ਕੇਂਦਰ ਸਰਕਾਰ ਦੀ ਪਹਿਲ ‘ਤੇ ਡੇਰਾ ਬਾਬਾ ਨਾਨਕ ਕੌਰੀਡੋਰ ‘ਚ ਖੁੱਲ੍ਹਿਆ ਸਟੋਰ
ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨ ‘ਚ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰ ਲਈ ਜਾਣ ਵਾਲੇ ਸ਼ਰਧਾਲੂਆਂ ਦੇ ਲਈ ਖੁਸ਼ੀ ਦੀ ਖਬਰ ਹੈ। ਹੁਣ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੇ ਲੰਗਰ ਵਿਚ ਦੇਣ ਲਈ ਪਾਕਿਸਤਾਨ ਤੋਂ ਮਹਿੰਗੀਆਂ ਸਬਜ਼ੀਆਂ ਅਤੇ ਹੋਰ ਲੋੜੀਂਦੀ ਰਸਦ ਖਰੀਦਣ ਦੀ ਲੋੜ ਨਹੀਂ ਪਵੇਗੀ। ਸ਼ਰਧਾਲੂ ਇਹ ਸਮਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੋਂ ਢਾਈ ਕਿਲੋਮੀਟਰ ਪਹਿਲਾਂ ਹੀ ਡੇਰਾ ਬਾਬਾ ਨਾਨਕ ਕੌਰੀਡੋਰ ਨੇੜਿਓਂ ਇਹ ਸਬਜ਼ੀਆਂ ਸਸਤੇ ਭਾਅ ‘ਤੇ ਲੈ ਸਕਣਗੇ। ਫਿਲਹਾਲ ਇਸ ਸਭ ਦੇ ਲਈ ਭਾਰਤ ਦੇ ਗ੍ਰਹਿ ਮੰਤਰਾਲੇ ਦੀ ਪਹਿਲ ‘ਤੇ ਸਟੋਰ ਖੋਲ੍ਹ ਦਿੱਤਾ ਗਿਆ ਹੈ, ਜਿਥੋਂ 50 ਦੇ ਕਰੀਬ ਸ਼ਰਧਾਲੂ ਖਰੀਦਦਾਰੀ ਕਰਕੇ ਸਰਹੱਦੋਂ ਪਾਰ ਗਏ।
ਮੰਗ ਦੇ ਮੁਤਾਬਕ ਸਰਕਾਰ ਨੇ ਟੈਂਡਰ ਵੀ ਕੱਢਿਆ ਅਤੇ ਉਹ ਟੈਂਡਰ ਰਾਜਿੰਦਰ ਸਿੰਘ ਅਤੇ ਡਾ. ਸੁਖਜਿੰਦਰ ਸਿੰਘ ਨੇ ਸਾਂਝੇ ਤੌਰ ‘ਤੇ ਭਰਿਆ ਸੀ। ਰਾਜਿੰਦਰ ਸਿੰਘ ਨੇ ਦੱਸਿਆ ਕਿ ਸਟੋਰ ਵਿਚ ਸਬਜ਼ੀਆਂ ਵਿਚ ਟਮਾਟਰ, ਹਰੀ ਮਿਰਚ, ਲਸਣ, ਅਦਰਕ, ਪਿਆਜ ਜੋ ਕਿ ਪਾਕਿਸਤਾਨ ਵਿਚ ਕਾਫੀ ਮਹਿੰਗੇ ਹਨ, ਨੂੰ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਘਿਓ, ਚਾਹ-ਪੱਤੀ, ਸੁੱਕਾ ਦੁੱਧ, ਚਾਵਲ, ਆਟਾ ਅਤੇ ਚੀਨੀ ਸਣੇ ਹੋਰ ਆਈਟਮਾਂ ਸ਼ਾਮਲ ਹਨ। ਇਸਦੇ ਨਾਲ ਹੀ ਚੌਰ ਸਾਹਿਬ, ਕੜਾ, ਕੰਘਾ, ਕਿਰਪਾਨ, ਰੁਮਾਲਾ ਸਾਹਿਬ ਆਦਿ ਨੂੰ ਵੀ ਇੱਥੇ ਉਪਲਬਧ ਕਰਵਾਇਆ ਜਾ ਰਿਹਾ ਹੈ। ਰਾਜਿੰਦਰ ਸਿੰਘ ਹੋਰਾਂ ਨੇ ਦੱਸਿਆ ਕਿ ਜਿਸ ਦਿਨ ਇਹ ਸਟੋਰ ਖੁੱਲ੍ਹਿਆ, ਉਸ ਦਿਨ 350 ਦੇ ਕਰੀਬ ਸ਼ਰਧਾਲੂ ਸਰਹੱਦ ਪਾਰ ਗਏ, ਜਿਨ੍ਹਾਂ ਵਿਚੋਂ 50 ਸ਼ਰਧਾਲੂਆਂ ਨੇ ਇਥੋਂ ਖਰੀਦਦਾਰੀ ਕੀਤੀ ਹੈ। ਇੱਥੇ ਸੰਗਤ ਲਈ ਸਮੱਗਰੀ ਮਾਰਕੀਟ ਰੇਟ ਤੋਂ 2 ਤੋਂ 5 ਰੁਪਏ ਪ੍ਰਤੀ ਕਿਲੋ ਸਸਤੀ ਮੁਹੱਈਆ ਕਰਵਾਈ ਜਾ ਰਹੀ ਹੈ।
ਪਾਕਿ ‘ਚ ਮਹਿੰਗੀ ਸਮੱਗਰੀ ਦੇ ਲਈ ਬਦਲ
ਭਾਰਤ-ਪਾਕਿਸਤਾਨ ਦੀਆਂ ਸਰਕਾਰਾਂ ਦੀ ਸਾਂਝੀ ਪਹਿਲ ‘ਤੇ ਭਾਰਤ ਨੇ ਡੇਰਾ ਬਾਬਾ ਨਾਨਕ ਤੋਂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਤੱਕ ਜਾਣ ਲਈ ਕੌਰੀਡੋਰ ਤਿਆਰ ਕਰਵਾਇਆ ਸੀ। ਇਹ ਦੇਖਣ ਵਿਚ ਆਇਆ ਹੈ ਕਿ ਸੰਗਤ ਸਰਹੱਦ ਪਾਰ ਜਾ ਕੇ ਲੰਗਰ ਵਿਚ ਸਬਜ਼ੀਆਂ ਅਤੇ ਹੋਰ ਰਸਦ ਆਦਿ ਦਿੰਦੀ ਹੈ। ਪਾਕਿਸਤਾਨ ਵਿਚ ਇਨ੍ਹਾਂ ਸਭ ਚੀਜ਼ਾਂ ਦੀ ਕੀਮਤ ਭਾਰਤ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਰਹਿੰਦੀ ਹੈ। ਇਸ ਨੂੰ ਲੈ ਕੇ ਸੰਗਤ ਵਲੋਂ ਮੰਗ ਉਠਦੀ ਰਹੀ ਹੈ ਕਿ ਕੌਰੀਡੋਰ ਵਿਚ ਹੀ ਉਕਤ ਵਸਤੂਆਂ ਦੀ ਵਿਵਸਥਾ ਕੀਤੀ ਜਾਵੇ।
ਸ੍ਰੀ ਕਰਤਾਰਪੁਰ ਸਾਹਿਬ ਦੇ ਲੰਗਰ ‘ਚ ਪੱਕਣਗੀਆਂ ਭਾਰਤੀ ਸਬਜ਼ੀਆਂ
RELATED ARTICLES

