ਮੈਂ ਨਿਰਾਸ਼ਾਵਾਦੀ ਨਹੀਂ, ਪਰ ਸੁਧਾਰ ਦੀ ਵੀ ਬਹੁਤੀ ਆਸ ਨਹੀਂ : ਡਾ. ਸੇਖੋਂ
(ਕਿਸ਼ਤ ਤੀਜੀ)
(ਲੜੀ ਜੋੜਨ ਲਈ 6 ਦਸੰਬਰ ਦਾ ਅੰਕ ਦੇਖੋ)
ਡਾ: ਸਿੰਘ: ਸਮਾਜਿਕ, ਧਾਰਮਿਕ ਅਤੇ ਸਭਿਅਚਾਰਕ ਪ੍ਰਦੂਸਣ ਤੋਂ ਬਚਣ ਲਈ ਸਰਕਾਰੀ, ਨਿੱਜੀ ਅਤੇ ਗ਼ੈਰ-ਸਰਕਾਰੀ ਪੱਧਰ ਲਈ ਆਪ ਕੋਲ ਕਿਹੜੇ ਕਿਹੜੇ ਉਪਾਓ ਅਤੇ ਸਮਾਧਾਨ (ਹੱਲ) ਹਨ?
ਡਾ: ਸੇਖੋਂ: ਡਾ: ਸਾਹਿਬ, ਇਹ ਸਮੱਸਿਆ ਇੰਨੀ ਗੰਭੀਰ ਹੋ ਗਈ ਹੈ ਅਤੇ ਇੰਨੀ ਜਟਿਲ ਹੈ ਕਿ ਇਸਦਾ ਕੋਈ ਵੀ ਸੌਖਾ ਹੱਲ ਨਹੀਂ ਹੈ। ਇਸ ਨੂੰ ਸੁਲਝਾਉਣ ਲਈ ਤਾਂ ਸਮਾਜ ਦੇ ਹਰ ਵਰਗ ਨੂੰ ਅੱਡੀ ਚੋਟੀ ਤੱਕ ਜ਼ੋਰ ਲਾਉਣਾ ਪਵੇਗਾ। ਸਭ ਤੋਂ ਪਹਿਲਾਂ ਤਾਂ ਇਹ ਜ਼ਰੂਰੀ ਹੈ ਕਿ ਸਮਾਜ ਦਾ ਹਰ ਵਰਗ ਇਸ ਸਮੱਸਿਆ ਦੀ ਗੰਭੀਰਤਾ ਅਤੇ ਇਸ ਦੇ ਭਿਆਨਕ ਸਿੱਟਿਆਂ ਨੂੰ ਸਮਝੇ ਅਤੇ ਮੰਨ ਲਵੇ, ਅਤੇ ਇਸ ਨੂੰ ਤੁਰੰਤ ਹੱਲ ਕਰਨ ਲਈ ਤੱਤਪਰ ਹੋਵੇ। ਇਸ ਸਮੱਸਿਆ ਦੇ ਹੱਲ ਲਈ ਪਹਿਲ ਤਾਂ ਸਰਕਾਰ ਵੱਲੋਂ ਹੀ ਕਰਨੀ ਪਏਗੀ। ਪਰ ਹੱਲ ਲੱਭਣਾ ਤਾਂ ਦੂਰ ਦੀ ਗੱਲ, ਲਗਦਾ ਤਾਂ ਇਸ ਤਰ੍ਹਾਂ ਹੈ ਕਿ ਸਰਕਾਰਾਂ ਤਾਂ ਇਸ ਸਮੱਸਿਆ ਨੂੰ ਮੰਨਣ ਲਈ ਹੀ ਤਿਆਰ ਨਹੀਂ। ਅਗਲਾ ਕਦਮ ਇਹ ਹੋ ਸਕਦਾ ਹੈ ਕਿ ਕੁਝ ਸਭਾਵਾਂ ਬਣਾਈਆਂ ਜਾਣ ਜਿਹੜੀਆਂ ਸਰਕਾਰ ਨੂੰ ਹਲੂਣਾ ਦੇ ਸਕਣ। ਪਰ ਅੱਜ ਕੱਲ੍ਹ ਸਾਰੇ ਲੋਕ ਸਰਕਾਰ ਬਾਰੇ ਕੋਈ ਵੀ ਟਿੱਪਣੀ, ਭਾਵੇਂ ਉਹ ਕਿੰਨੀ ਵੀ ਜਾਇਜ਼ ਹੋਵੇ, ਕਰਨ ਤੋਂ ਡਰਦੇ ਹਨ ਕਿਉਂਕਿ ਸਰਕਾਰ ਤੁਰੰਤ ਹੀ ਦੇਸ਼ ਧਰੋਹੀ ਦਾ ਠੱਪਾ ਲਾਕੇ ਲੋਕਾਂ ਨੂੰ ਜੇਹਲਾਂ ਵਿੱਚ ਪਾ ਦਿੰਦੀ ਹੈ। ਪਰ ਭਾਵੇਂ ਕੁਝ ਵੀ ਹੋਵੇ ਇਸ ਸਮੱਸਿਆ ਲਈ ਸਮਾਜ ਦੇ ਸਾਰੇ ਵਰਗਾਂ ਨੂੰ ਰਲ਼ ਕੇ ਹੰਭਲਾ ਮਾਰਨ ਦੀ ਲੋੜ ਹੈ। ਇਸ ਦਾ ਹੋਰ ਕੋਈ ਹੱਲ ਮੈਨੂੰ ਨਜ਼ਰ ਨਹੀਂ ਆਉਂਦਾ।
ਡਾ: ਸਿੰਘ: ਪੰਜਾਬੀ ਸਾਹਿਤ ਵਿੱਚ ਧਾਰਮਿਕ ਸਾਹਿਤ ਦੇ ਮੌਜੂਦਾ ਰਚਣ ਕਾਰਜਾਂ ਬਾਰੇ ਤੁਹਾਡੇ ਕੀ ਵਿਚਾਰ ਹਨ? ਕੀ ਪੰਜਾਬੀ ਸਾਹਿਤ ਵਿੱਚ ਧਾਰਮਿਕ ਪ੍ਰਸੰਗ ਵਿੱਚ ਖੋਜਾਂ ਸਦਕਾ ਧਾਰਮਿਕ ਕਾਰਜਸ਼ੈਲੀ ਤੇ ਸੰਬੰਧਤ ਮਾਹੌਲ ਵਿੱਚ ਕੁਝ ਸੁਧਾਰ ਹੋਣ ਦੀ ਸੰਭਾਵਨਾ ਹੈ?
ਡਾ: ਸੇਖੋਂ: ਵੇਖੋ, ਸੰਭਾਵਨਾ ਤਾਂ ਹਰ ਗੱਲ ਦੀ ਸਦਾ ਹੀ ਹੁੰਦੀ ਹੈ,ਪਰ ਧਾਰਮਿਕ ਸਾਹਿਤ ਦੀ ਰਚਨਾ ਜੋ ਅੱਜ ਕੱਲ੍ਹ ਮੈਂ ਵੇਖ ਰਿਹਾ ਹਾਂ ਉਹ ਬਹੁਤ ਚਿੰਤਾਜਨਕ ਹੈ। ਦੋ ਗੱਲਾਂ ਜੁ ਮੈਨੂੰ ਚਿੰਤਾ ਦੇ ਰਹੀਆਂ ਹਨ ਉਹ ਇਹ ਹਨ ਕਿ ਇੱਕ ਤਾਂ ਜਿਵੇਂ ਰਾਜਨੀਤੀ ਵਿੱਚ ਹੋ ਰਿਹਾ ਹੈ, ਵਿਦਵਾਨ ਸੱਚਾਈ ਨੂੰ ਅੱਖੋਂ ਪਰੋਖਾ ਕਰ ਕੇ ਉਹਨਾਂ ਗੱਲਾਂ ਦਾ ਪਰਚਾਰ ਕਰ ਰਹੇ ਹਨ ਜਿਹੜੀਆਂ ਲੋਕਾਂ ਨੂੰ ਪਸੰਦ ਹੋਣ। ਅਤੇ ਦੂਸਰੇ ਨੰਬਰ ਤੇ ਉਹ ਹਨ ਜਿਹੜੇ ਗੁਰਬਾਣੀ ਦੇ ਵਿਚਾਰਾਂ ਦਾ ਨਹੀਂ, ਸਗੋਂ ਸ਼ੁਹਰਤ ਖੱਟਣ ਲਈ ਆਪਣੇ ਨਿਜੀ ਵਿਚਾਰਾਂ ਦਾ ਪ੍ਰਚਾਰ ਕਰ ਰਹੇ ਹਨ। ਅੱਗੇ ਹੀ ਭੰਭਲਭੂਸੇ ਵਿੱਚ ਪਏ ਲੋਕਾਂ ਨੂੰ ਅਜਿਹੇ ਵਿਦਵਾਨ ਹੋਰ ਵੀ ਗੁੰਮਰਾਹ ਕਰਕੇ ਅਸਲੀਅਤ ਤੋਂ ਦੂਰ ਕਰ ਰਹੇ ਹਨ। ਭਾਵੇਂ ਇਹ ਗੱਲਾਂ ਇੰਨੀਆਂ ਨਵੀਆਂ ਵੀ ਨਹੀਂ ਸਗੋਂ ਬਹੁਤ ਪੁਰਾਣੀਆਂ ਹਨ,ਪਰ ਹੁਣ ਇਹਨਾਂ ਦਾ ਅਨੁਪਾਤ ਬਹੁਤ ਵਧ ਗਿਆ ਹੈ।
ਅਸਲੀਅਤ ਨੂੰ ਵਿਗਾੜਨਾ ਤਾਂ ਬਹੁਤ ਸੌਖਾ ਹੈ,ਪਰ ਇਹਨਾਂ ਤੋਂ ਪਏ ਵਹਿਮਾਂ ਨੂੰ ਦੂਰ ਕਰਨਾ ਬਹੁਤ ਕਠਿਨ ਹੋ ਜਾਂਦਾ ਹੈ। ਅਸੀਂ ਤਾਂ ਅਜੇ ਤੱਕ ਇਹ ਫ਼ੈਸਲਾ ਵੀ ਨਹੀਂ ਕਰ ਸਕੇ ਕਿ ਦਸਮ ਗ੍ਰੰਥ ਦਾ ਕੋਈ ਭਾਗ ਦਸਮੇਸ਼ ਜੀ ਦੀ ਕਿਰਤ ਵੀ ਹੈ ਜਾਂ ਨਹੀ ਅਤੇ ਇਸੇ ਦੇ ਆਧਾਰ ਤੇ ਹੀ ਮੰਨਿਆ ਜਾਂਦਾ ਹੇਮਕੁੰਡ ਦਾ ਸਥਾਨ ਸਾਡੇ ਲਈ ਪਵਿੱਤਰ ਅਸਥਾਨ ਹੈ ਜਾਂ ਨਹੀਂ। ਗੁਰੂ ਨਾਨਕ ਸਾਹਿਬ ਦੇ ਜੀਵਨ ਨਾਲ਼ ਸਬੰਧਤ ਜਨਮ ਸਾਖੀਆਂ ਵਿੱਚੋਂ ਕਿਹੜੀ ਅਸਲ ਹੈ ਅਤੇ ਕਿਹੜੀ ਅਸ਼ੁੱਧ। ਡੇਰਾਵਾਦ ਵੀ ਗੁਰਮਤਿ ਨੂੰ ਬਹੁਤ ਵੱਡੀ ਢਾਹ ਲਾ ਰਿਹਾ ਹੈ। ਸ਼ਰਧਾਵਾਨ ਤੇ ਨਿਰਪੱਖ ਵਿਦਵਾਨਾਂ ਲਈ ਇਹ ਸਾਰਾ ਕੁਝ ਬਹੁਤ ਵੱਡੀ ਚੁਣੌਤੀ ਹੈ ਅਤੇ ਕੇਵਲ ਆਪ ਵਰਗੇ ਸੁਹਿਰਦ ਤੇ ਸੂਝਵਾਨ ਵਿਦਵਾਨ ਹੀ ਕੌਮ ਨੂੰ ਇਸ ਗੁੰਝਲ ‘ਚੋਂ ਕੱਢ ਸਕਦੇ ਹਨ।
ਡਾ: ਸਿੰਘ: ਅਜੋਕੇ ਸਮੇਂ ਵਿੱਚ ਅੰਤਰ-ਧਾਰਮਿਕ ਸੰਵਾਦ (interfaith dialouge) ਦਾ ਆਰੰਭ ਹੋ ਚੁੱਕਿਆ ਹੈ। ਆਪ ਮਾਰਗ ਦਰਸ਼ਨ ਕਰੋ ਕਿ ਇਸ ਨਵੇਂ ਉੱਭਰੇ ਪੰਧ ਬਾਰੇ ਧਾਰਮਿਕ ਸਾਹਿਤ ਦੇ ਰਚਨਾ ਕਰਤਾ/ਖੋਜਾਰਥੀ, ਅਧਿਐਨ ਤੇ ਵਿਸ਼ਲੇਸ਼ਣ ਲਈ ਕਿਹੜੀ ਕਿਹੜੀ ਵਿਧੀ ਅਤੇ ਪਹੁੰਚ ਦਾ ਆਸਰਾ ਲੈ ਸਕਦੇ ਹਨ? ਹੋਰ ਕਿਹੜੇ ਨੁਕਤਿਆ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ।
ਡਾ: ਸੇਖੋਂ : ਡਾ: ਸਾਹਿਬ, ਹਰ ਧਰਮ ਦੇ ਦੋ ਅੰਗ ਹਨ – ਸਮਾਜਿਕ ਅਤੇ ਅਧਿਆਤਮਿਕ। ਸਮਾਜਿਕ ਅੰਗ ‘ਤੇ ਤਾਂ ਹਰ ਧਰਮ ਦੇ ਲਗਭੱਗ ਇੱਕੋ ਜਿਹੇ ਹੀ ਵਿਚਾਰ ਹਨ – ਉੱਚਾ ਆਚਰਨ ਰੱਖਣਾ, ਸੱਚ ਬੋਲਣਾ, ਕਿਸੇ ਦਾ ਦਿਲ ਨਾ ਦੁਖਾਉਣਾ, ਚੋਰੀ ਸਮੇਤ ਕਿਸੇ ਕਿਸਮ ਦੀ ਵੀ ਹੇਰਾ ਫ਼ੇਰੀ ਨਾ ਕਰਨਾ, ਅਤੇ ਆਪਣੀ ਉਪਜੀਵਕਾ ਇਮਾਨਦਾਰੀ ਨਾਲ਼ ਕਮਾਉਣੀ, ਆਦਿ। ਪਰ ਅਧਿਆਤਮਕ ਅੰਗ ਵਿੱਚ ਬਹੁਤ ਭਿੰਨਤਾ ਹੈ। ਕੋਈ ਰੱਬ ਨੂੰ ਸਤਵੇਂ ਆਕਾਸ਼ ਵਿੱਚ ਵੱਸਦਾ ਸਮਝਦਾ ਹੈ ਅਤੇ ਕਿਸੇ ਜਾਨਵਰ ਦੀ ਕੁਰਬਾਨੀ ਉਸਨੂੰ ਬਹੁਤ ਪਸੰਦ ਹੈ; ਕੋਈ ਰੱਬ, ਉਸਦੇ ਸਪੁੱਤਰ ਅਤੇ ਕਿਸੇ ਪਵਿੱਤਰ ਆਤਮਾ ਦੇ ਸੁਮੇਲ ਨੂੰ ਸਭ ਤੋਂ ਉੱਚੀ ਹਸਤੀ ਸਮਝਦਾ ਹੈ; ਅਤੇ ਕੋਈ ਕਿਸੇ ਇੱਕ ਇਕੱਲ਼ੀ ਸ਼ਕਤੀ ਨੂੰ ਪ੍ਰਮਾਤਮਾ ਨਹੀਂ ਮੰਨਦਾ ਸਗੋਂ ਕੁਦਰਤ ਦੀ ਹਰ ਸ਼ਕਤੀ ਦਾ ਵੱਖਰਾ ਵੱਖਰਾ ਦੇਵਤਾ ਮੰਨਦਾ ਹੈ; ਜਦ ਕਿ ਕੋਈ ਰੱਬ ਦੀ ਹੋਂਦ ਬਾਰੇ ਉਂਜ ਹੀ ਚੁੱਪ ਹੈ। ਗੁਰਮਤਿ ਇੱਕੋ ਹੀ ਸ਼ਕਤੀ ਨੂੰ ਮੰਨਦੀ ਹੈ ਜਿਸਨੂੰ ਉਸਦੇ ਮੰਨਣ ਵਾਲ਼ੇ ਵਾਹਿਗੁਰੂ ਆਖਦੇ ਹਨ। ਰੱਬ ਨੂੰ ਪ੍ਰਾਪਤ ਕਰਨ ਲਈ ਹਰ ਧਰਮ ਦੇ ਰਸਤੇ ਵੀ ਵੱਖਰੇ ਵੱਖਰੇ ਹਨ।
ਮੈਨੂੰ ਇਹ ਸੁਆਲ ਪੁੱਛ ਕੇ ਆਪ ਮੈਨੂੰ ਬਹੁਤ ਵੱਡਾ ਮਾਣ ਬਖ਼ਸ਼ ਰਹੇ ਹੋ, ਪਰ ਮੇਰੇ ਵਿੱਚ ਇਹ ਯੋਗਤਾ ਕਿੱਥੇ ਕਿ ਮੈਂ ਕਿਸੇ ਕਿਸਮ ਦਾ ਮਾਰਗ ਦਰਸ਼ਨ ਕਰ ਸਕਾਂ। ਪਰ ਹਾਂ, ਕੁਝ ਸੁਝਾਅ ਜ਼ਰੂਰ ਸਾਂਝੇ ਕਰ ਸਕਦਾ ਹਾਂ। ਸਭ ਤੋਂ ਪਹਿਲਾਂ ਤਾਂ ਸਾਨੂੰ ਸਾਂਝੇ ਨੁਕਤਿਆਂ ਬਾਰੇ ਸਹਿਮਤੀ ਪ੍ਰਾਪਤ ਕਰਨੀ ਚਾਹੀਦੀ ਹੈ। ਕਿਉਂਕਿ ਧਰਮ ਦਾ ਵਿਸ਼ਾ, ਖ਼ਾਸ ਤੌਰ ‘ਤੇ ਉਸਦਾ ਅਧਿਆਤਮਿਕ ਅੰਗ, ਹਰੇਕ ਲਈ ਬਹੁਤ ਸੰਵੇਦਨਸ਼ੀਲ ਹੈ, ਇਸ ਕਰਕੇ ਇਸ ਬਾਰੇ ਚਰਚਾ ਬਹੁਤ ਹੀ ਔਖਾ ਕੰਮ ਹੈ। ਸੋ ਇਸ ਅੰਗ ‘ਤੇ ਵਿਚਾਰ ਕਰਨ ਲਈ ਸਭ ਤੋਂ ਪਹਿਲਾਂ ਤਾਂ ਸਾਨੂੰ ਬੜੇ ਵਿਸ਼ਾਲ ਹਿਰਦੇ ਨਾਲ ਹਰ ਧਰਮ ਦੇ ਵਿਸ਼ਵਾਸਾਂ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ ਅਤੇ ਬਿਨਾਂ ਕੋਈ ਟਿੱਪਣੀ ਕਰਨ ਤੋਂ, ਉਹਨਾਂ ਵਿਸ਼ਵਾਸਾਂ ਬਾਰੇ ਕਾਰਨ ਜਾਨਣੇ ਚਾਹੀਦੇ ਹਨ। ਉਦਾਹਰਣ ਦੇ ਤੌਰ ‘ਤੇ ਜੇ ਕਿਸੇ ਧਰਮ ਵਿੱਚ ਕਿਸੇ ਜਾਨਦਾਰ ਦੀ ਕੁਰਬਾਨੀ ਨੂੰ ਜ਼ਰੂਰੀ ਸਮਝਿਆ ਜਾਂਦਾ ਹੈ ਤਾਂ ਅਸੀਂ ਸੁਹਣੇ ਸ਼ਬਦਾਂ ਦੀ ਚੋਣ ਕਰਕੇ ਪ੍ਰਸ਼ਨ ਕਰ ਸਕਦੇ ਹਾਂ ਕਿ ਉਹ ਇਸ ਤਰ੍ਹਾਂ ਦਾ ਵਿਸ਼ਵਾਸ ਕਿਉਂ ਰੱਖਦੇ ਹਨ। ਉੱਤਰ ਦੇਣ ਵਾਲੇ ਨੂੰ ਇਹ ਮਹਿਸੂਸ ਨਹੀਂ ਹੋਣਾ ਚਾਹੀਦਾ ਕਿ ਉਸ ਉੱਤੇ ਹਮਲਾ ਕੀਤਾ ਜਾ ਰਿਹਾ ਹੈ ਸਗੋਂ ਉਸਨੂੰ ਇਹ ਲੱਗੇ ਕਿ ਪ੍ਰਸ਼ਨ ਕੇਵਲ ਜਾਣਕਾਰੀ ਹਾਸਲ ਕਰਨ ਲਈ ਕੀਤਾ ਗਿਆ ਹੈ। ਉੱਤਰ ਮਿਲ ਜਾਣ ਤੇ ਉਸ ਦਾ ਧੰਨਵਾਦ ਕਰੋ ਪਰ ਕੋਈ ਵੀ ਦਿਲ-ਦਖਾਊ ਸ਼ਬਦ ਨਾ ਕਹੋ।
ਇਸ ਤਰ੍ਹਾਂ, ਜਦ ਸਾਰੇ ਧਰਮਾਂ ਦੇ ਵੱਖ-ਵੱਖ ਵਿਚਾਰ ਪ੍ਰਾਪਤ ਹੋ ਜਾਣ ਤਾਂ ਉਹਨਾਂ ਵਿਸ਼ਵਾਸਾਂ ਤੇ ਹੀ ਕੇਂਦ੍ਰਿਤ ਕਰੋ ਜਿਹੜੇ ਸਭ ਧਰਮਾਂ ਵਿੱਚ ਸਾਂਝੇ ਹੋਣ (ਭਾਵੇਂ ਅਜਿਹੀ ਸੰਭਾਵਨਾ ਬਹੁਤ ਘੱਟ ਹੈ) ਅਤੇ ਉਹਨਾਂ ਨੂੰ ਹੀ ਪ੍ਰਸਾਰਿਤ ਕਰੋ। ਇਸ ਵਿਧੀ ਨਾਲ਼ ਕਿਸੇ ਵੀ ਧਰਮ ਦੇ ਲੋਕ ਇੱਕ ਦੂਸਰੇ ਦੀ ਵਿਰੋਧਤਾ ਨਹੀਂ ਕਰਨਗੇ ਅਤੇ ਇਸ ਗੱਲ ਦੀ ਸੰਭਾਵਨਾ ਵਧ ਜਾਵੇਗੀ ਕਿ ਲੋਕ ਦੂਸਰੇ ਧਰਮਾਂ ਦਾ ਸਤਿਕਾਰ ਕਰਨ ਲੱਗ ਜਾਣ। ਪਰ ਮੌਜੂਦਾ ਹਾਲਾਤ ਵਿੱਚ ਭਾਰਤ ਵਿੱਚ ਅਜਿਹੀ ਸਾਂਝੀਵਾਲਤਾ ਦੇ ਆਸਾਰ ਅਜੇ ਘੱਟ ਹੀ ਹਨ।
ਡਾ: ਸਿੰਘ : ਆਪ ਦੇ ਵਿਚਾਰ ਅਨੁਸਾਰ ਇੱਕੀਵੀਂ ਸਦੀ ਦੇ ਪੰਜਾਬੀ ਸਾਹਿਤ ਵਿੱਚ ਨਿਬੰਧ ਅਤੇ ਗਲਪ (fiction) ਦੇ ਪ੍ਰਮੁੱਖ ਝੁਕਾਅ (ਵਿਸ਼ੇ ਪੱਖੋਂ) ਕਿਹੜੇ ਕਿਹੜੇ ਹਨ? ਕ੍ਰਿਪਾ ਕਰ ਕੇ ਵਿਸਥਾਰ ਨਾਲ਼ ਸਮਝਾਓ।
ਡਾ: ਸੇਖੋਂ: ਡਾ: ਸਾਹਿਬ ਭਾਵੇਂ ਪੰਜਾਬੀ ਸਾਹਿਤ ਪੜ੍ਹਨ ਦਾ ਮੈਨੂੰ ਬਹੁਤ ਸ਼ੌਕ ਰਿਹਾ ਹੈ ਅਤੇ ਆਪਣੇ ਵਿਦਿਆਰਥੀ ਜੀਵਨ ਵਿੱਚ ਮੈਂ ਬਹੁਤ ਸਾਹਿਤ ਪੜ੍ਹਿਆ। ਨਾਨਕ ਸਿੰਘ, ਜਸਵੰਤ ਸਿੰਘ ਕੰਵਲ, ਅਤੇ ਗੁਰਬਖ਼ਸ਼ ਸਿੰਘ ਪ੍ਰੀਤ-ਲੜੀ ਦੇ ਸਾਰੇ ਨਾਵਲ, ਸਾਰੇ ਕਹਾਣੀਕਾਰਾਂ ਦੀਆਂ ਕਹਾਣੀਆਂ, ਅਤੇ ਪ੍ਰਸਿਧ ਕਵੀਆਂ, ਜਿਵੇਂ ਕਿ ਵਾਰਿਸ ਸ਼ਾਹ, ਪ੍ਰੋ: ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਸ਼ਿਵ ਕੁਮਾਰ ਆਦਿ ਦੀਆਂ ਸਾਰੀਆਂ ਰਚਨਾਵਾਂ ਪੜ੍ਹਦਾ ਰਿਹਾ ਹਾਂ। ਪਰ ਹੁਣ ਮੇਰਾ ਰੁਝਾਨ ਧਾਰਮਿਕ ਖੇਤਰ ਵਿੱਚ ਇੰਨਾ ਵਧ ਗਿਆ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਮੈਂ ਨਵੀਨ ਪੰਜਾਬੀ ਸਾਹਿਤ ਪੜ੍ਹਨ ਲਈ ਲੋੜੀਂਦਾ ਸਮਾਂ ਨਹੀਂ ਕੱਢ ਸਕਿਆ। ਪਰ ਜੋ ਥੋੜ੍ਹਾ ਬਹੁਤਾ ਸਮਾਂ ਮਿਲਿਆ ਹੈ ਉਸ ਵਿੱਚ ਮੈਨੂੰ ਇਉਂ ਲੱਗਾ ਹੈ ਨਵੀਨ ਲਿਖਾਰੀ ਜ਼ਿਆਦਾਤਰ ਸਮਾਜਿਕ ਵਿਸ਼ਿਆ ਬਾਰੇ ਹੀ ਲਿਖ ਰਹੇ ਹਨ ਜਿਵੇਂ ਕਿ ਨਸ਼ਿਆਂ ਦਾ ਵਧ ਰਿਹਾ ਪ੍ਰਭਾਵ, ਨੌਜੁਆਨਾਂ ਦੀ ਬੇਰੋਜ਼ਗਾਰੀ,ਕਿਸਾਨਾਂ ਦੀਆਂ ਵਧ ਰਹੀਆਂ ਸਮੱਸਿਆਵਾਂ ਅਤੇ ਪ੍ਰੇਸ਼ਾਨੀਆਂ, ਅਵਾਰਾ ਪਸ਼ੂਆਂ ਦੀ ਸਮੱਸਿਆ ਆਦਿ। ਗਲਪ ਦੇ ਸਬੰਧ ਵਿੱਚ ਮੈਂ ਇਸ਼ਕ-ਮਜਾਜ਼ੀ ਬਾਰੇ ਬਹੁਤ ਘੱਟ ਪੜ੍ਹਿਆ ਹੈ। ਪਰ ਬਹੁਤ ਸਾਰੇ ਕਵੀ ਅਜੇ ਵੀ ਇਸ ਵਿਸ਼ੇ ਤੇ ਗਜ਼ਲਾਂ ਆਦਿ ਲਿਖ ਰਹੇ ਹਨ ਜਿਹਨਾਂ ਵਿੱਚੋਂ ਮੈਨੂੰ ਤਾਂ ਕਈਆਂ ਦੀ ਸਮਝ ਵੀ ਨਹੀਂ ਆਉਂਦੀ ਕਿ ਉਹ ਕਹਿਣਾ ਵੀ ਕੀ ਚਾਹੁੰਦੇ ਹਨ।
ਡਾ: ਸਿੰਘ: ਧਾਰਮਿਕ ਸਾਹਿਤ ਦੇ ਰਚਣਹਾਰ ਸਮਕਾਲੀ ਪੰਜਾਬੀ ਲੇਖਕਾਂ ਵਿੱਚੋਂ ਆਪ ਕਿਸ ਕਿਸ ਦੀ ਕਿਹੜੀ ਵਿਸ਼ੇਸਤਾ ਤੋਂ ਪ੍ਰਭਾਵਿਤ ਹੋ?
ਡਾ: ਸੇਖੋਂ: ਧਾਰਮਿਕ ਖੇਤਰ ਵਿੱਚ ਅੱਜ ਕੱਲ੍ਹ ਬਹੁਤ ਸਾਰੇ ਵਿਦਵਾਨ ਲਿਖਾਰੀ ਹਨ ਜਿਵੇਂ ਕਿ ਗੁਰਬਖ਼ਸ਼ ਸਿੰਘ ਕਾਲਾ ਅਫਗਾਨਾ, ਡਾ: ਹਰਬੰਸ ਲਾਲ, ਡਾ: ਦੇਵਿੰਦਰ ਸਿੰਘ ਚਾਹਲ, ਡਾ: ਦੇਵਿੰਦਰ ਪਾਲ ਸਿੰਘ ਮਿਸੀਸਾਗਾ, ਗੁਰਪਾਲ ਸਿੰਘ ਖਹਿਰਾ, ਗੁਰਬਖ਼ਸ਼ ਸਿੰਘ ਸ਼ੇਰਗਿੱਲ, ਡਾ: ਕਾਲਾ ਸਿੰਘ ਸਰੀ, ਇੰਦਰਜੀਤ ਸਿੰਘ ਨਿਊਯੋਰਕ ਆਦਿ ਜੁ ਸਾਰੇ ਪ੍ਰਵਾਸੀ ਹਨ। ਪੰਜਾਬ ਵਿੱਚ ਡਾ: ਇੰਦਰਜੀਤ ਸਿੰਘ ਗੋਗੋਆਣੀ, ਡਾ: ਸ਼ਮਸ਼ੇਰ ਸਿੰਘ ਪਟਿਆਲਾ, ਡਾ: ਬਲਵੰਤ ਸਿੰਘ ਢਿੱਲੋਂ, ਡਾ: ਗੁਰਦਰਸ਼ਨ ਸਿੰਘ ਢਿੱਲੋਂ ਅਤੇ ਡਾ: ਹਰਦੇਵ ਸਿੰਘ ਵਿਰਕ ਆਦਿ ਚੰਗੇ ਲਿਖਾਰੀ ਹਨ। ਇਹ ਕਹਿਣਾ ਤਾਂ ਬਹੁਤ ਮੁਸ਼ਕਿਲ ਹੈ ਕਿ ਮੈਂ ਸਭ ਤੋਂ ਵੱਧ ਪ੍ਰਭਾਵਿਤ ਕਿਸ ਤੋਂ ਹਾਂ, ਪਰ ਇਹ ਜ਼ਰੂਰ ਕਹਾਂਗਾ ਕਿ ਇਹ ਸਾਰੇ ਆਪੋ ਆਪਣੇ ਢੰਗ ਨਾਲ਼ ਸੇਵਾ ਨਿਭਾ ਰਹੇ ਹਨ, ਅਤੇ ਮੈਂ ਸਾਰਿਆਂ ਤੋਂ ਹੀ ਕੁਝ ਨਾ ਕੁਝ ਸਿੱਖਿਆ ਜ਼ਰੂਰ ਹੈ।
ਡਾ: ਸਿੰਘ: ਵੀਹਵੀਂ ਸਦੀ ਦੀ ਤੁਲਨਾ ਵਿੱਚ ਆਪ ਨੇ ਇੱਕੀਵੀਂ ਸਦੀ ਦੇ ਸਮਾਜਿਕ ਸੱਭਿਆਚਾਰਕ ਤੇ ਧਾਰਮਿਕ ਮਾਹੌਲ ਵਿਚ ਕਿਹੜੇ ਕਿਹੜੇ ਪਰਿਵਰਤਨ ਨੋਟ ਕੀਤੇ ਹਨ?
ਡਾ: ਸੇਖੋਂ: ਡਾ: ਸਾਹਿਬ ਸਮਾਜ ਅਤੇ ਸਭਿਆਚਾਰ ਤਾਂ ਆਪਸ ਵਿੱਚ ਤਾਣੇ-ਪੇਟੇ ਵਾਂਙ ਜੁੜੇ ਹਨ ਅਤੇ ਧਰਮ ਦਾ ਵੀ ਇਹਨਾਂ ਨਾਲ਼ ਡੂੰਘਾ ਸਬੰਧ ਹੈ। ਜਦ ਇਹਨਾਂ ਵਿੱਚੋਂ ਕਿਸੇ ਇੱਕ ਵਿੱਚ ਵੀ ਤਬਦੀਲ਼ੀ ਆਉਂਦੀ ਹੈ ਤਾਂ ਉਹ ਦੂਸਰੇ ਦੋਹਾਂ ਪੱਖਾਂ ਨੂੰ ਪ੍ਰਭਾਵਿਤ ਕਰਦੀ ਹੈ। ਉਂਜ ਤਾਂ ਸਮੇਂ ਨਾਲ਼ ਤਬਦੀਲੀ ਕੁਦਰਤੀ ਨਿਯਮ ਹੈ, ਪਰ ਪਿੱਛਲੇ ਪੰਝੀ-ਤੀਹ ਸਾਲਾਂ ਤੋਂ ਇਹਨਾਂ ਤਿੰਨਾਂ ਹੀ ਪਹਿਲੂਆਂ ਵਿੱਚ ਤਬਦੀਲ਼ੀਆਂ ਬਹੁਤ ਤੇਜ਼ੀ ਨਾਲ਼ ਆਈਆਂ ਹਨ। ਇਸ ਪਉਣ-ਵੇਗ ਤਬਦੀਲੀਆਂ ਦੇ ਕਾਰਨ ਤਾਂ ਅਸੀਂ ਪਹਿਲਾਂ ਵੀ ਵਿਚਾਰ ਚੁੱਕੇ ਹਾਂ ਜਿਹਨਾਂ ਦਾ ਵੱਡਾ ਕਾਰਨ ਪੱਛਮੀ ਸਭਿਅਤਾ ਅਤੇ ਮੁਲਕ ਦੀ ਆਰਥਿਕ ਹਾਲਤ ਹੈ ਜਿਹਨਾਂ ਵਿੱਚ ਮੀਡੀਏ ਦਾ ਵੀ ਬਹੁਤ ਵੱਡਾ ਹੱਥ ਹੈ। ਮੈਂ ਬਹੁਤ ਵਾਰ ਹੈਰਾਨ ਹੁੰਦਾ ਹਾਂ ਕਿ ਜਦ ਧਰਤੀ ਦੇ ਕਿਸੇ ਵੀ ਹਿੱਸੇ ਤੇ ਕੋਈ ਘਟਨਾ ਵਾਪਰਦੀ ਹੈ ਤਾਂ ਸਥਾਨਕ ਲੋਕਾਂ ਨੂੰ ਤਾਂ ਸ਼ਾਇਦ ਉਸ ਦੀ ਖ਼ਬਰ ਪਿੱਛੋਂ ਮਿਲਦੀ ਹੋਵੇ, ਪਰ ਪਰਦੇਸਾਂ ਵਿੱਚ ਉਹ ਖ਼ਬਰ ਪਹਿਲਾਂ ਪਹੁੰਚ ਜਾਂਦੀ ਹੈ। ਇਸ ਤਰ੍ਹਾਂ ਧਰਤੀ ਦਾ ਹਰ ਕੋਨਾ ਬਾਕੀ ਸਾਰੀ ਧਰਤੀ ਨੂੰ ਪ੍ਰਭਾਵਿਤ ਕਰਦਾ ਹੈ। ਆਪ ਨੂੰ ਯਾਦ ਹੋਵੇਗਾ ਕਿ ਜਦ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਟਰੰਪ ਨੇ ਇੰਮੀਗ੍ਰਾਂਟਾ ਨੂੰ ਬਦਨਾਮ ਕਰਕੇ ਉਹਨਾਂ ਦੀ ਅਮਰੀਕਾ ਵਿੱਚ ਆਮਦ ਨੂੰ ਲਗਭੱਗ ਰੋਕ ਹੀ ਦਿੱਤਾ, ਤਾਂ ਉਸ ਦਾ ਅਸਰ ਸਾਰੀ ਦੁਨੀਆਂ ਤੇ ਹੋਇਆ ਅਤੇ ਇੰਗਲੈਂਡ ਨੇ ਵੀ ਯੂਰਪੀਅਨ ਯੂਨੀਅਨ ਤੋਂ ਬੇਦਖਲ ਹੋਣ ਦਾ ਕਾਰਜ ਆਰੰਭ ਕਰ ਦਿੱਤਾ ਅਤੇ ਬਾਕੀ ਵੀ ਸਾਰੀ ਦੁਨੀਆਂ ਵਿੱਚ ਇਸ ਦਾ ਸਿੱਧਾ ਜਾਂ ਅਸਿੱਧਾ ਅਸਰ ਹੋਇਆ।
ਦੁਨੀਆਂ ਦੀ ਆਰਥਿਕ ਹਾਲਤ ਬਹੁਤ ਬਦਲ ਰਹੀ ਹੈ ਅਤੇ ਅਮਰੀਕਨ ਸਭਿਅਤਾ ਦਾ ਅਸਰ ਦੁਨੀਆਂ ਦੇ ਹਰ ਕੋਨੇ ਵਿੱਚ ਬਹੁਤ ਤੇਜ਼ੀ ਨਾਲ਼ ਫ਼ੈਲ ਰਿਹਾ ਹੈ। ਅੰਤਰਰਾਸ਼ਟਰੀ ਕੰਪਨੀਆਂ (ਖ਼ਾਸ ਤੌਰ ‘ਤੇ ਅਮਰੀਕਨ) ਤੰਦੂਏ ਦੀਆਂ ਤੰਦਾਂ ਵਾਂਗ ਸਾਰੀ ਦੁਨੀਆਂ ਨੂੰ ਜਕੜ ਰਹੀਆਂ ਹਨ। ਤੁਸੀਂ ਕਿਤੇ ਵੀ ਚਲੇ ਜਾਉ, ਵਾਲ ਮਾਰਟ, ਮੈਕਡਾਨਲਡ, ਕੇ.ਐਫ.ਸੀ, ਬਰਗਰ ਕਿੰਗ, ਪੀਜ਼ਾ ਹੱਟ, ਆਦਿ ਸਟੋਰ ਅਥਵਾ ਰੈਸਟੋਰਾਂ ਤੁਹਾਨੂੰ ਆਮ ਹੀ ਦਿਸਦੇ ਹਨ ਜਿਨ੍ਹਾਂ ਨਾਲ਼ ਲੋਕਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਵੀ ਬਹੁਤ ਬਦਲ ਗਈਆਂ ਹਨ। ਹਰ ਮੁਲਕ ਵਿੱਚ ਕਾਰਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਬਹੁਤ ਸਾਰੇ ਮੁਲਕਾਂ ਵਿੱਚ ਸਮਲਿਗੀ ਵਿਆਹਾਂ ਨੂੰ ਮਾਨਤਾ ਮਿਲ਼ ਚੁੱਕੀ ਹੈ ਅਤੇ ਭਾਰਤ ਵਰਗੇ ਦੇਸਾਂ ਵਿੱਚ ਵੀ ਵਿਆਹ ਤੋਂ ਪਹਿਲਾਂ ਹੀ ਮੁੰਡੇ-ਕੁੜੀਆਂ ਇਕੱਠੇ ਰਹਿ ਰਹੇ ਹਨ। ਇਹ ਲਿਸਟ ਬਹੁਤ ਲੰਮੀ ਹੋ ਜਾਵੇਗੀ, ਪਰ ਸਭ ਤੋਂ ਵੱਡੀ ਤਬਦੀਲੀ ਜੋ ਬਹੁਤ ਖ਼ਤਰਨਾਕ ਹੈ ਅਤੇ ਸਾਡੇ ਵਾਸਤੇ ਵੱਡੀ ਚੁਣੌਤੀ ਵੀ ਹੈ, ਉਹ ਹੈ ਵਾਤਾਵਰਣ ਦਾ ਪ੍ਰਦੂਸ਼ਨ। ਮੌਸਮ ਵਿੱਚ ਬਹੁਤ ਵੱਡੀਆਂ ਤਬਦੀਲ਼ੀਆਂ ਆ ਰਹੀਆਂ ਹਨ ਜੁ ਖ਼ਤਰੇ ਦੀ ਵੱਡੀ ਝੰਡੀ ਹਨ। ਗਲੇਸੀਅਰ ਬਹੁਤ ਛੇਤੀ ਪਿਘਲ ਰਹੇ ਹਨ ਜਿਹਨਾਂ ਕਰਕੇ ਸਮੁੰਦਰੀ ਤਲ ਵਿੱਚ ਵਾਧਾ ਹੋ ਰਿਹਾ ਹੈ। ਧਾਰਮਿਕ ਪੱਖੋਂ ਲੋਕ ਜ਼ਿਆਦਾ ਤਰਕਸ਼ੀਲ ਹੋ ਰਹੇ ਹਨ ਅਤੇ ਉਹ ਜਾਂ ਤਾਂ ਧਰਮ ਤੋਂ ਉਂਜ ਹੀ ਮੂੰਹ ਮੋੜ ਰਹੇ ਹਨ, ਜਾਂ ਪ੍ਰਚੱਲਤ ਸਾਖੀਆਂ ਨੂੰ ਮੰਨਣ ਤੋਂ ਇਨਕਾਰ ਕਰ ਰਹੇ ਹਨ। ਈਸਾਈ ਮੱਤ ਦਾ ਅਸਰ ਵਧ ਰਿਹਾ ਹੈ। ਲੋਕਾਂ ਨੂੰ ਖ਼ੁਸ਼ ਕਰਨ ਲਈ ਸਾਡੇ ਧਾਰਮਿਕ ਵਿਦਵਾਨ ਵੀ ਪਾਵਨ ਗੁਰਬਾਣੀ ਦੇ ਸਹੀ ਅਰਥ ਕਰਨ ਦੀ ਬਜਾਇ ਆਪਣੇ ਵਿਚਾਰਾਂ ਦਾ ਜ਼ਿਆਦਾ ਪ੍ਰਚਾਰ ਕਰ ਰਹੇ ਹਨ।
ਡਾ: ਸਿੰਘ: ਸਮਾਜਿਕ ਅਤੇ ਸਭਿਆਚਾਰਕ ਕੁਰੀਤੀਆਂ ਨੂੰ ਘੱਟਕਰਨ/ਖ਼ਤਮ ਕਰਨ ਵਿੱਚ ਆਪ ਅਜੋਕੇ ਦੋਰਾਨ ਧਾਰਮਿਕ ਸਾਹਿਤ ਦਾ ਕੀ ਯੋਗਦਾਨ ਮੰਨਦੇ ਹੋ?
ਡਾ: ਸੇਖੋਂ: ਡਾ: ਸਾਹਿਬ, ਖੇਤਰ ਭਾਵੇਂ ਕੋਈ ਵੀ ਹੋਵੇ,ਉਸਦਾ ਵਿਸਥਾਰ ਕਰਨ ਜਾਂ ਉਸ ਵਿੱਚ ਤਬਦੀਲ਼ੀਆਂ ਲਿਆਉਣ ਲਈ ਉਸ ਖੇਤਰ ਦੇ ਵਿਦਵਾਨ ਉਸ ਵਿੱਚ ਬਹੁਤ ਪ੍ਰਭਾਵਸ਼ਾਲੀ ਹੋ ਸਕਦੇ ਹਨ। ਧਾਰਮਿਕ ਖੇਤਰ ਵਿੱਚ ਵੀ ਜੇ ਸਾਡੇ ਵਿਦਵਾਨ ਚਾਹੁਣ ਤਾਂ ਉਹ ਲੋਕਾਂ ਨੂੰ ਸਹੀ ਸੇਧ ਪਰਦਾਨ ਕਰ ਸਕਦੇ ਹਨ। ਗੁਰੂ ਗਰੰਥ ਸਾਹਿਬ ਦੀ ਸਿੱਖਿਆ ਤਾਂ ਹੈ ਹੀ ਬਹੁਤ ਇਨਕਲਾਬੀ ਜੋ ਲੋਕਾਂ ਨੂੰ ਵਹਿਮਾਂ, ਭਰਮਾਂ ਅਤੇ ਕੁਰੀਤੀਆਂ ਵਿਚੋਂ ਕੱਢ ਕੇ ਉੱਚੀ ਅਤੇ ਸੁੱਚੀ ਸੋਚ ਦੇ ਲੜ ਲਾਉਂਦੀ ਹੈ। ਪਰ ਬਦਕਿਸਮਤੀ ਨਾਲ਼ ਇੱਕ ਤਾਂ ਸਾਡੇ ਵਿਦਵਾਨ ਵੀ ਵੱਖਰੀ ਵੱਖਰੀ ਸੋਚ ਦੇ ਧਾਰਨੀ ਹਨ ਅਤੇ ਦੂਸਰਾ ਸਾਡੇ ਲੋਕ ਡੇਰਾਵਾਦ ਨਾਲ਼ ਇੰਨੇ ਜੁੜੇ ਹਨ ਕਿ ਉਹ ਵਹਿਮਾਂ ਭਰਮਾਂ ‘ਚੋਂ ਨਿਕਲਣ ਦੀ ਬਜਾਇ ਉਹਨਾਂ ਵਿੱਚ ਹੋਰ ਗ਼ਰਕ ਹੋਈ ਜਾ ਰਹੇ ਹਨ। ਜੇ ਕੁਝ ਵਿਦਵਾਨਾਂ ਨੇ ਸਹੀ ਦਿਸ਼ਾ ਦੇਣ ਲਈ ਕੋਸ਼ਿਸ਼ ਵੀ ਕੀਤੀ ਹੈ ਤਾਂ ਸਾਡੇ ਧਾਰਮਿਕ ਆਗੂਆਂ ਨੇ ਹੀ ਉਹਨਾਂ ਦੇ ਰਾਹਾਂ ਵਿੱਚ ਬਹੁਤ ਰੁਕਾਵਟਾਂ ਪਾਈਆਂ ਹਨ ਅਤੇ ਕਈ ਵਿਦਵਾਨਾਂ ਨੂੰ ਤਾਂ ਪੰਥ ਵਿੱਚੋਂ ਹੀ ਛੇਕ ਦਿੱਤਾ ਗਿਆ ਹੈ। ਮੈਂ ਨਿਰਾਸ਼ਵਾਦੀ ਬਿਲਕੁੱਲ ਨਹੀਂ ਪਰ ਮੌਜੂਦਾ ਹਾਲਾਤਾਂ ਵਿੱਚ ਕਿਸੇ ਠੋਸ ਸੁਧਾਰ ਦੀ ਬਹੁਤੀ ਆਸ ਨਹੀਂ।
(ਚੱਲਦਾ)
Home / ਨਜ਼ਰੀਆ / ਗੁਰਬਾਣੀ ਦੇ ਪ੍ਰਸਿੱਧ ਵਿਆਖਿਆਕਾਰ ਡਾ: ਦੇਵਿੰਦਰ ਸਿੰਘ ਸੇਖੋਂ ਨਾਲ ਡਾ. ਡੀ.ਪੀ. ਸਿੰਘ ਵਲੋਂ ਕੀਤੀ ਗਈ ਇਕ ਵਿਸ਼ੇਸ਼ ਮੁਲਾਕਾਤ