Breaking News
Home / ਜੀ.ਟੀ.ਏ. ਨਿਊਜ਼ / ਰੰਜ ਪਿੱਲਈ ਬਣੇ ਕੈਨੇਡਾ ਦੇ ਉੱਤਰੀ-ਪੱਛਮੀ ਇਲਾਕੇ ਯੂਕੋਨ ਦੇ 10ਵੇਂ ਮੁੱਖ ਮੰਤਰੀ

ਰੰਜ ਪਿੱਲਈ ਬਣੇ ਕੈਨੇਡਾ ਦੇ ਉੱਤਰੀ-ਪੱਛਮੀ ਇਲਾਕੇ ਯੂਕੋਨ ਦੇ 10ਵੇਂ ਮੁੱਖ ਮੰਤਰੀ

ਜਸਟਿਨ ਟਰੂਡੋ ਨੇ ਰੰਜ ਨੂੰ ਮੁੱਖ ਮੰਤਰੀ ਬਣਨ ‘ਤੇ ਦਿੱਤੀ ਵਧਾਈ
ਟੋਰਾਂਟੋ/ਸਤਪਾਲ ਸਿੰਘ ਜੌਹਲ : ਭਾਰਤ ਦੇ ਰਾਜ ਕੇਰਲਾ ਤੋਂ ਕੈਨੇਡਾ ‘ਚ ਜਾ ਵਸੇ ਕੇ ਪਿੱਲਈ ਜੋੜੇ ਦੇ ਪੁੱਤਰ ਰੰਜ (ਰੈਨ) ਪਿੱਲਈ ਇਥੋਂ ਦੇ ਉੱਤਰ-ਪੱਛਮੀ ਇਲਾਕੇ ਯੂਕੋਨ ਦੇ ਮੁੱਖ ਮੰਤਰੀ ਬਣ ਗਏ। ਉਨ੍ਹਾਂ ਦਾ ਜਨਮ ਪੂਰਬੀ ਪ੍ਰਾਂਤ ਨੋਵਾ ਸਕੋਸ਼ੀਆ ਦੇ ਪੇਂਡੂ ਇਲਾਕੇ ‘ਚ ਹੋਇਆ ਸੀ ਪਰ ਯੂਕੋਨ ਦੀ ਰਾਜਧਾਨੀ ਵਾਈਟਹਨਰਸ ਵਿਖੇ ਸਮਾਜ ਸੇਵਕ ਅਤੇ ਮਿਊਂਸਪਲ ਸਰਕਾਰ ‘ਚ ਸ਼ਾਮਲ ਰਹਿਣ ਤੋਂ ਬਾਅਦ ਉਹ 2016 ‘ਚ ਪੋਰਟਰ ਕਰੀਕ-ਦੱਖਣੀ ਤੋਂ 337 ਵੋਟਾਂ (ਨਿਕਟ ਵਿਰੋਧੀ ਤੋਂ 52 ਵੋਟਾਂ ਵੱਧ) ਨਾਲ ਵਿਧਾਇਕ ਚੁਣੇ ਗਏ ਅਤੇ ਹੁਣ ਤੱਕ ਯੂਕੋਨ ਦੇ ਉਪ-ਮੁੱਖ ਮੰਤਰੀ ਸਨ। 2021 ‘ਚ ਉਹ 309 ਵੋਟਾਂ ਪ੍ਰਾਪਤ ਕਰਕੇ ਦੁਬਾਰਾ ਵਿਧਾਇਕ ਬਣੇ ਸਨ। ਬੀਤੇ ਸਾਲ ਸਤੰਬਰ ਮਹੀਨੇ ‘ਚ ਮੁੱਖ ਮੰਤਰੀ ਸੈਂਡੀ ਸਿਲਵਰ ਵਲੋਂ 2025 ‘ਚ ਹੋਣ ਵਾਲੀ ਚੋਣ ਨਾ ਲੜਨ ਅਤੇ ਯੂਕੋਨ ਦੀ ਸਿਆਸਤ ਛੱਡਣ ਦਾ ਐਲਾਨ ਕਰਨ ਤੋਂ ਬਾਅਦ ਰੰਜ ਨੂੰ ਓਥੋਂ ਦੀ ਲਿਬਰਲ ਪਾਰਟੀ ਦਾ ਨਿਰਵਿਰੋਧ ਆਗੂ ਚੁਣਿਆ ਗਿਆ ਅਤੇ ਉਨ੍ਹਾਂ ਨੇ ਯੂਕੋਨ ਦੇ 10ਵੇਂ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਿਆ। ਰਾਜਧਾਨੀ ਵਾਈਟਹਨਰਸ ਵਿਖੇ ਹੋਏ ਸਹੁੰ-ਚੁੱਕ ਸਮਾਗਮ ‘ਚ ਯੂਕੋਨ ਦੀ ਪ੍ਰਸ਼ਾਸਕ ਐਡਲਾਈਨ ਵੇਬਰ ਨੇ ਰੰਜ ਨੂੰ ਅਹੁਦੇ ਦੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ।
ਉਹ ਯੂਕੋਨ ‘ਚ ਘੱਟ-ਗਿਣਤੀ ਦੀ ਲਿਬਰਲ ਸਰਕਾਰ ਦੇ ਮੁੱਖ ਮੰਤਰੀ ਬਣੇ ਹਨ, ਜੋ ਯੂਕੋਨ ਨਿਊ ਡੈਮੋਕਰੇਟਿਕ ਪਾਰਟੀ (ਐਨ.ਡੀ.ਪੀ.) ਦੇ ਬਾਹਰੀ ਸਮਰਥਨ ਨਾਲ ਚੱਲ ਰਹੀ ਹੈ। ਯੂਕੋਨ ਦੀ ਆਬਾਦੀ ਲਗਭਗ 43000 ਹੈ ਤੇ ਓਥੋਂ ਦੀ ਵਿਧਾਨ ਸਭਾ ਦੀਆਂ ਕੁੱਲ 19 ਸੀਟਾਂ ਹਨ, ਜਿਨ੍ਹਾਂ ‘ਚੋਂ 8 ਲਿਬਰਲ ਪਾਰਟੀ, 8 ਯੂਕੋਨ ਪਾਰਟੀ ਅਤੇ 3 ਐਨ.ਡੀ.ਪੀ. ਕੋਲ ਹਨ ਕੈਨੇਡਾ ‘ਚ ਉੱਜਲ ਦੁਸਾਂਝ ਤੋਂ ਬਾਅਦ ਮੁੱਖ ਮੰਤਰੀ ਬਣਨ ਵਾਲੇ ਉਹ ਭਾਰਤੀ ਮੂਲ ਦੇ ਦੂਜੇ ਵਿਅਕਤੀ ਹਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰੰਜ ਨੂੰ ਮੁੱਖ ਮੰਤਰੀ ਬਣਨ ‘ਤੇ ਵਧਾਈ ਸੰਦੇਸ਼ ਭੇਜਿਆ ਹੈ।

Check Also

ਫੋਰਡ ਸਰਕਾਰ ਨੇ ਸਾਫਟਵੇਅਰ ਤਿਆਰ ਕਰਨ ਲਈ ਇਕੋ ਫਰਮ ਨੂੰ ਕੰਟਰੈਕਟ

ਓਨਟਾਰੀਓ/ਬਿਊਰੋ ਨਿਊਜ਼ : ਫੋਰਡ ਸਰਕਾਰ ਨੇ ਡਿਜੀਟਲ ਟ੍ਰਿਬਿਊਨਲ ਸਿਸਟਮ ਕਾਇਮ ਕਰਨ ਲਈ ਸਿਰਫ ਇੱਕ ਇੰਟਰਨੈਸ਼ਨਲ …