ਸੰਗਰੂਰ/ਬਿਊਰੋ ਨਿਊਜ਼ : ਸੰਗਰੂਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਸਿਮਰਨਜੀਤ ਸਿੰਘ ਮਾਨ ਕਰੋਨਾ ਪਾਜ਼ੇਟਿਵ ਹੋ ਗਏ ਹਨ। ਜ਼ਿਕਰਯੋਗ ਹੈ ਕਿ ਲੰਘੀ 26 ਜੂਨ ਨੂੰ ਆਏ ਜ਼ਿਮਨੀ ਚੋਣ ਨਤੀਜੇ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਮਿਲੀ ਅਤੇ ਉਨ੍ਹਾਂ ਜੇਤੂ ਰੋਡ ਸ਼ੋਅ ਵੀ ਕੱਢਿਆ ਸੀ। ਇਸ ਰੋਡ ਸ਼ੋਅ ਦੌਰਾਨ ਹੀ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ ਅਤੇ ਉਨ੍ਹਾਂ ਨੂੰ ਘਰ ਲਿਜਾਇਆ ਗਿਆ ਸੀ। ਹੁਣ ਮੈਡੀਕਲ ਜਾਂਚ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ, ਇਸ ਸਬੰਧੀ ਉਨ੍ਹਾਂ ਖੁਦ ਸ਼ੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਹੈ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਗਲੇ ਵਿਚ ਖਰਾਬੀ ਮਹਿਸੂਸ ਹੋ ਰਹੀ ਸੀ ਅਤੇ ਹੁਣ ਉਨ੍ਹਾਂ ਦੀ ਕੋਵਿਡ ਰਿਪੋਰਟ ਪਾਜ਼ੇਟਿਵ ਆਈ ਹੈ। ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਹ ਹੁਣ ਠੀਕ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਡਾਕਟਰਾਂ ਨੇ 7 ਦਿਨ ਆਈਸੋਲੇਸ਼ਨ ਵਿਚ ਰਹਿਣ ਦੀ ਸਲਾਹ ਦਿੱਤੀ ਹੈ। ਵੀਰਵਾਰ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਤੋਂ ਸਿਮਰਜੀਤ ਸਿੰਘ ਨੂੰ ਛੁੱਟੀ ਮਿਲੀ ਗਈ ਹੈ ਅਤੇ ਉਹ ਬਿਲਕੁਲ ਤੰਦਰੁਸਤ ਹੋ ਗਏ ਹਨ। ਇਸ ਤੋਂ ਬਾਅਦ ਆਮ ਦਿਨਾਂ ਦੀ ਵਾਂਗ ਹੀ ਸੰਗਤ ਦੇ ਦਰਸ਼ਨ ਕਰਾਂਗੇ। ਜ਼ਿਕਰਯੋਗ ਹੈ ਕਿ ਭਗਵੰਤ ਮਾਨ ਵਲੋਂ ਸੰਗਰੂਰ ਲੋਕ ਸਭਾ ਸੀਟ ਤੋਂ ਅਸਤੀਫਾ ਦੇਣ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ ਅਤੇ ਹੁਣ ਸਿਮਰਨਜੀਤ ਸਿੰਘ ਮਾਨ ਨੇ ਇਸ ਸੀਟ ‘ਤੇ ਜਿੱਤ ਹਾਸਲ ਕੀਤੀ ਹੈ।