ਓਟਵਾ/ਬਿਊਰੋ ਨਿਊਜ਼ : ਬੈਂਕ ਆਫ ਕੈਨੇਡਾ ਦੇ ਗਵਰਨਰ ਵੱਲੋਂ ਇਹ ਸੰਕੇਤ ਦਿੱਤਾ ਜਾ ਰਿਹਾ ਹੈ ਕਿ ਕੈਨੇਡਾ ਵਿੱਚ ਜੂਨ ਵਿੱਚ ਵਿਆਜ ਦਰਾਂ ਵਿੱਚ ਅੱਧਾ ਫੀਸਦੀ ਅੰਕ ਦਾ ਵਾਧਾ ਹੋ ਸਕਦਾ ਹੈ। ਉਨ੍ਹਾਂ ਆਖਿਆ ਕਿ ਅਜਿਹਾ ਮਹਿੰਗਾਈ ਦੀ ਦਰ ਨੂੰ ਕਾਬੂ ਵਿੱਚ ਰੱਖਣ ਲਈ ਕੀਤਾ ਜਾਵੇਗਾ।
ਟਿੱਫ ਮੈਕਲਮ ਹਾਊਸ ਆਫ ਕਾਮਨਜ ਦੀ ਫਾਇਨਾਂਸ ਬਾਰੇ ਸਟੈਂਡਿੰਗ ਕਮੇਟੀ ਸਾਹਮਣੇ ਪੇਸ਼ ਹੋਣਗੇ। ਦੋ ਹਫਤੇ ਪਹਿਲਾਂ ਸੈਂਟਰਲ ਬੈਂਕ ਨੇ ਆਪਣੀ ਵਿਆਜ ਦਰਾਂ ਵਿੱਚ ਅੱਧਾ ਅੰਕ ਤੋਂ ਇੱਕ ਫੀਸਦੀ ਤੱਕ ਵਾਧਾ ਕੀਤਾ ਸੀ। ਉਸ ਸਮੇਂ ਹੀ ਬੈਂਕ ਵੱਲੋਂ ਵਿਆਜ ਦਰਾਂ ਵਿੱਚ ਹੋਰ ਵਾਧਾ ਕੀਤੇ ਜਾਣ ਦੀ ਚੇਤਾਵਨੀ ਦੇ ਦਿੱਤੀ ਗਈ ਸੀ।
ਮੈਕਲਮ ਨੇ ਆਖਿਆ ਕਿ ਬੈਂਕ ਵੱਲੋਂ ਜੂਨ ਵਿੱਚ ਅੱਧਾ ਫੀਸਦੀ ਅੰਕ ਨਾਲ ਵਿਆਜ ਦਰਾਂ ਵਿੱਚ ਵਾਧਾ ਕਰਨ ਬਾਰੇ ਵਿਚਾਰ ਕੀਤਾ ਜਾਵੇਗਾ। ਮਾਰਚ ਵਿੱਚ ਕੈਨੇਡਾ ਵਿੱਚ ਮਹਿੰਗਾਈ ਦਰ ਤਿੰਨ ਦਹਾਕਿਆਂ ਵਿੱਚ ਸੱਭ ਤੋਂ ਵੱਧ 6.7 ਫੀਸਦੀ ਪਾਈ ਗਈ। ਇਹ ਜਨਵਰੀ ਵਿੱਚ ਸੈਂਟਰਲ ਬੈਂਕ ਵੱਲੋਂ ਪੇਸ਼ ਕੀਤੀ ਗਈ ਆਪਣੀ ਮੌਨੈਟਰੀ ਰਿਪੋਰਟ ਵਿੱਚ ਪੇਸ਼ ਕੀਤੇ ਗਏ ਕਿਆਸ ਨਾਲੋਂ ਕਿਤੇ ਜ਼ਿਆਦਾ ਸੀ।
ਮੈਕਲਮ ਨੇ ਇਹ ਵੀ ਆਖਿਆ ਕਿ ਰੂਸ ਵੱਲੋਂ ਯੂਕਰੇਨ ਉੱਤੇ ਕੀਤੇ ਗਏ ਹਮਲੇ ਕਾਰਨ ਐਨਰਜ਼ੀ ਤੇ ਹੋਰਨਾਂ ਵਸਤਾਂ ਦੀਆਂ ਕੀਮਤਾਂ ਵਿੱਚ ਕਾਫੀ ਵਾਧਾ ਹੋਇਆ ਹੈ। ਇਸ ਨਾਲ ਗਲੋਬਲ ਸਪਲਾਈ ਚੇਨਜ਼ ਵਿੱਚ ਵੀ ਵਾਧਾ ਹੋਣ ਦਾ ਖਦਸ਼ਾ ਹੈ। ਪਰ ਉਨ੍ਹਾਂ ਆਖਿਆ ਕਿ ਕੀਮਤਾਂ ਉੱਤੇ ਘਰੇਲੂ ਦਬਾਅ ਵੀ ਪੈ ਰਿਹਾ ਹੈ।