ਲਿੰਡਾ ਜੈਫਰੀ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਕੈਨੇਡਾ ਵਿੱਚ ਬਰੈਂਪਟਨ ਦੂਜੇ ਨੰਬਰ ਦਾ ਬਹੁਤ ਹੀ ਤੇਜ਼ੀ ਨਾਲ਼ ਵਧਣ ਵਾਲ਼ਾ ਸ਼ਹਿਰ ਹੈ, ਇਸ ਦੇ ਟਰਾਂਜ਼ਿਟ ਦੀਆਂ ਲੋੜਾਂ ਵੀ ਉਨੀ ਹੀ ਤੇਜ਼ੀ ਨਲ਼ ਵਧ ਰਹੀਆਂ ਹਨ। ਪਿਛਲੇ ਸਾਲ ਪਬਲਿਕ ਟਰਾਂਜ਼ਿਟ ਦੇ ਮੁਸਾਫਰਾਂ ਵਿੱਚ 18% ਦਾ ਵਾਧਾ ਹੋਇਆ। ਸਾਡੀ ਕਾਊਂਸਲ ਵਧੀਆ ਤੇ ਸਥਿਰ ਟਰਾਂਜ਼ਿਟ ਪ੍ਰਬੰਧ ਉਸਾਰਨ ਦੀਆਂ ਯੋਜਨਾਵਾਂ ਦੀ ਲੋੜ ਨੂੰ ਚੰਗੀ ਤਰ੍ਹਾਂ ਸਮਝਣ ਵਾਲ਼ੀ ਹੋਣੀ ਚਾਹੀਦੀ ਹੈ। ਅਜਿਹਾ ਟਰਾਂਜ਼ਿਟ ਜੋ ਸੱਚਮੁੱਚ ਹੀ ਵਿਦਿਆਰਥੀਆਂ, ਉੱਦਮੀ ਕਾਰੋਬਾਰੀਆਂ, ਪਰਿਵਾਰਾਂ, ਇੱਥੋਂ ਤੱਕ ਕਿ ਸੈਰ-ਸਪਾਟਾ ਕਰਨ ਵਾਲ਼ਿਆਂ ਨੂੰ ਸਾਰੇ ਸ਼ਹਿਰ ਵਿੱਚ ਆਉਣ-ਜਾਣ ਲਈ ਮਨ-ਭਾਉਂਦਾ ਸਹਾਇਕ ਸਿੱਧ ਹੋਵੇ।
ਜਿੰਨਾ ਚੰਗੇਰਾ ਸਾਡਾ ਪਬਲਿਕ ਟਰਾਂਜ਼ਿਟ ਹੋਵੇਗਾ, ਉਤਨੀਆਂ ਹੀ ਘੱਟ ਕਾਰਾਂ ਸੜਕਾਂ ਉੱਤੇ ਆਉਣਗੀਆਂ ਅਤੇ ਉਤਨਾ ਹੀ ਸਾਡਾ ਵਾਤਾਵਰਨ ਵੱਧ ਸਾਫ ਤੇ ਸੁਥਰਾ ਰਹੇਗਾ। ਮੈਂ ਬਰੈਂਪਟਨ ਦੇ ਟਰਾਂਜ਼ਿਟ ਵਿੱਚ ਅਸਰਦਾਰ ਨੀਤੀਆਂ ਲਿਆਕੇ, ਇਸ ਵਿੱਚ ਸੁਧਾਰ, ਜੋ ਸਾਰਿਆਂ ਲਈ ਹੋਣ, ਲਿਆਉਣ ਅਤੇ ਭੀੜ ਭੜੱਕੇ ਨੂੰ ਮਾਤ ਪਾਉਣ ਲਈ ਆਪਣੇ ਸਿਰਤੋੜ ਯਤਨ ਕਰਾਂਗੀ।
ਮੇਰੀ ਅਗਵਾਈ ਵਿੱਚ ਅਸੀਂ ਇਹ ਯਤਨ ਕੀਤੇ:
ੲ ਮੈਂ ਮਿਸੀਸਾਗਾ, ਬੇਰੀ, ਕਿਚਨਰ ਅਤੇ ਵਾਟਰਲੂ ਦੇ ਮੇਅਰਾਂ ਅਤੇ ਸੂਬਾਈ ਤੇ ਫੈਡਰਲ ਸਰਕਾਰਾਂ ਨਾਲ਼ ਜੁੜਕੇ ਪੂਰੇ ਯਤਨ ਕੀਤੇ ਕਿ ਬਰੈਂਪਟਨ ਸਿਟੀ ਕਿਚਨਰ-ਵਾਟਰਲੂ ਲਾਂਘੇ ਉੱਤੇ ਆ ਜਾਵੇ। ਦੂਸਰੇ ਮੇਅਰਾਂ ਨਾਲ਼ ਮਿਲ਼ਕੇ ਸਾਰੇ ਦਿਨ ਲਈ ਦੋਪਾਸੜ ‘ਗੋ ਟ੍ਰੇਨ’ ਸੇਵਾ ਦੀ ਪ੍ਰਾਪਤੀ ਲਈ ਵੀ ਮੋਹਰੀ ਯਤਨ ਕੀਤੇ। ਹੁਣ ਮੈਂ, ਅੱਜ ਦੀ ਉਨਟਾਰੀਓ ਸਰਕਾਰ ਨਾਲ਼ ਮਿਲ਼ਕੇ ਇਸ ਸੌਦੇ ਅਤੇ ਸੇਵਾਵਾਂ ਨੂੰ ਲਾਗੂ ਕਰਾਵਾਂਗੀ।
ੲ ਅਸੀਂ ਆਪਣੀਆਂ ਟਰਾਂਜ਼ਿਟ ਸੇਵਾਵਾਂ ਲਈ ਗੈਸ ਟੈਕਸ ਫੰਡਾਂ ਨੂੰ ਵਧਾ ਕੇ ਦੁੱਗਣਾ ਕੀਤਾ – ਇਸ ਨਾਲ਼ ਅਸੀਂ ਟਰਾਂਜ਼ਿਟ ਸੁਧਾਰਾਂ ਨੂੰ ਪੱਕੇ ਪ੍ਰਬੰਧ ਨਾਲ਼ ਪੂਰੇ ਕਰ ਸਕਾਂਗੇ ਅਤੇ ਮੁਸਾਫਰਾਂ ਦੀ ਗਿਣਤੀ ਦੇ ਵਾਧੇ ਦੀ ਤੰਗੀ ਕੱਟਣ ਦੀ ਥਾਂ ਅਸੀਂ ‘ਜੀ ਆਇਆਂ ਨੂੰ’ ਆਖ ਸਕਾਂਗੇ।
ੲ ਸਫਲ ਪੈਰਵੀ ਕਰਕੇ ‘ਹੁਰੋਨਟੈਰੀਓ-ਮੇਨ ਸਟ੍ਰੀਟ ਲਾਈਟ ਰੇਲ ਟਰਾਂਜ਼ਿਟ ਲਾਈਨ’ (ਐੱਚ ਐੱਮ ਐੱਲ ਆਰ ਟੀ) ਬਨਾਉਣ ਦੀ 100% ਖਰਚੇ ਦੀ ਫੰਡਿੰਗ ਦੀ ਮਨਜ਼ੂਰੀ ਪ੍ਰਾਪਤ ਕੀਤੀ – ਬਦਕਿਸਮਤੀ ਨਾਲ਼ ਬਰੈਂਪਟਨ ਸਿਟੀ ਕਾਊਂਸਲ ਦੀ ਬਹੁਮੱਤ ਨੇ ਇਸ ਦੇ ਵਿਰੁੱਧ ਵੋਟ ਪਾਈ। ਭਾਵੇਂ ਕਿ 60% ਬਰੈਂਪਟਨ ਦੇ ਵਸਨੀਕ ਇਸ ਦੇ ਹੱਕ ਵਿੱਚ ਖੜ੍ਹੇ ਸਨ। ਸਿੱਟਾ ਇਹ ਨਿਕਲ਼ਿਆ ਕਿ ਅਸੀਂ ਉਨਟਾਰੀਓ ਸਰਕਾਰ ਦੇ ਧਰੇ-ਧਰਾਏ ਫੰਡ ਗੁਆ ਲਏ। ਹੁਰੋਨਟਾਰੀਓ ਸਟਰੀਟ ਉੱਤੇ ਸਟੀਲਜ ਐਵੇਨਿਊ ਦੇ ਟਰਾਂਜ਼ਿਟ ਟਰਮੀਨਲ ਤੱਕ, ਐੱਲ ਆਰ ਟੀ ਅਜੇ ਵੀ ਸਾਡੇ ਕੋਲ਼ ਹੈ। ਇਸ ਦੇ ਨਾਲ਼-ਨਾਲ਼ ਅਲਸਟਮ ਤੋਂ ਸਰਮਾਇਆਕਾਰੀ ਲਈ ਸਹਿਯੋਗ ਪ੍ਰਾਪਤ ਕਰ ਸਕੇ ਹਾਂ। ਜਿਸ ਦਾ ਕੰਮ ਹੈ ਐੱਲ ਆਰ ਟੀ ਉੱਤੇ ਟ੍ਰੇਨਾਂ ਨੂੰ ਚਲਾਉਣਾ, ਬਰੈਂਪਟਨ ਵਿੱਚ ਆਪਣੀਆਂ ਨਵੀਆਂ ਸਹੂਲਤਾਂ ਪ੍ਰਦਾਨ ਕਰਨਾ, ਬਰੈਂਪਟਨ ਵਿੱਚ ਚੰਗੀ ਤਨਖਾਹ ਵਾਲ਼ੀਆਂ 100 ਜੌਬਾਂ ਪੈਦਾ ਕਰਨੀਆਂ।
ੲ ਮੁਸਾਫਰਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ਼ ਹੋ ਰਹੇ ਵਾਧੇ ਲਈ ਢੁਕਵੇਂ ਪ੍ਰਬੰਧਾਂ ਲਈ ਜ਼ੂਮ ਸੇਵਾਵਾਂ ਅਤੇ ਟਰਾਂਜ਼ਿਟ ਰੂਟਾਂ ਵਿੱਚ ਵਾਧਾ ਕਰਨਾ। ਇਸ ਵਾਧੇ ਵਿੱਚ ਏਅਰਪੋਰਟ ਰੋਡ ਨੂੰ ਮਾਲਟਨ ਗੋ ਸਟੇਸ਼ਨ ਨਾਲ਼ ਲੋੜੀਂਦੀਆਂ ਜ਼ੂਮ ਸੇਵਾਵਾਂ ਨਾਲ਼ ਜੋੜਨਾ ਸ਼ਾਮਲ ਹੈ।
ੲ ਪਿਛਲੀ ਮਿਆਦ ਵਾਲ਼ੀ ਕਾਊਂਸਲ ਨੇ ਗੋਰਵੇ ਬ੍ਰਿੱਜ ਦਾ ਪ੍ਰੋਜੈੱਕਟ ਵਿੱਢਿਆ ਸੀ, ਕਿਉਂਕਿ ਟ੍ਰੇਨ ਲੰਘਣ ਸਮੇਂ ਬਰੈਂਪਟਨ ਈਸਟ ਦੀ ਟ੍ਰੈਫਿਕ ਵਿੱਚ ਬਹੁਤ ਹੀ ਲੰਮੀਆਂ ਲਈਨਾਂ ਲੱਗ ਜਾਂਦੀਆਂ ਸਨ। ਇਸ ਪੁਲ਼ ਦੇ ਪੂਰੇ ਹੋ ਜਾਣ ਨਾਲ਼ ਬਰੈਂਪਟਨ ਈਸਟ ਦੇ ਇਸ ਟ੍ਰੈਫਿਕ ਜਾਮ ਤੋਂ ਪਿੱਛਾ ਛੁੱਟ ਜਾਇਗਾ।
ੲ ਸ਼ੈਰੀਡਨ ਸਟੂਡੈਂਟ ਯੂਨੀਅਨ ਨਾਲ਼ ਟਰਾਂਸਪੋਰਟ ਵਿੱਚ ਤਾਲਮੇਲ ਸਬੰਧੀ ਗੱਲਬਾਤ ਕਰਨ ਪਿੱਛੋਂ ਚੰਗਾ ਤਾਲਮੇਲ ਉਸਾਰਨ ਲਈ ਰਾਏ ਉਸਾਰੀ ਗਈ। ਸਿੱਟੇ ਵਜੋਂ ‘ਸ਼ੈਰੀਡਨ ਯੂ-ਪਾਸ’ ਦਾ ਪ੍ਰਸਤਾਵ ਬਣਾਇਆ ਗਿਆ। ਇਸ ਸਬੰਧੀ ਸ਼ੈਰੀਡਨ ਦੇ ਵਿਦਿਆਰਥੀ ਨਵੰਬਰ ਦੇ ਅੰਤ ਵਿੱਚ ਵੋਟ ਪਾਉਣਗੇ। ਇਹ ਬਰੈਂਪਟਨ, ਓਕਵਿਲ ਅਤੇ ਮਿਸੀਸਾਗਾ ਵਿੱਚਕਾਰ ਇੱਕ ਵਧੀਆ ਸੂਤਰਬੱਧ ਟਰਾਂਜ਼ਿਟ ਪ੍ਰੋਗਰਾਮ ਹੈ।
ੲ ਬਰੈਂਪਟਨ ਦੇ ਘੱਟ ਆਮਦਨੀ ਵਾਲ਼ੇ ਨਿਵਾਸੀਆਂ ਲਈ ਅਸਾਨ ਟਰਾਂਜ਼ਿਟ ਪ੍ਰੋਗਰਾਮ ਤਿਆਰ ਕਰਨ ਦਾ ਪੱਖ ਪੂਰਿਆ – ਟਰਾਂਜ਼ਿਟ ਵਿੱਚ ਸਫਰ ਕਰਨ ਵਾਲ਼ੇ ਯੋਗ ਵਿਅਕਤੀਆਂ ਨੂੰ 50% ਦੀ ਛੋਟ ਦੇਣੀ। ਬਰੈਂਪਟਨ ਟਰਾਂਜ਼ਿਟ ਵਿੱਚ ਸਫਰ ਕਰਨ ਵਾਲ਼ੇ ਸੀਨੀਅਰਾਂ ਲਈ 1 ਡਾਲਰ ਦੇ ਕਿਰਾਏ ਦਾ ਇਕਰਾਰ ਬਣਾਈ ਰੱਖਣਾ।
ੲ ਆਪਣੇ ਟਰਾਂਜ਼ਿਟ ਚਾਲਕਾਂ ਦੇ ਸੁਰੱਖਿਆ-ਵਾਧੇ ਲਈ ਬਰੈਂਪਟਨ ਟਰਾਂਜ਼ਿਟ ਬੱਸਾਂ ਵਿੱਚ ਸੁਰੱਖਿਆ ਢਾਲਾਂ ਲਗਵਾਉਣੀਆਂ।
ੲ ਬਰੈਂਪਟਨ ਟਰਾਂਜ਼ਿਟ ਵਿੱਚ, ਸਭ ਤੋਂ ਪਹਿਲਾ ਗਾਹਕ-ਅਧਿਕਾਰ-ਪੱਤਰ ਲਾਗੂ ਕੀਤਾ – ਤਾਂ ਕਿ ਵਸਨੀਕਾਂ ਦਾ ਟ੍ਰਾਂਜ਼ਿਟ ਸੇਵਾਵਾਂ ਵਿੱਚ ਸੁਧਾਰ ਕਰਨ ਅਤੇ ਮੁਸਾਫਰਾਂ ਦਾ ਸਤਿਕਾਰ ਕਰਨ ਵਿੱਚ ਸਹਿਯੋਗ ਲਿਆ ਜਾ ਸਕੇ।
ਅਗਲੀ ਮਿਆਦ ਵਿੱਚ ਕਰਨ ਵਾਲ਼ੇ ਕਾਰਜ:
ੲ ਆਪਣੀ ਫੈਡਰਲ ਸਰਕਾਰ ਨਾਲ਼ ਮੈਂ ਆਪ ਗੱਲਬਾਤ ਕੀਤੀ ਹੈ ਕਿ ਜਿਸ ਵਿੱਚ ਆਪਣੇ ਟਰਾਂਜ਼ਿਟ ਦੀਆਂ ਆਉਣ ਵਾਲ਼ੀਆਂ ਮੁੱਖ ਲੋੜਾਂ ਨੂੰ ਵਿਸ਼ੇਸ਼ ਤੌਰ ਉੱਤੇ ਉਭਾਰਿਆ ਹੈ। ਅਸੀਂ ਚਾਹੁੰਦੇ ਹਾਂ ਕਿ ਸਪ੍ਰਿੰਗ ਬੱਜਟ ਵਿੱਚ ਇਨ੍ਹਾਂ ਮੁੱਦਿਆਂ ਨੂੰ ਜ਼ਰੂਰ ਜੋੜਿਆ ਜਾਵੇ। ਉਹ ਹਨ: : ਜ਼ੂਮ/ਬੀ ਆਰ ਟੀ ਟਰਾਂਜ਼ਿਟ ਵਿੱਚ ਵਾਧਾ
: ਚੁਸਤ, ਅਜੋਕੀ, ਬਸ ਤਕਨਾਲੋਜੀ ਅਤੇ ਕਿਰਾਇਆ ਵਸੂਲੀ ਯੰਤਰ
: ਸਵਾਰੀਆਂ ਦੀ ਗਿਣਤੀ ਦੇ ਵਾਧੇ ਦੀ ਲੋੜ ਅਨੁਸਾਰ ਹੋਰ ਪਬਲਿਕ ਬਸਾਂ ਦਾ ਪਰਬੰਧ
: ਇੱਕ ਨਵੀਂ ਟ੍ਰਾਂਜ਼ਿਟ ਸਹੂਲਤ ਦਾ ਪ੍ਰਬੰਧ
: ਡਾਊਨਟਾਊਨ ਵਿੱਚ ਚੱਲਣ ਫਿਰਨ ਲਈ ਇੱਕ ਢੁਕਵੀਂ ਤੇ ਖੁੱਲ੍ਹੀ-ਡੁੱਲ੍ਹੀ ਥਾਂ ਦਾ ਪ੍ਰਬੰਧ
: ਪੀਅਰਸਨ ਏਅਰਪੋਰਟ ਉੱਤੇ ਟਰਾਂਜ਼ਿਟ ਦੇ ਆਉਣ ਜਾਣ ਅਤੇ ਖਲੋਣ ਲਈ ਇੱਕ ਖੁੱਲ੍ਹੀ-ਡੁੱਲ੍ਹੀ ਥਾਂ
ੲ ਬਰੈਂਪਟਨ ਨੂੰ ਹੁਣ ਤੇਜ਼-ਤਰਾਰ ਟਰਾਂਜ਼ਿਟ ਦੀ ਲੋੜ ਹੈ। ਇਸ ਲਈ, ਮੈਂ 4.4 ਮਿਲੀਅਨ ਡਾਲਰਾਂ ਦੀ ਪਹਿਲੋਂ ਹੀ ਨਕਾਰੀ ਗਈ ਐੱਲ ਆਰ ਟੀ ਦੇ ਬਦਲਵੇਂ ਰੂਟਾਂ ਦੀ ਖੋਜ ਨੂੰ ਰੋਕ ਦੇਵਾਂਗੀ। ਜਿਸ ਦਾ ਸਮਰਥਨ ਸਟਾਫ, ਇੰਜਨੀਅਰ ਅਤੇ ਟਰਾਂਜ਼ਿਟ ਮਾਹਰ ਵੀ ਨਹੀਂ ਕਰਦੇ।
ੲ ਮੈਂ ਕੁਈਨ ਬਸ ਰੈਪਿਡ ਟਰਾਂਜ਼ਿਟ (ਬੀ ਆਰ ਟੀ) ਪ੍ਰੋਜੈੱਕਟ ਦਾ ਪੂਰਾ ਸਮਰਥਨ ਕਰਦੀ ਹਾਂ ਅਤੇ ਸਟਾਫ ਵੱਲੋਂ ਪੇਸ਼ ਕੀਤੇ ਗਏ ਤਿੰਨਾਂ ਪ੍ਰਸਤਾਵਾਂ ਸਬੰਧੀ ਪਬਲਿਕ ਦੇ ਸੁਝਾ ਵੀ ਪ੍ਰਾਪਤ ਕਰਨੇ ਚਾਹਾਂਗੀ।
ੲ ਟਰਾਂਜ਼ਿਟ ਦਾ ਵਾਧਾ ਲਗਾਤਾਰ ਚੱਲਦਾ ਰਹੇਗਾ ਤਾਂ ਕਿ ਇਹ ਚੁਸਤ-ਦ੍ਰੁਸਤ, ਸਮਰੱਥਾਵਾਨ ਬਣਿਆਂ ਰਹੇ। ਨਿਆਂਪੂਰਨ ਟਰਾਂਜ਼ਿਟ ਬਦਲ ਇਹ ਹਨ:
: ਬਹੁਤੀ ਬਾਰ ਸੇਵਾਵਾਂ
: ਸਮੇਂ ਸਿਰ ਸੇਵਾਵਾਂ
: ਬਸ ਫੜਨ ਦੀਆਂ ਸੌਖੀਆਂ ਪਹੁੰਚਯੋਗ ਥਾਵਾਂ
ੲ ਮੈਂ ਸਟਾਫ ਨੂੰ ਹਦਾਇਤ ਕਰਾਂਗੀ ਕਿ ਉਹ 24-ਘੰਟੇ ਬਸ ਸਿਸਟਮ ਸਬੰਧੀ ਪੜਤਾਲ ਕਰੇ ਅਤੇ ਜਿਸਦਾ ਤਾਲ-ਮੇਲ ਟੀਟੀਸੀ ਦੇ 24 ਘੰਟੇ ਦੇ ਬਸ ਪ੍ਰਬੰਧ ਨਾਲ਼ ਹੋਵੇ, (ਕਿਉਂਕਿ ਅਸੀਂ ਵੀ ਹੁਣ ’24-ਘੰਟੇ ਟਰਾਂਜ਼ਿਟ ਸਿਟੀ’ ਹਾਂ), ਉਸਦੀ ਪੂਰੀ ਜਾਣਕਾਰੀ ਮੈਨੂੰ ਦੇਵੇ।
ੲ ਮੈਂ ਰਿਜਨਲ ਭਾਈਵਾਲਾਂ ਅਤੇ ਸੂਬਾਈ ਸਰਕਾਰ ਨਾਲ਼ ਤਾਲ-ਮੇਲ ਬਣਾਈ ਰੱਖਾਂਗੀ ਤਾਂ ਕਿ ਰਿਜਨ ਅਤੇ ਗੁਆਂਢੀ ਸ਼ਹਿਰਾਂ ਜਿਵੇਂ ਕਿ ਮਿਸੀਸਾਗਾ, ਟੋਰਾਂਟੋ ਅਤੇ ਵਾਗ੍ਹਨ ਨਾਲ਼ ਸਾਡੇ ਵਧੀਆ ਟਰਾਂਜ਼ਿਟੀ ਸਬੰਧ ਬਣੇ ਰਹਿਣ।
ੲ ਮੁਸਾਫਰਾਂ ਦੀ ਸੁਰੱਖਿਆ ਇਸ ਤਰ੍ਹਾਂ ਵਧਾਈ ਜਾਏਗੀ:
ਪੈਦਲ ਚੁਰਾਹਿਆਂ ਦੀ ਸੁਰੱਖਿਆ ਯਕੀਨੀ ਬਣਾ ਕੇ
ਸੁਰੱਖਿਅਤ ਸਾਈਕਲ ਮਾਰਗਾਂ ਦੇ ਉਦੇਸ਼ ਨੂੰ ਮੁੱਖ ਰੱਖਿਆ ਜਾਏਗਾ ਇਸ ਦੇ ਨਾਲ਼-ਨਾਲ਼ ਜ਼ੂਮ ਟਰਾਂਜ਼ਿਟ ਦੇ 3 ਕਿ.ਮੀ. ਦੇ ਅੰਦਰ-ਅੰਦਰ, ਮਨੋਰੰਜਨ ਕੇਂਦਰਾਂ ਅਤੇ ਸਕੂਲਾਂ ਵਿੱਚ ਬਾਈ ਸਾਈਕਲਾਂ ਦੀ ਪਾਰਕਿੰਗ ਦਾ ਪ੍ਰਬੰਧ ਕੀਤਾ ਜਾਏਗਾ।
ਭੀੜ ਭੜੱਕਿਆਂ ਦੇ ਜਾਮਾਂ ਅਤੇ ਗਰੀਬੀ ਨੂੰ ਖਤਮ ਕਰਨ ਲਈ ਅਸਰਦਾਰ ਅਤੇ ਪਹੁੰਚ ਵਾਲ਼ੇ ਟਰਾਂਜ਼ਿਟ ਦਾ ਹੋਣਾ ਬਹੁਤ ਹੀ ਮਹੱਤਵ ਪੂਰਨ ਹੈ। ਹਰ ਰੋਜ ਹੋਰ ਤੇ ਹੋਰ ਬਰੈਂਪਟਨ ਨਿਵਾਸੀ ਪਬਲਿਕ ਟਰਾਂਜ਼ਿਟ ਵੱਲ ਮੋੜਾ ਕੱਟ ਰਹੇ ਹਨ ਅਤੇ ਹੋਰ ਵੱਧ ਟਰਾਂਜ਼ਿਟ ਸੇਵਾਵਾਂ ਮੰਗ ਰਹੇ ਹਨ। ਮੈਂ ਤੁਹਾਡੇ ਨਾਲ਼ ਪੂਰੀ ਸਹਿਮਤ ਹਾਂ। ਸਾਡੇ ਇਸ ਮਹਾਨ ਸਿਟੀ ਵਿੱਚ ਮੈਂ ਟਰਾਂਜ਼ਿਟ ਵਧਾਉਣ ਦੇ ਇਕਰਾਰ ਉੱਤੇ ਸਦਾ ਪਹਿਰਾ ਦਿੰਦੀ ਰਹਾਂਗੀ।
ਅੱਗੇ, ਹੋਰ ਅੱਗੇ ਵਧਣਾ ਹੀ ਜੀਵਨ ਹੈ!