Breaking News
Home / ਜੀ.ਟੀ.ਏ. ਨਿਊਜ਼ / ਕਰੋਨਾ ਦਾ ਖੌਫ

ਕਰੋਨਾ ਦਾ ਖੌਫ

80 ਫ਼ੀਸਦੀ ਕੈਨੇਡੀਅਨ ਅਮਰੀਕੀ ਸਰਹੱਦ ਬੰਦ ਰੱਖਣ ਦੇ ਹਨ ਹੱਕ ‘ਚ
ਟੋਰਾਂਟੋ/ਸਤਪਾਲ ਸਿੰਘ ਜੌਹਲ
ਕੈਨੇਡਾ ਵਿਚ ਇਨ੍ਹੀਂ ਦਿਨੀਂ ਵੱਡੀ ਚਿੰਤਾ ਅਮਰੀਕਾ ਨਾਲ ਲੱਗਦੀ ਸਰਹੱਦ ਰਾਹੀਂ ਕਰੋਨਾ ਵਾਇਰਸ ਦੇ ਕੇਸ ਰੋਕਣ ਦੀ ਹੈ। 80 ਫ਼ੀਸਦੀ ਤੋਂ ਵੱਧ ਕੈਨੇਡਾ ਵਾਸੀ ਸਰਹੱਦ ਨੂੰ ਅਗਲੇ ਕਈ ਮਹੀਨਿਆਂ ਤੱਕ ਬੰਦ ਰੱਖਣ ਦੇ ਹੱਕ ਵਿਚ ਹਨ। ਕੈਨੇਡਾ ਦੇ ਪੂਰਬ ਵਿਚ ਪ੍ਰਿੰਸ ਐਡਵਰਡ ਆਈਲੈਂਡ ਪ੍ਰਾਂਤ ਹੈ ਜੋ ਪਿਛਲੇ ਦੋ ਕੁ ਮਹੀਨਿਆਂ ਤੋਂ ਕਰੋਨਾ ਮੁਕਤ ਸੀ ਪਰ ਅਮਰੀਕਾ ਤੋਂ ਆਏ ਇਕ ਵਿਦਿਆਰਥੀ ਦੀ ਅਣਗਹਿਲੀ (ਹਦਾਇਤਾਂ ਅਨੁਸਾਰ ਇਕਾਂਤਵਾਸ ਨਾ ਕਰਨਾ) ਕਾਰਨ ਅੱਧੀ ਦਰਜਨ ਦੇ ਕਰੀਬ ਲੋਕਾਂ ਦਾ ਕਰੋਨਾ ਟੈਸਟ ਪਾਜ਼ੀਟਿਵ ਆਇਆ ਦੱਸਿਆ ਜਾਂਦਾ ਹੈ। ਭਾਵੇਂ ਕਿ 22 ਮਾਰਚ ਤੋਂ ਜੁਲਾਈ ਦੇ ਅੱਧ ਤੱਕ 10000 ਤੋਂ ਵੱਧ ਅਮਰੀਕੀ ਸੈਲਾਨੀਆਂ ਨੂੰ ਸਰਹੱਦ ਤੋਂ ਮੋੜਿਆ ਜਾ ਚੁੱਕਾ ਹੈ ਪਰ ਸੀਨੀਅਰ ਇਮੀਗ੍ਰੇਸ਼ਨ ਅਧਿਕਾਰੀ ਵੀ ਮੰਨਦੇ ਹਨ ਕਿ ਵਿਸ਼ਾਲ ਸਰਹੱਦ ਤੋਂ ਹਰੇਕ ਨੂੰ ਰੋਕਣਾ ਸੰਭਵ ਨਹੀਂ ਹੈ। ਕਮਾਲ ਦੀ ਗੱਲ ਤਾਂ ਇਹ ਹੈ ਕਿ ਕੈਨੇਡਾ ਰਾਹੀਂ ਸੜਕ ਰਸਤੇ ਅਲਾਸਕਾ ਜਾਣ ਵਾਲੇ ਅਮਰੀਕੀਆਂ ਨੂੰ ਰੋਕਿਆ ਨਹੀਂ ਜਾ ਸਕਦਾ।
ਅਜਿਹੇ ਲੋਕਾਂ ਦੀ ਵੀ ਘਾਟ ਨਹੀਂ ਹੈ ਜੋ ਕੈਨੇਡਾ ਵਿਚ ਦਾਖਲ ਹੋਣ ਸਮੇਂ ਇਕਾਂਤਵਾਸ ਕਰਨ ਦੇ ਕੀਤੇ ਇਕਰਾਰਾਂ ਦੀ ਉਲੰਘਣਾ ਕਰਦੇ ਹਨ।
ਵਪਾਰ ਵਾਸਤੇ ਸਰਹੱਦ ਖੁੱਲ੍ਹੀ ਹੈ ਜਿੱਥੋਂ ਹਰੇਕ ਹਫ਼ਤੇ ਪੌਣੇ ਦੋ ਲੱਖ ਤੋਂ ਵੱਧ ਟਰੱਕ ਅਮਰੀਕਾ ਤੋਂ ਕੈਨੇਡਾ ਦਾਖਲ ਹੁੰਦੇ ਹਨ। ਟਰੱਕ ਡਰਾਈਵਰਾਂ ਤੋਂ ਬਿਨਾ ਹਰੇਕ ਲਈ 14 ਦਿਨਾਂ ਦਾ ਇਕਾਂਤਵਾਸ ਲਾਜ਼ਮੀ ਕੀਤਾ ਗਿਆ ਹੈ। ਪੁਲਿਸ ਵਲੋਂ ਛਾਪੇ ਮਾਰ ਕੇ ਕੁਝ ਵਿਅਕਤੀਆਂ ਨੂੰ ਜੁਰਮਾਨੇ ਵੀ ਕੀਤੇ ਜਾਂਦੇ ਹਨ ਜਿਵੇਂ ਕਿ ਪਿਛਲੇ ਹਫ਼ਤੇ ਫਲੋਰੀਡਾ ਤੋਂ ਉਨਟਾਰੀਓ ਆਏ ਬਜ਼ੁਰਗ ਜੋੜੇ ਨੂੰ ਇਕਾਂਤਵਾਸ ਨਾ ਕਰਨ ਕਰਕੇ ਜੁਰਮਾਨਾ ਕੀਤਾ ਗਿਆ ਸੀ। ਅਲਾਸਕਾ ਜਾਂਦੇ ਸਮੇਂ ਅਲਬਰਟਾ ਵਿਖੇ ਬੈਂਫ ਨੈਸ਼ਨਲ ਪਾਰਕ ਵਿਚ ਰੁਕ ਕੇ ਮੌਜ-ਮਸਤੀ ਕਰਨ ਵਾਲੇ ਦਰਜਨਾਂ ਅਮਰੀਕੀਆਂ ਨੂੰ ਵੀ ਜੁਰਮਾਨੇ ਕੀਤੇ ਜਾ ਚੁੱਕੇ ਹਨ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …