ਭਾਰਤ ਦਾ ਯੋਗਦਾਨ ਸਭ ਤੋਂ ਵੱਧ
ਸੰਯੁਕਤ ਰਾਸ਼ਟਰ/ਬਿਊਰੋ ਨਿਊਜ਼
ਦੁਨੀਆ ਦੀ ਆਬਾਦੀ ਨੇ ਮੰਗਲਵਾਰ ਨੂੰ ਅੱਠ ਅਰਬ ਦੇ ਅੰਕੜੇ ਨੂੰ ਛੂਹ ਲਿਆ, ਜਿਸ ਵਿਚ ਭਾਰਤ ਦਾ ਸਭ ਤੋਂ ਵੱਡਾ ਯੋਗਦਾਨ ਹੈ। ਸੰਯੁਕਤ ਰਾਸ਼ਟਰ ਮੁਤਾਬਕ ਦੁਨੀਆ ਦੀ ਆਬਾਦੀ ਸੱਤ ਅਰਬ ਤੋਂ ਅੱਠ ਅਰਬ ਤੱਕ ਪਹੁੰਚਣ ਵਿਚ 17.7 ਕਰੋੜ ਲੋਕਾਂ ਦਾ ਸਭ ਤੋਂ ਵੱਡਾ ਯੋਗਦਾਨ ਭਾਰਤ ਦਾ ਹੈ ਜਦਕਿ ਦੂਜੇ ਨੰਬਰ ਉਤੇ ਚੀਨ ਹੈ ਜਿਸ ਨੇ ਇਸ ਵਿਚ 7.3 ਕਰੋੜ ਲੋਕ ਜੋੜੇ ਹਨ। ਅੰਦਾਜ਼ਾ ਲਾਇਆ ਗਿਆ ਹੈ ਕਿ ਭਾਰਤ ਅਗਲੇ ਸਾਲ ਤੱਕ ਚੀਨ ਨੂੰ ਪਛਾੜ ਕੇ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਜਾਵੇਗਾ।
ਸੰਯੁਕਤ ਰਾਸ਼ਟਰ ਆਬਾਦੀ ਫੰਡ ਨੇ ਵਿਸ਼ੇਸ਼ ਗਰਾਫ ਜ਼ਰੀਏ ਵਿਸ਼ਵ ਦੀ ਆਬਾਦੀ ਦੇ ਅੱਠ ਅਰਬ ਤੱਕ ਪਹੁੰਚਣ ਨੂੰ ਦਰਸਾਇਆ ਹੈ। ਉਨ੍ਹਾਂ ਕਿਹਾ ਕਿ ਸਾਲ 2037 ਤੱਕ ਆਬਾਦੀ ਵਿਚ ਇਕ ਅਰਬ ਦੇ ਵਾਧੇ ‘ਚ ਏਸ਼ੀਆ ਤੇ ਅਫਰੀਕਾ ਵੱਲੋਂ ਸਭ ਤੋਂ ਵੱਧ ਯੋਗਦਾਨ ਦਿੱਤੇ ਜਾਣ ਦੀ ਸੰਭਾਵਨਾ ਹੈ, ਜਦਕਿ ਯੂਰੋਪ ਦਾ ਯੋਗਦਾਨ ਘਟਦੀ ਆਬਾਦੀ ਕਾਰਨ ਨਕਾਰਾਮਤਕ ਰਹਿਣ ਦੀ ਸੰਭਾਵਨਾ ਹੈ।
ਵਿਸ਼ਵ ਦੀ ਆਬਾਦੀ ਵਿਚ ਇਕ ਅਰਬ (ਸੱਤ ਅਰਬ ਤੋਂ ਅੱਠ ਅਰਬ) ਦਾ ਇਹ ਵਾਧਾ ਮਹਿਜ਼ ਪਿਛਲੇ 12 ਸਾਲਾਂ ਵਿਚ ਹੋਇਆ ਹੈ। ਸੰਯੁਕਤ ਰਾਸ਼ਟਰ ਐਫਪੀਏ ਨੇ ਕਿਹਾ ਕਿ ਵਿਸ਼ਵ ਦੀ ਆਬਾਦੀ ਵਿਚ ਤੇ ਅਗਾਮੀ ਇਕ ਅਰਬ ਦੇ ਵਾਧੇ ਦੌਰਾਨ ਚੀਨ ਦਾ ਯੋਗਦਾਨ ਵੀ ‘ਨੈਗੇਟਿਵ’ ਰਹੇਗਾ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਵਿਸ਼ਵ ਦੀ ਆਬਾਦੀ ਦੇ 8 ਅਰਬ ਤੋਂ 9 ਅਰਬ ਹੋਣ ਵਿਚ ਕਰੀਬ 14 ਸਾਲ (2037) ਦਾ ਸਮਾਂ ਲੱਗੇਗਾ ਜੋ ਆਬਾਦੀ ਦੇ ਵਿਕਾਸ ਵਿਚ ਗਿਰਾਵਟ ਨੂੰ ਦਰਸਾਉਂਦਾ ਹੈ। ਸੰਯੁਕਤ ਰਾਸ਼ਟਰ ਮੁਤਾਬਕ 2080 ਦੇ ਦਹਾਕੇ ਵਿਚ ਆਬਾਦੀ 10.4 ਅਰਬ ਦੇ ਆਪਣੇ ਸਿਖ਼ਰਲੇ ਪੱਧਰ ਉਤੇ ਪਹੁੰਚ ਜਾਵੇਗੀ ਤੇ ਇਸ ਪੱਧਰ ਉਤੇ ਸਾਲ 2100 ਤੱਕ ਸਥਿਰ ਰਹੇਗੀ। ਜ਼ਿਕਰਯੋਗ ਹੈ ਕਿ ਇਸ ਸਾਲ ਜੁਲਾਈ ਵਿਚ ਰਿਲੀਜ਼ ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਦੀ ਆਬਾਦੀ ਸਾਲ 2022 ਵਿਚ 1.412 ਅਰਬ ਰਹੀ, ਜਦਕਿ ਚੀਨ ਦੀ ਆਬਾਦੀ 1.426 ਅਰਬ ਰਹੀ ਹੈ।
ਠਾਣੇ ਭਾਰਤ ਦਾ ਸਭ ਤੋਂ ਵੱਧ ਆਬਾਦੀ ਵਾਲਾ ਜ਼ਿਲ੍ਹਾ
ਮੁੰਬਈ : ਮਹਾਰਾਸ਼ਟਰ ਦਾ ਸ਼ਹਿਰ ਠਾਣੇ ਭਾਰਤ ਦਾ ਸਭ ਤੋਂ ਵੱਧ ਆਬਾਦੀ ਵਾਲਾ ਜ਼ਿਲ੍ਹਾ ਹੈ। ਮਾਹਿਰਾਂ ਮੁਤਾਬਕ ਇਸ ਦਾ ਕਾਰਨ ਨਾਲ ਲੱਗਦੇ ਸ਼ਹਿਰ ਮੁੰਬਈ ਵਿਚ ਕੰਮ ਕਰਨ ਵਾਲੇ ਪਰਵਾਸੀਆਂ ਦਾ ਰਿਹਾਇਸ਼ ਲਈ ਠਾਣੇ ਨੂੰ ਚੁਣਨਾ ਹੈ ਕਿਉਂਕਿ ਇੱਥੇ ਰਹਿਣਾ ਸਸਤਾ ਪੈਂਦਾ ਹੈ। ਠਾਣੇ ਸ਼ਹਿਰ ਦੀ ਆਬਾਦੀ 2001 ਵਿਚ 81,31,849 ਸੀ ਜੋ ਕਿ 2011 ਦੀ ਜਨਗਣਨਾ ਵਿਚ ਵਧ ਕੇ 1,10,60,148 ਹੋ ਗਈ ਸੀ। ਦੱਸਣਯੋਗ ਹੈ ਕਿ ਮੁੰਬਈ ਦੇ ਸਾਰੇ ਵੱਡੇ ਇਲਾਕਿਆਂ ਤੋਂ ਠਾਣੇ ਤੱਕ ਰੇਲ ਸਫਰ ਵੀ ਕਾਫੀ ਸਸਤਾ ਹੈ। ਹਾਲਾਂਕਿ ਇਹ ਮੁੰਬਈ ਤੋਂ 70-80 ਕਿਲੋਮੀਟਰ ਦੂਰ ਹੈ।
ਘੱਟ ਅਤੇ ਦਰਮਿਆਨੀ ਆਮਦਨ ਵਾਲੇ ਮੁਲਕਾਂ ਨੇ ਪਾਇਆ ਸਭ ਤੋਂ ਵੱਧ ਹਿੱਸਾ
ਸੰਸਾਰ ਦੀ ਆਬਾਦੀ ਨੂੰ ਸੱਤ ਤੋਂ ਅੱਠ ਅਰਬ ਦੇ ਅੰਕੜੇ ਤੱਕ ਪਹੁੰਚਾਉਣ ਵਿਚ 70 ਫੀਸਦੀ ਯੋਗਦਾਨ ਘੱਟ ਤੇ ਦਰਮਿਆਨੀ ਆਮਦਨ ਵਾਲੇ ਮੁਲਕਾਂ ਦਾ ਹੈ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਆਬਾਦੀ ਨੂੰ 8 ਤੋਂ ਨੌਂ ਅਰਬ ਕਰਨ ਵਿਚ ਵੀ ਇਨ੍ਹਾਂ ਦੋਵਾਂ ਵਰਗਾਂ ਦੇ ਦੇਸ਼ਾਂ ਦਾ ਯੋਗਦਾਨ 90 ਫੀਸਦੀ ਰਹਿਣ ਦਾ ਅੰਦਾਜ਼ਾ ਹੈ। ਹੁਣ ਤੋਂ ਸਾਲ 2050 ਤੱਕ 65 ਸਾਲਾਂ ਤੋਂ ਘੱਟ ਉਮਰ ਦੇ ਲੋਕਾਂ ਦੀ ਆਬਾਦੀ ਵਿਚ ਵਾਧਾ ਪੂਰੀ ਤਰ੍ਹਾਂ ਘੱਟ ਦੇ ਦਰਮਿਆਨੀ ਆਮਦਨ ਵਾਲੇ ਦੇਸ਼ਾਂ ਵਿਚ ਹੋਵੇਗਾ, ਕਿਉਂਕਿ ਵੱਧ ਆਮਦਨ ਵਾਲੇ ਦੇਸ਼ਾਂ ਵਿਚ ਸਿਰਫ਼ ਉਨ੍ਹਾਂ ਲੋਕਾਂ ਦੀ ਆਬਾਦੀ ਵਿਚ ਵਾਧਾ ਹੋਵੇਗਾ ਜਿਨ੍ਹਾਂ ਦੀ ਉਮਰ 65 ਸਾਲ ਤੋਂ ਵੱਧ ਹੈ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …