Breaking News
Home / ਹਫ਼ਤਾਵਾਰੀ ਫੇਰੀ / ਭਗੌੜੇ ਵਿਜੇ ਮਾਲਿਆ ਦਾ ਲੰਡਨ ‘ਚ ਦਾਅਵਾ

ਭਗੌੜੇ ਵਿਜੇ ਮਾਲਿਆ ਦਾ ਲੰਡਨ ‘ਚ ਦਾਅਵਾ

ਭਾਰਤ ਛੱਡਣ ਤੋਂ ਪਹਿਲਾਂ ਸੈਟਲਮੈਂਟ ਲਈ ਮਿਲਿਆ ਸਾਂ ਜੇਤਲੀ ਨੂੰ
ਵਿੱਤ ਮੰਤਰੀ ਅਰੁਣ ਜੇਤਲੀ ਬੋਲੇ ਮਿਲਿਆ ਤਾਂ ਜ਼ਰੂਰ ਸੀ ਪਰ ਸੰਸਦ ‘ਚ ਤੁਰਦੇ ਤੁਰਦੇ
ਲੰਡਨ/ਬਿਊਰੋ ਨਿਊਜ਼ : ਅਰਬਾਂ ਰੁਪਏ ਦੇ ਕਰਜ਼ੇ ਦੇ ਚੁੱਕੀਆਂ ਬੈਂਕਾਂ ਨੂੰ ਅੰਗੂਠਾ ਦਿਖਾਉਣ ਵਾਲੇ ਕਾਰੋਬਾਰੀ ਵਿਜੇ ਮਾਲਿਆ ਨੇ ਆਖਿਆ ਕਿ ਭਾਰਤ ਛੱਡਣ ਤੋਂ ਪਹਿਲਾਂ ਉਹ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਮਿਲ ਕੇ ਆਇਆ ਸੀ। ਭਾਰਤ ਵੱਲੋਂ ਦਾਇਰ ਕੀਤੇ ਸਪੁਰਦਾਰੀ ਦੇ ਕੇਸ ਸਬੰਧੀ ਵੈਸਟਮਿੰਸਟਰ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਹੋਣ ਲਈ ਪੁੱਜੇ ਕਿੰਗਫਿਸ਼ਰ ਏਅਰਲਾਈਨ ਦੇ 62 ਸਾਲਾ ਸਾਬਕਾ ਮੁਖੀ ਨੇ ਇਹ ਗੱਲ ਉਦੋਂ ਆਖੀ ਜਦੋਂ ਪੱਤਰਕਾਰਾਂ ਨੇ ਉਸ ਤੋਂ ਪੁੱਛਿਆ ਕਿ ਕੀ ਦੇਸ਼ ਛੱਡਣ ਤੋਂ ਪਹਿਲਾਂ ਉਸ ਨੇ ਕੋਈ ਸੂਹ ਕੱਢੀ ਸੀ ਤਾਂ ਉਸ ਨੇ ਜਵਾਬ ਦਿੱਤਾ ”ਮੈਂ ਦੇਸ਼ ਛੱਡ ਕੇ ਗਿਆ ਸੀ ਕਿਉਂਕਿ ਮੇਰੀ ਜਨੇਵਾ ਵਿੱਚ ਮੀਟਿੰਗ ਹੋਣ ਵਾਲੀ ਸੀ। ਜਾਣ ਤੋਂ ਪਹਿਲਾਂ ਮੈਂ ਵਿੱਤ ਮੰਤਰੀ ਨੂੰ ਮਿਲਿਆ ਸਾਂ ਤੇ ਬੈਂਕਾਂ ਨਾਲ ਮਾਮਲਾ ਸੁਲਝਾਉਣ ਦੀ ਪੇਸ਼ਕਸ਼ ਕੀਤੀ ਸੀ। ਇਹ ਸੱਚ ਹੈ।” ਹਾਲਾਂਕਿ ਮਾਲਿਆ ਨੇ ਕਿਸੇ ਦਾ ਨਾਂ ਨਹੀਂ ਲਿਆ ਪਰ 2016 ਵਿੱਚ ਜਦੋਂ ਭਾਰਤ ਤੋਂ ਆਇਆ ਸੀ ਤਾਂ ਉਸ ਵੇਲੇ ਵੀ ਅਰੁਣ ਜੇਤਲੀ ਹੀ ਵਿੱਤ ਮੰਤਰੀ ਸਨ। ਉਸ ਨੇ ਪੱਤਰਕਾਰਾਂ ਨੂੰ ਦੱਸਿਆ ” ਮੈਂ ਪਹਿਲਾਂ ਹੀ ਆਖ ਚੁੱਕਿਆ ਹਾਂ ਕਿ ਮੈਨੂੰ ਸਿਆਸੀ ਖਿੱਦੋ ਬਣਾਇਆ ਜਾ ਰਿਹਾ ਹੈ। ਇਸ ਵਿੱਚ ਮੈਂ ਕੁਝ ਨਹੀਂ ਕਰ ਸਕਦਾ। ਮੇਰੀ ਜ਼ਮੀਰ ਬਿਲਕੁਲ ਸਾਫ਼ ਹੈ ਅਤੇ ਮੈਂ 15000 ਕਰੋੜ ਰੁਪਏ ਦੇ ਮੁੱਲ ਦੇ ਅਸਾਸੇ ਕਰਨਾਟਕ ਹਾਈ ਕੋਰਟ ਦੀ ਟੇਬਲ ‘ਤੇ ਰੱਖੇ ਸਨ।”
‘ ਵਿਜੇ ਮਾਲਿਆ ਦਾ ਦਾਅਵਾ ਬੇਹੱਦ ਗੰਭੀਰ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਤੁਰੰਤ ਜਾਂਚ ਦੇ ਹੁਕਮ ਦੇਣੇ ਚਾਹੀਦੇ ਹਨ। ਜਾਂਚ ਜਾਰੀ ਰਹਿਣ ਤੱਕ ਜੇਤਲੀ ਨੂੰ ਵਿੱਤ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ’ -ਰਾਹੁਲ ਗਾਂਧੀ
ਤੁਰਦੇ-ਤੁਰਦੇ ਸੈਟਲਮੈਂਟ ਦੀ ਕੀਤੀ ਸੀ ਪੇਸ਼ਕਸ਼ : ਜੇਤਲੀ
ਵਿੱਤ ਮੰਤਰੀ ਅਰੁਣ ਜੇਤਲੀ ਨੇ ਫੇਸਬੁੱਕ ਰਾਹੀਂ ਆਪਣੀ ਸਫਾਈ ਦਿੱਤੀ ਹੈ। ਕਿਹਾ ਮੈਂ ਵਿਜੇ ਮਾਲਿਆ ਨੂੰ ਅਪਵਾਇਟਮੈਂਟ ਨਹੀਂ ਦਿੱਤਾ। ਉਹ ਰਾਜ ਸਭਾ ਮੈਂਬਰ ਸਨ। ਮੈਂ ਸਦਨ ‘ਚੋਂ ਨਿਕਲ ਕੇ ਆਪਣੇ ਕਮਰੇ ‘ਚ ਜਾ ਰਿਹਾ ਸੀ, ਉਹ ਮੇਰੇ ਨਾਲ-ਨਾਲ ਤੁਰ ਪਏ। ਤੁਰਦੇ-ਤੁਰਦੇ ਕਿਹਾ ਕਿ ਮੈਂ ਸੈਟਲਮੈਂਟ ਦੀ ਪੇਸ਼ਕਸ਼ ਕਰ ਰਿਹਾ ਹਾਂ। ਮੈਂ ਉਸ ਨੂੰ ਗੱਲ ਅੱਗੇ ਵਧਾਉਣ ਤੋਂ ਰੋਕਦਿਆਂ ਕਿਹਾ ਕਿ ਇਹ ਪੇਸ਼ਕਸ਼ ਬੈਂਕਾਂ ਮੂਹਰੇ ਕਰੋ। ਮੈਂ ਉਨ੍ਹਾਂ ਦੇ ਹੱਥ ‘ਚ ਫੜੇ ਕਾਗਜ਼ ਵੀ ਨਹੀਂ ਲਏ।
ਟਰੰਪ ਨੇ ਭਾਰਤ ਦਾ ਨਾਂ ਨਸ਼ਾ ਪੈਦਾ ਕਰਨ ਵਾਲੇ ਦੇਸ਼ਾਂ ਦੀ ਸੂਚੀ ‘ਚ ਪਾਇਆ
ਇਸ ਸੂਚੀ ਵਿਚ ਅਫਗਾਨਿਸਤਾਨ, ਪਾਕਿਸਤਾਨ ਤੇ ਮੀਆਂਮਾਰ ਵੀ ਸ਼ਾਮਲ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨੂੰ ਦੁਨੀਆ ਦੇ ਉਨ੍ਹਾਂ 21 ਦੇਸ਼ਾਂ ‘ਚ ਸ਼ਾਮਲ ਕੀਤਾ, ਜਿੱਥੇ ਗੈਰ-ਕਾਨੂੰਨੀ ਤਰੀਕੇ ਨਾਲ ਨਸ਼ੇ ਦਾ ਉਤਪਾਦਨ ਹੁੰਦਾ ਹੈ ਅਤੇ ਉਸ ਨੂੰ ਬਾਹਰ ਭੇਜਿਆ ਜਾਂਦਾ ਹੈ। ਇਸ ਸੂਚੀ ਵਿਚ ਅਫਗਾਨਿਸਤਾਨ, ਪਾਕਿਸਤਾਨ ਅਤੇ ਮਿਆਂਮਾਰ ਵੀ ਸ਼ਾਮਲ ਹਨ। ਟਰੰਪ ਨੇ ਇਸ ਸੂਚੀ ਵਿੱਚ ਦੇਸ਼ਾਂ ਨੂੰ ਰੱਖੇ ਜਾਣ ਪਿੱਛੇ ਭੂਗੋਲਿਕ, ਕਾਰੋਬਾਰ ਤੇ ਆਰਥਿਕ ਕਾਰਨ ਦੱਸਿਆ, ਜਿਸ ਕਰਕੇ ਉਹ ਨਸ਼ੀਲੀਆਂ ਦਵਾਈਆਂ ਦਾ ਉਤਪਾਦਨ ਕਰ ਰਹੇ ਹਨ ਜਾਂ ਇਨ੍ਹਾਂ ਨੂੰ ਬਾਹਰ ਭੇਜ ਰਹੇ ਹਨ। ਟਰੰਪ ਨੇ ਕਿਹਾ ਕਿ ਇਸ ਬੀਮਾਰੀ ਨਾਲ ਲੜਨਾ ਅਮਰੀਕਾ ਅਤੇ ਉਨ੍ਹਾਂ ਦੇ ਪ੍ਰਸ਼ਾਸਨ ਦੀ ਸਭ ਤੋਂ ਪਹਿਲੀ ਪਹਿਲ ਹੈ। ਟਰੰਪ ਨੇ ਆਖਿਆ ਕਿ ਇਨ੍ਹਾਂ ਦੇਸ਼ਾਂ ਵਿਚ ਹੋ ਰਹੇ ਡਰੱਗ ਦੇ ਉਤਪਾਦਨ ਅਤੇ ਤਸੱਕਰੀ ਕਾਰਨ ਅਮਰੀਕੀ ਨਾਗਰਿਕਾਂ ਦੀ ਸਿਹਤ ਅਤੇ ਉਨ੍ਹਾਂ ਦੀ ਸੁਰੱਖਿਆ ਪ੍ਰਭਾਵਿਤ ਹੁੰਦੀ ਹੈ।

Check Also

ਲੋਕ ਸਭਾ ਚੋਣਾਂ ‘ਚੋਂ ਲੋਕ ਮੁੱਦੇ ਗਾਇਬ ਸਿੱਠਣੀਆਂ ਦਾ ਦੌਰ ਸ਼ੁਰੂ

ਨਾ ਕਾਰਜਾਂ ਦੀ ਗੱਲ, ਨਾ ਯੋਜਨਾਵਾਂ ਦਾ ਹਵਾਲਾ-ਇਕ ਲੀਡਰ ਸਵਾਲ ਕਰਦਾ ਹੈ ਦੂਜਾ ਦਿੰਦਾ ਹੈ …