-10.7 C
Toronto
Tuesday, January 20, 2026
spot_img
Homeਕੈਨੇਡਾਆਓ ਪਰਿਵਾਰਕ ਰਿਸ਼ਤਿਆਂ ਨੂੰ ਨਜ਼ਦੀਕ ਲਿਆਈਏ

ਆਓ ਪਰਿਵਾਰਕ ਰਿਸ਼ਤਿਆਂ ਨੂੰ ਨਜ਼ਦੀਕ ਲਿਆਈਏ

ਮਿਸੀਸਾਗਾ ਮਿਤੀ 15 ਅਕਤੂਬਰ 2017- ਯੂਨਾਈਟਿਡ ਸਿਖ਼ਸ ਅਤੇ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਨੇ ਮਿਲ ਕੇ ‘ਪਰਿਵਾਰਾਂ ਨੂੰ ਇਕਠੇ ਕਿਸ ਤਰ੍ਹਾਂ ਰੱਖਿਆ ਜਾਵੇ’ ਮੁੱਦੇ ‘ਤੇ ਇਕ ਸਫ਼ਲ ਸੈਮੀਨਾਰ ਕਰਵਾਇਆ। ਇਸ ਸੈਮੀਨਾਰ ਵਿਚ ਬੱਚਿਆਂ ਦੀਆਂ ਮੁਸ਼ਕਿਲਾਂ, ਮਾਪਿਆਂ ਦੀਆਂ ਮੁਸ਼ਕਿਲਾਂ ਅਤੇ ਬੱਚਿਆਂ ਅਤੇ ਮਾਪਿਆਂ ਵਿਚਕਾਰ ਤਣਾਅ ਦੇ ਕਾਰਨਾਂ ਅਤੇ ਉਹਨਾਂ ਦੇ ਹੱਲ ਬਾਰੇ ਖੁੱਲ੍ਹ ਕੇ ਵਿਚਾਰਾਂ ਹੋਈਆਂ। ਸੈਮੀਨਾਰ ਦੇ ਆਰੰਭ ਵਿਚ ਯੂਨਾਈਟਿਡ ਸਿਖ਼ਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਨੇ ਯੂਨਾਈਟਿਡ ਸਿਖ਼ਸ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਸ ਸੈਮੀਨਾਰ ਨੂੰ ਕਰਾਉਣ ਦਾ ਮਕਸਦ ਸਾਡੇ ਪਰਿਵਾਰਾਂ ਵਿਚ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਵੱਧ ਰਹੀਆਂ ਦੂਰੀਆਂ ਨੂੰ ਘੱਟ ਕਰਨਾ ਹੈ। ਜਿਸ ਵਿਚ ਸਭ ਤੋਂ ਵੱਡੀ ਸਮਸਿਆ ਬੱਚਿਆਂ ਨੂੰ ਮਾਪਿਆਂ ਵਲੋਂ ਸਮਾਂ ਨਾਂ ਦੇ ਪਾਉਣ ਦੀ ਹੈ। ਪਰ ਫਿਰ ਵੀ ਜੇਕਰ ਕੋਈ ਸਮੱਸਿਆ ਪੈ ਜਾਵੇ ਤਾਂ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੀਆਂ ਸੇਵਾਵਾਂ ਉਪਲਬੱਧ ਹਨ।
ਇਸ ਸੈਮੀਨਾਰ ਨੂੰ ਰੌਚਕ ਬਣਾਉਣ ਲਈ ਉਥੇ ਪਹੁੰਚੇ ਬੱਚਿਆਂ ਨੂੰ ਵੀ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ ਗਿਆ। ਅਮਰਜੀਤ ਕੌਰ ਜਿਹੜੇ ਕਿ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਨਾਲ ਕੰਮ ਕਰਦੇ ਹਨ ਨੇ ਆਪਣੇ ਪਰਿਵਾਰ ਦੀ ਕਹਾਣੀ ਸਾਂਝੀ ਕੀਤੀ ਕਿ ਕਿਸ ਤਰ੍ਹਾਂ ਉਹ ਆਪਣੇ ਤੋਂ ਦੂਰ ਹੋ ਰਹੇ ਆਪਣੇ ਬੇਟੇ ਨੂੰ ਸਹੀ ਮੌਕੇ ਤੇ ਸਹਾਇਤਾ ਮਿਲਣ ਕਾਰਣ, ਨੇੜੇ ਲੈ ਆਏ। ਅੱਜ ਉਹਨਾਂ ਦਾ ਬੇਟਾ ਸਾਰੇ ਪਰਿਵਾਰ ਲਈ ਅਤੇ ਕਮਿਊਨਿਟੀ ਲਈ ਇਕ ਮਿਸਾਲ ਹੈ। ਉਹਨਾਂ ਦਾ ਕਹਿਣਾ ਸੀ ਕਿ ਕਈ ਵਾਰ ਥੋੜਾ ਜਿਹਾ ਤੁਹਾਡੇ ਸੁਭਾਅ ਦਾ ਬਦਲਾਅ ਪੂਰੇ ਪਰਿਵਾਰ ਦੀ ਕਾਇਆ ਹੀ ਪਲਟ ਦਿੰਦਾ ਹੈ।
ਪਰਵਿੰਦਰ ਸਿੰਘ ਜਿਹੜੇ ਕਿ ਪਹਿਲਾਂ ਯੂਨਾਈਟਿਡ ਨੇਸ਼ਨਜ਼ ਵਿਚ ਬਹੁਤ ਸਾਲ ਕੰਮ ਕਰ ਚੁੱਕੇ ਹਨ ਅਤੇ ਅੱਜ ਕੱਲ੍ਹ ਦਿੱਲੀ ਵਿਚ ਯੂਨਾਈਟਿਡ ਸਿਖ਼ਸ ਨਾਲ ਕੰਮ ਕਰ ਰਹੇ ਹਨ, ਨੇ ਇਸ ਸੈਮੀਨਾਰ ਬਾਰੇ ਆਪਣੇ ਵਿਚਾਰ ਦਿੰਦੇ ਹੋਏ ਕਿਹਾ ਕਿ ਭਾਰਤ ਵਿਚ ਇਸ ਤਰਾਂ ਦੇ ਸੈਮੀਨਾਰ ਕਦੀ ਵੀ ਦੇਖਣ ਜਾਂ ਸੁਣਨ ਨੂੰ ਨਹੀਂ ਮਿਲੇ। ਇਹ ਦੋਨੋਂ ਸੰਸਥਾਵਾਂ ਦਾ ਇਕ ਬਹੁਤ ਹੀ ਵਧੀਆ ਅਤੇ ਸ਼ਲਾਘਾਯੋਗ ਉਪਰਾਲਾ ਹੈ ਅਤੇ ਇਸ ਤਰ੍ਹਾਂ ਦੇ ਉਪਰਾਲੇ ਲਗਾਤਾਰ ਹੁੰਦੇ ਰਹਿਣੇ ਚਾਹੀਦੇ ਹਨ ਤਾਂ ਕਿ ਸਾਡੇ ਭਾਈਚਾਰੇ ਦੀ ਮਦਦ ਹੋ ਸਕੇ। ਪਰਵਿੰਦਰ ਸਿੰਘ ਇਨ੍ਹੀਂ ਦਿਨੀਂ ਕੈਨੇਡਾ ਫੇਰੀ ‘ਤੇ ਹਨ।
ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ ਕਰਤਾ ਧਰਤਾ ਬਲਦੇਵ ਸਿੰਘ ਮੁੱਟਾ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਸਾਰੀ ਗੱਲ ਬੱਚੇ ਦੀਆਂ ਭਾਵਨਾਵਾਂ ਨੂੰ ਇਕ ਬੱਚੇ ਵਾਂਗ ਸਮਝਣ ਦੀ ਹੈ। ਅਸੀਂ ਹਰ ਇਕ ਗੱਲ ਨੂੰ ਰੋਅਬ ਨਾਲ ਜਾਂ ਗੁੱਸੇ ਨਾਲ ਸਮਝਾਉਣਾ ਚਹੁੰਦੇ ਹਾਂ। ਜਿਹੜਾ ਕਿ ਸਰਾ-ਸਰ ਗਲਤ ਰੁਝਾਨ ਹੈ। ਸਮਾਂ ਬਦਲ ਚੁੱਕਿਆ ਹੈ ਭਾਰਤ ਵਾਲੇ ਫਾਰਮੂਲੇ ਇਥੇ ਨਹੀਂ ਚਲਣੇ। ਅੱਜ ਇੰਟਰਨੈਟ ਦਾ ਜ਼ਮਾਨਾ ਹੈ ਸਾਨੂੰ ਵੀ ਆਪਣੇ ਆਪ ਨੂੰ ਬਦਲਣਾ ਪਵੇਗਾ। ਬੱਚਿਆਂ ਨਾਲ ਸਮਾਂ ਬਿਤਾਉਣਾ ਪਵੇਗਾ। ਅੱਜ ਦੇ ਜ਼ਮਾਨੇ ਵਿਚ ਬੱਚਿਆਂ ਨਾਲ ਇਕ ਦੋਸਤ ਵਾਂਗ ਵੀ ਅਤੇ ਮਾਪਿਆਂ ਵਾਂਗ ਵੀ ਵਰਤਾਉ ਕਰਨਾ ਪਵੇਗਾ। ਇਹ ਸ਼ਰੂਆਤ ਸਾਰੇ ਪਰਿਵਾਰ ਵਿਚ ਪਹਿਲੇ ਦਿਨ ਤੋਂ ਹੀ ਕਰਨੀ ਪਵੇਗੀ ਨਾਂ ਕਿ ਜਦੋਂ ਪਾਣੀ ਸਿਰ ਤੋਂ ਲੰਘ ਜਾਵੇ ਤੇ ਫਿਰ ਹੱਥ-ਪੱਲਾ ਮਾਰੀਏ। ਮੁੱਟਾ ਅਨੁਸਾਰ ਬਹੁਤੀ ਵਾਰ ਅਸੀਂ ਸ਼ਰਮ ਦੇ ਮਾਰੇ ਹੀ ਸਮੱਸਿਆ ਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਲੋਕ ਕੀ ਕਹਿਣਗੇ ਜਾਂ ਕਿਤੇ ਸਾਡੀ ਬੇਇਜ਼ਤੀ ਨਾ ਹੋ ਜਾਵੇ। ਇਸੇ ਉਧੇੜ-ਬੁਣ ਵਿਚ ਅਸੀਂ ਸਾਰੇ ਪਰਿਵਾਰ ਦਾ ਮਹੌਲ ਖਰਾਬ ਕਰ ਲੈਂਦੇ ਹਾਂ ਅਤੇ ਇਕ ਛੋਟੀ ਜਿਹੀ ਸਮੱਸਿਆ ਜਿਹੜੀ ਕਿ ਬੜੀ ਅਸਾਨੀ ਨਾਲ, ਆਪਣੀ ਸੂਝ-ਬੂਝ ਨਾਲ ਜਾਂ ਕਿਸੇ ਮਾਹਿਰ ਦੀ ਸਲਾਹ ਨਾਲ ਹੱਲ ਹੋ ਸਕਦੀ ਸੀ, ਉਸਨੂੰ ਬਚੇ ਲਈ ਉਮਰ ਭਰ ਦਾ ਰੋਗ ਬਣਾ ਦਿੰਦੇ ਹਾਂ। ਸਾਨੂੰ ਪਰਿਵਾਰ ਵਿਚ ਬੈਠ ਕੇ ਫ਼ੈਸਲਾ ਕਰਨਾ ਪਵੇਗਾ ਕਿ ਪਹਿਲ ਕਿਸ ਨੂੰ ਦੇਣੀ ਹੈ, ਕੰਮ ਤੇ ਘੰਟੇ ਲਾਉਣ ਨੂੰ? ਦੋਸਤਾਂ ਨਾਲ ਪਾਰਟੀਆਂ ਕਰਨ ਨੂੰ?ਵੱਡੇ-ਵੱਡੇ ਘਰ ਲੈਣ ਨੂੰ? ਜਾਂ ਪਰਿਵਾਰ ਨਾਲ ਅਤੇ ਬੱਚਿਆਂ ਨਾਲ ਸਮਾਂ ਬਿਤਾਉਣ ਨੂੰ? ਉਹਨਾਂ ਕਿਹਾ ਕਿ ਉਹ ਚਹੁੰਦੇ ਹਨ ਕਿ ਹੋਰ ਵੀ ਸੰਸਥਾਵਾਂ ਅਗੇ ਆਉਣ ਸਾਡੇ ਨਾਲ ਮਿਲ ਕੇ ਕੰਮ ਕਰਨ ਤਾਂ ਕਿ ਸਾਡੇ ਪਰਿਵਾਰਾਂ ਦੀਆਂ ਇਹ ਸਮਸਿਆਵਾਂ ਰਲ-ਮਿਲ ਕੇ ਹੱਲ ਹੋ ਸਕਣ ਅਤੇ ਅਸੀਂ ਸਾਰੇ ਰਲ-ਮਿਲ ਕੇ ਇਕ ਵਧੀਆ ਸਮਾਜ ਸਿਰਜਣ ਵਿਚ ਆਪਣਾ ਯੋਗਦਾਨ ਪਾ ਸਕੀਏ।
ਯੂਨਾਈਟਿਡ ਸਿਖ਼ਸ ਦੇ ਡਾਇਰੈਕਟਰ ਮਨਿੰਦਰ ਸਿੰਘ ਨੇ ਇਸ ਸੈਮੀਨਾਰ ਬਾਰੇ ਆਪਣੇ ਵਿਚਾਰ ਦਿੰਦੇ ਹੋਏ ਕਿਹਾ ਕਿ ਸਾਨੂੰ ਬਚਿਆਂ ਦਾ ਪਾਲਣ ਪੋਸ਼ਣ ਬਹੁਤ ਧਿਆਨ ਨਾਲ ਕਰਨਾ ਚਾਹੀਦਾ ਇਸ ਬਾਰੇ ਜੇਕਰ ਕੋਈ ਟ੍ਰੇਨਿੰਗ ਪ੍ਰੋਗਾਮ ਹੋਵੇ ਤਾਂ ਹੋਰ ਵੀ ਵਧੀਆ ਗੱਲ ਹੋਵੇਗੀ। ਸਾਨੂੰ ਅਜਿਹੇ ਪ੍ਰੋਗਰਾਮ ਉਲੀਕਣੇ ਚਾਹੀਦੇ ਹਨ ਜਿਥੇ ਨਵੇਂ ਮਾਪੇ ਜਾਂ ਉਹ ਜੋੜੇ ਜਿਹੜੇ ਮਾਪੇ ਬਣਨ ਜਾ ਰਹੇ ਹਨ ਕੋਈ ਸਹੀ ਸੇਧ ਲੈ ਸਕਣ। ਉਹਨਾਂ ਕਿਹਾ ਕਿ ਯੂਨਾਈਟਿਡ ਸਿਖਸ ਅਜਿਹੇ ਸੈਮੀਨਾਰ ਅਤੇ ਪ੍ਰੋਗਰਾਮ ਕਰਵਾਉਣ ਲਈ ਵਚਨਬੱਧ ਹੈ ਕਿਉਂਕਿ ਸਾਡਾ ਮਕਸਦ ਹੀ ਲੋੜਵੰਦਾਂ ਦੀ ਮਦਦ ਕਰਨਾ ਹੈ ਇਹ ਲੋੜ ਚਾਹੇ ਕਿਸੇ ਵੀ ਸਮਸਿਆ ਕਰਕੇ ਹੋਵੇ।
ਸੈਮੀਨਾਰ ਦੇ ਅੰਤ ਵਿਚ ਦੋਨੋਂ ਸੰਸਥਾਵਾਂ ਵਲੋਂ ਆਉਣ ਵਾਲੇ ਪਰਿਵਾਰਾਂ ਦਾ ਧੰਨਵਾਦ ਕੀਤਾ ਗਿਆ ਅਤੇ ਭਵਿਖ ਵਿਚ ਇਸ ਤਰ੍ਹਾਂ ਦੇ ਉਪਰਾਲੇ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਸਾਰਿਆਂ ਨੇ ਯੂਨਾਈਟਿਡ ਸਿਖ਼ਸ ਦੇ ਦੁਨੀਆਂ ਭਰ ਵਿਚ ਲੋੜਵੰਦਾਂ ਲਈ ਚਲ ਰਹੇ ਰਾਹਤ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਮਨੁੱਖਤਾ ਦੀ ਭਲਾਈ ਲਈ ਹੋਰ ਵੀ ਜੋਰ-ਸ਼ੋਰ ਨਾਲ ਹੰਭਲਾ ਮਾਰਨ ਲਈ ਥਾਪੀ ਵੀ ਦਿਤੀ। ਯੂਨਾਈਟਿਡ ਸਿਖ਼ਸ ਦੇ ਬਾਰੇ ਹੋਰ ਜਾਣਕਾਰੀ ਵੈਬਸਾਈਟ ਜਾਂ ਫੇਸਬੁਕ ਪੇਜ ਤੋਂ ਲਈ ਜਾ ਸਕਦੀ ਹੈ।

RELATED ARTICLES
POPULAR POSTS