2.3 C
Toronto
Wednesday, January 7, 2026
spot_img
Homeਕੈਨੇਡਾਬੌਨੀਗਲਿੱਨ ਫ਼ਾਰਮ ਸੀਨੀਅਰਜ਼ ਕਲੱਬ ਦੇ ਇਸਤਰੀ-ਵਿੰਗ ਨੇ ਧੂਮ-ਧਾਮ ਨਾਲ ਮਨਾਇਆ 'ਤੀਆਂ ਦਾ...

ਬੌਨੀਗਲਿੱਨ ਫ਼ਾਰਮ ਸੀਨੀਅਰਜ਼ ਕਲੱਬ ਦੇ ਇਸਤਰੀ-ਵਿੰਗ ਨੇ ਧੂਮ-ਧਾਮ ਨਾਲ ਮਨਾਇਆ ‘ਤੀਆਂ ਦਾ ਮੇਲਾ’

ਕੈਲੇਡਨ/ਡਾ. ਝੰਡ : ਪ੍ਰਾਪਤ ਜਾਣਕਾਰੀ ਅਨੁਸਾਰ ਲੰਘੇ ਸ਼ਨੀਵਾਰ 9 ਅਗਸਤ ਨੂੰ ਕੈਲੇਡਨ ਦੀ ‘ਬੌਨੀਗਲਿੱਨ ਫ਼ਾਰਮ ਸੀਨੀਅਰਜ਼ ਕਲੱਬ’ ਦੇ ਇਸਤਰੀ-ਵਿੰਗ ਨੇ ਹਰ ਸਾਲ ਦੀ ਤਰ੍ਹਾਂ ‘ਤੀਆਂ ਦਾ ਤਿਓਹਾਰ’ ਜੋ ਇਸ ਵਾਰ ‘ਮੇਲੇ’ ਦਾ ਰੂਪ ਧਾਰ ਗਿਆ, ਬੜੇ ਚਾਅ ਤੇ ਉਤਸ਼ਾਹ ਨਾਲ ਮਨਾਇਆ ਗਿਆ।
ਇਸ ਵਿੱਚ ਕਲੱਬ ਦੀਆਂ ਸਮੂਹ ਔਰਤਾਂ, ਮੁਟਿਆਰਾਂ ਤੇ ਬੱਚੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਆਪਣੇ ਸੱਭਿਆਚਾਰਕ ਵਿਰਸੇ ਦੀ ਪਰੰਪਰਾ ਨੂੰ ਨਾ ਕੇਵਲ ਜੀਵੰਤ ਹੀ ਰੱਖਿਆ, ਸਗੋਂ ਕੈਲੇਡਨ ਵਿੱਚ ਰਹਿੰਦੀਆਂ ਹੋਰ ਕਮਿਊਨਿਟੀਆਂ ਦੇ ਸਾਹਮਣੇ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਦੇ ਇਸ ਤਿਓਹਾਰ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਇਸ ਨੂੰ ਹੋਰ ਵੀ ਅੱਗੇ ਵਧਾਇਆ। ਇਹ ਸੱਭਿਆਰਕ ਪ੍ਰੋਗਰਾਮ ਕੈਲੇਡਨ ਦੇ ਬੌਨੀਗਲਿੱਨ ਪਾਰਕ ਵਿੱਚ ਸ਼ਾਮ ਦੇ 4.00 ਵਜੇ ਆਰੰਭ ਹੋ ਗਿਆ ਅਤੇ ਪੂਰੇ ਜੋਸ਼-ਓ-ਖ਼ਰੋਸ਼ ਨਾਲ ਰਾਤ ਦੇ ਸਾਢੇ ਅੱਠ ਵਜੇ ਤੀਕ ਲਗਾਤਾਰ ਚੱਲਦਾ ਰਿਹਾ। ਬੀਬੀਆਂ ਨੇ ਪਾਰਕ ਅਤੇ ਇਸ ਦੇ ਆਲ਼ੇ-ਦੁਆਲ਼ੇ ਨੂੰ ਪੂਰੀ ਰੀਝ ਨਾਲ ਸਜਾਇਆ ਹੋਇਆ ਸੀ।
ਉਨ੍ਹਾਂ ਵੱਲੋਂ ਰੰਗਦਾਰ ਲੜੀਆਂ ਅਤੇ ਫੁੱਲਾਂ ਦੀ ਸਜਾਵਟ ਕਰਕੇ ਪਾਰਕ ਦੇ ਸ਼ੈੱਡ ਨੂੰ ਨਵਾਂ ਰੂਪ ਦਿੱਤਾ ਗਿਆ ਅਤੇ ਸ਼ੈੱਡ ਦੀ ਇਹ ਦਿੱਖ ਹਰੇਕ ਨੂੰ ਬੜਾ ਪ੍ਰਭਾਵਿਤ ਕਰ ਰਹੀ ਸੀ।
ਇੱਥੇ ਇਹ ਵਿਸ਼ੇਸ਼ ਤੌਰ ‘ਤੇ ਵਰਨਣਯੋਗ ਹੈ ਕਿ ਤੀਆਂ ਦਾ ਇਹ ਤਿਓਹਾਰ ਭਾਵੇਂ ਮੁੱਖ ਤੌਰ ‘ਤੇ ਬੀਬੀਆਂ ਦਾ ਹੀ ਹੁੰਦਾ ਹੈ ਪਰ ਤੀਆਂ ਦੇ ਇਸ ‘ਮੇਲੇ’ ਵਿੱਚ ਬੱਚਿਆਂ ਅਤੇ ਬਜ਼ੁਰਗਾਂ ਤੋਂ ਇਲਾਵਾ ਹੋਰ ਕਮਿਊਨਿਟੀਆਂ ਦੇ ਲੋਕਾਂ ਨੇ ਵੀ ਕਾਫ਼ੀ ਗਿਣਤੀ ਵਿੱਚ ਸ਼ਿਰਕਤ ਕੀਤੀ ਅਤੇ ਉਨ੍ਹਾਂ ਨੇ ਵੀ ਇਸ ਦਾ ਹਰੇਕ ਰੰਗ ਬਾਖ਼ੂਬੀ ਮਾਣਿਆ। ਕੈਲੇਡਨ ਦੀ ਬੌਨੀਗਲਿੱਨ ਫ਼ਾਰਮ ਸੀਨੀਅਰਜ਼ ਕਲੱਬ ਦੇ ਪੁਰਸ਼ ਮੈਂਬਰਾਂ ਨੇ ਖਾਣ-ਪੀਣ ਦਾ ਸਮਾਨ (ਚਾਹ, ਪਾਣੀ, ਕੋਲਡ ਡਰਿੰਕਸ, ਸਨੈਕਸ, ਵਗ਼ੈਰਾ) ਲਿਆਉਣ, ਵਰਤਾਉਣ ਅਤੇ ਮੇਲੇ ਦੀ ਸਮਾਪਤੀ ‘ਤੇ ਬਚੇ ਸਮਾਨ ਦੀ ਸਾਂਭ-ਸੰਭਾਲ ਅਤੇ ਪਾਰਕ ਦੀ ਸਫ਼ਾਈ ਵਿੱਚ ਬੀਬੀਆਂ ਦੀ ਪੂਰੀ ਮਦਦ ਕੀਤੀ ਅਤੇ ਇਸ ਮੇਲੇ ਨੂੰ ਸਫ਼ਲ ਬਨਾਉਣ ਵਿੱਚ ਆਪਣਾ ਭਰਪੂਰ ਯੋਗਦਾਨ ਪਾਇਆ।
ਸਾਰਿਆਂ ਨੇ ਕੈਲੇਡਨ ਦੀਆਂ ਤੀਆਂ ਦੇ ਇਸ ‘ਮੇਲੇ’ ਦਾ ਖ਼ੂਬ ਅਨੰਦ ਮਾਣਿਆਂ ਅਤੇ ਉਹ ਇਸ ਦੀਆਂ ਖ਼ੂਬਸੂਰਤ ਸ਼ਾਨਦਾਰ ਯਾਦਾਂ ਲੈ ਕੇ ਘਰਾਂ ਨੂੰ ਪਰਤੇ। ਇਸ ਤਰ੍ਹਾਂ ਪੰਜਾਬ ਦਾ ਇਹ ਸੱਭਿਆਚਾਰਕ ਤਿਓਹਾਰ ਕੈਲੇਡਨ ਵਿੱਚ ਸੱਭਿਆਚਾਰਕ ਮੇਲੇ ਦੇ ਰੂਪ ਵਿੱਚ ਯਾਦਗਾਰੀ ਬਣ ਗਿਆ ਅਤੇ ਇਹ ਸਾਰਿਆਂ ਨੂੰ ਲੰਮਾਂ ਸਮਾਂ ਯਾਦ ਰਹੇਗਾ।
ਉਂਜ ਤਾਂ ਇਹ ਕੈਲੇਡਨ ਦੀ ਬੌਨੀਗਲਿੱਨ ਫ਼ਾਰਮ ਸੀਨੀਅਰਜ਼ ਕਲੱਬ ਦੇ ਇਸਤਰੀ-ਵਿੰਗ ਦੀਆਂ ਸਮੂਹ ਬੀਬੀਆਂ ਦਾ ਸਾਂਝਾ ਉਪਰਾਲਾ ਸੀ ਪਰ ਫਿਰ ਵੀ ਇਸ ਨੂੰ ਆਯੋਜਿਤ ਕਰਨ ਵਿੱਚ ਵਿਸ਼ੇਸ਼ ਦਿਲਚਸਪੀ ਲੈਣ ਵਾਲੀਆਂ ਬੀਬੀਆਂ ਵਿੱਚ ਬੇਅੰਤ ਕੌਰ, ਦਰਸ਼ਨ ਕੌਰ ਬੇਦੀ, ਹਰਵੰਤ ਕੌਰ, ਗੁਰਬਖ਼ਸ਼ ਕੌਰ, ਜਗਜੀਤ ਕੌਰ, ਮਲਵਿੰਦਰ ਕੌਰ, ਉਰਮਿਲਾ ਦੇਵੀ, ਨਿਸ਼ਾ ਸ਼ਰਮਾ, ਹਰਨੀਤ ਕੌਰ, ਸੁਰਜੀਤ ਕੌਰ ਬਰਾੜ, ਗੁਰਿੰਦਰ ਕੌਰ ਸੇਖੋਂ, ਆਦਿ ਦੇ ਨਾਂ ਵਰਨਣਯੋਗ ਹਨ।

RELATED ARTICLES
POPULAR POSTS