Breaking News
Home / ਕੈਨੇਡਾ / ਪੀਲ ਪੁਲਿਸ ਨੇ 2.2 ਮਿਲੀਅਨ ਡਾਲਰ ਦੀਆਂ ਲਗਜ਼ਰੀ ਕਾਰਾਂ ਤੇ ਐਸ.ਯੂ.ਵੀ. ਕੀਤੀਆਂ ਬਰਾਮਦ

ਪੀਲ ਪੁਲਿਸ ਨੇ 2.2 ਮਿਲੀਅਨ ਡਾਲਰ ਦੀਆਂ ਲਗਜ਼ਰੀ ਕਾਰਾਂ ਤੇ ਐਸ.ਯੂ.ਵੀ. ਕੀਤੀਆਂ ਬਰਾਮਦ

ਲਗਾਤਾਰ ਕਾਰਾਂ ਚੋਰੀ ਕਰ ਰਿਹਾ ਸੀ ਗਿਰੋਹ, ਪੁਲਿਸ ਨੇ ਟੀਮ ਬਣਾ ਕੇ ਕੀਤਾ ਕਾਬੂ
ਪੀਲ/ਬਿਊਰੋ ਨਿਊਜ਼ : ਪੀਲ ਰੀਜਨਲ ਪੁਲਿਸ ਦੇ ਕਮਰਸ਼ੀਅਲ ਆਟੋ ਕ੍ਰਾਈਮ ਬਿਊਰੋ ਨੇ ਹਾਲਟਨ ਰੀਜਨਲ ਪੁਲਿਸ, ਯਾਰਕ ਰੀਜਨਲ ਪੁਲਿਸ ਅਤੇ ਕੈਨੇਡਾ ਬਾਰਡਰ ਸਰਵਿਸ ਏਜੰਸੀ ਦੇ ਨਾਲ ਮਿਲ ਕੇ 2.2 ਮਿਲੀਅਨ ਡਾਲਰ ਦੀਆਂ ਲਗਜ਼ਰੀ ਕਾਰਾਂ ਅਤੇ ਐਸ.ਯੂ.ਵੀ. ਬਰਾਮਦ ਕੀਤੀਆਂ ਹਨ।
ਪੁਲਿਸ ਏਜੰਸੀਆਂ ਨੇ ਕਰੀਬ 4 ਮਹੀਨਿਆਂ ਤੱਕ ਲਗਾਤਾਰ ਜਾਂਚ ਕਰਨ ਤੋਂ ਬਾਅਦ ਇਸ ਪੂਰੇ ਗਿਰੋਹ ਦਾ ਪਤਾ ਲਗਾਇਆ ਅਤੇ ਮੁੜ ਛਾਪੇ ਮਾਰ ਕੇ ਇਨ੍ਹਾਂ ਸਾਰਿਆਂ ਨੂੰ ਕਾਬੂ ਕੀਤਾ। ਇਸ ਪੂਰੇ ਅਪਰੇਸ਼ਨ ਨੂੰ ਇਕ ਖ਼ਾਸ ਰਣਨੀਤੀ ਤਹਿਤ ਸਿਰੇ ਚੜ੍ਹਾਉਂਦਿਆਂ ਪੁਲਿਸ ਅਤੇ ਜਾਂਚ ਏਜੰਸੀਆਂ ਨੇ ਪੂਰੇ ਤਾਲਮੇਲ ਦੇ ਨਾਲ ਕੰਮ ਕੀਤਾ।
ਪੀਲ ਪੁਲਿਸ ਚੀਫ਼ ਕ੍ਰਿਸ ਮੈਕਾਰਡ ਨੇ ਦੱਸਿਆ ਕਿ ਚੋਰੀ ਕੀਤੇ ਗਏ ਇਨ੍ਹਾਂ ਵਾਹਨਾਂ ਨੂੰ ਕੰਟੇਨਰਾਂ ਤੋਂ ਲੋਡ ਕਰਕੇ ਚੀਨ ਅਤੇ ਹੋਰ ਯੂਰਪੀਅਨ ਦੇਸ਼ਾਂ ‘ਚ ਭੇਜਿਆ ਜਾ ਰਿਹਾ ਸੀ। ਪੁਲਿਸ ਨੇ ਛੇ ਹਾਈ ਐਂਡ ਕਾਰਾਂ ਆਦਿ ਨੂੰ ਕੇਸੂਰੇਲ ਰੋਡ ਅਤੇ ਮੇਅਰਸਾਈਡ ਡਰਾਈਵ, ਮਿਸੀਸਾਗਾ ਤੋਂ ਬਰਾਮਦ ਕੀਤਾ ਹੈ।
ਬਰਾਮਦ ਕੀਤੀਆਂ ਗਈਆਂ ਕਾਰਾਂ ਅਤੇ ਐਸ.ਯੂ.ਵੀ. ‘ਚ ਜੀਪ ਰੈਂਗਲਰ, ਮਰਸੀਡੀਜ਼ ਜੀ.ਐਲ.ਈ.-350, ਮਰਸੀਡੀਜ਼ ਸੀ-300, ਆਡੀ ਏ-7, ਡਹਾਜ ਰਾਮ ਅਤੇ ਰੇਂਜ ਰੋਵਰ ਸ਼ਾਮਲ ਹਨ। ਪੁਲਿਸ ਨੇ ਇਸ ਮਾਮਲੇ ‘ਚ ਦੋ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ 10 ਅਪ੍ਰੈਲ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਵਿਚ 24 ਸਾਲ ਦਾ ਹੀ ਕਿਊ ਅਤੇ 26 ਸਾਲ ਦਾ ਵੇਂਕੀ ਲੀ ਸ਼ਾਮਲ ਹਨ। ਇਹ ਦੋਵੇਂ ਮਰਖਮ ‘ਚ ਰਹਿੰਦੇ ਹਨ ਅਤੇ ਇਨ੍ਹਾਂ ਦੇ ਕੋਲੋਂ ਚੋਰੀ ਦਾ ਸਾਮਾਨ ਵੀ ਬਰਾਮਦ ਕੀਤਾ ਗਿਆ ਸੀ। ਇਸ ਦੌਰਾਨ ਜਾਂਚ ‘ਚ ਪਤਾ ਲੱਗਾ ਕਿ ਪੂਰੇ ਗ੍ਰੇਟਰ ਟੋਰਾਂਟੋ ਏਰੀਆ ‘ਚ ਕਈ ਹੋਰ ਸੂਬਿਆਂ ‘ਚ ਇਨ੍ਹਾਂ ਕਾਰਾਂ ਅਤੇ ਐਸ.ਯੂ.ਵੀ. ਨੂੰ ਚੋਰੀ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਓਨਟਾਰੀਓ ‘ਚ ਆਟੋ ਸ਼ਾਪਸ ‘ਤੇ ਲਿਆਂਦਾ ਜਾਂਦਾ ਹੈ। ਇਸ ਤੋਂ ਬਾਅਦ ਹੋਰ ਵੀ ਕਈ ਕਾਰਾਂ ਅਤੇ ਐਸ.ਯੂ.ਵੀ. ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਵਿਚ ਬੇਂਟਲੇ ਜੀ.ਟੀ.ਸੀ., ਮਰਸੀਡੀਜ਼ ਜੀ.ਟੀ.-50, ਰੇਂਜ ਰੋਵਰ, ਡਾਜ ਰੈਮ, ਆਡੀ ਏ-7 ਆਦਿ ਕਈ ਤਰ੍ਹਾਂ ਦੀਆਂ ਕਾਰਾਂ ਅਤੇ ਐਸ.ਯੂ.ਵੀ. ਸ਼ਾਮਲ ਹਨ। ਇਨ੍ਹਾਂ ਦੀ ਕੀਮਤ 80 ਹਜ਼ਾਰ ਡਾਲਰ ਤੋਂ ਲੈ ਕੇ 2.50 ਲੱਖ ਡਾਲਰ ਤੱਕ ਹੈ। ਪੁਲਿਸ ਇਸ ਮਾਮਲੇ ਦੀ ਹੋਰ ਵਿਸਥਾਰਤ ਜਾਂਚ ਵੀ ਕਰ ਰਹੀ ਹੈ ਤਾਂ ਜੋ ਗਿਰੋਹ ਦੇ ਹੋਰ ਮੈਂਬਰਾਂ ਅਤੇ ਚੋਰੀ ਦੀਆਂ ਹੋਰ ਵਾਰਦਾਤਾਂ ਨੂੰ ਸੁਲਝਾਇਆ ਜਾ ਸਕੇ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …