ਅਕਾਲੀ ਆਗੂ ਨਮੋਸ਼ੀ ਮਹਿਸੂਸ ਕਰ ਰਹੇ ਹਨ। ਜਥੇਦਾਰ ਗਿਆਨੀ ਗੁਰਬਚਨ ਸਿੰਘ ਵੀ ਦੋ ਹਫ਼ਤਿਆਂ ਬਾਅਦ ਹੀ ਲੋਕਾਂ ਦੇ ਸਾਹਮਣੇ ਆਏ ਹਨ। ਅਕਾਲੀ ਨੇਤਾਵਾਂ ਨੂੰ ਡੇਰਾ ਸਿਰਸਾ ਦੇ ਮੁਖੀ ਨੂੰ ਅਕਾਲ ਤਖ਼ਤ ਸਾਹਿਬ ਵੱਲੋਂ ਸਾਲ 2015 ਵਿੱਚ ਦਿੱਤੀ ਮੁਆਫ਼ੀ ਦੇ ਮੁੱਦੇ ‘ਤੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਸੀਨੀਅਰ ਆਗੂਆਂ ਨੇ ਜਥੇਦਾਰ ਨੂੰ ਅਹੁਦੇ ਤੋਂ ਖੁਦ-ਬ-ਖ਼ੁਦ ਹੀ ਲਾਂਭੇ ਹੋਣ ਦਾ ਮਸ਼ਵਰਾ ਵੀ ਦਿੱਤਾ ਸੀ।

RELATED ARTICLES
POPULAR POSTS