Breaking News
Home / ਪੰਜਾਬ / ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨਿਆ

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਾਰ੍ਹਵੀਂ ਜਮਾਤ ਦਾ ਨਤੀਜਾ ਐਲਾਨਿਆ

ਪਹਿਲੇ ਤਿੰਨ ਸਥਾਨਾਂ ‘ਤੇ ਕੁੜੀਆਂ ਦੀ ਸਰਦਾਰੀ, ਤਿੰਨਾਂ ਨੇ ਪ੍ਰਾਪਤ ਕੀਤੇ ਬਰਾਬਰ ਅੰਕ
ਮੁਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮੰਗਲਵਾਰ ਨੂੰ ਬਾਅਦ ਦੁਪਹਿਰ ਆਨਲਾਈਨ ਵਿਧੀ ਰਾਹੀਂ ਬਾਰ੍ਹਵੀਂ ਜਮਾਤ ਸਮੇਤ ਓਪਨ ਸਕੂਲ ਸਾਇੰਸ, ਕਾਮਰਸ, ਹਿਊਮੈਨਟੀਜ਼, ਵੋਕੇਸ਼ਨਲ ਗਰੁੱਪ ਕੰਪਾਰਟਮੈਂਟ ਅਤੇ ਰੀ-ਅਪੀਅਰ (ਓਪਨ ਸਕੂਲ) ਦੀ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ। ਐਤਕੀਂ ਵੀ ਕੁੜੀਆਂ ਨੇ ਬਾਜ਼ੀ ਮਾਰਦਿਆਂ ਮੁੰਡਿਆਂ ਨੂੰ ਪਛਾੜ ਦਿੱਤਾ ਹੈ। ਬਾਰ੍ਹਵੀਂ ਜਮਾਤ ਦੀ ਪ੍ਰੀਖਿਆ ਵਿੱਚ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸ਼ਿਮਲਾਪੁਰੀ, ਲੁਧਿਆਣਾ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਕੁੱਲ ਅੰਕ 500 ਵਿੱਚੋਂ 497 ਅੰਕ ਲੈ ਕੇ ਪੰਜਾਬ ਭਰ ‘ਚੋਂ ਪਹਿਲਾ ਸਥਾਨ ਮੱਲਿਆ ਹੈ, ਜਦਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਛੋਆਣਾ (ਮਾਨਸਾ) ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਨੇ ਵੀ 497 ਅੰਕਾਂ ਨਾਲ ਦੂਜਾ ਸਥਾਨ ਅਤੇ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਜ਼ਿਲ੍ਹਾ ਫਰੀਦਕੋਟ ਦੀ ਵਿਦਿਆਰਥਣ ਕੁਲਵਿੰਦਰ ਕੌਰ ਨੇ ਵੀ 497 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ। ਹਾਲਾਂਕਿ ਇਨ੍ਹਾਂ ਤਿੰਨਾਂ ਵਿਦਿਆਰਥਣਾਂ ਨੇ ਬਰਾਬਰ ਅੰਕ ਲਏ ਹਨ ਪ੍ਰੰਤੂ ਬੋਰਡ ਮੈਨੇਜਮੈਂਟ ਨੇ ਵਿਦਿਆਰਥਣਾਂ ਦੀ ਜਨਮ ਮਿਤੀ ਨੂੰ ਆਧਾਰ ਬਣਾ ਕੇ ਮੈਰਿਟ ਵਿੱਚ ਪਹਿਲੇ, ਦੂਜੇ ਤੇ ਤੀਜੇ ਸਥਾਨ ‘ਤੇ ਰੱਖਿਆ ਹੈ।
ਬੋਰਡ ਦੇ ਚੇਅਰਮੈਨ ਪ੍ਰੋ. ਯੋਗਰਾਜ ਚੇਅਰਮੈਨ ਨੇ ਦੱਸਿਆ ਕਿ ਬਾਰ੍ਹਵੀਂ ਦੀ ਪ੍ਰੀਖਿਆ ਵਿੱਚ ਕੁੱਲ 3 ਲੱਖ 1700 ਵਿਦਿਆਰਥੀ ਅਪੀਅਰ ਹੋਏ ਸੀ। ਇਨ੍ਹਾਂ ‘ਚੋਂ 2 ਲੱਖ 92 ਹਜ਼ਾਰ 530 ਬੱਚੇ ਪਾਸ ਹੋਏ ਹਨ। ਜਿਨ੍ਹਾਂ ਦੀ ਪਾਸ ਫੀਸਦ 96.96 ਬਣਦੀ ਹੈ। ਉਨ੍ਹਾਂ ਦੱਸਿਆ ਕਿ 1 ਲੱਖ 37 ਹਜ਼ਾਰ 161 ਲੜਕੀਆਂ ਨੇ ਬਾਰ੍ਹਵੀਂ ਦੀ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ‘ਚੋਂ 1 ਲੱਖ 34 ਹਜ਼ਾਰ 122 ਕੁੜੀਆਂ ਨੇ ਚੰਗੇ ਅੰਕ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਦੀ ਪਾਸ ਫੀਸਦ 97.78 ਹੈ। 4587 ਬੱਚਿਆਂ ਦਾ ਨਤੀਜਾ ਫੇਲ੍ਹ ਹੈ ਅਤੇ 2624 ਬੱਚਿਆਂ ਦੀ ਕੰਪਾਰਟਮੈਂਟ ਆਈ ਹੈ ਜਦੋਂ ਕਿ 1959 ਬੱਚਿਆਂ ਦਾ ਨਤੀਜਾ ਰੋਕਿਆ ਗਿਆ ਹੈ। ਸ਼ਹਿਰੀ ਖੇਤਰ ਦੇ 1,21,050 ‘ਚੋਂ 1,17,436 ਬੱਚੇ ਪਾਸ ਹੋਏ ਹਨ। ਇਨ੍ਹਾਂ ਦੀ ਪਾਸ ਫੀਸਦ 97 ਹੈ ਜਦੋਂ ਕਿ ਪੇਂਡੂ ਖੇਤਰ ਦੇ 1,80,650 ‘ਚੋਂ 1,75,094 ਬੱਚੇ ਪਾਸ ਹਨ। ਇਨ੍ਹਾਂ ਦੀ ਪਾਸ ਫੀਸਦ 96.9 ਹੈ।
ਬਾਰ੍ਹਵੀਂ ਜਮਾਤ ਦੇ ਨਤੀਜਿਆਂ ‘ਚ ਸਰਕਾਰੀ ਸਕੂਲਾਂ ਦੀ ਝੰਡੀ
ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਦੇ ਨਤੀਜਿਆਂ ਦੀ ਮੈਰਿਟ ਸੂਚੀ ਵਿੱਚ ਸਰਕਾਰੀ ਸਕੂਲਾਂ ਦੀ ਝੰਡੀ ਰਹੀ। ਸਰਕਾਰੀ ਸਕੂਲਾਂ ਦੇ 2,00,550 ਵਿਦਿਆਰਥੀ ਅਪੀਅਰ ਹੋਏ, ਜਿਨ੍ਹਾਂ ‘ਚੋਂ 1 ਲੱਖ 95 ਹਜ਼ਾਰ 399 ਵਿਦਿਆਰਥੀ ਚੰਗੇ ਅੰਕ ਲੈ ਕੇ ਪਾਸ ਹੋਏ ਹਨ, ਇਨ੍ਹਾਂ ਦੀ ਪਾਸ ਫੀਸਦ 97.43 ਹੈ। ਏਡਿਡ ਸਕੂਲ ਦੇ 25,904 ਵਿਦਿਆਰਥੀਆਂ ‘ਚੋਂ 25,091 ਪਾਸ ਹੋਏ, ਜਿਨ੍ਹਾਂ ਦੀ ਪਾਸ ਫੀਸਦ 96.86 ਹੈ। ਇਸ ਤਰ੍ਹਾਂ ਸਿੱਖਿਆ ਬੋਰਡ ਨਾਲ ਐਫੀਲੀਏਟਿਡ ਸਕੂਲਾਂ ਦੀ ਪਾਸ ਫੀਸਦ 96.23, ਐਸੋਸੀਏਟਿਡ ਸਕੂਲਾਂ ਦੀ ਪਾਸ ਫੀਸਦ 93.30 ਬਣਦੀ ਹੈ। ਇਸੇ ਤਰ੍ਹਾਂ ਜਾਰੀ ਮੈਰਿਟ ਸੂਚੀ ਦੇ ਮੁਤਾਬਕ ਜ਼ਿਲ੍ਹਾ ਪੱਧਰੀ ਪੁਜੀਸ਼ਨ ਵਿੱਚ ਜ਼ਿਲ੍ਹਾ ਪਠਾਨਕੋਟ ਦੀ ਝੰਡੀ ਰਹੀ ਹੈ, ਜਦੋਂ ਕਿ ਜ਼ਿਲ੍ਹਾ ਗੁਰਦਾਸਪੁਰ ਸਭ ਤੋਂ ਫਾਡੀ ਰਿਹਾ ਹੈ। ਪੰਜਾਬ ‘ਚੋਂ ਜ਼ਿਲ੍ਹਾ ਪੱਧਰ ‘ਤੇ ਪਹਿਲੇ ਸਥਾਨ ‘ਤੇ ਰਹੇ ਪਠਾਨਕੋਟ ਦਾ ਨਤੀਜਾ 98.49 ਫੀਸਦੀ, ਰੂਪਨਗਰ ਦਾ 98.48 , ਐੱਸਬੀਐੱਸ ਨਗਰ ਦਾ 98.24 , ਹੁਸ਼ਿਆਰਪੁਰ ਦਾ 98.00, ਫਰੀਦਕੋਟ ਦਾ 97.87, ਸ੍ਰੀ ਫਤਹਿਗੜ੍ਹ ਸਾਹਿਬ ਦਾ 97.79, ਮਾਨਸਾ ਦਾ 97.66, ਸੰਗਰੂਰ ਦਾ 97.64, ਮਾਲੇਰਕੋਟਲਾ ਦਾ 97.59, ਬਠਿੰਡਾ ਦਾ 97.42, ਜਲੰਧਰ ਦਾ 97.35, ਪਟਿਆਲਾ ਦਾ 97.30, ਮੋਗਾ ਦਾ 97.21, ਸ੍ਰੀ ਮੁਕਤਸਰ ਸਾਹਿਬ ਦਾ 97.16, ਅੰਮ੍ਰਿਤਸਰ ਦਾ 96.85, ਲੁਧਿਆਣਾ ਦਾ 96.84, ਐਸ.ਏ.ਐਸ. ਨਗਰ (ਮੁਹਾਲੀ) ਦਾ ਨਤੀਜਾ 96.84 ਫੀਸਦ ਰਿਹਾ ਹੈ। ਇਸੇ ਤਰ੍ਹਾਂ ਕਪੂਰਥਲਾ ਦਾ 96.63, ਬਰਨਾਲਾ ਦਾ 96.54, ਫਿਰੋਜ਼ਪੁਰ ਦਾ 96.54, ਫਾਜ਼ਿਲਕਾ ਦਾ 96.51, ਤਰਨਤਾਰਨ ਦਾ 95.33 ਤੇ ਗੁਰਦਾਸਪੁਰ ਸਭ ਤੋਂ ਫਾਡੀ, ਜਿਸ ਦਾ ਨਤੀਜਾ 94.21 ਫੀਸਦ ਰਿਹਾ ਹੈ।

Check Also

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸਿੱਖ ਆਗੂਆਂ ਨੇ ਲਿਖੀ ਚਿੱਠੀ

ਬੀਬੀ ਜਗੀਰ ਕੌਰ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕਰਨ ਦੀ ਕੀਤੀ ਮੰਗ ਅੰਮਿ੍ਰਤਸਰ/ਬਿਊਰੋ …