Breaking News
Home / ਨਜ਼ਰੀਆ / ‘ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ’ ਦੁਬਈ ਵਿੱਚ ਰਹੀ ਕਾਮਯਾਬ : ਲੈਕਚਰਾਰ ਬਲਬੀਰ ਕੌਰ ਰਾਏਕੋਟੀ

‘ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ’ ਦੁਬਈ ਵਿੱਚ ਰਹੀ ਕਾਮਯਾਬ : ਲੈਕਚਰਾਰ ਬਲਬੀਰ ਕੌਰ ਰਾਏਕੋਟੀ

‘ਵਿਸ਼ਵ ਪੰਜਾਬੀ ਸਭਾ ਕਨੇਡਾ’ ਦੀ ਦੁਬਈ ਕਾਨਫਰੰਸ ਚਿੰਤਨ ਦਾ ਨਵਾਂ ਆਗ਼ਾਜ਼ ਪੰਜਾਬੀ ਬੁੱਧੀਜੀਵੀ, ਲੇਖਕ ਅਤੇ ਸਾਹਿਤਕਾਰ ਸਾਂਝੇ ਮੰਚ ‘ਤੇ ਬੈਠਣਗੇ ਤਾਹੀਂ ਮਾਂ-ਬੋਲੀ ਦੀ ਵਧੇਗੀ ਸ਼ਾਨ : ਡਾ. ਕਥੂਰੀਆ
‘ਵਿਸ਼ਵ ਪੰਜਾਬੀ ਸਭਾ ਕਨੇਡਾ’ ਦੀ ਪਹਿਲੀ ਦੋ-ਰੋਜਾ ਵਿਸ਼ਵ ਪੰਜਾਬੀ ਕਾਨਫ਼ਰੰਸ ਦਾ ਦੁਬਈ ਦੇ ਦੈਰ੍ਹਾ ਸ਼ਹਿਰ ਵਿੱਚ ਸਭਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪ੍ਰਧਾਨ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਦੀ ਅਗਵਾਈ ਵਿੱਚ ਆਯੋਜਨ ਕੀਤਾ ਗਿਆ। ਵਿਸ਼ਵ ਪੰਜਾਬੀ ਸਭਾ ਕਨੇਡਾ ਦੁਬਈ ਇਕਾਈ ਦੇ ਪ੍ਰਧਾਨ ਸ ਸਤਿੰਦਰ ਸਿੰਘ ਹੁੰਦਲ ਅਤੇ ਸਪਰਿੰਗਡੇਲ ਸਕੂਲ ਸ਼ਾਰਜਾਹ ਦੇ ਚੇਅਰਪਰਸਨ ਮੈਡਮ ਕੁਲਵਿੰਦਰ ਕੌਰ ਕੋਮਲ ਦੇ ਸਹਿਯੋਗ ਸਦਕਾ ਕਾਨਫ਼ਰੰਸ ਆਪਣੇ ਉਦੇਸ਼ ਪ੍ਰਾਪਤ ਕਰਨ ਵਿੱਚ ਕਾਮਯਾਬ ਹੋਈ। ਕਾਨਫ਼ਰੰਸ ਦੀ ਪ੍ਰਧਾਨਗੀ ਮੰਡਲ ਵਿੱਚ ਪੰਜਾਬੀ ਅਤੇ ਪੰਜਾਬੀਅਤ ਦੇ ਅਲੰਬਰਦਾਰਾਂ ਵਜੋਂ ਸਭਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ, ਪ੍ਰਧਾਨ ਲੈਕ. ਬਲਬੀਰ ਕੌਰ ਰਾਏਕੋਟੀ, ਪ੍ਰੋ. ਸੰਧੂ ਵਰਿਆਣਵੀ, ਪ੍ਰਸਿੱਧ ਲੇਖਿਕਾ ਮਨਜੀਤ ਇੰਦਰਾ, ਗ਼ਜ਼ਲਗੋ ਡਾ. ਗੁਰਚਰਨ ਕੋਚਰ, ਮੈਡਮ ਕੁਲਵਿੰਦਰ ਕੋਮਲ, ਮੀਆਂ ਆਸਿਫ਼ ਅਲੀ, ਸ੍ਰੀਮਤੀ ਪਰਮਜੀਤ ਕੌਰ ਲਾਂਡਰਾਂ, ਅਬਦੁਲ ਰਸ਼ੀਦ, ਡਾ ਹਰਜੀਤ ਸਿੰਘ ਸੱਧਰ, ਡਾ ਸੰਜੀਵਨ ਸਿੰਘ ਸ਼ਾਮਿਲ ਹੋਏ। ਚੇਅਰਮੈਨ ਡਾ. ਕਥੂਰੀਆ ਹੋਰਾਂ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਸਭਾ ਦੇ ਉਦੇਸ਼ਾਂ ਦੀ ਤਫ਼ਸੀਲ ਕਰਦਿਆਂ ਕਿਹਾ ਕਿ ਅਸੀਂ ਤਾਂਹੀਓਂ ਮਾਤ ਭਾਸ਼ਾ ਅਤੇ ਆਪਣੇ ਸੱਭਿਆਚਾਰ ਦੀ ਰਾਖੀ ਕਰ ਸਕਾਂਗੇ ਜੇਕਰ ਅਸੀਂ ਵਿਸ਼ਵ ਭਰ ਵਿੱਚ ਵੱਸਦੇ ਪੰਜਾਬੀ ਸਾਂਝੀ ਛੱਤ ਥੱਲੇ ਪਿਆਰ ਨਾਲ ਜੁੜ ਬੈਠਾਂਗੇ। ਸ. ਸੁੱਖੀ ਬਾਠ ਕਨੇਡਾ ਮੁੱਖ ਮਹਿਮਾਨ ਵਜੋਂ ਉਚੇਚੇ ਤੌਰ ‘ਤੇ ਪੁੱਜੇ। ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਨਵੀਂ ਬਣੀ ਵਿਸ਼ਵ ਪੰਜਾਬੀ ਸਭਾ ਕਨੇਡਾ ਵੱਲੋਂ ਅੱਠ ਮਹੀਨਿਆਂ ਦੌਰਾਨ ਹੀ ਕੀਤੇ ਗਏ ਵੱਡੇ-ਵੱਡੇ ਉਪਰਾਲੇ ਅਤੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਪੰਜਾਬ ਵਿੱਚ ਪੰਜ ਦਿਨਾਂ ਦੀ ਕੀਤੀ ਜਾਗਰੂਕਤਾ ਰੈਲੀ ਅਤੇ ਵਿਸ਼ਵ ਪੰਜਾਬੀ ਭਵਨ ਬਰੈਂਪਟਨ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਕਿਹਾ ਕਿ ਮੁਹੱਬਤ ਦੀ ਸਾਂਝ ਨੂੰ ਪੰਜਾਬੀਆਂ ਦੇ ਵਿਕਾਸ ਦਾ ਮੂਲ ਸੂਤਰ ਨਿਸ਼ਚਿਤ ਕੀਤੇ ਜਾਣ ਦੀ ਲੋੜ ਹੈ। ਪ੍ਰੋ ਸੰਧੂ ਵਰਿਆਣਵੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਾਨਫਰੰਸ ਦੀ ਸਫ਼ਲਤਾ ਉਤੇ ਤਸੱਲੀ ਪ੍ਰਗਟ ਕਰਦਿਆਂ ਪੇਸ਼ ਹੋਏ ਚਿੰਤਨ-ਮੰਥਨ ਨਾਲ ਸਹਿਮਤੀ ਪ੍ਰਗਟ ਕੀਤੀ। ਸਭਾ ਦੇ ਪ੍ਰਧਾਨ ਲੈਕ. ਬਲਬੀਰ ਕੌਰ ਰਾਏਕੋਟੀ ਨੇ ਵਿਸ਼ਵ ਭਰ ਤੋਂ ਸ਼ਾਮਲ ਹੋਏ ਚਿੰਤਕਾਂ, ਕਵੀਆਂ, ਨਾਟਕਾਰਾਂ ਤੇ ਮੀਡੀਏ ਦਾ ਹਾਰਦਿਕ ਅਭਿਨੰਦਨ ਕੀਤਾ ਅਤੇ ਸੰਸਥਾ ਵੱਲੋਂ ਹੁਣ ਤੱਕ ਕੀਤੇ ਕਾਰਜਾਂ ਅਤੇ ਭਵਿੱਖ ਵਿੱਚ ਹੋਣ ਵਾਲੇ ਕੰਮਾਂ ਸਬੰਧੀ ਜਾਣਕਾਰੀ ਵੀ ਦਿੱਤੀ।
ਕਾਨਫਰੰਸ ਦੀ ਸੰਪੂਰਨਤਾ ਸੰਬੰਧੀ ਆਪਣੇ ਹਾਵ-ਭਾਵ ਸਾਂਝੇ ਕਰਦਿਆਂ ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਨੇ ਪੰਜਾਬੀ ਮਾਂ-ਬੋਲੀ ਦੀ ਪ੍ਰਫੁੱਲਤਾ ਵਾਸਤੇ ਪੰਜਾਬੀ ਮਾਂ-ਬੋਲੀ ਦੇ ਮੁਦਈ ਸਪੂਤਾਂ ਨੂੰ ਸਿਰਜੋੜ ਯਤਨ ਕਰਨ ਵਾਸਤੇ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਵਿਸ਼ਵ ਪੱਧਰ ਉੱਪਰ ਪੰਜਾਬੀ ਦੇ ਪ੍ਰਚਾਰ ਅਤੇ ਪਸਾਰ ਲਈ ਸਹਿਯੋਗੀ ਸੰਸਥਾਵਾਂ ਨਾਲ ਮਿਲ ਕੇ ਚੱਲਣ ਦੀ ਗੱਲ ਕੀਤੀ। ਡਾ ਕਥੂਰੀਆ ਨੇ ਕਿਹਾ ਕਿ ਵਿਸ਼ਵੀਕਰਨ ਦਾ ਦੌਰ ਬੇਸ਼ੱਕ ਮਾਂ-ਬੋਲੀ ਨਾਲੋਂ ਤੋੜਨ ਦੇ ਵੱਡੇ ਮਸਲੇ ਉਤਪੰਨ ਕਰ ਰਿਹਾ ਹੈ, ਪਰ ਸਾਨੂੰ ਇਸ ਚੁਣੌਤੀ ਨੂੰ ਸਿਰੜ, ਸਿਦਕ, ਪਿਆਰ, ਇੱਕਜੁੱਟ ਹੋ ਕੇ ਜਿੱਤਣਾ ਪਵੇਗਾ। ਉਨ੍ਹਾਂ ਕਿਹਾ ਕਿ ਸਭਾ ਦਾ ਇਹ ਪਹਿਲਾ ਯਤਨ ਹੈ ਜਿਸਨੇ ਪੂਰੇ ਸੰਸਾਰ ਵਿੱਚ ਪੰਜਾਬੀ ਮਾਂ-ਬੋਲੀ ਪ੍ਰਤੀ ਸੁਚੇਤ ਹੋਣ ਲਈ ਵੱਡੇ ਯਤਨ ਕਰਨ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਦੁਬਈ ਦੀ ਕਾਨਫ਼ਰੰਸ ਦੇ ਸਾਰੇ ਪ੍ਰਬੰਧ ਕਰਨ ਵਾਸਤੇ ਦੁਬਈ ਦੇ ਪ੍ਰਧਾਨ ਸਤਿੰਦਰ ਸਿੰਘ ਹੁੰਦਲ ਵਧਾਈ ਦੇ ਪਾਤਰ ਹਨ। ਉਨ੍ਹਾਂ ਨੂੰ ਉਮੀਦ ਹੈ ਕਿ ਵਿਸ਼ਵ ਪੰਜਾਬੀ ਸਭਾ ਸੰਸਾਰ ਦੇ ਵੱਖ ਵੱਖ ਹਿੱਸਿਆਂ ਵਿਚ ਪੰਜਾਬੀ ਦੇ ਹਿਤੈਸ਼ੀਆਂ ਨੂੰ ਇੱਕ ਸਾਂਝੇ ਮੰਚ ‘ਤੇ ਇਕੱਠਾ ਕਰਕੇ ਵੱਡਾ ਕਾਫ਼ਲਾ ਬਣਾਵੇਗੀ। ਇਸ ਤਰ੍ਹਾਂ ਅਸੀਂ ਸਾਰੇ ਮਿਲ ਕੇ ਮਾਂ ਬੋਲੀ ਦਾ ਕਰਜ਼ ਉਤਾਰਨ ਲਈ ਯਤਨ ਕਰ ਸਕਾਂਗੇ।
ਕਾਨਫ਼ਰੰਸ ਦੌਰਾਨ ਡਾ. ਸੁਰਜੀਤ ਸਿੰਘ ਸੱਧਰ ਨੇ ਮਾਂ ਬੋਲੀ ਦੇ ਪਸਾਰ ਵਾਸਤੇ ਯਤਨ ਹੋਰ ਤੇਜ਼ ਕਰਨ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਬੋਲੀ ਦੇ ਬਚਾਅ, ਪਸਾਰ ਤੇ ਅਹਿਮੀਅਤ ਸਾਨੂੰ ਪਹਿਲਾਂ ਖ਼ੁਦ ਪਛਾਣਨੀ ਹੋਵੇਗੀ। ਸਤਵਿੰਦਰ ਸਿੰਘ ਧੜਾਕ ਨੇ ਮਾਤ ਭਾਸ਼ਾ ਦਾ ਮਨੁੱਖ ਦੇ ਜੀਵਨ ‘ਚ ਮਹੱਤਵ ਵਿਸ਼ੇ ‘ਤੇ ਪਰਚਾ ਪੜ੍ਹਦਿਆਂ ਕਿਹਾ ਕਿ ਇਲਾਕਾਈ ਸ਼ਬਦਾਂ ਦਾ ਮਰਨਾ ਮਾਂ ਬੋਲੀ ਦੇ ਖ਼ਾਤਮੇ ਦਾ ਕਾਰਨ ਬਣਦਾ ਹੈ। ਉਨ੍ਹਾਂ ‘ਯੂਨੈਸਕੋ’ ਦੀ ਰਿਪੋਰਟ ਦਾ ਹਵਾਲਾ ਦਿੰਦਿਆਂ 197 ਭਾਰਤੀ ਭਾਸ਼ਾਵਾਂ ਨੂੰ ਖ਼ਾਤਮੇ ਦਾ ਖ਼ਤਰਾ ਦੱਸਿਆ। ਇਸ ਦਾ ਕਾਰਨ ਕਾਰਨ ਪਹਿਲਾਂ ਮਿਸ਼ਰਤ ਤੇ ਬਾਅਦ ਵਿਚ ਅਲੋਪ ਹੋਣ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚ ਸਭ ਤੋਂ ਵੱਧ ਖ਼ਤਰਾ ਵੱਖ-ਵੱਖ ਗ਼ੈਰ-ਲਿਪੀ ਭਾਸ਼ਾਵਾਂ ਨੂੰ ਹੈ। ਲਹਿੰਦੇ ਪੰਜਾਬ ਤੋਂ ਐਡਵੋਕੇਟ ਰਸ਼ੀਦ ਅਹਿਮਦ ਨੇ ਪੰਜਾਬੀ ਜ਼ੁਬਾਨ ਦੇ ਬਦਲਦੇ ਸਰੂਪ ‘ਤੇ ਚੜ੍ਹਦੇ ਪੰਜਾਬ ਦੇ ਲੋਕਾਂ ਨੂੰ ਅਗਾਹ ਕੀਤਾ ਤੇ ਲਾਂਘਾ ਖੁੱਲ੍ਹਣ ‘ਤੇ ਵੀ ਧਾਰਮਿਕ ਸਥਾਨਾਂ ‘ਤੇ ਤੈਅ ਗਿਣਤੀ ਤੋਂ ਘੱਟ ਹਾਜ਼ਰੀ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ। ਕੰਵਲਦੀਪ ਕੌਰ ਪਟਿਆਲਾ ਨੇ ਭਾਸ਼ਾ ਦੇ ਵਿਗੜਦੇ ਰੂਪ ਤੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਮਾਂ ਬੋਲੀ ਨੂੰ ਬਚਾਉਣ ਲਈ ਘਰ ਤੋਂ ਹੀ ਉਪਰਾਲੇ ਸ਼ੁਰੂ ਕਰ ‘ਤੇ ਜ਼ੋਰ ਦਿੱਤਾ। ਇਸੇ ਤਰ੍ਹਾਂ ਭਾਰਤ ਦੇ ਪ੍ਰਧਾਨ ਬਲਬੀਰ ਕੌਰ ਰਾਏਕੋਟੀ ਨੇ ਦੂਜੀਆਂ ਭਾਸ਼ਾਵਾਂ ਦੇ ਸ਼ਬਦਾਂ ਦਾ ਪੰਜਾਬੀ ਵਿਚ ਰਲ਼ੇਵਾਂ ਮਾਂ ਬੋਲੀ ਦੇ ਸ਼ਬਦ ਭੰਡਾਰ ‘ਚ ਤੋਹਫ਼ਾ ਦੱਸਿਆ। ਰਾਏਕੋਟੀ ਨੇ ਜ਼ੋਰ ਦਿੱਤਾ ਕਿ ਭਾਵੇਂ ਇਹ ਚੰਗਾ ਆਲਮ ਹੈ ਪਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡੇ ਆਪਣੇ ਸ਼ਬਦਾਂ ‘ਤੇ ਇਸ ਆਲਮ ਦਾ ਕੋਈ ਅਸਰ ਨਾ ਪਵੇ। ਸਾਡੀ ਨਵੀਂ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਤੇ ਭਾਸ਼ਾ ਨਾਲ ਜੋੜਨ ਲਈ ਵਧੇਰੇ ਉਪਰਾਲੇ ਕੀਤੇ ਜਾਣ ਦੀ ਲੋੜ ਹੈ। ਗੁਰਮਿੰਦਰਪਾਲ ਸਿੰਘ ਆਹਲੂਵਾਲੀਆ ਨੇ ਸਮੁੱਚੇ ਪੰਜਾਬੀਆਂ ਨੂੰ ਮਾਂ ਬੋਲੀ ਦੇ ਪਸਾਰ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਇਸੇ ਤਰ੍ਹਾਂ ਨਿਰਦੇਸ਼ਕ ਸੰਜੀਵਨ ਸਿੰਘ, ਮੈਡਮ ਇੰਦਰਾ, ਮੈਡਮ ਕੋਮਲ, ਗ਼ਜ਼ਲਗੋ ਕੋਚਰ, ਸੁੰਦਰ ਪਾਲ ਰਾਜਾਸਾਂਸੀ, ਸੰਦੀਪ ਸ਼ਰਮਾ, ਗੁਰਵਿੰਦਰ ਸਿੰਘ ਧਾਲੀਵਾਲ, ਸੰਦੀਪ ਕੌਰ ਚੀਮਾ, ਡਾ ਖੁਸ਼ਮਿੰਦਰ ਕੌਰ ਅਤੇ ਹੋਰਨਾਂ ਨੇ ਆਪਣੇ ਪਰਚਿਆਂ ਅਤੇ ਵਿਚਾਰਾਂ ਰਾਹੀਂ ਮਾਂ ਬੋਲੀ ਪੰਜਾਬੀ ਪ੍ਰਤੀ ਸੁਚੇਤ ਰਹਿਣ ਅਤੇ ਭਾਸ਼ਾਈ ਪਿਆਰ ਵਧਾਉਣ ਲਈ ਜ਼ੋਰ ਦਿੱਤਾ ਗਿਆ। ਕਾਨਫਰੰਸ ਵਿੱਚ ਪੜ੍ਹੇ ਗਏ ਖੋਜ ਪਰਚਿਆਂ ਵਿੱਚ ਵਧੇਰੇ ਵਿਦਵਾਨਾਂ ਨੇ ਪੰਜਾਬੀ ਦੇ ਸਰੂਪ ਨੂੰ ਬਰਕਰਾਰ ਰੱਖਣ ਲਈ ਇਹ ਧਾਰਨਾ ਪੇਸ਼ ਕੀਤੀ ਕਿ ਘਰਾਂ ਵਿੱਚ ਅਤੇ ਪ੍ਰਾਇਮਰੀ ਪੱਧਰ ‘ਤੇ ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜਨ ਲਈ ਵੱਡੇ ਯਤਨ ਕਰਨ ਦੀ ਲੋੜ ਹੈ। ਨਵੀਂ ਪੀੜ੍ਹੀ ਨੂੰ ਆਪਣੇ ਰਵਾਇਤੀ ਸ਼ਬਦਾਂ ਨੂੰ ਵਰਤਣ ਲਾਉਣਾ ਚਾਹੀਦਾ ਹੈ। ਪੜ੍ਹੇ ਗਏ ਪਰਚਿਆਂ ਉਤੇ ਵਿਚਾਰ ਚਰਚਾ ਦਾ ਆਰੰਭ ਕਰਦਿਆਂ ਪ੍ਰਿੰਸੀਪਲ ਗੁਰਜੰਟ ਸਿੰਘ ਨੇ ਕਿਹਾ ਕਿ ਭਾਸ਼ਾ ਅਤੇ ਸੱਭਿਆਚਾਰ ਬਰਾਬਰ ਗਤੀਸ਼ੀਲ ਰਹਿੰਦੇ ਹਨ। ਇਸ ਕਰਕੇ ਅਸੀਂ ਸਿਰਫ਼ ਭਾਵਕ ਹੋ ਕੇ ਆਪਣੀ ਮਾਂ ਬੋਲੀ ਦਾ ਬਚਾਅ ਨਹੀਂ ਕਰ ਸਕਦੇ ਬਲਕਿ ਸਾਨੂੰ ਵਿਸ਼ਵੀਕਰਨ ਦੇ ਸੰਦਰਭ ਵਿੱਚ ਆਪਣੀ ਭਾਸ਼ਾ ਦੇ ਵਿਕਾਸ ਲਈ ਵਿਕਲਪ ਲੱਭਣੇ ਪੈਣਗੇ। ਚਰਚਾ ਵਿੱਚ ਬਲਜੀਤ ਬੱਲੀ, ਮੈਡਮ ਸੱਧਰ, ਮੀਆਂ ਆਸਿਫ਼ ਅਲੀ, ਰਸ਼ੀਦ ਅਤੇ ਹੋਰ ਸ਼ਖ਼ਸੀਅਤਾਂ ਆਦਿ ਨੇ ਭਾਗ ਲਿਆ। ਦੋਨੋਂ ਦਿਨਾਂ ਦੇ ਕਵੀ ਦਰਬਾਰ ਵਿਚ ਹਾਜ਼ਰ ਕਵੀਆਂ ਨੇ ਪੰਜਾਬੀ ਹਿਤੈਸ਼ੀ ਅਤੇ ਉਚਪਾਏ ਦੀਆਂ ਕਵਿਤਾਵਾਂ ਪੇਸ਼ ਕੀਤੀਆਂ, ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਸਰਵਸ੍ਰੀ ਮਨਜੀਤ ਇੰਦਰਾ, ਗੁਰਚਰਨ ਕੋਚਰ, ਨਿਰਮਲਾ ਗਰਗ, ਬਲਦੀਪ ਸਿੰਘ ਸ਼ਾਰਜਾਹ, ਸੁੰਦਰਪਾਲ ਰਾਜਾਸਾਂਸੀ, ਸ. ਸਤਵਿੰਦਰ ਸਿੰਘ ਧੜਾਕ, ਗੁਰਜੀਤ ਅਜਨਾਲਾ, ਸੁਖਚੈਨ ਠੱਠੀ ਭਾਈ ਦੁਬਈ, ਇਵਨੀਤ ਕੌਰ, ਗੁਰਪ੍ਰੀਤ ਕੌਰ, ਅੱਬਾਸ ਲਾਸ਼ਾਰੀ, ਅਨੀਤਾ ਪਟਿਆਲਵੀ, ਡਾ ਰਮਨਦੀਪ ਸਿੰਘ ਦੀਪ, ਸੁਖਦੇਵ ਸਿੰਕਦਰ ਦੁਬਈ, ਵਰਿੰਦਰਪਾਲ ਕੌਰ ਦੁਬਈ, ਰਵਿੰਦਰ ਸਿੰਘ ਸੈਂਪਲਾ, ਰਵਿੰਦਰ ਭਾਟੀਆ, ਰੁਬੀਨਾ ਯੂਸੁਫ਼ ਦੁਬਈ, ਹਰਜਿੰਦਰ ਕੌਰ ਸੱਧਰ, ਸੰਦੀਪ ਸੁਮਨ ਰਾਣੀ, ਬਲਜਿੰਦਰ ਕੌਰ ਕਲਸੀ, ਡਾ ਕਮਲਦੀਪ ਕੌਰ, ਮੈਡਮ ਫਰਜ਼ਾਨਾ, ਸਾਹਿਬਾ ਜੀਟਨ ਕੌਰ, ਰਣਜੀਤ ਸਿੰਘ, ਓਂਕਾਰ ਸਿੰਘ ਤੇਜੇ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਕਾਮਰਾਨ ਗੌਦਲ, ਗੁਲਜ਼ਾਰ ਢਿੱਲੋਂ ਆਦਿ ਹਾਜ਼ਰ ਸਨ। ਸ਼ਮਸੇਰ ਸਿੰਘ ਵੱਲੋਂ ਨਿਰਦੇਸ਼ਿਤ ਨਾਟਕ ਕਲਾਕਾਰ ਇਵਨੀਤ ਕੌਰ, ਸ਼ਰਨਜੀਤ ਕੌਰ, ਗੁਰਪ੍ਰੀਤ ਕੌਰ, ਰੰਜਨਾ, ਕੁਲਵਿੰਦਰ ਸਿੰਘ ਟੀਮ ਨੇ ਵਿਸ਼ਵ ਸ਼ਾਂਤੀ ਦਾ ਸੰਦੇਸ਼ ਦਿੰਦਾ ‘ਸਦਾਕੋ’ ਨਾਟਕ ਪੇਸ਼ ਕੀਤਾ। ਸਪਰਿੰਗਡਲੇ ਸਕੂਲ ਦੀ ਗਿੱਧਾ ਟੀਮ ਨੇ ਗਿੱਧਾ ਪੇਸ਼ ਕੀਤਾ। ਪੰਜਾਬੀ ਲੋਕ ਗੀਤਾਂ ਰਾਹੀਂ ਗੁਰਪ੍ਰੀਤ ਕੌਰ ਤੇ ਬੀਬਾ ਇਵਨੀਤ ਕੌਰ ਨੇ ਕਾਨਫਰੰਸ ਵਿੱਚ ਸੰਜੀਦਗੀ ਪੈਦਾ ਕੀਤੀ।
ਕਾਨਫ਼ਰੰਸ ਵਿੱਚ ਵੱਖ-ਵੱਖ ਦੇਸ਼ਾਂ ਤੋਂ ਆਏ 100 ਤੋਂ ਵਧੇਰੇ ਪੰਜਾਬੀ ਮਾਂ-ਬੋਲੀ ਦੇ ਚਿੰਤਕ ਡੈਲੀਗੇਟਸ ਨੇ ਸ਼ਿਰਕਤ ਕੀਤੀ। ਕਾਨਫਰੰਸ ਦੇ ਅੰਤ ਵਿਚ ਪ੍ਰਮੁੱਖ ਸ਼ਖ਼ਸੀਅਤਾਂ ਦਾ ਮਾਨ-ਸਨਮਾਨ ਕੀਤਾ ਗਿਆ। ਕਾਨਫ਼ਰੰਸ ਦੇ ਕੋਆਰਡੀਨੇਟਰ ਮੈਡਮ ਕੁਲਵਿੰਦਰ ਕੌਰ ਕੋਮਲ ਵੱਲੋਂ ਸਪਾਂਸਰ ਕੀਤੇ ਗਏ ਮਾਨ ਸਨਮਾਨ ਅਤੇ ਸਹਿਯੋਗ ਲਈ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਅਤੇ ਭਾਰਤ ਪ੍ਰਧਾਨ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਨੇ ਉਨ੍ਹਾਂ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ। ਕਾਨਫ਼ਰੰਸ ਸਮਾਗਮ ਦੌਰਾਨ ਪ੍ਰਬੰਧਕੀ ਟੀਮ ਵਜੋਂ ਸ. ਕੰਵਲਜੀਤ ਸਿੰਘ ਲੱਕੀ, ਮੈਡਮ ਪਰਮਜੀਤ ਕੌਰ ਲੋਗੋਂਵਾਲ, ਅਨੀਤਾ ਪਟਿਆਲਵੀ, ਸੰਦੀਪ ਕੌਰ ਚੀਮਾ, ਗੁਰਪ੍ਰੀਤ ਕੌਰ, ਹਰਪ੍ਰੀਤ ਸਿੰਘ, ਸ਼ਰਨਜੀਤ ਕੌਰ, ਵੰਸਿਕਾ ਭੱਟੀ, ਰਵਨੂਰਦੀਪ ਕੌਰ, ਇਵਨੀਤ ਕੌਰ, ਅਮਨਦੀਪ ਕੌਰ ਮੋਗਾ, ਡਾ ਸਿਮਰਜੀਤ ਕੌਰ ਨੇ ਆਪਣੀ-ਆਪਣੀ ਡਿਊਟੀ ਨੂੰ ਸਹੀ ਢੰਗ ਨਾਲ ਨਿਭਾਇਆ। ਇਸ ਤੋਂ ਇਲਾਵਾ ਡਾ ਤਰਸੇਮ ਸਿੰਘ ਗੋਲਣ, ਮਨਦੀਪ ਸਿੰਘ, ਮੈਡਮ ਸੋਨੀਆ, ਮੈਡਮ ਤੇਜਿੰਦਰ ਕੌਰ ਕਥੂਰੀਆ, ਮੈਡਮ ਬਲਜੀਤ ਸ਼ਰਮਾ, ਸ ਗੁਰਨਾਮ ਸਿੰਘ, ਸ ਬੂਟਾ ਸਿੰਘ, ਪਰਮਜੀਤ ਕੌਰ ਮੋਗਾ, ਹਰਪ੍ਰੀਤ ਸਿੰਘ, ਅਰਮਾਨ ਅਦਮ, ਰੀਤ ਕੌਰ, ਵਿਲਾਸ ਸ਼ਰਮਾ, ਸਿਮਰਨਜੀਤ ਸਿੰਘ ਦੁਬਈ, ਧਰਮਿੰਦਰ ਦੁਬਈ ਅਤੇ ਹੋਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਸੀਨੀਅਰ ਜਨਰਲ ਸਕੱਤਰ ਸ ਗੁਰਮਿੰਦਰਪਾਲ ਸਿੰਘ ਆਹਲੂਵਾਲੀਆ ਨੇ ਦੋਵੇਂ ਦਿਨ ਵਧੀਆ ਢੰਗ ਨਾਲ ਸਟੇਜ ਸੰਚਾਲਨ ਕੀਤਾ। ਮੈਡਮ ਕੋਮਲ ਨੇ ਸਾਰੇ ਡੈਲੀਗੇਟਸ ਨੂੰ ਵਿਦਾਇਗੀ ਸਮੇਂ ਆਪਣੇ ਘਰ ਸੱਦ ਕੇ ਰਾਤ ਦਾ ਪ੍ਰੀਤੀ ਭੋਜਨ ਵੀ ਦਿੱਤਾ ਅਤੇ ਸੰਸਥਾ ਦੇ ਚੇਅਰਮੈਨ ਅਤੇ ਪ੍ਰਧਾਨ ਦਾ ਵਿਸ਼ੇਸ਼ ਸਨਮਾਨ ਕੀਤਾ।
ਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਵਿਖੇ ”ਇਕ ਸੁਹਾਵਣੀ ਸ਼ਾਮ ਬਾਬਾ ਨਜਮੀ ਦੇ ਨਾਮ” ਯਾਦਗਾਰੀ ਹੋ ਨਿੱਬੜੀ
ਬਰੈਂਪਟਨ : ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਵਲੋਂ ਵਿਸ਼ਵ ਪੰਜਾਬੀ ਭਵਨ ਵਿਲੇਜ਼ ਆਫ ਇੰਡੀਆ 114 ਕੈਨੇਡੀ ਰੋਡ ਬਰੇਂਪਟਨ ਵਿਖੇ 18 ਅਕਤੂਬਰ ਸ਼ੁੱਕਰਵਾਰ ਨੂੰ ਸ਼ਾਮ 6 ਵਜੇ ‘ਇਕ ਸੁਹਾਵਣੀ ਸ਼ਾਮ ਬਾਬਾ ਨਜਮੀ ਦੇ ਨਾਮ’ ਪ੍ਰੋਗਰਾਮ ਕਰਾਇਆ ਗਿਆ। ਇਸ ਪ੍ਰੋਗਰਾਮ ਦੇ ਹੋਸਟ ਗੁਰਮਿੰਦਰਪਾਲ ਸਿੰਘ ਆਹਲੂਵਾਲੀਆ ਨੇ ਸਟੇਜ ਦੀ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਇਆ ਜੋ ਕਿ ਕਾਬਿਲੇ ਤਾਰੀਫ਼ ਸੀ। ਪ੍ਰਧਾਨਗੀ ਮੰਡਲ ਵਿੱਚ ਇਕਬਾਲ ਮਾਹਲ, ਇੰਦਰਜੀਤ ਸਿੰਘ ਬੱਲ, ਹੈਰੀ ਧਾਲੀਵਾਲ ਜੱਜ, ਡਾ ਸੋਹਨ ਸਿੰਘ ਪਰਮਾਰ ਤੇ ਬਾਬਾ ਨਜਮੀ ਸੁਸ਼ੋਭਿਤ ਸਨ। ਇਕਬਾਲ ਮਾਹਲ ਨੇ ਹਾਜ਼ਰੀਨ ਮੈਂਬਰਾਂ ਨਾਲ ਬਾਬਾ ਨਜਮੀ ਦੀ ਜਾਣ ਪਹਿਚਾਣ ਕਰਾਈ। ਡਾ ਦਲਬੀਰ ਸਿੰਘ ਕਥੂਰੀਆ ਨੇ ਆਏ ਹੋਏ ਮਹਿਮਾਨਾਂ ਨੂੰ ਨਿੱਘਾ ਜੀ ਆਇਆਂ ਕਿਹਾ ਤੇ ਦੱਸਿਆ ਕਿ ਅਸੀਂ ਕਿੰਨੇ ਵੱਡਭਾਗੇ ਹਾਂ ਅੱਜ ਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਬਾਬਾ ਨਜਮੀ ਪਹੁੰਚੇ ਹਨ ਤੇ ਅਸੀਂ ਅੱਜ ਸੱਭ ਉਹਨਾਂ ਦੀਆਂ ਰਚਨਾਵਾਂ ਦਾ ਅਨੰਦ ਮਾਣਾਂਗੇ। ਪ੍ਰੋ. ਜਗੀਰ ਕਾਹਲੋਂ, ਮਕਸੂਦ ਚੌਧਰੀ, ਸੁਜਾਨ ਸਿੰਘ ਸੁਜਾਨ, ਸੁੰਦਰਪਾਲ ਰਾਜਾਸਾਂਸੀ, ਡਾ. ਜਸਪਾਲ ਸਿੰਘ ਦੇਸੂਵੀ, ਹਰਦਿਆਲ ਸਿੰਘ ਝੀਤਾ, ਨੀਟਾ ਬਲਵਿੰਦਰ, ਹਰਜੀਤ ਬਮਰਾ, ਰਣਜੀਤ ਕੌਰ ਅਰੋੜਾ, ਗਿਆਨ ਸਿੰਘ ਦਰਦੀ, ਪਰਮਜੀਤ ਸਿੰਘ ਬਿਰਦੀ, ਹਰ ਨਿਥਾਣਾ, ਮਹਾਂਬੀਰ ਸਿੰਘ ਗਿੱਲ ਤੇ ਕੁਝ ਹੋਰ ਸ਼ਾਇਰਾਂ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਪੇਸ਼ ਕਰਕੇ ਖ਼ੂਬ ਰੰਗ ਬੰਨਿਆ। ਕੁਝ ਸ਼ਖ਼ਸੀਅਤਾਂ ਨੇ ਆਪਣੇ ਵਿਚਾਰ ਵੀ ਸਾਂਝੇ ਕੀਤੇ। ਬਾਬਾ ਨਜਮੀ ਨੇ ਆਪਣੇ ਵਿਲੱਖਣ ਅੰਦਾਜ਼ ਵਿੱਚ ਤੇ ਦਮਦਾਰ ਅਵਾਜ਼ ਵਿੱਚ ਬਹੁਤ ਜੋਸ਼ ਭਰੇ ਲਹਿਜੇ ਵਿੱਚ ਆਪਣੀਆਂ ਨਜ਼ਮਾਂ ਨੂੰ ਪੇਸ਼ ਕਰ ਖ਼ੂਬ ਰੰਗ ਬੰਨਿਆ। ਸਰੋਤੇ ਮੰਤਰ ਮੁਗੱਧ ਹੋ ਉਹਨਾਂ ਨੂੰ ਸੁਣਦੇ ਰਹੇ। ਪਾਕਿਸਤਾਨ ਵੱਸਦੇ ਲੋਕ ਪੱਖੀ ਬੁਲੰਦ ਸ਼ਾਇਰ ਬਾਬਾ ਨਜਮੀ ਦੀਆਂ ਨਜ਼ਮਾਂ ਵਿੱਚ ਮਿਹਨਤੀ ਤੇ ਮਜ਼ਦੂਰਾਂ ਦਾ ਦਰਦ ਝਲਕਦਾ ਸਾਫ ਦਿੱਖਦਾ ਹੈ ਤੇ ਸਰਕਾਰਾਂ ਪ੍ਰਤੀ ਰੋਸ ਵੀ। ਉਹ ਆਪਣੀਆਂ ਕਵਿਤਾਵਾਂ ਵਿੱਚ ਆਮ ਆਦਮੀ ਦੀਆਂ ਸਮੱਸਿਆਵਾਂ ਦੀ ਗੱਲ ਤੇ ਪੰਜਾਬੀ ਮਾਂ ਬੋਲੀ ਦੀ ਚਿੰਤਾ ਦੀ ਗੱਲ ਵੀ ਕਰਦੇ ਹਨ। ਉਹਨਾਂ ਦੇ ਮਕਬੂਲ ਕੁਝ ਸ਼ੇਅਰ ਜਿਵੇਂ ‘ਅੱਖਰਾਂ ਵਿਚ ਸਮੁੰਦਰ ਰੱਖਾਂ, ਮੈਂ ਇਕਬਾਲ ਪੰਜਾਬੀ ਦਾ, ਬੇ ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਅਪਣਾ ਬੁੱਤ ਬਣਾ ਨਾ ਦਿੱਲੀਏ ਸਾਡੇ ‘ਤੇ। ਆਜਾ ਦੋਵੇਂ ਮੰਨੀਏ ਬਾਬਾ ਨਜਮੀ ਦੀ, ਨਫ਼ਰਤ ਹੋਰ ਵਧਾ ਨਾ ਦਿੱਲੀਏ। ਵਿਸ਼ਵ ਪੰਜਾਬੀ ਭਵਨ ਦਾ ਸਾਰਾ ਹਾਲ ਖਚਾਖੱਚ ਭਰਿਆ ਹੋਇਆ ਸੀ। ਬਾਬਾ ਜੀ ਨੂੰ ਦੇਖਣ ਤੇ ਸੁਨਣ ਲਈ ਉਹਨਾਂ ਦੇ ਪ੍ਰਸ਼ੰਸਕ ਬਹੁਤ ਉਤਾਵਲੇ ਸਨ। ਬਹੁਤ ਸਾਰੀਆਂ ਸੰਸਥਾਵਾਂ ਦੇ ਅਹੁਦੇਦਾਰ ਤੇ ਨਾਮਵਰ ਸ਼ਖ਼ਸੀਅਤਾਂ ਪੰਜਾਬੀ ਭਵਨ ਦੇ ਵਿਹੜੇ ਹੁੰਮ-ਹੁੰਮਾ ਕੇ ਪਹੁੰਚੇ ਹੋਏ ਸਨ। ਚਾਹ ਪਾਣੀ ਸਨੈਕਸ ਦਾ ਖੁੱਲ੍ਹਾ ਲੰਗਰ ਸੀ। ਜਗਜੀਤ ਸਿੰਘ ਅਰੋੜਾ, ਦਲਜੀਤ ਸਿੰਘ ਗੈਦੂ, ਮੇਜਰ ਨਾਗਰਾ, ਰਮਿੰਦਰ ਵਾਲੀਆ, ਰਣਜੀਤ ਪਨੇਸਰ, ਡਾ ਅਫ਼ਜ਼ਲ ਰਾਜ, ਰਵਿੰਦਰ ਸਿੰਘ ਕੰਗ, ਜਰਨੈਲ ਸਿੰਘ ਮਠਾੜੂ, ਨਿਰਵੈਲ ਸਿੰਘ ਅਰੋੜਾ, ਡਾ ਦਵਿੰਦਰਖ਼ੁਸ਼ ਧਾਲੀਵਾਲ, ਹਰਜੀ ਬਾਜਵਾ ਤੇ ਹੋਰ ਬਹੁਤ ਨਾਮਵਰ ਸ਼ਖ਼ਸੀਅਤਾਂ ਨੇ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਕਵਰੇਜ ਲਈ ਜੀ ਟੀਵੀ ਮੀਡੀਆ, ਸੋਨੀ ਟੀਵੀ ਮੀਡੀਆ, ਪਰਵਾਸੀ ਮੀਡੀਆ, ਆਈਸੀਏ ਟੀਵੀ ਤੋਂ ਸ਼ੋਇਬ ਨਾਸਰ ਤੇ ਹੋਰ ਬਹੁਤ ਮੀਡੀਆ ਕਰਮੀ ਪ੍ਰੋਗਰਾਮ ਦੀ ਕਵਰੇਜ ਲਈ ਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਵਿਖੇ ਪਹੁੰਚੇ ਹੋਏ ਸਨ। ਇੰਦਰਜੀਤ ਸਿੰਘ ਬੱਲ, ਹੈਰੀ ਧਾਲੀਵਾਲ ਜੱਜ ਤੇ ਡਾ ਸੋਹਨ ਸਿੰਘ ਪਰਮਾਰ ਨੇ ਆਪਣੇ ਵਿਚਾਰ ਸਾਂਝੇ ਕੀਤੇ। ਡਾ ਦਲਬੀਰ ਸਿੰਘ ਕਥੂਰੀਆ ਵੱਲੋਂ ਬਾਬਾ ਨਜਮੀ ਨੂੰ ਵਿਸ਼ੇਸ਼ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਡਾ ਦਲਬੀਰ ਸਿੰਘ ਕਥੂਰੀਆ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਹ ਜੋ ਵੰਡਾਂ ਪੈ ਗਈਆਂ ਹਨ ਲਹਿੰਦੇ ਤੇ ਚੜ੍ਹਦੇ ਪੰਜਾਬ ਵਿੱਚ, ਉਹਨਾਂ ਇਹਨਾਂ ਵੰਡੀਆਂ ਨੂੰ ਖ਼ਤਮ ਕਰਨ ਦੀ ਗੱਲ ਵੀ ਕਹੀ ਕਿ ਕਦੀ ਤੇ ਸਮਾਂ ਆਏਗਾ ਕਿ ਪਹਿਲਾਂ ਵਾਂਗ ਸੱਭ ਇੱਕਠੇ ਹੋ ਕੇ ਬੈਠਣਗੇ। ਡਾ ਕਥੂਰੀਆ ਨੂੰ ਵੀ ਫਿਕਰ ਹੈ ਆਪਣੀ ਮਾਂ ਬੋਲੀ ਪੰਜਾਬੀ ਤੇ ਪੰਜਾਬੀਅਤ ਪ੍ਰਤੀ ਤੇ ਉਹ ਦਿਨ ਰਾਤ ਇਸਦੇ ਪ੍ਰਚਾਰ ਤੇ ਪ੍ਰਸਾਰ ਲਈ ਅਣਥੱਕ ਯਤਨ ਕਰ ਰਹੇ ਹਨ। ਬਹੁਤ ਹੀ ਖ਼ੁਸ਼ਨੁਮਾ ਮਾਹੌਲ ਵਿੱਚ ਪ੍ਰੋਗਰਾਮ ਨੇਪਰੇ ਚੜ੍ਹਿਆ ਤੇ ਨਾ ਚਾਹੁੰਦੇ ਹੋਏ ਵੀ ਸੱਭ ਨੇ ਇਕ ਦੂਸਰੇ ਤੋਂ ਵਿਦਾ ਲਈ। ਸੱਚਮੁੱਚ ਹੀ ਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਵਿਖੇ ”ਇਕ ਸੁਹਾਵਣੀ ਸ਼ਾਮ ਬਾਬਾ ਨਜਮੀ ਦੇ ਨਾਮ” ਯਾਦਗਾਰੀ ਹੋ ਨਿਬੜੀ।
ਰਮਿੰਦਰ ਵਾਲੀਆ ਸਹਿਯੋਗੀ, ਵਿਸ਼ਵ ਪੰਜਾਬੀ ਸਭਾ ਤੇ ਇੰਚਾਰਜ ਵਿਸ਼ਵ ਪੰਜਾਬੀ ਭਵਨ

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਨੇ ਟਰੱਕ ਵਰਲਡ 2024 ‘ਚ ਜ਼ੀਰੋ ਐਮੀਸ਼ਨ ਨੂੰ ਕੀਤਾ ਉਤਸ਼ਾਹਿਤ

ਡਰਾਈਵਰਾਂ ਅਤੇ ਓਨਰ ਅਪਰੇਟਰਾਂ ਤੋਂ ਲੈ ਕੇ ਫਲੀਟ ਓਨਰਸ ਅਤੇ ਓਈਐਮ ਤੱਕ, ਪਰਵਾਸੀ ਸਹਾਇਤਾ ਫਾਊਂਡੇਸ਼ਨ …