Home / ਕੈਨੇਡਾ / ਐੱਲ.ਏ. ਫ਼ਿੱਟਨੈੱਸ ਦੇ ਸਟਾਫ਼ ਨੇ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਨੂੰ ਨਵੇਂ ਸਾਲ ਦੀ ਖੁਸ਼ੀ ਵਿਚ ਚਾਹ-ਪਾਰਟੀ ਕੀਤੀ

ਐੱਲ.ਏ. ਫ਼ਿੱਟਨੈੱਸ ਦੇ ਸਟਾਫ਼ ਨੇ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਨੂੰ ਨਵੇਂ ਸਾਲ ਦੀ ਖੁਸ਼ੀ ਵਿਚ ਚਾਹ-ਪਾਰਟੀ ਕੀਤੀ

ਬਰੈਂਪਟਨ/ਡਾ. ਝੰਡ : ਬਰੈਂਪਟਨ ਵਿਚ ਪਿਛਲੇ ਛੇ ਸਾਲਾਂ ਤੋਂ ਸਰਗ਼ਰਮ ਟੀ.ਪੀ.ਏ.ਆਰ.ਕਲੱਬ ਦੀ ਹੋਂਦ ਅਤੇ ਇਸ ਦੀ ਕਾਰਗ਼ੁਜ਼ਾਰੀ ਨੂੰ ਪਿਛਲੇ ਕੁਝ ਸਮੇਂ ਤੋਂ ਇਸ ਸ਼ਹਿਰ ਦੇ ਵਸਨੀਕਾਂ ਤੇ ਕਾਰੋਬਾਰੀ-ਅਦਾਰਿਆਂ ਵੱਲੋਂ ਮਾਨਤਾ ਮਿਲਣ ਲੱਗੀ ਹੈ। ਇਨ੍ਹਾਂ ਦੇ ਵੱਲੋਂ ਕਲੱਬ ਦੇ ਮੈਂਬਰਾਂ ਦੀ ਭਰਪੂਰ ਹੌਸਲਾ-ਅਫ਼ਜ਼ਾਈ ਕੀਤੀ ਜਾ ਰਹੀ ਹੈ ਅਤੇ ਇਸ ਕਲੱਬ ਨੂੰ ਹੋਰ ਵੀ ਚੜ੍ਹਦੀਆਂ ਕਲਾਂ ਵਿਚ ਲਿਜਾਣ ਲਈ ਇਸ ਨੂੰ ਮਾਇਕ-ਸਹਾਇਤਾ ਵੀ ਪ੍ਰਦਾਨ ਕੀਤੀ ਜਾ ਰਹੀ ਹੈ। ਪਿਛਲੇ ਕੁਝ ਮਹੀਨਿਆਂ ਦੌਰਾਨ ਕਈ ਵੱਖ-ਵੱਖ ਅਦਾਰਿਆਂ ਅਤੇ ਵਿਅੱਕਤੀਆਂ ਵੱਲੋਂ ਕਲੱਬ ਦੇ ਮੈਂਬਰਾਂ ਦਾ ਮਾਣ-ਸਨਮਾਨ ਕੀਤਾ ਗਿਆ।
ਏਸੇ ਕੜੀ ਵਿਚ ਪਿਛਲੇ ਦਿਨੀਂ ਬੋਵੇਰਡ ਅਤੇ ਏਅਰਪੋਰਟ ਰੋਡ ਨੇੜੇ ਸਥਿਤ ‘ਐਲ.ਏ. ਫ਼ਿੱਟਨੈੱਸ’ ਦੀ ਮੈਨੇਜਮੈਂਟ ਅਤੇ ਇਸ ਦੇ ਮੈਨੇਜਰ ਗੁਰਚੈਨ ਸਿੰਘ ਕਾਲੀਆ ਉਰਫ਼ ઑਚੈਨ ਕਾਲੀਆ਼ ਵੱਲੋਂ ਇਸ ਕਲੱਬ ਦੇ ਮੈਂਬਰਾਂ ਨੂੰ ਨਵੇਂ ਸਾਲ 2020 ਦੀ ਆਮਦ ਦੀ ਖ਼ੁਸ਼ੀ ਵਿਚ ਚਾਹ-ਪਾਰਟੀ ਕੀਤੀ ਗਈ ਜਿਸ ਵਿਚ ਕਲੱਬ ਦੇ ਲੱਗਭੱਗ 20 ਮੈਂਬਰ ਸ਼ਾਮਲ ਹੋਏ। ‘ਐਲ.ਏ. ਫ਼ਿੱਟਨੈੱਸ’ ਦੀ ਸਮੁੱਚੀ ਮੈਨੇਜਮੈਂਟ ਵੱਲੋਂ ਕਲੱਬ ਦੇ ਮੈਂਬਰਾਂ ਦਾ ਗਰਮ-ਜੋਸ਼ੀ ਨਾਲ ਸੁਆਗ਼ਤ ਕੀਤਾ ਗਿਆ ਅਤੇ ਬੱਚਿਆਂ ਵਾਲੇ ਸੈੱਕਸ਼ਨ ਵਿਚ ਉਨ੍ਹਾਂ ਦੇ ਨਾਲ ਬੈਠ ਕੇ ਕਲੱਬ ਦੀਆਂ ਮੌਜੂਦਾ ਸਰਗ਼ਰਮੀਆਂ ਅਤੇ ਇਸ ਦੀਆਂ ਭਵਿੱਖ-ਮਈ ਯੋਜਨਾਵਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਗੱਲਬਾਤ ਦੌਰਾਨ ਕਲੱਬ ਦੇ ਚੇਅਰਪਰਸਨ ਸੰਧੂਰਾ ਸਿੰਘ ਬਰਾੜ ਨੇ ਦੱਸਿਆ ਕਿ ਕਲੱਬ ਦੇ ਲੱਗਭੱਗ 150 ਮੈਂਬਰ ‘ਸਕੋਸ਼ੀਆਬੈਂਕ ਵਾਟਰਫ਼ਰੰਟ ਮੈਰਾਥਨ’, ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵੱਲੋਂ ਆਯੋਜਿਤ ਕੀਤੀ ਜਾਂਦੀ ‘ਇੰਸਪੀਰੇਸ਼ਨਲ ਸਟੈੱਪਸ’, ‘ਐਨਲਾਈਟ ਕਿੱਡਜ਼ ਰੱਨ ਫ਼ਾਰ ਐਜੂਕੇਸ਼ਨ’, ‘ਟੋਰਾਂਟੋ ਪੀਅਰਸਨ ਏਅਰਪੋਰਟ ਰੱਨਵੇਅ ਰੱਨ’, ਤਰਕਸ਼ੀਲ ਸੋਸਾਇਟੀ ਆਫ਼ ਅਮੈਰਿਕਾ ਵੱਲੋਂ ਕਰਵਾਈ ਜਾਂਦੀ ‘ਰੱਨ ਫ਼ਾਰ ਐਜੂਕੇਸ਼ਨ’਼ ਅਤੇ ‘ਰੱਨ ਅਗੇਨਸਟ ਡਾਇਬੇਟੀਜ਼’ ਵਰਗੀਆਂ ਮਿਆਰੀ ਦੌੜਾਂ ਵਿਚ ਹਿੱਸਾ ਲੈਂਦੇ ਹਨ। ਇਸ ਦੇ ਨਾਲ ਹੀ ਇਸ ਦੇ ਕਈ ਮੈਂਬਰ ਤਾਂ ਟੋਰਾਂਟੋ ਦੇ ਆਸ-ਪਾਸ ਅਤੇ ਦੂਰ-ਦੁਰੇਢੇ ਸ਼ਹਿਰਾਂ ਵਿਚ ਹੋਣ ਵਾਲੀਆਂ ਦੌੜਾਂ ਵਿਚ ਵੀ ਭਾਗ ਲੈਣ ਲਈ ਜਾਂਦੇ ਹਨ।
ਉਨ੍ਹਾਂ ਹੋਰ ਦੱਸਿਆ ਕਿ ਕਲੱਬ ਦੇ ਮੈਂਬਰ ਅਪ੍ਰੈਲ ਮਹੀਨੇ ਵਿਚ ਡਬਲਿਊ.ਡਬਲਿਊ.ਐੱਫ਼. ਵੱਲੋਂ ਹਰ ਸਾਲ ਕਰਵਾਏ ਜਾਂਦੇ ਸੀ.ਐੱਨ.ਟਾਵਰ ਦੀਆਂ ਪੌੜੀਆਂ ਚੜ੍ਹਨ ਦੇ ਈਵੈਂਟ ਵਿਚ ਵੀ ਬੜੇ ਉਤਸ਼ਾਹ ਨਾਲ ਭਾਗ ਲੈਂਦੇ ਹਨ। ਕਲੱਬ ਦੇ ਸਰਗ਼ਰਮ ਮੈਂਬਰ ਸੰਜੂ ਗੁਪਤਾ ਨੇ ਇਸ ਸਾਲ 2019 ਦੌਰਾਨ ਛੋਟੀਆਂ-ਵੱਡੀਆਂ 5, 10 ਅਤੇ 21 ਕਿਲੋਮੀਟਰ ਵਾਲੀਆਂ 57 ਦੌੜਾਂ ਵਿਚ ਹਿੱਸਾ ਲੈਣ ਦਾ ਰਿਕਾਰਡ ਬਣਾਇਆ ਹੈ।
ਉਨ੍ਹਾਂ ਕਿਹਾ ਕਿ ਕਲੱਬ ਲਈ ਹੋਰ ਵੀ ਮਾਣ ਵਾਲੀ ਗੱਲ ਹੈ ਕਿ ਇਸ ਦੇ ਸਰਗ਼ਰਮ ਮੈਂਬਰ ਮੈਰਾਥਨ-ਰੱਨਰ ਧਿਆਨ ਸਿੰਘ ਸੋਹਲ ਨੇ 20 ਅਪ੍ਰੈਲ 2020 ਨੂੰ ਬੋਸਟਨ ਵਿਖੇ ਹੋਣ ਵਾਲੀ 42 ਕਿਲੋਮੀਟਰ ਫੁੱਲ-ਮੈਰਾਥਨ ਦੌੜ ਲਈ ਕੁਆਲੀਫ਼ਾਈ ਕੀਤਾ ਹੈ ਅਤੇ ਉਹ ਇਸ ਵਿਚ ਭਾਗ ਲੈਣ ਲਈ ਆਪਣੇ ਕੁਝ ਸਾਥੀਆਂ ਦੇ ਨਾਲ 18 ਅਪ੍ਰੈਲ ਨੂੰ ਇੱਥੋਂ ਬੋਸਟਨ ਲਈ ਰਵਾਨਾ ਹੋ ਰਹੇ ਹਨ। ਅਖ਼ੀਰ ਵਿਚ ਕਲੱਬ ਦੇ ਪ੍ਰਧਾਨ ਹਰਭਜਨ ਸਿੰਘ ਗਿੱਲ ਵੱਲੋਂ ਐੱਲ.ਏ. ਫ਼ਿੱਟਨੈੱਸ ਦੀ ਸਮੁੱਚੀ ਟੀਮ ਅਤੇ ਇਸ ਦੇ ਮੈਨੇਜਰ ਚੈਨ ਕਾਲੀਆ ਦਾ ਹਾਰਦਿਕ ਧੰਨਵਾਦ ਕੀਤਾ ਗਿਆ।

Check Also

ਇੰਟਰਨੈਸ਼ਨਲ ਸਰਬ ਸਾਂਝਾ ਕਵੀ ਦਰਬਾਰ ਦੀ ਕੈਨੇਡਾ ਕਮੇਟੀ ਦੀ ਵਿਸ਼ੇਸ ਮੀਟਿੰਗ ਹੋਈ

ਟੋਰਾਂਟੋ : ਬੀਤੇ ਸ਼ਨੀਵਾਰ ਰਾਮਗੜ੍ਹੀਆ ਭਵਨ ਵਿਖੇ ਸਰਬ ਸਾਂਝਾ ਕਵੀ ਦਰਬਾਰ ਦੀ ਕੈਨੇਡਾ ਕਮੇਟੀ ਦੀ …