Breaking News
Home / ਨਜ਼ਰੀਆ / ਗੁਰਬਾਣੀ ਦੇ ਪ੍ਰਸਿੱਧ ਵਿਆਖਿਆਕਾਰ ਡਾ: ਦੇਵਿੰਦਰ ਸਿੰਘ ਸੇਖੋਂ ਨਾਲ ਡਾ. ਡੀ.ਪੀ. ਸਿੰਘ ਵਲੋਂ ਕੀਤੀ ਗਈ ਇਕ ਵਿਸ਼ੇਸ਼ ਮੁਲਾਕਾਤ

ਗੁਰਬਾਣੀ ਦੇ ਪ੍ਰਸਿੱਧ ਵਿਆਖਿਆਕਾਰ ਡਾ: ਦੇਵਿੰਦਰ ਸਿੰਘ ਸੇਖੋਂ ਨਾਲ ਡਾ. ਡੀ.ਪੀ. ਸਿੰਘ ਵਲੋਂ ਕੀਤੀ ਗਈ ਇਕ ਵਿਸ਼ੇਸ਼ ਮੁਲਾਕਾਤ

ਵਿਗਿਆਨ ਦਾ ਗਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਣ ਵਿਚ ਹੋਇਆ ਸਹਾਈ : ਡਾ. ਸੇਖੋਂ
(ਕਿਸ਼ਤ ਪਹਿਲੀ)
ਸੰਨ 1944 ਵਿੱਚ ਜਨਮੇ, ਡਾ: ਦੇਵਿੰਦਰ ਸਿੰਘ ਸੇਖੋਂ ਦਾ ਜੱਦੀ ਪਿੰਡ ਸਠਿਆਲੀ (ਗੁਰਦਾਸਪੁਰ) ਹੈ। 1965 ਵਿੱਚ ਕੁਰੂਕਸ਼ੇਤਰਾ ਯੂਨੀਵਰਸਿਟੀ ਤੋਂ ਐੱਮ.ਐੱਸਸੀ. ਕਰਨ ਉਪਰੰਤ ਆਪਨੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਮਾਹਿਲਪੁਰ ਤੋਂ ਪੜ੍ਹਾਉਣ ਦਾ ਸਫ਼ਰ ਸ਼ੁਰੂ ਕੀਤਾ। ਉਸ ਤੋਂ ਇੱਕ ਸਾਲ ਪਿੱਛੋਂ ਹੀ ਆਪ ਖਾਲਸਾ ਕਾਲਜ ਅੰਮ੍ਰਿਤਸਰ ਆ ਗਏ ਤੇ ਫਿਰ ਸੰਨ 1967 ਵਿੱਚ ਆਪਣੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਖੇ ਰਸਾਇਣ ਵਿਗਿਆਨ ਦੇ ਮੁਖੀ ਵਜੋਂ ਸੇਵਾ ਨਿਭਾਈ। 1972 ਵਿੱਚ ਉਚੇਰੀ ਪੜ੍ਹਾਈ ਲਈ ਆਪ ਕੈਲੀਫੋਰਨੀਆ ਆ ਗਏ ਤੇ ਫਿਰ ਕੈਨੇਡਾ ਆ ਵਸੇ। ਇਥੇ ਆਪ ਨੇ ਸੰਨ 2009 ਤੱਕ ਐਲਬਰਟਾ ਅਤੇ ਬ੍ਰਿਟਿਸ਼ ਕੋਲੰਬੀਆ ਸੂਬਿਆਂ ਵਿੱਚ ਕਾਲਜ ਤੇ ਯੂਨੀਵਰਸਿਟੀ ਅਧਿਆਪਕ ਵਜੋਂ ਸੇਵਾ ਨਿਭਾਈ। ਸੰਨ 2009 ਵਿੱਚ ਅਧਿਆਪਨ ਦੇ ਪੇਸ਼ੇ ਤੋਂ ਸੇਵਾਮੁਕਤੀ ਪਿਛੋਂ ਆਪ ਨੇ ਹੁਣ ਉਨਟਾਰੀਓ ਦੇ ਸ਼ਹਿਰ ਹੈਮਿਲਟਨ ਵਿਖੇ ਪੱਕਾ ਵਸੇਰਾ ਕਰ ਲਿਆ ਹੈ। ਪਿਛਲੇ ਕਾਫ਼ੀ ਲੰਮੇ ਸਮੇਂ ਤੋਂ ਆਪ ਵਿਗਿਆਨ, ਧਰਮ ਅਤੇ ਸਾਹਿਤ ਦੇ ਖੇਤਰਾਂ ਵਿੱਚ ਕਾਰਜਸ਼ੀਲ ਹਨ ਅਤੇ ਵਿੱਦਿਅਕ ਤੇ ਸਾਹਿਤਕ ਸਰਗਰਮੀਆਂ ਦੀ ਸਰਪ੍ਰਸਤੀ ਕਰਦੇ ਹੋਏ ਸਮੂਹ ਪਾਠਕਾਂ, ਸਰੋਤਿਆਂ ਅਤੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕਰਦੇ ਆ ਰਹੇ ਹਨ।
ਮੂਲ ਰੂਪ ਵਿੱਚ ਰਸਾਇਣ ਵਿਗਿਆਨੀ ਵਜੋਂ ਸਥਾਪਿਤ, ਡਾ: ਦੇਵਿੰਦਰ ਸਿੰਘ ਸੇਖੋਂ ਨੂੰ ਵਿਗਿਆਨ, ਧਰਮ ਅਤੇ ਵਿੱਦਿਆ ਪਰਸਾਰ ਕਰਜਾਂ ਨਾਲ ਉਚੇਚਾ ਪਿਆਰ ਹੈ। ਇਸੇ ਪਿਆਰ ਦੀ ਖਿੱਚ ਨੂੰ ਹੋਰ ਪੱਕਾ ਕਰਨ ਲਈ ਇਸ ਰਸਾਇਣ ਵਿਗਿਆਨੀ ਨੇ ਮਾਂ-ਬੋਲੀ ਪੰਜਾਬੀ ਵਿੱਚ ਛੇ ਪੁਸਤਕਾਂ ਪਾਠਕਾਂ ਦੀ ਝੋਲੀ ਵਿੱਚ ਪਾ ਕੇ ਧਾਰਮਿਕ ਸਾਹਿਤ ਦੇ ਖ਼ਜ਼ਾਨੇ ਨੂੰ ਹੋਰ ਅਮੀਰ ਬਣਾਇਆ ਹੈ। ਆਪ ਦਾ ਨਾਮ ਉਹਨਾਂ ਦੁਰਲੱਭ ਵਿਗਿਆਨੀਆਂ ਵਿੱਚ ਸ਼ੁਮਾਰ ਹੈ ਜਿਨ੍ਹਾਂ ਨੇ ਵੱਖਰੇ ਨਿਜੀ ਪ੍ਰੋਫ਼ੈਸ਼ਨ ਦਾ ਨਾਲ ਨਾਲ ਮਾਂ ਬੋਲੀ ਦੀ ਵੀ ਭਰਪੂਰ ਸੇਵਾ ਕੀਤੀ ਹੈ।
ਧਾਰਮਿਕ ਖੇਤਰ ਵਿੱਚ ਆਉਣ ਤੋਂ ਪਹਿਲਾਂ ਆਪ ਨੇ ਤਿੰਨ ਦਰਜਨਾਂ ਕਹਾਣੀਆਂ ਅਤੇ ਕੋਈ ਦੋ ਦਰਜਨਾਂ ਧਾਰਮਿਕ ਲੇਖ ਵੀ ਲਿਖੇ ਜਿਹੜੇ ਵੱਖ-ਵੱਖ ਮੈਗਜ਼ੀਨਾਂ ਅਤੇ ਅਖ਼ਬਾਰਾਂ ਵਿੱਚ ਛਪਦੇ ਰਹੇ ਅਤੇ ਜਿਨ੍ਹਾਂ ਦੀ ਪਾਠਕਾਂ ਵੱਲੋਂ ਬਹੁਤ ਸ਼ਲਾਘਾ ਕੀਤੀ ਗਈ। ਵਿਗਿਆਨ ਦੀ ਪੁੱਠ ਨਾਲ ਸਜਾਏ ਜਾਣਕਾਰੀ ਭਰਪੂਰ ਸਰਲ ਅਤੇ ਦਿਲਚਸਪ ਲੇਖਾਂ ਦੀ ਰਚਨਾ ਨਾਲ ਆਪ ਨੇ ਪਾਠਕਾਂ ਵਿਚ ਤਰਕਸੰਗਤ ਧਾਰਮਿਕ ਸਾਹਿਤ ਦੀ ਭੁੱਖ ਨੂੰ ਜਾਗ੍ਰਿਤ ਕੀਤਾ ਹੈੇ। ਕਿੱਤੇ ਵਜੋਂ ਡਾ: ਸੇਖੋਂ ਰਸਾਇਣ ਵਿਗਿਆਨ ਦਾ ਅਧਿਆਪਕ ਹੈ ਪਰ ਕਲਮ ਵਜੋਂ ਉਹ ਸ਼ਬਦਾਂ ਦਾ ਜਾਦੂਗਰ ਹੈ।
ਉਨ੍ਹਾਂ ਦੇ ਨਿੱਜੀ ਤਜਰਬੇ ਨੂੰ ਜਾਨਣ ਦੀ ਉਤਸੁਕਤਾ ਹਰ ਪਾਠਕ ਦੇ ਹਿਰਦੇ ਅੰਦਰ ਠਾਠਾਂ ਮਾਰਦੀ ਹੋਵੇਗੀ। ਇਸੇ ਕਾਰਨ, ਇਸ ਮੰਤਵ ਦੀ ਪੂਰਤੀ ਲਈ ਡਾ: ਦੇਵਿੰਦਰ ਸਿੰਘ ਸੇਖੋਂ ਹੁਰਾਂ ਪਾਸੋਂ ਪ੍ਰਸਤੁਤ ਵਿਚਾਰ ਲੜੀ ਪੇਸ਼ ਕੀਤੀ ਜਾ ਰਹੀ ਹੈ।
ਡਾ: ਸਿੰਘ: ਸੇਖੋਂ ਸਾਹਿਬ ਆਪ ਨੇ ਪੀਐਚ. ਡੀ ਦੀ ਡਿਗਰੀ ਕਿੱਥੋਂ ਪ੍ਰਾਪਤ ਕੀਤੀ। ਆਪ ਦੇ ਨਿਗਰਾਨ ਕੌਣ ਰਹੇ ਤੇ ਆਪ ਦਾ ਖੋਜ ਵਿਸ਼ਾ ਕੀ ਸੀ?
ਡਾ: ਸੇਖੋਂ: ਡਾ: ਸਾਹਿਬ,ਭਾਵੇਂ ਮੇਰੀਆਂ ਡਿਗਰੀਆਂ ਰਸਾਇਣ ਵਿਗਿਆਨ (ਕੈਮਿਸਟਰੀ) ਵਿੱਚ ਹਨ, ਪਰ ਹਿਸਾਬ ਮੇਰਾ ਸਭ ਤੋਂ ਵੱਧ ਮਨ ਪਸੰਦ ਵਿਸ਼ਾ ਸੀ। ਸੋ ਮੇਰੀਆਂ ਦੋਵੇਂ ਡਿਗਰੀਆਂ – ਐੱਮ.ਐੱਸ,ਅਤੇ ਪੀ.ਐਚ.ਡੀ – ਥਿਉਰੈਟੀਕਲ ਕੈਮਿਸਟਰੀ ਵਿੱਚ ਹਨ, ਅਤੇ ਮੈਂ ਇਹ ਦੋਵੇਂ ਡਿਗਰੀਆਂ ਕੈਲੀਫੋਰਨੀਆ ਦੀਆਂ ਯੂਨੀਵਰਸਿਟੀਆਂ ਵਿੱਚੋਂ ਪ੍ਰਾਪਤ ਕੀਤੀਆਂ ਹਨ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ।
ਡਿਗਰੀ ਯੂਨੀਵਰਸਿਟੀ ਰਿਸਰਚ-ਗਾਈਡ ਖੋਜ-ਥੀਸਿਸ ਦਾ ਵਿਸ਼ਾ
ਐਮ.ਐਸ. ਯੂਨੀ.ਆਫ ਕੈਲੀਫੋਰਨੀਆ ਡਾ. ਡੇਵਡ ਵੋਲਮੈਨ ਚੋਣਵੇਂ ਮੁਕਤ ਰੈਡੀਕਲਾਂ ਦੇ ਸਭ
ਡੇਵਿਸ ਤਾਪਗਤਿਜ਼ ਫੰਕਸ਼ਨ
ਪੀਐਚ.ਡੀ. ਸੀ.ਪੀ.ਯੂ., ਸਾਨ ਰੈਫਲ ਡਾ. ਡੇਵਡ ਵੋਲਮੈਨ ਇੰਟਰਸਟੈਲਰ ਆਇਨਾਂ ਅਤੇ ਮੁਕਤ
ਰੈਡੀਕਲ ਦੀਆਂ ਗਤਿਜੀ ਪ੍ਰਤੀਕ੍ਰਿਆਵਾਂ
ਡਾ: ਸਿੰਘ: ਸਰ, ਆਪ ਜੀ ਦੀਆਂ ਹੁਣ ਤੱਕ ਕਿੰਨੀਆਂ ਪੁਸਤਕਾਂ ਛਪ ਚੁੱਕੀਆਂ ਹਨ ਤੇ ਕਿਹੜੀਆਂ ਕਿਹੜੀਆਂ? ਕੋਈ ਛਪਾਈ ਅਧੀਨ ਵੀ ਹੈ। ਕ੍ਰਿਪਾ ਕਰਕੇ ਵਿਸਥਾਰ ਸਹਿਤ ਦੱਸੋ।
ਡਾ: ਸੇਖੋਂ: ਵੀਰ ਜੀ, ਸਭ ਤੋਂ ਪਹਿਲਾਂ ਤਾਂ ਸੰਨ 1969-70 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮੈਨੂੰ ਡੇਨੀਅਲ ਅਤੇ ਐਲਬਰਟੀ ਦੁਆਰਾ ਲਿਖੀ ਕੈਮਿਸਟਰੀ ਦੀ ਪੁਸਤਕ ਦਾ ਪੰਜਾਬੀ ਵਿੱਚ ਅਨੁਵਾਦ ਕਰਨ ਦਾ ਮੌਕਾ ਪ੍ਰਦਾਨ ਕੀਤਾ। ਇਸ ਕਾਰਜ ਨੂੰ ਮੈਂ ਸੰਨ 1971 ਵਿੱਚ ਸੰਪੂਰਨ ਕਰਕੇ ਯੂਨੀਵਰਸਿਟੀ ਨੂੰ ਸੌਂਪ ਦਿੱਤਾ। ਤਦ ਹੀ ਮੈਂ ਸੰਨ 1972 ਵਿੱਚ ਪੰਜਾਬੀ ਮਾਂ ਬੋਲੀ ਵਿੱਚ ਪ੍ਰੀ-ਇੰਨਜੀਨੀਅਰਿੰਗ ਅਤੇ ਪ੍ਰੀਮੈਡੀਕਲ ਦੇ ਵਿਦਿਆਰਥੀਆਂ ਲਈ ਕੈਮਿਸਟਰੀ ਦੀ ਪੁਸਤਕ ਲਿਖ ਕੇ ਪੰਜਾਬੀ ਯੂਨੀਵਰਸਿਟੀ ਨੂੰ ਛਪਣ ਲਈ ਦੇ ਦਿੱਤੀ ਜਿਹੜੀ ਕਿ ਮੇਰੇ ਕੈਲੀਫੋਰਨੀਆ ਆਉਣ ਤੋਂ ਪਹਿਲਾਂ ਹੀ ਯੂਨੀਵਰਸਿਟੀ ਨੇ ਮੰਨਜ਼ੂਰ ਕਰ ਲਈ ਸੀ।
ਧਾਰਮਿਕ ਖੇਤਰ ਵਿੱਚ ਮੇਰੀ ਪਹਿਲੀ ਪੁਸਤਕ ਗੁਰੂ ਨਾਨਕ ਸਾਹਿਬ ਦੀ ਜੀਵਨੀ ਖੇਤਰ ਬਾਰੇ ਸੀ ਜੋ ਮੈਂ ਅੰਗਰੇਜ਼ੀ ਵਿੱਚ ਲਿਖੀ ਤਾਂ ਜੁ ਉਹ ਬੱਚੇ ਜਿਹੜੇ ਗੁਰਮੁਖੀ ਨਹੀਂ ਪੜ੍ਹ ਸਕਦੇ, ਗੁਰੂ ਨਾਨਕ ਸਾਹਿਬ ਦੇ ਉਦੇਸ਼ ਨੂੰ ਸਮਝਣ ਕਿ ਉਹਨਾਂ ਨੇ ਸਮੁੱਚੀ ਲੋਕਾਈ ਦਾ ਜੀਵਨ ਸੁਧਾਰਨ ਲਈ ਸਾਡੇ ਲਈ ਕਿੰਨੀਆਂ ਕੁਰਬਾਨੀਆਂ ਕੀਤੀਆਂ ਅਤੇ ਸਾਨੂੰ ਗਿਆਨ ਦਾ ਕਿੱਡਾ ਵੱਡਾ ਖ਼ਜ਼ਾਨਾ ਬਖਸ਼ਿਆ। ਮੇਰੀ ਅਗਲੀ ਪੁਸਤਕ,”ਦਾ ਡਿਵਾਇਨ ਮੈਸੇਜ ਆਫ਼ ਗੁਰੂ ਗ੍ਰੰਥ ਸਾਹਿਬ” ਵੀ ਅੰਗਰੇਜ਼ੀ ਵਿੱਚ ਹੀ ਸੀ ਜਿਹੜੀ ਪਹਿਲੀ ਵਾਰ ਸੰਨ 2006 ਵਿੱਚ ਛਪੀ। ਉਸ ਤੋਂ ਪਿੱਛੋਂ ਮੇਰੀਆਂ ਹੋਰ ਚਾਰ ਪੁਸਤਕਾਂ ਛਪ ਚੁਕੀਆਂ ਹਨ ਅਤੇ ਦੋ ਹੋਰ ਪੁਸਤਕਾਂ ਐਸ. ਜੀ. ਪੀ. ਸੀ. ਕੋਲ ਛਪਾਈ ਅਧੀਨ ਪਈਆਂ ਹਨ ਜਿਹਨਾਂ ਬਾਰੇ ਉਹਨਾਂ ਨੇ ਪਿਛਲੇ 4 ਸਾਲ ਤੋਂ ਅਜੇ ਤੱਕ ਕੋਈ ਫ਼ੈਸਲਾ ਨਹੀਂ ਲਿਆ। ਇੱਕ ਹੋਰ ਪੁਸਤਕ ”ਪੰਜਾਬੀ ਬੋਲੀ ਅਤੇ ਪੰਜਾਬੀਅਤ” ਬਿਲਕੁੱਲ ਤਿਆਰ ਹੈ ਜਿਸ ਨੂੰ ਮੈਂ ਅਜੇ ਛਪਣ ਲਈ ਨਹੀਂ ਭੇਜਿਆ ਕਿਉਂਕਿ ਪਿਛਲੇ ਤਿੰਨ ਸਾਲ ਤੋਂ ਮੇਰਾ ਸਾਰਾ ਧਿਆਨ ਗੁਰੂ ਗਰੰਥ ਸਾਹਿਬ ਦੇ ਅਨੁਵਾਦ ਵਿੱਚ ਕੇਂਦ੍ਰਿਤ ਹੈ।
ਡਾ: ਸਿੰਘ: ਆਪ ਜੀ ਨੂੰ ਮਿਲੇ ਸਨਮਾਨਾਂ ਬਾਰੇ ਜਾਨਣ ਦਾ ਇੱਛੁਕ ਹਾਂ?
ਡਾ: ਸੇਖੋਂ: ਡਾ: ਸਾਹਿਬ, ਮੈਂ ਨਾ ਤਾਂ ਕਦੇ ਕਿਸੇ ਸਨਮਾਨ ਵਾਸਤੇ ਲ਼ਿਖਿਆ ਹੈ, ਅਤੇ ਨਾ ਹੀ ਕਦੇ ਕਿਸੇ ਸਨਮਾਨ ਦੀ ਆਸ ਰੱਖੀ ਸੀ। ਪਾਠਕਾਂ ਦਾ ਸ਼ਲਾਘਾ-ਭਰਪੂਰ ਹੁੰਗਾਰਾ ਹੀ ਮੇਰਾ ਸਨਮਾਨ ਰਿਹਾ ਹੈ। ਮੇਰੀਆਂ ਪੁਸਤਕਾਂ ਬਾਰੇ ਕੁਝ ਉਹਨਾਂ ਪ੍ਰਸਿੱਧ ਵਿਦਵਾਨਾਂ ਨੇ ਰੀਵੀਊ ਲਿਖੇ ਹਨ ਜਿਹਨਾਂ ਨੂੰ ਮੈਂ ਨਾ ਕਦੇ ਮਿਲਿਆ ਸੀ ਅਤੇ ਨਾ ਹੀ ਕਦੇ ਉਹਨਾਂ ਨਾਲ਼ ਕੋਈ ਚਿੱਠੀ ਪੱਤਰ ਹੋਇਆ ਸੀ। ਜਿਹਨਾਂ ਵਿੱਚੋਂ ਇੱਕ ਪੰਜਾਬੀ ਯੂਨੀਵਰਸਿਟੀ ਦੇ ਪ੍ਰੋ: ਡਾ: ਸ਼ਮਸੇਰ ਸਿੰਘ ਸਨ ਅਤੇ ਦੂਸਰੇ ਸ. ਤੀਰਥ ਸਿੰਘ ਢਿੱਲੋਂ ਸਨ ਜਿਹੜੇ ਕਿ ਪੰਜਾਬੀ ਦੂਰ ਦਰਸ਼ਨ ਜਲੰਧਰ ਸਟੇਸ਼ਨ ਤੇ ਖਬਰਾਂ ਪੜ੍ਹਦੇ ਹਨ। ਹਾਂ, ਵਿਦਿਅਕ ਅਦਾਰਿਆਂ ਵਿੱਚ ਮੈਂ ਚੌਥੀ ਸ਼੍ਰੇਣੀ ਤੋਂ ਲੈ ਕੇ ਐਮ.ਐੱਸਸੀ.ਤੱਕ ਵਜ਼ੀਫ਼ਾ ਪ੍ਰਾਪਤ ਕਰਦਾ ਰਿਹਾ ਹਾਂ, ਕੇਵਲ ਅੱਠਵੀਂ ਜਮਾਤ ਵਿੱਚ ਮੈਂ ਵਜ਼ੀਫ਼ਾ ਜਿੱਤਣ ਵਿੱਚ ਸਫ਼ਲ ਨਹੀਂ ਹੋਇਆ ਸੀ ਜਿਸ ਵਿੱਚ ਮੈਂ ਇੱਕ ਵੱਡੀ ਗ਼ਲਤੀ ਕਰ ਬੈਠਾ ਸੀ ਕਿ ਮੈਂ ਕਿਸੇ ਦੇ ਜ਼ੋਰ ਲਾਉਣ ਤੇ ਡਰਾਇੰਗ ਨੂੰ ਚੁਣ ਲਿਆ ਜਿਸ ਵਿੱਚ ਮੈਂ ਬਹੁਤ ਕਮਜ਼ੋਰ ਸੀ।
ਡਾ: ਸਿੰਘ: ਸੇਖੋਂ ਸਾਹਿਬ, ਪਿਛਲੇ ਲੰਮੇ ਅਰਸੇ ਤੋਂ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਜੋਕੇ ਸੰਦਰਭ ਵਿਚ ਵਿਆਖਿਆ ਕਰਨ ਵਿੱਚ ਜੁੱਟੇ ਹੋਏ ਹੋ। ਕਿੰਨਾ ਕੁ ਕਾਰਜ ਹੁਣ ਤੱਕ ਨੇਪਰੇ ਚੜ੍ਹ ਚੁੱਕਾ ਹੈ? ਇਸ ਕਾਰਜ ਦੀ ਸੰਪੂਰਨਤਾ ਲਈ ਹੋਰ ਕਿੰਨਾ ਕੁ ਸਮਾਂ ਲੱਗਣ ਦਾ ਅੰਦਾਜ਼ਾ ਹੈ?
ਡਾ: ਸੇਖੋਂ: ਡਾ: ਸਾਹਿਬ ਮੈਨੂੰ ਇਹ ਦੱਸਦਿਆਂ ਖ਼ੁਸ਼ੀ ਹੋ ਰਹੀ ਕਿ ਉਸ ਵਾਹਿਗੁਰੂ ਦੀ ਤੇ ਗੁਰੂ ਨਾਨਕ ਸਾਹਿਬ ਦੀ ਮਿਹਰ ਸਦਕਾ, ਜਿਹਨਾਂ ਨੇ ਮੈਨੂੰ ਇਸ ਪਾਸੇ ਲਈ ਪ੍ਰੇਰਤ ਕੀਤਾ, ਅੱਜ ਤੱਕ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 720 ਅੰਗਾਂ ਦੀ ਵਿਆਖਿਆ ਪੂਰੀ ਕਰ ਚੁੱਕਾ ਹਾਂ। ਜੇ ਕਰ ਉਹਨਾਂ ਦਾ ਪਾਵਨ ਹੱਥ ਇਸੇ ਤਰ੍ਹਾਂ ਮੇਰੇ ਸਿਰ ਤੇ ਰਿਹਾ ਤਾਂ ਮੈਨੂੰ ਪੂਰੀ ਆਸ ਹੈ ਕਿ ਅਗਲੇ ਢਾਈ ਕੁ ਸਾਲਾਂ ਵਿੱਚ ਇਹ ਮਹਾਨ ਕਾਰਜ ਸਿਰੇ ਚੜ੍ਹ ਜਾਵੇਗਾ। ਜਿਸ ਦਿਨ ਮੈਂ ਇਹ ਮਹਾਨ ਕਾਰਜ ਸ਼ੁਰੂ ਕੀਤਾ ਸੀ ਤਾਂ ਮੈਨੂੰ ਪਤਾ ਸੀ ਕਿ ਇਸ ਦੀ ਪੂਰਤੀ ਲਈ ਘੱਟ ਤੋਂ ਘੱਟ 5-6 ਸਾਲ ਲੱਗਣਗੇ। ਹੁਣ ਤੱਕ ਮੇਰਾ ਇਹ ਅੰਦਾਜ਼ਾ ਠੀਕ ਚੱਲਦਾ ਆ ਰਿਹਾ ਹੈ।
ਡਾ: ਸਿੰਘ: ਆਪ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੀਤੀ ਜਾ ਰਹੀ ਵਿਆਖਿਆ ਮੌਜੂਦਾ ਵਿਆਖਿਆਵਾਂ ਨਾਲੋਂ ਕਿਵੇਂ ਭਿੰਨ ਹੈ ? ਵਿਸਥਾਰ ਨਾਲ ਦੱਸੋ।
ਡਾ: ਸੇਖੋਂ: ਵੀਰ ਜੀ! ਹਰੇਕ ਵਿਦਵਾਨ, ਜਿਸਨੇ ਇਸ ਮਹਾਨ ਕਾਰਜ ਲਈ ਕੰਮ ਕੀਤਾ, ਉਸਨੇ ਆਪਣੇ ਢੰਗ ਅਤੇ ਆਪਣੀ ਸੋਚ ਅਨੁਸਾਰ ਪਾਵਨ ਗੁਰੂ ਗਰੰਥ ਸਾਹਿਬ ਜੀ ਦਾ ਅਨੁਵਾਦ ਕੀਤਾ। ਮੈਂ ਕਿਸੇ ਦੇ ਵੀ ਕੰਮ ਨੂੰ ਮਾੜਾ ਨਹੀਂ ਕਹਿ ਸਕਦਾ। ਜਦ ਮੈਂ ਕਾਲਜ ਦੀ ਪੜ੍ਹਾਈ ਸ਼ੁਰੂ ਕੀਤੀ ਤਾਂ ਇੱਕ ਦੋ ਪ੍ਰੋਫ਼ੈਸਰ ਸਾਹਿਬਾਨ ਨੂੰ ਛੱਡ ਕੇ ਬਾਕੀਆਂ ਨੇ ਸਾਡੇ ਸੁਆਲਾਂ ਦਾ ਉੱਤਰ ਦੇਣਾ ਤਾਂ ਦੂਰ ਦੀ ਗੱਲ, ਸਾਡੇ ਸੁਆਲ ਪੁੱਛਣ ਤੇ ਸਾਨੂੰ ਝਾੜ ਦਿੰਦੇ ਸਨ, ਅਤੇ ਸਾਡੀ ਹਿੰਮਤ ਨਹੀਂ ਸੀ ਪੈਂਦੀ ਕਿ ਕਦੇ ਉਹਨਾਂ ਨੂੰ ਸੁਆਲ ਪੁੱਛੀਏ। ਉਦੋਂ ਮੈਂ ਆਪਣੇ ਮਨ ਨਾਲ਼ ਇਹ ਫ਼ੈਸਲਾ ਕਰ ਲਿਆ ਕਿ ਮੈਂ ਵੀ ਪ੍ਰੋਫ਼ੈਸਰ ਹੀ ਬਣਾਂਗਾ ਤੇ ਆਪਣੇ ਵਿਦਿਆਰਥੀਆਂ ਦੇ ਹਰ ਸੁਆਲ ਦਾ ਪੂਰੇ ਵਿਸਥਾਰ ਸਹਿਤ ਉੱਤਰ ਦੇਵਾਂਗਾ। ਮੈਂ ਸਾਰੀ ਉਮਰ ਇਸ ਨਿਯਮ ਦੀ ਪਾਲਣਾ ਕੀਤੀ।
ਬਿਲਕੁੱਲ ਇਹੋ ਹੀ ਨਿਯਮ ਮੈਂ ਗੁਰੂ ਗਰੰਥ ਸਾਹਿਬ ਜੀ ਦੇ ਉਲਥੇ ਲਈ ਵਰਤ ਰਿਹਾ ਹਾਂ। ਮੈਂ ਦੋ ਗੱਲਾਂ ਨੂੰ ਪੂਰੇ ਧਿਆਨ ਵਿੱਚ ਰੱਖ ਰਿਹਾ ਹਾਂ। ਇੱਕ ਤਾਂ ਇਹ ਕਿ ਮੈਂ ਨਿਰੋਲ ਗੁਰੂ ਗਰੰਥ ਸਾਹਿਬ ਦੀ ਸਿੱਖਿਆ ਦੀ ਵਿਆਖਿਆ ਹੀ ਕਰ ਰਿਹਾ ਹਾਂ ਅਤੇ ਇਸ ਵਿੱਚ ਮੇਰੀ ਕੋਈ ਵੀ ਨਿਜੀ ਵਿਚਾਰ ਨਹੀਂ ਹੈ ਅਤੇ ਦੂਸਰਾ ਇਹ ਕਿ ਮੈਂ ਹਰ ਔਖੇ ਸ਼ਬਦ ਦੀ ਪੂਰੀ ਵਿਆਖਿਆ ਕਰ ਰਿਹਾ ਹਾਂ ਜਿਹਨਾਂ ਦੀ ਪ੍ਰੋੜਤਾ ਵਿੱਚ ਮੈਂ ਕਈ ਹੋਰ ਸ਼ਬਦ ਵੀ ਵਰਤਦਾ ਹਾਂ।
ਡਾ: ਸਿੰਘ: ਸਰ, ਰਸਾਇਣ ਵਿਗਿਆਨੀ ਅਤੇ ਧਾਰਮਿਕ ਖੇਤਰ ਦੇ ਸਾਹਿਤਕਾਰ ਦਾ ਸੁਮੇਲ ਬੜਾ ਵਿਲੱਖਣ ਹੈ। ਆਪ ਦੀ ਸਖ਼ਸ਼ੀਅਤ ਅੰਦਰ ਵਿਗਿਆਨੀ ਅਤੇ ਲੇਖਕ ਹਮੇਸ਼ਾਂ ਸਮਾਂਤਰ (parallel) ਕਾਰਜਸ਼ੀਲ ਰਹਿੰਦੇ ਹਨ ਜਾਂ ਸਮੇਂ-ਦਰ-ਸਮੇਂ ਕੋਈ ਇੱਕ ਵਧੇਰੈ ਭਾਰੂ (dominating) ਵੀ ਹੋ ਜਾਂਦਾ ਹੈ?
ਡਾ: ਸੇਖੋਂ: ਡਾ: ਸਾਹਿਬ, ਵਿਗਿਆਨ ਦਾ ਗਿਆਨ ਗੁਰੂ ਗਰੰਥ ਸਾਹਿਬ ਦੇ ਵਿਸ਼ਾਲ ਅਤੇ ਡੂੰਘੇ ਗਿਆਨ ਨੂੰ ਸਮਝਣ ਵਿੱਚ ਮੇਰਾ ਬਹੁਤ ਸਹਾਈ ਹੋਇਆ ਹੈ, ਜਿਸ ਸਦਕਾ ਗੁਰੂ ਗਰੰਥ ਸਾਹਿਬ ਪ੍ਰਤੀ ਮੇਰੀ ਸ਼ਰਧਾ ਹੋਰ ਵੀ ਵਧ ਗਈ ਹੈ ਪ੍ਰੰਤੂ ਗੁਰੂ ਗਰੰਥ ਸਾਹਿਬ ਕਿਸੇ ਵੀ ਵਿਗਿਆਨ ਦੇ ਮੁਥਾਜ ਨਹੀਂ। ਜਦ ਮੈਂ ਗੁਰੂ ਗਰੰਥ ਸਾਹਿਬ ਦਾ ਉਲਥਾ ਕਰ ਰਿਹਾ ਹੁੰਦਾ ਹਾਂ ਤਾਂ ਮੇਰਾ ਪੂਰਾ ਧਿਆਨ ਉਹਨਾਂ ਦੇ ਗਹਿਰੇ ਸੰਦੇਸ਼ ਬਾਰੇ ਹੁੰਦਾ ਹੈ ਨਾਂ ਕਿ ਵਿਗਿਆਨ ਬਾਰੇ। ਅਰਥ ਕਰਨ ਵੇਲੇ ਜਿੱਥੇ ਕਿਤੇ ਵਿਗਿਆਨ ਸਹਾਈ ਹੁੰਦੀ ਹੈ ਮੈਂ ਜ਼ਰੂਰ ਉਸਦੀ ਵਰਤੋਂ ਕਰ ਲੈਂਦਾ ਹਾਂ, ਪਰ ਮੈਂ ਕਦੇ ਵੀ ਵਿਗਿਆਨ ਨੂੰ ਅਰਥਾਂ ਤੇ ਹਾਵੀ ਨਹੀਂ ਹੋਣ ਦਿੰਦਾ।
ਡਾ: ਸਿੰਘ: ਸੇਖੋਂ ਸਾਹਿਬ,ਆਪ ਦੀ ਪਕੜ੍ਹ ਜਿੰਨੀ ਇਕ ਵਿਗਿਆਨੀ ਦੇ ਤੌਰ ‘ਤੇ ਸਮਰਥ ਹੈ, ਓਨ੍ਹੀ ਹੀ ਲੇਖਕ ਦੇ ਰੂਪ ਵਿੱਚ ਵੀ ਹੈ। ਪਰ ਆਪਣੇ ਨਿਜੀ ਵਿਚਾਰ ਦੱਸੋ ਕਿ ਆਪ ਨੂੰ ਏਨ੍ਹਾਂ ਵਿੱਚੋਂ ਕਿਹੜਾ ਰੂਪ ਵੱਧ ਪਸੰਦ ਹੈ ਅਤੇ ਕਿਉਂ?
ਡਾ: ਸੇਖੋਂ: ਵੀਰ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪ ਦਾ ਬਹੁਤ ਧੰਨਵਾਦੀ ਹਾਂ ਜੁ ਇਹਨਾਂ ਖੇਤਰਾਂ ਵਿੱਚ ਮੇਰੀ ਪਕੜ ਕਹਿ ਕੇ ਮੈਨੂੰ ਬਹੁਤ ਮਾਣ ਬਖਸ਼ ਰਹੇ ਹੋ। ਇਹਨਾਂ ਦੋਵਾਂ ਹੀ ਰੂਪਾਂ (ਜਾਂ ਖੇਤਰਾਂ) ਦਾ ਆਪੋ ਆਪਣਾ ਨਸ਼ਾ ਹੈ, ਅਤੇ ਇਸ ਗੱਲ ਦਾ ਨਿਰਣਾ ਕਰਨਾ ਕਿ ਇਹਨਾਂ ਵਿੱਚੋਂ ਮੈਨੂੰ ਕਿਹੜਾ ਰੂਪ ਵੱਧ ਪਸੰਦ ਹੈ,ਬਹੁਤ ਮੁਸ਼ਕਿਲ ਹੈ। ਇਸਦਾ ਉੱਤਰ ਦੇਣਾ ਉਨਾਂ ਹੀ ਕਠਿਨ ਹੈ ਜਿੰਨਾ ਕਿ ਇਹ ਦੱਸਣਾ ਕਿ ਤੁਹਾਨੂੰ ਕਲਾਕੰਦ ਅਤੇ ਸਮੋਸਿਆਂ ਵਿੱਚੋਂ ਕਿਹੜਾ ਵੱਧ ਪਸੰਦ ਹੈ। ਮੈਂ ਦੋਵਾਂ ਦਾ ਹੀ ਬਹੁਤ ਅਨੰਦ ਮਾਣਦਾ ਹਾਂ।
ਡਾ: ਸਿੰਘ: ਸਰ, ਕੀ ਤੁਸੀਂ ਲੇਖ ਨਿਬੰਧ ਤੋਂ ਇਲਾਵਾ ਹੋਰਨਾਂ ਸਾਹਿਤਕ ਵਿਧਾਵਾਂ ਵਿਚ ਵੀ ਕਲਮਕਾਰੀ ਕੀਤੀ ਹੈ?
ਡਾ: ਸੇਖੋਂ: ਜੀ ਸਰ। ਮੈਂ ਅਜੇ ਤੀਸਰੀ ਜਮਾਤ ਵਿੱਚ ਹੀ ਪੜ੍ਹਦਾ ਸੀ ਜਦੋਂ ਮੈਂ ਸ. ਸੋਹਣ ਸਿੰਘ ਸੀਤਲ ਜੀ ਦੀਆਂ ਲਿਖੀਆਂ ਧਾਰਮਿਕ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ। ਜਿਹਨਾਂ ਦਾ ਮੇਰੇ ਤੇ ਬਹੁਤ ਅਸਰ ਹੋਇਆ ਅਤੇ ਮੇਰੇ ਤੇ ਸਿੱਖੀ ਦਾ ਬਹੁਤ ਰੰਗ ਚੜ੍ਹ ਗਿਆ। ਮੈਂ ਸ਼ਾਇਦ ਛੇਵੀਂ ਜਮਾਤ ਵਿੱਚ ਪੜ੍ਹਦਾ ਸੀ ਜਦੋਂ ਮੂਵੀ ‘ਨਾਗਿਨ’ ਦੇ ਕੁਝ ਗਾਣੇ ਬਹੁਤ ਮਸ਼ਹੂਰ ਹੋਏ ਜਿਹਨਾਂ ਵਿੱਚੋਂ ‘ਜਾਦੂਗਰ ਸਈਆਂ ਛੋੜੋ ਮੋਰੀ ਬਈਆਂ –‘ ਇੱਕ ਸੀ। ਇਸੇ ਦੀ ਤਰਜ਼ ਤੇ ਮੈਂ ਛੋਟੇ ਸਾਹਿਬਜ਼ਾਦਿਆਂ ਬਾਰੇ ਇੱਕ ਗੀਤ ਲਿਖਿਆ: ‘ਗੁਰੂ ਜੀ ਦੇ ਤਾਰੇ,ਰਾਜ ਦੁਲਾਰੇ ਕਿਉਂ ਨੀਹਾਂ ਵਿੱਚ ਰਿਹਾ ਏਂ ਖਲ੍ਹਾਰ ਜ਼ਾਲਮ ਸੂਬਿਆ ਓਇ’ ਇਹ ਮੇਰੀ ਪਹਿਲੀ ਕਵਿਤਾ ਸੀ। ਫਿਰ ਮੈਂ ਹੋਰ ਦੋ-ਤਿੰਨ ਦਰਜਨ ਕਵਿਤਾਵਾਂ ਵੀ ਲਿਖੀਆਂ,ਪਰ ਹੌਲੀ ਹੌਲੀ ਉਹ ਸ਼ੌਕ ਮੱਠਾ ਪੈ ਗਿਆ ਤੇ ਕਹਾਣੀਆਂ ਅਤੇ ਧਾਰਮਿਕ ਲੇਖਾਂ ਵੱਲ ਰੁਚੀ ਵਧ ਗਈ।
(ਚੱਲਦਾ)

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …