Breaking News
Home / ਨਜ਼ਰੀਆ / ਆਦੀਵਾਸੀਆਂ ਦੀ ਸਭਿਅਤਾ, ਸੰਸਕ੍ਰਿਤੀ, ਭਾਸ਼ਾ ਤੇ ਵਜੂਦ ਖਤਰੇ ‘ਚ

ਆਦੀਵਾਸੀਆਂ ਦੀ ਸਭਿਅਤਾ, ਸੰਸਕ੍ਰਿਤੀ, ਭਾਸ਼ਾ ਤੇ ਵਜੂਦ ਖਤਰੇ ‘ਚ

ਪ੍ਰੋ. ਬਲਵਿੰਦਰਪਾਲ ਸਿੰਘ
ਭਾਰਤ ਵਿਚ ਲਗਭਗ 11 ਕਰੋੜ ਆਦੀਵਾਸੀ ਰਹਿੰਦੇ ਹਨ, ਜੋ ਕੁਲ ਅਬਾਦੀ ਦਾ 7 ਪ੍ਰਤੀਸ਼ਤ ਹੈ। ਭਾਰਤ ਵਿਚ ਕਈ ਕਿਸਮਾਂ ਦੇ ਆਦੀਵਾਸੀ ਪੂਰੇ ਦੇਸ ਵਿਚ ਫੈਲੇ ਹੋਏ ਹਨ। ਉਨ੍ਹਾਂ ਦੀ ਆਪਣੀ ਆਪਣੀ ਭਾਸ਼ਾ ਹੈ, ਆਪਣਾ ਸਮਾਜ ਹੈ। ਆਦੀਵਾਸੀ ਭਾਰਤ ਵਿਚ ਵਿਕਾਸ ਦੇ ਨਾਂ ‘ਤੇ ਜਲ, ਜੰਗਲ, ਜ਼ਮੀਨ ਤੋਂ ਉਜਾੜੇ ਜਾਣ ਕਾਰਨ ਵੱਡੇ ਦੁਖਾਂਤ ਦਾ ਸਾਹਮਣਾ ਕਰ ਰਹੇ ਹਨ। ਵੱਖ-ਵੱਖ ਅੰਕੜਿਆਂ ਦਾ ਵਿਸ਼ਲੇਸ਼ਣ ਕਰੀਏ ਤਾਂ ਹਰ ਦਸਵਾਂ ਆਦੀਵਾਸੀ ਆਪਣੀ ਜ਼ਮੀਨ ਤੋਂ ਉਜਾੜਿਆ ਗਿਆ ਹੈ। ਪਿਛਲੇ ਇਕ ਦਹਾਕੇ ਵਿਚ ਹੀ ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ ਤੇ ਉੜੀਸਾ ਵਿਚ 14 ਲੱਖ ਲੋਕ ਉਜਾੜੇ ਹਨ। ਉਨ੍ਹਾਂ ਵਿਚ 89% ਅਬਾਦੀ ਆਦੀਵਾਸੀਆਂ ਦੀ ਹੈ। ਜੰਗਲ ਨੂੰ ਆਪਣਾ ਘਰ ਸਮਝਣ ਵਾਲੇ ਜਨਜਾਤੀਆਂ ਦੇ ਉਜਾੜੇ ਦੇ ਦਰਦ ਨੂੰ ਕਿਸੇ ਸਰਕਾਰੀ ਮੁਆਵਜ਼ੇ ਨਾਲ ਦੂਰ ਨਹੀਂ ਕੀਤਾ ਜਾ ਸਕਦਾ। ਆਦੀਵਾਸੀ ਆਪਣੇ ਜੀਵਨ, ਰੁਜ਼ਗਾਰ ਅਤੇ ਸਭਿਆਚਾਰਕ ਪਛਾਣ ਦੇ ਲਈ ਜੰਗਲਾਂ ਤੇ ਨਿਰਭਰ ਹਨ। ਉਜਾੜੇ ਦੇ ਨਾਲ ਨਾਲ ਜਿਨ੍ਹਾਂ ਵੱਡੀਆਂ ਸਮੱਸਿਆਵਾਂ ਨਾਲ ਆਦੀਵਾਸੀ ਸਮਾਜ ਜੂਝ ਰਿਹਾ ਹੈ, ਉਨ੍ਹਾਂ ਵਿਚ ਮੁਖ ਹੈ ਸਿੱਖਿਆ, ਰੁਜ਼ਗਾਰ, ਸਿਹਤ ਤੇ ਰਾਜਨੀਤਕ ਭੇਦਭਾਵ। ਛੱਤੀਸਗੜ੍ਹ ਪ੍ਰਾਚੀਨ ਆਦੀਵਾਸੀ ਖੇਤਰ ਹੈ ਤੇ ਉਸ ਦੀ ਪਛਾਣ ਜੰਗਲ ਤੇ ਆਦੀਵਾਸੀਆਂ ਦੇ ਲਈ ਹੈ, ਪਰ ਕੁਝ ਸਾਲਾਂ ਵਿਚ ਇਸਪਾਤ, ਲੋਹਾ ਤੇ ਖਨਨ ਯੋਜਨਾ ਨੇ ਆਦੀਵਾਸੀਆਂ ਦੇ ਜੀਵਨ ਨੂੰ ਸੰਕਟ ਵਿਚ ਪਾ ਦਿੱਤਾ ਹੈ। ਬਸਤਰ, ਦੰਤੇਵਾੜਾ ਜ਼ਿਲ੍ਹਿਆਂ ਵਿਚ ਜਿੱਥੇ ਨਕਸਲਵਾਦ ਕਾਰਨ ਆਦੀਵਾਸੀਆਂ ਦਾ ਜੀਵਨ ਔਖਾ ਹੋ ਗਿਆ ਹੈ । ਆਦੀਵਾਸੀ ਸਮਾਜ ਆਪਣੀਆਂ ਜੜ੍ਹਾਂ ਨਾਲ ਜੁੜ ਕੇ ਆਪਣਾ ਵਿਕਾਸ ਚਾਹੁੰਦਾ ਹੈ, ਪਰ ਉਸ ਨੂੰ ਉਸ ਦੀਆਂ ਜੜ੍ਹਾਂ ਨਾਲੋਂ ਵਿਕਾਸ ਦੇ ਨਾਮ ‘ਤੇ ਤੋੜਿਆ ਜਾ ਰਿਹਾ ਹੈ। ਕੇਂਦਰ ਅਤੇ ਰਾਜ ਸਰਕਾਰ ਦੀ ਰੁਜ਼ਗਾਰ ਗਾਰੰਟੀ ਯੋਜਨਾ ਸਹਿਤ ਦੂਸਰੀਆਂ ਯੋਜਨਾਵਾਂ ਤੋਂ ਇਹ ਆਦੀਵਾਸੀ ਪੂਰੀ ਤਰ੍ਹਾਂ ਦੂਰ ਹਨ। ਇਥੇ ਜ਼ਿਕਰਯੋਗ ਹੈ ਕਿ ਭਾਰਤੀ ਅਜ਼ਾਦੀ ਸੰਗਰਾਮ ਦੇ ਇਤਿਹਾਸ ਵਿਚ ਆਦੀਵਾਸੀਆਂ ਦੇ ਸੰਘਰਸ਼ ਦਾ ਪਾਠ ਵੀ ਦਰਜ ਹੈ। ਸੰਥਾਲ ਪ੍ਰਗਨਾ ਵਿਚ ਤਿਲਕਾ ਮਾਜੀ ਦੀ ਅਗਵਾਈ ਵਿਚ ਚੱਲੇ ਦਾਮਿਨ ਸੰਘਰਸ਼ ਦੇ 13 ਸਾਲ (1771-1784) ਦੌਰਾਨ ਉਨ੍ਹਾਂ ਦੀਆਂ ਵੀਰ ਗਾਥਾਵਾਂ ਪ੍ਰੇਰਨਾ ਦਾ ਸਰੋਤ ਰਹੀਆਂ ਹਨ। ਬੁੱਧੂ ਭਗਤ ਦੇ ਲਰਕਾ ਅੰਦੋਲਨ (1828 ਤੋਂ 1832) ਦੇ ਵੇਰਵੇ ਹੈਰਾਨ ਕਰਨ ਵਾਲੇ ਹਨ। ਸਿੱਧੂ ਮੂਰਮੂ ਤੇ ਕਾਨੂ ਮੁਰਮੂ ਦਾ ਵਿਦਰੋਹ (1855) ਝਾਰਕੰਡ ਦੇ ਸਾਸੀ ਤੇ ਆਦੀਵਾਸੀ ਯੋਧਿਆਂ ਦੇ ਸੰਘਰਸ਼ ਦੀ ਉਸ ਪਰੰਪਰਾ ਦੀ ਇਕ ਲੜੀ ਹੈ, ਜਿਸ ਦਾ ਸਿਖਰ ਵਿਰਸਾ ਮੁੰਡਾ ਤੇ ਉਨ੍ਹਾਂ ਦੇ ਉਲਗੁਲਾਨ (1894 ਤੋਂ 1900) ਵਿਚ ਦੇਖਿਆ ਜਾ ਸਕਦਾ ਹੈ। ਛੱਤੀਸਗੜ੍ਹ ਵਿਚ ਵੀਰ ਨਰਾਇਣ ਸਿੰਘ ਦੀ ਸ਼ਹਾਦਤ (1857) ਤੇ ਮੱਧ ਪ੍ਰਦੇਸ਼ ਦੇ ਨਿਮਾੜ ਦੇ ਘਣੇ ਜੰਗਲਾਂ ਵਿਚ ਰਹਿਣ ਵਾਲੇ ਟਾਟਿਆ ਭੀਲ ਦਾ ਬਲੀਦਾਨ (1889) ਆਦੀਵਾਸੀਆਂ ਦੀ ਅਜ਼ਾਦੀ ਦੇ ਪ੍ਰਤੀ ਸੰਘਰਸ਼ ਨੂੰ ਦਰਸਾਉਂਦੇ ਹਨ। ਅਜ਼ਾਦੀ ਦੇ ਅੰਦੋਲਨ ਦੇ ਇਤਿਹਾਸ ਵਿਚ ਅਜਿਹੇ ਸੈਂਕੜੇ ਉਦਾਹਰਣ ਪਏ ਹਨ, ਜੋ ਆਦੀਵਾਸੀਆਂ ਦੇ ਲਈ ਪਰੇਰਨਾ ਸਰੋਤ ਹਨ। ਇਨ੍ਹਾਂ ਦੀਆਂ ਦੰਦ ਕਥਾਵਾਂ, ਲੋਕ ਗੀਤ, ਲੋਕ ਸਾਹਿਤ ਅੱਜ ਵੀ ਜੀਵਤ ਹੈ। ਆਦੀਵਾਸੀਆਂ ਦੀ ਅਜ਼ਾਦੀ ਉਨ੍ਹਾਂ ਦੀ ਸਭਿਅਤਾ, ਜੰਗਲ ਤੇ ਭਾਸ਼ਾ ਦਾ ਜਿਉਂਦੇ ਰਹਿਣਾ ਹੈ। ਪਿਛਲੇ ਸਾਲ ਸੰਯੁਕਤ ਰਾਸ਼ਟਰ ਦੀ ‘ਦਾ ਸਟੇਟ ਆਫ਼ ਦ ਵਰਲਡਜ਼ ਇੰਡੀਜਿਨਸ ਪੀਪਲਜ਼’ ਨਾਮ ਦੀ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਮੂਲ ਨਿਵਾਸੀ ਤੇ ਆਦੀਵਾਸੀ ਜਾਤੀਆਂ ਭਾਰਤ ਸਹਿਤ ਸੰਪੂਰਨ ਵਿਸ਼ਵ ਵਿਚ ਆਪਣੀ ਜ਼ਮੀਨ, ਸੰਸਕ੍ਰਿਤੀ ਤੇ ਵਜੂਦ ਤੋਂ ਵਿਛੜ ਕੇ ਗਾਇਬ ਹੋਣ ਦੇ ਕਿਨਾਰੇ ਹਨ। ਰਿਪੋਰਟ ਦੇ ਮੁਤਾਬਕ ਖਨਨ ਕਾਰਜ ਦੇ ਕਾਰਨ ਹਰ ਰੋਜ਼ ਹਜ਼ਾਰਾਂ ਆਦੀਵਾਸੀ ਪਰਿਵਾਰ ਉਜੜ ਰਹੇ ਹਨ ਤੇ ਉਨ੍ਹਾਂ ਦੀ ਸਾਰ ਨਹੀਂ ਲਈ ਜਾ ਰਹੀ। ਉਜਾੜੇ ਕਾਰਨ ਉਨ੍ਹਾਂ ਵਿਚ ਗਰੀਬੀ, ਬਿਮਾਰੀ ਤੇ ਬੇਰੁਜ਼ਗਾਰੀ ਫੈਲ ਰਹੀ ਹੈ। ਨੈਸ਼ਨਲ ਫੈਮਿਲੀ ਹੈਲਥ ਸਰਵੇ ਵਿਚ ਇਹ ਜਾਣਕਾਰੀ ਮਿਲਦੀ ਹੈ ਕਿ ਕੋਲਨ (ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ), ਕੋਰਗਾ (ਕਰਨਾਟਕ), ਚੋਲਾਨਾ ਨਾਇਕਨ (ਕੇਰਲਾ), ਮਲਪਹਾੜੀਆ (ਬਿਹਾਰ), ਕੋਟਾ (ਤਾਮਿਲਨਾਡੂ), ਬਿਰਹੋਰ (ਉੜੀਸਾ) ਅਤੇ ਸ਼ਾਪੈਨ (ਅੰਡੇਮਾਨ ਤੇ ਨਿਕੋਬਾਰ) ਦੇ ਸੰਵੇਦਨਸ਼ੀਲ ਆਦੀਵਾਸੀ ਸਮੂਹਾਂ ਦੀ ਸੰਖਿਆ ਘੱਟ ਰਹੀ ਹੈ ਤੇ ਆਦੀਵਾਸੀ ਬੱਚਿਆਂ ਦੀ ਮੌਤ ਦਰ ਰਾਸ਼ਟਰੀ ਔਸਤ ਤੋਂ ਦੁੱਗਣੇ ਪੱਧਰ ‘ਤੇ ਪਹੁੰਚ ਗਈ ਹੈ। ਇਸ ਰਿਪੋਰਟ ਦੇ ਮੁਤਾਬਕ ਆਦੀਵਾਸੀ ਬੱਚਿਆਂ ਦੀ ਮੌਤ ਦਰ 35.8 ਫੀਸਦੀ ਹੈ। ਜਦ ਕਿ ਰਾਸ਼ਟਰੀ ਔਸਤ ਦਰ 18.4 ਫੀਸਦੀ ਹੈ। ਆਦੀਵਾਸੀਆਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਤੋਂ ਇਲਾਵਾ ਸਾਮਾਜਿਕ ਸਮੱਸਿਆਵਾਂ ਨੇ ਉਨ੍ਹਾਂ ਨੂੰ ਚੋਰਾਹੇ ‘ਤੇ ਖੜਾ ਕਰ ਦਿੱਤਾ ਹੈ। ਆਦੀਵਾਸੀਆਂ ਦੀ ਸੰਸਕ੍ਰਿਤੀ ਤੇ ਸਭਿਅਤਾ ‘ਤੇ ਦੂਸਰਾ ਹਮਲਾ ਕਾਰਪੋਰੇਟ ਜਗਤ ਦਾ ਹੈ। ਜੰਗਲ ਨੂੰ ਆਪਣੀ ਮਾਂ ਭੂਮੀ ਸਮਝਣ ਵਾਲੇ ਆਦੀਵਾਸੀਆਂ ਦੇ ਇਸ ਘਰ ਨੂੰ ਉਜਾੜੇ ਦਾ ਕਾਰਨ ਖੁਦ ਸਰਕਾਰਾਂ ਬਣ ਰਹੀਆਂ ਹਨ। ਜੰਗਲਾਂ ਨੂੰ ਕੱਟ ਕੇ ਤੇ ਫੂਕ ਕੇ ਉਸ ਭੂਮੀ ਨੂੰ ਯੋਜਨਾਬੱਧ ਢੰਗ ਨਾਲ ਕਾਰਪੋਰੇਟ ਜਗਤ ਨੂੰ ਸੌਂਪਿਆ ਜਾ ਰਿਹਾ ਹੈ। ਇਸ ਕਾਰਨ ਆਦੀਵਾਸੀ 1990 ਤੋਂ ਆਪਣੀ ਪਰੰਪਰਾਗਤ ਭੂਮੀ ਤੋਂ ਬੇਦਖਲ ਹੋ ਰਹੇ ਹਨ। ਆਦੀਵਾਸੀ ਰੁਜ਼ਗਾਰ ਦੇ ਸੰਕਟ ਨਾਲ ਜੂਝ ਰਹੇ ਹਨ ਤੇ ਨਾਲ ਹੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਜੇਕਰ ਵਿਕਸਤ ਦੇਸ ਅਮਰੀਕਾ ਦੀ ਗੱਲ ਕਰੀਏ ਤਾਂ ਇੱਥੇ ਆਮ ਆਦਮੀ ਦੀ ਤੁਲਨਾ ਵਿਚ ਜਨਜਾਤੀ ਭਾਈਚਾਰੇ ਦੇ ਲੋਕਾਂ ਨੂੰ ਟੀ.ਬੀ. ਹੋਣ ਦੀ ਸੰਭਾਵਨਾ 600 ਗੁਣਾ ਜ਼ਿਆਦਾ ਹੈ। ਉਨ੍ਹਾਂ ਵਿਚ ਆਤਮ-ਹੱਤਿਆ ਕਰਨ ਦੀ ਸੰਭਾਵਨਾ 62 ਫੀਸਦੀ ਤੋਂ ਜ਼ਿਆਦਾ ਹੈ। ਅਸਟਰੇਲੀਆ ਵਿਚ ਕਬੀਲਿਆਂ ਦਾ ਕੋਈ ਬੱਚਾ ਕਿਸੇ ਹੋਰ ਭਾਈਚਾਰੇ ਜਾਂ ਕੌਮ ਦੇ ਬੱਚੇ ਦੀ ਤੁਲਨਾ ਵਿਚ 20 ਸਾਲ ਪਹਿਲਾਂ ਮਰ ਜਾਂਦਾ ਹੈ। ਨੇਪਾਲ ਵਿਚ ਹੋਰ ਕੌਮਾਂ ਦੇ ਬੱਚਿਆਂ ਤੋਂ ਕਬੀਲਿਆਂ ਦੇ ਬੱਚਿਆਂ ਦੀ ਉਮਰ 20 ਸਾਲ, ਗਵਾਟੇਮਾਲ ਵਿਚ 13 ਸਾਲ ਤੇ ਨਿਊਜ਼ੀਲੈਂਡ ਵਿਚ 11 ਸਾਲ ਘੱਟ ਹੁੰਦੀ ਹੈ। ਅਰਥਾਤ ਉਹ ਘੱਟ ਉਮਰ ਭੋਗਦੇ ਹਨ। ਵਿਸ਼ਵ ਪੱਧਰ ‘ਤੇ ਦੇਖੀਏ ਤਾਂ ਆਦੀਵਾਸੀ ਕਬੀਲਿਆਂ ਦੇ ਕੁਲ 50 ਫੀਸਦੀ ਲੋਕ ਟਾਈਪ-2 ਸ਼ੂਗਰ ਤੋਂ ਪੀੜਤ ਹਨ। ਆਦੀਵਾਸੀ ਭਾਈਚਾਰਾ ਭਾਸ਼ਾ ਤੇ ਸੰਕਟ ਨਾਲ ਵੀ ਜੂਝ ਰਿਹਾ ਹੈ। ਭਾਸ਼ਾ ਰਿਸਰਚ ਐਂਡ ਪਬਲੀਕੇਸ਼ਨ ਸੈਂਟਰ ਦੁਆਰਾ ਕੀਤੇ ਗਏ ‘ਭਾਰਤੀ ਭਾਸ਼ਾਵਾਂ ਦੇ ਲੋਕ ਸੁਰੱਖਿਆ’ ਦਾ ਅਧਿਐਨ ਦੱਸਦਾ ਹੈ ਕਿ ਪਿਛਲੇ 50 ਸਾਲਾਂ ਵਿਚ ਭਾਰਤ ਵਿਚ ਬੋਲੀਆਂ ਜਾਣ ਵਾਲੀਆਂ 850 ਭਾਸ਼ਾਵਾਂ ਵਿਚ ਤਕਰੀਬਨ 250 ਭਾਸ਼ਾਵਾਂ ਅਲੋਪ ਹੋ ਚੁੱਕੀਆਂ ਹਨ ਤੇ 139 ਤੋਂ ਜ਼ਿਆਦਾ ਭਾਸ਼ਾਵਾਂ ਦਾ ਵਜੂਦ ਖਤਰੇ ਵਿਚ ਹੈ। ਅਲੋਪ ਹੋਣ ਵਾਲੀਆਂ ਭਾਸ਼ਾਵਾਂ ਵਿਚ ਜ਼ਿਆਦਾਤਰ ਆਦੀਵਾਸੀ ਦੁਆਰਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਹਨ। ਸੋਧ ਦੇ ਮੁਤਾਬਕ ਅਸਾਮ ਦੀ 55, ਮੇਘਾਲਿਆ ਦੀ 31, ਮਣੀਪੁਰ ਦੀ 28, ਨਾਗਾਲੈਂਡ ਦੀ 17, ਤ੍ਰਿਪੁਰਾ ਦੀਆਂ 10 ਭਾਸ਼ਾਵਾਂ ਅਲੋਪ ਹੋਣ ਦੇ ਕਿਨਾਰੇ ਹਨ। ਇਨ੍ਹਾਂ ਭਾਸ਼ਾਵਾਂ ਨੂੰ ਬੋਲਣ ਵਾਲਿਆਂ ਦੀ ਗਿਣਤੀ ਘੱਟਦੀ ਜਾ ਰਹੀ ਹੈ। ਸਿੱਕਮ ਵਿਚ ਮਾਝੀ ਬੋਲਣ ਵਾਲਿਆਂ ਦੀ ਸੰਖਿਆ ਸਿਰਫ ਚਾਰ ਰਹਿ ਗਈ ਹੈ। ਛੋਟੇ ਜਿਹੇ ਰਾਜ ਅਰੁਣਾਂਚਲ ਵਿਚ ਹੀ 90 ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਸ ਤਰ੍ਹਾਂ ਉੜੀਸਾ ਵਿਚ 47, ਮਹਾਰਾਸ਼ਟਰ ਤੇ ਗੁਜਰਾਤ ਵਿਚ 50 ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਜਿਸ ਕੌਮ ਜਾਂ ਕਬੀਲੇ ਦੀ ਭਾਸ਼ਾ ਖਤਮ ਹੋ ਜਾਂਦੀ ਹੈ, ਉਹ ਕਬੀਲਾ ਆਪਣੇ ਆਪ ਖਤਮ ਹੋ ਜਾਂਦਾ ਹੈ, ਕਿਉਂਕਿ ਭਾਸ਼ਾ ਹੀ ਕਿਸੇ ਕੌਮ ਕਬੀਲੇ ਦਾ ਮੁਖ ਆਧਾਰ ਹੁੰਦੀ ਹੈ। ਵਿਸ਼ਵ ਪੱਧਰ ‘ਤੇ ਅੰਕੜਿਆਂ ‘ਤੇ ਝਾਤੀ ਮਾਰੀਏ ਤਾਂ ਦੁਨੀਆਂ ਭਰ ਵਿਚ 189 ਭਾਸ਼ਾਵਾਂ ਅਜਿਹੀਆਂ ਹਨ, ਜੋ ਆਦੀਵਾਸੀ ਖੇਤਰਾਂ ਵਿਚ ਬੋਲੀ ਜਾਂਦੀਆਂ ਹਨ ਤੇ ਹੁਣ ਉਨ੍ਹਾਂ ਦੇ ਬੋਲਣ ਤੇ ਲਿਖਣ ਵਾਲੇ ਲੋਕਾਂ ਦੀ ਗਿਣਤੀ 12 ਤੋਂ ਵੀ ਘੱਟ ਰਹਿ ਗਈ ਹੈ। ਯੁਕਰੇਨ ਵਿਚ ਬੋਲੀ ਜਾਣ ਵਾਲੀ ਕੈਰਮ ਵੀ ਇਨ੍ਹਾਂ ਭਾਸ਼ਾਵਾਂ ਵਿਚ ਇਕ ਹੈ, ਜਿਸ ਨੂੰ ਬੋਲਣ ਵਾਲਿਆਂ ਦੀ ਗਿਣਤੀ ਸਿਰਫ਼ 6 ਰਹਿ ਗਈ ਹੈ। ਇੰਡੋਨੇਸ਼ੀਆ ਵਿਚ ਲੇਗਿਲੂ ਬੋਲਣ ਵਾਲਿਆਂ ਦੀ ਗਿਣਤੀ ਸਿਰਫ ਚਾਰ ਰਹਿ ਗਈ ਹੈ। ਇਸ ਤਰ੍ਹਾਂ ਵਿਸ਼ਵ ਵਿਚ 178 ਭਾਸ਼ਾਵਾਂ ਅਜਿਹੀਆਂ ਹਨ, ਜਿਨ੍ਹਾਂ ਨੂੰ ਬੋਲਣ ਵਾਲੇ ਲੋਕਾਂ ਦੀ ਗਿਣਤੀ 150 ਤੱਕ ਹੈ। ਪਰ ਇਹ ਕਿੱਡਾ ਵੱਡਾ ਦੁਖਾਂਤ ਹੈ ਕਿ ਇਸ ਵੰਨ ਸਵੰਨੀ ਭਾਸ਼ਾਵਾਂ ਤੇ ਸਭਿਆਚਾਰ ਨੂੰ ਬਚਾਉਣ ਦੀ ਕੋਈ ਠੋਸ ਪਹਿਲ ਨਹੀਂ ਕੀਤੀ ਜਾ ਰਹੀ।
ਸਮੁੱਚੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਜਲ, ਜੰਗਲ ਤੇ ਜ਼ਮੀਨ ਦੇ ਮਾਲਕ ਆਦਿਵਾਸੀ ਹਨ, ਜਿਨ੍ਹਾਂ ਨਾਲ ਉਨ੍ਹਾਂ ਦਾ ਵਾਜੂਦ ਤੇ ਅਜ਼ਾਦੀ ਜੁੜੀ ਹੋਈ ਹੈ। ਯੂਐਨਓ ਨੇ ਵੀ ਮੰਨਿਆ ਹੈ ਕਿ ਇਸ ‘ਤੇ ਆਦੀਵਾਸੀਆਂ ਦਾ ਹੱਕ ਹੈ। ਇਹੀ ਨਹੀਂ ਜ਼ਮੀਨ ਦੇ ਅੰਦਰ ਖਣਿਜ ਦੇ ਮਾਲਕ ਆਦੀਵਾਸੀ ਹਨ। ਇਹ ਠੀਕ ਹੈ ਕਿ ਆਦੀਵਾਸੀਆਂ ਦਾ ਇਕ ਵਰਗ ਪੜ੍ਹ ਲਿਖ ਕੇ ਨੌਕਰੀਆਂ ਵਿਚ ਆਇਆ ਹੈ, ਪਰ ਉਹ ਆਦੀਵਾਸੀ ਸਮਾਜ ਦਾ ਚਿਹਰਾ ਨਹੀਂ ਹੈ, ਬਹੁਗਿਣਤੀ ਆਦੀਵਾਸੀ ਉਜਾੜੇ ਦਾ ਦੁਖਾਂਤ ਭੋਗ ਰਹੇ ਹਨ, ਕਿਉਂਕਿ ਉਨ੍ਹਾਂ ਦਾ ਜੰਗਲਾਂ ‘ਤੇ ਅਧਿਕਾਰ ਨਹੀਂ ਰਿਹਾ। ਇਸ ਕਾਰਨ ਹੀ ਨਸਲਵਾਦ ਨੇ ਭਿਅੰਕਰ ਰੂਪ ਲਿਆ ਹੈ। ਸਰਕਾਰ ਨੂੰ ਇਸ ਸੰਬੰਧੀ ਡੂੰਘਿਆਈ ਨਾਲ ਵਿਚਾਰ ਕਰਨੀ ਹੋਵੇਗੀ ਤੇ ਆਦੀਵਾਸੀ ਕਬੀਲਿਆਂ ਦੇ ਹਿੱਤਾਂ ਦੀ ਰਾਖੀ ਕਰਨੀ ਹੋਵੇਗੀ।

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …