Breaking News
Home / ਜੀ.ਟੀ.ਏ. ਨਿਊਜ਼ / ਕੈਨੇਡੀਅਨ ਇਮੀਗ੍ਰੇਸ਼ਨ ਦਾ ਨਵਾਂ ਫੈਸਲਾ

ਕੈਨੇਡੀਅਨ ਇਮੀਗ੍ਰੇਸ਼ਨ ਦਾ ਨਵਾਂ ਫੈਸਲਾ

ਪਰਿਵਾਰ ਦੇ ਅਣਐਲਾਨੇ ਮੈਂਬਰਾਂ ਨੂੰ ਵੀ ਸਪਾਂਸਰਸ਼ਿਪ ਦੇ ਸਕਣਗੇ ਪੀ ਆਰ
9 ਸਤੰਬਰ ਤੋਂ ਫਾਇਦਾ ਮਿਲਣਾ ਸ਼ੁਰੂ
ਚੰਡੀਗੜ੍ਹ/ਬਿਊਰੋ ਨਿਊਜ਼ : ਵੱਖ-ਵੱਖ ਜੁਗਾੜ ਲਗਾ ਕੇ ਕੈਨੇਡਾ ਪਹੁੰਚਣ ਵਾਲੇ ਲੋਕ ਅਕਸਰ ਪਰਮਾਨੈਂਟ ਰੈਜੀਡੈਂਸ ਦੇ ਲਈ ਅਰਜ਼ੀ ਦਿੰਦੇ ਹੋਏ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਸਹੀ ਵੇਰਵਾ ਨਹੀਂ ਦਿੰਦੇ ਕਿਉਂਕਿ ਉਨ੍ਹਾਂ ਨੂੰ ਡਰ ਰਹਿੰਦਾ ਹੈ ਕਿ ਕਿਤੇ ਕਿਸੇ ਅਧਾਰ ‘ਤੇ ਉਨ੍ਹਾਂ ਦੀ ਅਰਜ਼ੀ ਰੱਦ ਨਾ ਹੋ ਜਾਵੇ। ਹੁਣ ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਪਵੇਗਾ, ਸੋਮਵਾਰ 09 ਸਤੰਬਰ ਤੋਂ ਲਾਗੂ ਹੋਏ ਨਵੇਂ ਕਾਨੂੰਨ ਅਨੁਸਾਰ ਪੀ.ਆਰ. ਪ੍ਰਾਪਤ ਕਰ ਚੁੱਕੇ ਅਜਿਹੇ ਸਾਰੇ ਵਿਅਕਤੀ ਹੁਣ ਭਾਰਤ ਜਾਂ ਹੋਰ ਦੇਸ਼ ਵਿਚ ਰਹਿਣ ਵਾਲੇ ਆਪਣੇ ਜੀਵਨ ਸਾਥੀ, ਨਿਰਭਰ ਬੱਚੇ, ਮਾਂ-ਬਾਪ, ਸੱਸ-ਸਹੁਰੇ ਦਾ ਵੇਰਵਾ ਵੀ ਦੇ ਸਕਦੇ ਹਨ, ਜੋ ਕਿ ਉਨ੍ਹਾਂ ਨਾਲ ਕੈਨੇਡਾ ਨਹੀਂ ਆਏ ਸਨ।
ਇਮੀਗ੍ਰੇਸ਼ਨ, ਰਿਫਿਊਜ਼ੀ ਐਂਡ ਸਿਟੀਜਨਸ਼ਪ ਕੈਨੇਡਾ ਵਲੋਂ ਸੋਮਵਾਰ ਤੋਂ ਲਾਗੂ ਕੀਤੇ ਗਏ ਇਸ ਨਵੇਂ ਕਾਨੂੰਨ ਅਨੁਸਾਰ ਹੁਣ ਉਹ ਆਪਣੇ ਦੇ ਉਨ੍ਹਾਂ ਮੈਂਬਰਾਂ ਨੂੰ ਵੀ ਕੈਨੇਡਾ ਬੁਲਾਉਣ ਲਈ ਸਪਾਂਸਰਸ਼ਿਪ ਦੇ ਸਕਦੇ ਹਨ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਕਿਹਾ ਕਿ ਕਈ ਵਿਅਕਤੀ ਇਸ ਬਾਰੇ ਸਹੀ ਜਾਣਕਾਰੀ ਨਾ ਹੋਣ ਦੇ ਕਾਰਨ ਵੀ ਪੀ.ਆਰ. ਪ੍ਰਾਪਤ ਕਰਦੇ ਹੋਏ ਆਪਣੇ ਪਰਿਵਾਰ ਦੇ ਬਾਕੀ ਮੈਂਬਰਾਂ ਦੀ ਜਾਣਕਾਰੀ ਨਹੀਂ ਦੇ ਸਕੇ। ਅਸੀਂ ਉਨ੍ਹਾਂ ਨੂੰ ਇਕ ਮੌਕਾ ਦੇ ਰਹੇ ਹਾਂ।
ਹੁਣ ਤੱਕ ਦੇ ਕਾਨੂੰਨਾਂ ਅਨੁਸਾਰ ਪੀ.ਆਰ. ਫਾਰਮ ਭਰਦੇ ਹੋਏ ਜੇਕਰ ਆਪਣੇ ਪਰਿਵਾਰ ਦੇ ਬਾਕੀ ਮੈਂਬਰਾਂ ਦਾ ਵੇਰਵਾ ਨਹੀਂ ਦਿੱਤਾ ਹੈ ਤਾਂ ਤੁਸੀਂ ਉਨ੍ਹਾਂ ਨੂੰ ਸਪਾਂਸਰਸ਼ਿਪ ‘ਤੇ ਕੈਨੇਡਾ ਨਹੀਂ ਬੁਲਾ ਸਕਦੇ। ਇਨ੍ਹਾਂ ਕਾਰਨਾਂ ਵਿਚ ਲੱਖਾਂ ਲੋਕਾਂ ਨੂੰ ਆਪਣੇ ਪਰਿਵਾਰਾਂ ਤੋਂ ਵੱਖ ਰਹਿਣਾ ਪੈ ਰਿਹਾ ਹੈ। ਇਸ ਨਵੇਂ ਕਾਨੂੰਨ ਨਾਲ ਪਿੱਛੇ ਰਹਿ ਗਏ ਰਿਸ਼ਤੇਦਾਰ ਵੀ ਹੁਣ ਕੈਨੇਡਾ ਪਹੁੰਚ ਸਕਦੇ ਹਨ।
ਦੋ ਸਾਲ ਤੱਕ ਜਾਰੀ ਰਹੇਗਾ ਪ੍ਰੋਜੈਕਟ
ਇਹ ਪਾਇਲਟ ਪ੍ਰੋਜੈਕਟ ਅਗਲੇ 9 ਸਤੰਬਰ 2021 ਤੱਕ ਜਾਰੀ ਰਹੇਗਾ। ਇਸ ਦੌਰਾਨ ਅਜਿਹੇ ਸਾਰੇ ਵਿਅਕਤੀ ਆਪਣੇ ਪਰਿਵਾਰ ਦੇ ਪਿੱਛੇ ਰਹਿ ਗਏ ਮੈਂਬਰਾਂ ਦਾ ਵੇਰਵਾ ਦੇ ਸਕਦੇ ਹਨ, ਜਿਨ੍ਹਾਂ ਮੈਂਬਰਾਂ ਦਾ ਉਨ੍ਹਾਂ ਨੇ ਪੀ.ਆਰ. ਫਾਰਮ ਭਰਦੇ ਹੋਏ ਵੇਰਵਾ ਨਹੀਂ ਦਿੱਤਾ ਸੀ। ਹੁਣ ਉਨ੍ਹਾਂ ਨੂੰ ਸਿਰਫ ਇਸ ਅਧਾਰ ‘ਤੇ ਕੈਨੇਡਾ ਆਉਣ ਤੋਂ ਰੋਕਿਆ ਨਹੀਂ ਜਾ ਸਕੇਗਾ। ਹੁਣ ਤੱਕ ਹਜ਼ਾਰਾਂ ਲੋਕਾਂ ਨੂੰ ਸਿਰਫ ਇਸੇ ਕਾਰਨ ਕਰਕੇ ਕੈਨੇਡਾ ਵਿਚ ਆਪਣੇ ਪਰਿਵਾਰ ਨੂੰ ਮਿਲਣ ਦਾ ਮੌਕਾ ਨਹੀਂ ਮਿਲ ਰਿਹਾ ਸੀ। ਇਸ ਕਦਮ ਨਾਲ ਕੈਨੇਡਾ ਵੱਡੀ ਗਿਣਤੀ ਵਿਚ ਪਰਿਵਾਰਾਂ ਦੇ ਸਾਰੇ ਮੈਂਬਰਾਂ ਨੂੰ ਇਕੱਠੇ ਆਉਣ ਦਾ ਮੌਕਾ ਦੇ ਰਿਹਾ ਹੈ। ਜ਼ਿਕਰਯੋਗ ਹੈ ਕਿ ਇਮੀਗ੍ਰੇਸ਼ਨ ਵਿਭਾਗ ਦੀ ਇਸ ਯੋਜਨਾ ਸਮੇਤ ਸਰਕਾਰ ਵੱਲੋਂ ਲਏ ਗਏ ਐਨ ਆਰ ਆਈਜ਼ ਨਾਲ ਸਬੰਧਤ ਫੈਸਲਿਆਂ ਦਾ ਲਾਭ ਲਿਬਰਲ ਪਾਰਟੀ ਨੂੰ ਚੋਣਾਂ ‘ਚ ਕਿਸ ਪੱਧਰ ਤੱਕ ਮਿਲਦਾ ਹੈ ਇਸ ‘ਤੇ ਵੀ ਨਜ਼ਰਾਂ ਟਿਕੀਆਂ ਹਨ।
ਵਿਛੜੇ ਪਰਿਵਾਰਾਂ ਨੂੰ ਮਿਲਾਉਣ ਦਾ ਇਹ ਸੁਨਹਿਰਾ ਮੌਕਾ : ਹੁਸੈਨ
ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਨੇ ਲੰਘੇ ਦਿਨੀਂ ਇਸ ਸਬੰਧੀ ਗੱਲ ਕਰਦਿਆਂ ਆਖਿਆ ਸੀ ਕਿ ਜਦੋਂ ਵਿਦੇਸ਼ਾਂ ਤੋਂ ਆ ਕੇ ਕੈਨੇਡਾ ਵਿਚ ਕਈ ਵਿਅਕਤੀਆਂ ਨੇ ਪੀ ਆਰ ਹਾਸਲ ਕਰਨ ਲਈ ਕਾਰਵਾਈ ਆਰੰਭੀ ਤਾਂ ਉਸ ਸਮੇਂ ਜਾਣਕਾਰੀ ਦੀ ਘਾਟ ਹੋਣ ਕਾਰਨ ਜਾਂ ਕਿਸੇ ਤਰ੍ਹਾਂ ਦੇ ਡਰ, ਅਣਗਹਿਲੀ ਆਦਿ ਕਾਰਨ ਆਪਣੇ ਪਰਿਵਾਰ ਦੇ ਕਈ ਮੈਂਬਰਾਂ ਦੀ ਜਾਣਕਾਰੀ ਹੀ ਸਾਂਝੀ ਨਹੀਂ ਕੀਤੀ। ਇਸ ਲਈ ਵਿਛੜੇ ਪਰਿਵਾਰਾਂ ਨੂੰ ਮਿਲਾਉਣ ਦੇ ਉਦੇਸ਼ ਨਾਲ ਇਹ ਇਕ ਸੁਨਹਿਰਾ ਮੌਕਾ ਹੈ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …