ਬਰੈਂਪਟਨ/ਡਾ. ਝੰਡ : ਲੰਘੇ ਸ਼ੁੱਕਰਵਾਰ ਪਹਿਲੀ ਜੁਲਾਈ ਨੂੰ ਮੈਕਲਿਓਰ ਸੀਨੀਅਰਜ਼ ਕਲੱਬ ਵੱਲੋਂ ਜੈਨਿੰਗਜ਼ ਪਾਰਕ 49 ਪੈਰਿਟੀ ਰੋਡ ਵਿਖੇ ਕੈਨੇਡਾ ਡੇਅ ਧੂਮ-ਧਾਮ ਨਾਲ ਮਨਾਇਆ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਕਲੱਬ ਦੇ ਸਕੱਤਰ ਰਜਿੰਦਰ ਸਿੰਘ ਗਰੇਵਾਲ ਵੱਲੋਂ ਸਾਰਿਆਂ ਨੂੰ ਨਿੱਘੀ ‘ਜੀ-ਆਇਆਂ’ ਕਹੀ ਗਈ।
ਉਪਰੰਤ, ਸਟੇਜ-ਸਕੱਤਰ ਦੀ ਜ਼ਿੰਮੇਵਾਰੀ ਸੰਭਾਲਦਿਆਂ ਕਲੱਬ ਦੇ ਪ੍ਰਧਾਨ ਹਰਬੰਸ ਸਿੰਘ ਸਿੱਧੂ ਨੇ ਸਭਨਾਂ ਨੂੰ ਕੈਨੇਡਾ ਡੇਅ ਦੀ ਵਧਾਈ ਦਿੱਤੀ ਅਤੇ ਪ੍ਰੋਗਰਾਮ ਦੀ ਅਗਲੇਰੀ ਕਾਰਵਾਈ ਆਰੰਭੀ।
ਬਾਹਰੋਂ ਆਏ ਹੋਏ ਪਤਵੰਤਿਆਂ ਵਿਚ ਬਰੈਂਪਟਨ ਵੈੱਸਟ ਦੇ ਐੱਮ.ਪੀ.ਪੀ. ਅਮਰਜੋਤ ਸਿੰਘ ਸੰਧੂ, ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਅਤੇ ਪੰਜਾਬੀ ਕਮਿਊਨਿਟੀ ਦੇ ਜਾਣੇ-ਪਛਾਣੇ ਵਿਦਵਾਨ ਡਾ. ਬਲਜਿੰਦਰ ਸਿੰਘ ਸੇਖੋਂ ਸ਼ਾਮਲ ਸਨ ਜਿਨ੍ਹਾਂ ਨੇ ਆਪਣੇ ਸੰਬੋਧਨਾਂ ਵਿਚ ਕੈਨੇਡਾ-ਡੇਅ ਦੀ ਮਹੱਤਤਾ ਦੱਸਦੇ ਹੋਏ ਆਪਣੇ ਵਿਚਾਰ ਪੇਸ਼ ਕੀਤੇ। ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਊਨ ਦੇ ਸਲਾਹਕਾਰ ਕੁਲਦੀਪ ਸਿੰਘ ਗੋਲੀ ਉਚੇਚੇ ਤੌਰ ‘ਤੇ ਸਮਾਗ਼ਮ ਵਿਚ ਹਾਜ਼ਰ ਹੋਏ ਅਤੇ ਉਨਾਂ ਵੱਲੋਂ ਮੇਅਰ ਬਰਾਊਨ ਦਾ ਸੰਦੇਸ਼ ਪੜ੍ਹ ਕੇ ਸੁਣਾਇਆ ਗਿਆ। ਇਸ ਦੇ ਨਾਲ ਹੀ ਉਨ੍ਹਾਂ ਕੈਨੇਡਾ-ਡੇਅ ਸਬੰਧੀ ਆਪਣੇ ਵਿਚਾਰ ਵੀ ਪੇਸ਼ ਕੀਤੇ।
ਇਸ ਮੌਕੇ ਰੀਜਨਲ ਕਾਊਂਸਲਰ ਮਿਸਟਰ ਪਾਲ, ਕਾਊਂਸਲਰ ਰੋਵੈਂਜਾ ਅਤੇ ਡਾ. ਐੱਚ. ਐੱਲ. ਪਟੇਲ ਵੀ ਬੁਲਾਰਿਆਂ ਵਿਚ ਸ਼ਾਮਲ ਸਨ। ਪ੍ਰੋਗਰਾਮ ਦੀ ਸਮਾਪਤੀ ਵੱਲ ਵੱਧਦਿਆਂ ਗਿਆਨ ਸਿੰਘ ਸੰਧੂ ਵੱਲੋਂ ਸਮੂਹ ਬੁਲਾਰਿਆਂ ਅਤੇ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।
ਇਸ ਮੌਕੇ ਚਾਹ-ਪਾਣੀ ਤੇ ਸਨੈਕਸ ਦਾ ਲੰਗਰ ਅਤੁੱਟ ਵਰਤਿਆ ਜਿਸ ਦੀ ਸੇਵਾ ਅਵਤਾਰ ਸਿੰਘ ਬੰਗੜ, ਕੀਰਤ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਖਹਿਰਾ ਤੇ ਹੋਰ ਮੈਂਬਰਾਂ ਵੱਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕੀਤੀ ਗਈ। ਸਮਾਗਮ ਦੇ ਅਖ਼ੀਰ ਵਿਚ ਬੀਬੀਆਂ ਨੇ ਗਿੱਧੇ ਦੀ ਖੂਬ ਰੌਣਕ ਲਾ ਕੇ ਕੈਨੇਡਾ-ਡੇਅ ਦੇ ਮਨਾਏ ਜਾਣ ਦੀਆਂ ਖ਼ੁਸ਼ੀਆਂ ਵਿਚ ਵਾਧਾ ਕੀਤਾ। ਇੰਜ, ਇਸ ਸੀਨੀਅਰਜ਼ ਕਲੱਬ ਦੇ ਇਸ ਸਮਾਗਮ ਦੀ ਸਮਾਪਤੀ ਬੜੇ ਵਧੀਆ ਮਾਹੌਲ ਵਿਚ ਹੋਈ।