1.7 C
Toronto
Wednesday, January 7, 2026
spot_img
Homeਕੈਨੇਡਾ'ਸਿਰਜਣਾ ਦੇ ਆਰ ਪਾਰ' 'ਚ ਸੁਰਜੀਤ ਦੀ ਰਚਨਾਤਮਕ ਯਾਤਰਾ

‘ਸਿਰਜਣਾ ਦੇ ਆਰ ਪਾਰ’ ‘ਚ ਸੁਰਜੀਤ ਦੀ ਰਚਨਾਤਮਕ ਯਾਤਰਾ

ਬਰੈਂਪਟਨ/ਰਮਿੰਦਰ ਵਾਲੀਆ : ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਵਾਲੀਆ ਰੰਮੀ ਦੀ ਅਗਵਾਈ ਵਿੱਚ 3 ਅਗਸਤ ਦਿਨ ਐਤਵਾਰ ਨੂੰ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਮਹੀਨਾਵਾਰ ਪ੍ਰੋਗਰਾਮ ‘ਸਿਰਜਣਾ ਦੇ ਆਰ ਪਾਰ’ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਪ੍ਰਸਿੱਧ ਗਲਪਕਾਰ, ਕਵਿਤਰੀ ਤੇ ਲੇਖਿਕਾ ਸੁਰਜੀਤ (ਟਰਾਂਟੋ) ਨਾਲ ਰੂਬਰੂ ਕੀਤਾ ਗਿਆ। ਸੁਰਜੀਤ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸਰਪ੍ਰਸਤ ਵੀ ਹਨ ਤੇ ਪ੍ਰਸਿੱਧ ਪੰਜਾਬੀ ਪਰਵਾਸੀ ਲੇਖਿਕਾ ਹਨ। ਪ੍ਰੋਗਰਾਮ ਦੇ ਆਰੰਭ ਵਿੱਚ ਰਿੰਟੂ ਭਾਟੀਆ ਨੇ ਸੁਰਜੀਤ ਦਾ ਇੱਕ ਗੀਤ ਗਾ ਕੇ ਪ੍ਰੋਗਰਾਮ ਨੂੰ ਬਹੁਤ ਹੀ ਭਾਵਪੂਰਤ ਢੰਗ ਨਾਲ ਸ਼ੁਰੂ ਕੀਤਾ ਤੇ ਸੁਰਜੀਤ ਜੀ ਦੀਆਂ ਪ੍ਰਾਪਤੀਆਂ ਬਾਰੇ ਦੱਸਦਿਆਂ ਉਹਨਾਂ ਨੂੰ ਜੀ ਆਇਆ ਆਖਿਆ। ਰਮਿੰਦਰ ਵਾਲੀਆ ਰੰਮੀ ਨੇ ਇੱਕ ਖੂਬਸੂਰਤ ਕਵਿਤਾ ਰਾਹੀਂ ਸੁਰਜੀਤ ਜੀ ਨੂੰ ਜੀ ਆਇਆ ਕਿਹਾ ਜਿਹੜੀ ਕਿ ਉਹਨਾਂ ਦੀ ਸ਼ਖਸੀਅਤ ਬਾਰੇ ਰਮਿੰਦਰ ਵਾਲੀਆ ਨੇ ਆਪਣੀ ਕਲਮ ਤੋਂ ਲਿਖੀ ਸੀ। ਉਪਰੰਤ ਪ੍ਰੋਫੈਸਰ ਕੁਲਜੀਤ ਕੌਰ ਨੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਇਸ 40ਵੇਂ ਪ੍ਰੋਗਰਾਮ ਦੇ ਵਿੱਚ ਸ਼ਖਸੀਅਤ ਸੁਰਜੀਤ ਹੋਰਾਂ ਨਾਲ ਬਹੁਤ ਹੀ ਖੂਬਸੂਰਤ ਸੰਵਾਦ ਰਚਾਇਆ।
ਇਹ ਵਰਨਣਯੋਗ ਹੈ ਕਿ ਸੁਰਜੀਤ ਨੇ ਐਮ. ਏ., ਐਮ. ਫਿਲ ਤੱਕ ਵਿੱਦਿਆ ਹਾਸਿਲ ਕੀਤੀ ਹੋਈ ਹੈ ਅਤੇ ਕਮਲਾ ਨਹਿਰੂ ਕਾਲਜ ਫਗਵਾੜਾ, ਗੁਰੂ ਨਾਨਕ ਫਿਫਥ ਸੈਨੇਟਰੀ ਸਕੂਲ ਮਸੂਰੀ ਅਤੇ ਸਿੱਖ ਇੰਟਰਨੈਸ਼ਨਲ ਸਕੂਲ ਥਾਈਲੈਂਡ ਵਿਖੇ ਅਧਿਆਪਨ ਦੇ ਕਿੱਤੇ ਨਾਲ ਜੁੜੀ ਰਹੀ ਹੈ। ਤੇਰ੍ਹਾਂ ਸਾਲ ਕੈਲੇਫੋਰਨੀਆ ਵਿਚ ਇਕ ਕੰਪਨੀ ਦੀ ਵਾਈਸ ਪ੍ਰੈਜ਼ੀਡੈਂਟ ਰਹਿਣ ਉਪਰੰਤ 2007 ਤੋਂ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਚ ਰਹਿ ਰਹੀ ਹੈ।
ਉਸਨੇ ਹੁਣ ਤੱਕ ਤਿੰਨ ਕਾਵਿ-ਸੰਗ੍ਰਹਿਆਂ- ਸ਼ਿਕਸਤ ਰੰਗ, ਹੇ ਸਖੀ, ਵਿਸਮਾਦ ਅਤੇ ਇਕ ਕਹਾਣੀ ਸੰਗ੍ਰਹਿ – ਪਾਰਲੇ ਪੁਲ਼ ਦੀ ਰਚਨਾ ਕੀਤੀ ਹੈ। ਕੂੰਜਾਂ – ਕੈਨੇਡਾ ਦਾ ਨਾਰੀ ਕਾਵਿ ਪੁਸਤਕ ਦੀ ਉਹ ਸਹਿ-ਸੰਪਾਦਕ ਹੈ ਅਤੇ ਪਰਵਾਸੀ ਪੰਜਾਬੀ ਸਾਹਿਤ – ਸ਼ਬਦ ਅਤੇ ਸੰਵਾਦ ਉਸਦੀ ਆਲੋਚਨਾ ਦੀ ਪੁਸਤਕ ਹੈ।
ਬਹੁਤ ਸਾਰੇ ਪੰਜਾਬੀ ਅਤੇ ਹਿੰਦੀ ਮੈਗ਼ਜ਼ੀਨਾਂ, ਅਖਬਾਰਾਂ ਅਤੇ ਕਵਿਤਾ/ਕਹਾਣੀ ਸੰਗ੍ਰਹਿਆਂ ਵਿਚ ਉਸਦੀਆਂ ਕਵਿਤਾਵਾਂ, ਆਰਟੀਕਲ, ਇੰਟਰਵਿਊ ਅਤੇ ਕਹਾਣੀਆਂ ਛਪਦੀਆਂ ਹਨ। ਮੇਘਲਾ ਮੈਗਜ਼ੀਨ ਨੇ ‘ਸੁਰਜੀਤ ਵਿਸ਼ੇਸ਼ ਅੰਕ’ ਛਾਪਿਆ, ਏਕਮ ਨੇ ਕਵੀ ਵਿਸ਼ੇਸ਼ ਵਜੋਂ ਮਾਨਤਾ ਦਿੱਤੀ। ਉਸਨੇ ਬਹੁਤ ਸਾਰੀ ਅੰਗ੍ਰੇਜ਼ੀ ਕਵਿਤਾ ਦਾ ਪੰਜਾਬੀ ਵਿਚ ਤਰਜਮਾ ਵੀ ਕੀਤਾ ਹੈ। ਸੁਰਜੀਤ ਨੇ ਆਪਣੇ ਜੀਵਨ ਸਾਥੀ ਪਿਆਰਾ ਸਿੰਘ ਕੁੱਦੋਵਾਲ ਜੀ ਜਿਹੜੇ ਕਿ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਚੇਅਰਮੈਨ ਅਤੇ ਕਨੇਡਾ ਵਿਖੇ ਇੱਕ ਉੱਘੀ ਸਾਹਿਤਕ ਸ਼ਖਸੀਅਤ ਹਨ ਦੇ ਆਪਣੇ ਜੀਵਨ ਵਿੱਚ ਯੋਗਦਾਨ ਬਾਰੇ ਦੱਸਿਆ। ਉਹਨਾਂ ਨੇ ਆਪਣੇ ਪੜਾਈ ਦੇ ਆਰੰਭਲੇ ਦਿਨਾਂ ਵਿੱਚ ਅਤੇ ਡੀ ਏ ਵੀ ਕਾਲਜ ਜਲੰਧਰ ਵਿੱਚ ਲੱਗੀ ਸਾਹਿਤਕ ਚੇਟਕ ਦੀ ਗੱਲ ਕੀਤੀ ਤੇ ਪਰਿਵਾਰ ਵੱਲੋਂ ਮਿਲੇ ਸਹਿਯੋਗ ਬਾਰੇ ਵੀ ਆਪਣੇ ਮਨ ਦੇ ਭਾਵ ਪ੍ਰਗਟ ਕੀਤੇ। ਉਹਨਾਂ ਨੇ ਆਪਣੀ ਹੁਣੇ ਹੁਣੇ ਆਈ ਪੁਸਤਕ ‘ਜ਼ਿੰਦਗੀ ਇੱਕ ਹੁਨਰ’ ਬਾਰੇ ਵੀ ਖੂਬਸੂਰਤ ਗੱਲਬਾਤ ਕਰਦਿਆਂ ਕਿਹਾ ਕਿ ਇਸ ਪੁਸਤਕ ਵਿੱਚ ਸ਼ਾਮਿਲ ਸਮੂਹ ਰਚਨਾਵਾਂ ਉਹਨਾਂ ਦੇ ਹਮਦਰਦ ਟੀਵੀ ਵਿੱਚ ਇੱਕ ਗੱਲਬਾਤ ਦੇ ਸ਼ੋ ਜ਼ਿੰਦਗੀ ਇੱਕ ਹੁਨਰ ਬਾਰੇ ਬਹੁਤ ਸਾਰੇ ਅਜਿਹੇ ਵਿਸ਼ਿਆਂ ਨਾਲ ਜੁੜੇ ਹਨ ਜਿਹੜੇ ਕਿ ਉਹਨਾਂ ਦੇ ਅਨੁਭਵ ਦਾ ਹਿੱਸਾ ਹਨ। ਸੁਰਜੀਤ ਨੇ ਦੱਸਿਆ ਕਿ ਜ਼ਿੰਦਗੀ ਵਿੱਚ ਹਰ ਸਥਿਤੀ ਵਿੱਚ ਹਮੇਸ਼ਾਂ ਆਪਣੀ ਸੋਚ ਨੂੰ ਸਕਾਰਾਤਮਕ ਰੱਖਦੇ ਹਨ। ਇਸ ਨਾਲ ਉਹਨਾਂ ਨੂੰ ਇੱਕ ਅੰਦਰੂਨੀ ਊਰਜਾ ਮਿਲਦੀ ਹੈ ਜੋ ਜ਼ਿੰਦਗੀ ਦੇ ਨਵੇਂ ਅਯਾਮ ਸਥਾਪਿਤ ਕਰਦੀ ਹੈ।
ਸੁਰਜੀਤ ਨੇ ਦਰਸ਼ਕਾਂ ਨੂੰ ਵੀ ਇਹ ਸਲਾਹ ਦਿੱਤੀ ਕਿ ਜੇਕਰ ਜ਼ਿੰਦਗੀ ਵਿੱਚ ਖੁਸ਼ ਰਹਿਣਾ ਹੈ ਤਾਂ ਸਾਨੂੰ ਅਤੀਤ ਅਤੇ ਭਵਿੱਖ ਦੀ ਚਿੰਤਾ ਛੱਡ ਕੇ ਹੁਣ ਨਾਲ ਜੁੜਨਾ ਚਾਹੀਦਾ ਹੈ। ਉਹਨਾਂ ਨੇ ਬਹੁਤ ਸਾਰੀਆਂ ਆਪਣੀਆਂ ਰਚਨਾਵਾਂ ਵੀ ਸਾਂਝੀਆਂ ਕੀਤੀਆਂ ਜਿਨ੍ਹਾਂ ਦੇ ਵਿਸ਼ੇ ਪ੍ਰਕਿਰਤੀ ਅਤੇ ਜੀਵਨ ਦੀ ਫਿਲਾਸਫੀ ਨਾਲ ਜੁੜੇ ਸਨ।
ਉਹਨਾਂ ਨੇ ਆਪਣੀ ਕਹਾਣੀ ਸਿਰਜਣਾ ਪ੍ਰਕਿਰਿਆ ਬਾਰੇ ਵੀ ਦੱਸਿਆ ਕਿ ਪਾਰਲੇ ਪੁਲ ਦੀਆਂ ਕਹਾਣੀਆਂ ਤੇ ਬਹੁਤ ਸਾਰੇ ਵਿਸ਼ੇ ਉਹਨਾਂ ਦੇ ਅਮਰੀਕਾ ਦੇ ਜੀਵਨ ਅਨੁਭਵਾਂ ਨਾਲ ਅਤੇ ਕਨੇਡਾ ਦੀ ਜੀਵਨ ਸ਼ੈਲੀ ਨਾਲ ਜੁੜੇ ਹਨ ਜਿਹੜੇ ਉਹਨਾਂ ਨੇ ਖੁਦ ਵੀ ਮਹਿਸੂਸ ਕੀਤੇ ਹਨ।
ਉਹਨਾਂ ਨੇ ਇਸ ਗੱਲ ਦੀ ਤਸੱਲੀ ਪ੍ਰਗਟਾਈ ਕਿ ਜ਼ਿੰਦਗੀ ਵਿੱਚ ਉਹਨਾਂ ਨੇ ਜੋ ਵੀ ਲਿਖਿਆ ਪੜ੍ਹਿਆ ਜਾਂ ਸਾਂਝਾ ਕੀਤਾ ਹੈ ਉਹ ਉਹਨਾਂ ਨੂੰ ਆਤਮ ਸੰਤੁਸ਼ਟੀ ਪ੍ਰਦਾਨ ਕਰਦਾ ਹੈ। ਦਿਸ਼ਾ ਵਰਗੀ ਸੰਸਥਾ ਨਾਲ ਜੁੜ ਕੇ ਵੀ ਉਹਨਾਂ ਨੇ ਆਪਣੇ ਬਹੁਤ ਸਾਰੇ ਅਨੁਭਵ ਗ੍ਰਹਿਣ ਕੀਤੇ ਹਨ। ਉਹਨਾਂ ਨੇ ਕੈਨੇਡਾ ਦੀਆਂ ਪੰਜਾਬੀ ਸਾਹਿਤ ਸਭਾਵਾਂ ਦੇ ਵੀ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਨਿੱਗਰ ਯੋਗਦਾਨ ਦੀ ਗੱਲ ਕੀਤੀ। ਕੈਨੇਡੀਅਨ ਪੰਜਾਬੀ ਸਾਹਿਤ ਸਭਾ ਤੋਂ ਮਲੂਕ ਸਿੰਘ ਕਾਹਲੋਂ, ਕਲਮਾਂ ਦੀ ਸਾਂਝ ਤੋਂ ਹਰਦਿਆਲ ਸਿੰਘ ਝੀਤਾ ਨੇ ਵੀ ਸੁਰਜੀਤ ਜੀ ਦੀ ਸ਼ਖਸੀਅਤ ਨੂੰ ਦੂਸਰਿਆਂ ਦੀ ਪ੍ਰੇਰਨਾ ਦਾ ਦੱਸਿਆ ਜਿਹੜੇ ਕਿ ਸਾਹਿਤ ਅਤੇ ਮੀਡੀਆ ਨਾਲ ਜੁੜੀ ਸ਼ਖਸੀਅਤ ਹਨ ਤੇ ਹਮੇਸ਼ਾਂ ਪੰਜਾਬ ਦੀ ਸੱਭਿਆਚਾਰ ਤੇ ਭਾਸ਼ਾ ਦੇ ਵਿਕਾਸ ਲਈ ਯਤਨਸ਼ੀਲ ਰਹਿੰਦੇ ਹਨ।
ਪ੍ਰੋਗਰਾਮ ਦੇ ਅੰਤ ਵਿੱਚ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਚੇਅਰਮੈਨ ਤੇ ਸੁਰਜੀਤ ਜੀ ਦੇ ਹਮਸਫਰ ਪਿਆਰਾ ਸਿੰਘ ਕੁੱਦੋਵਾਲ ਨੇ ਸੁਰਜੀਤ ਨੂੰ ਬਤੌਰ ਲੇਖਿਕਾ ਤੇ ਇੱਕ ਵਧੀਆ ਲੇਖਕਾ ਦਾ ਦਰਜਾ ਦਿੱਤਾ ਪਰ ਨਾਲ ਹੀ ਉਹਨਾਂ ਨੇ ਪਰਿਵਾਰਿਕ ਜੀਵਨ ਵਿੱਚ ਉਹਨਾਂ ਦੇ ਯੋਗਦਾਨ ਦੀ ਗੱਲ ਕੀਤੀ ਕਿ ਉਹ ਹਮੇਸ਼ਾਂ ਪਰਿਵਾਰ ਅਤੇ ਆਪਣੀਆਂ ਰੁਚੀਆਂ ਵਿੱਚ ਸੰਤੁਲਨ ਰੱਖਦੇ ਹਨ। ਉਹਨਾਂ ਨੇ ਦੱਸਿਆ ਕਿ ਕਦੇ ਵੀ ਐਸੀ ਸਥਿਤੀ ਨਹੀਂ ਆਈ ਕਿ ਜੀਵਨ ਵਿੱਚ ਸੁਰਜੀਤ ਨਿਰਾਸ਼ ਹੋਵੇ ਉਹ ਹਮੇਸ਼ਾਂ ਦੂਸਰਿਆਂ ਨੂੰ ਵੀ ਨਿਰਾਸ਼ਾ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰਦੇ ਹਨ ਤੇ ਖੁਦ ਵੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਦਾ ਸੁਨੇਹਾ ਦਿੰਦੇ ਹਾਂ। ਉਹਨਾਂ ਨੇ ਪ੍ਰੋਫੈਸਰ ਕੁਲਜੀਤ ਕੌਰ ਦੀ ਵੀ ਪ੍ਰਸ਼ੰਸਾ ਕੀਤੀ ਜਿਹੜੇ ਕਿ ਸਿਰਜਣਾ ਦੇ ਆਰ ਪ੍ਰੋਗਰਾਮ ਵਿੱਚ ਹਰ ਸ਼ਖਸੀਅਤ ਦੀ ਜ਼ਿੰਦਗੀ ਵਿੱਚ ਝਾਤ ਪਾਉਂਦਿਆਂ ਉਹਨਾਂ ਨੂੰ ਬਹੁਤ ਹੀ ਸਹਿਜ ਨਾਲ ਜੀਵਨ ਨਾਲ ਸਬੰਧਤ ਪ੍ਰਸ਼ਨ ਕਰਦੇ ਹਨ। ਇਸ ਇਸ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਤੋਂ ਬਹੁਤ ਸਾਰੀਆਂ ਸਾਹਿਤਕ ਸ਼ਖਸੀਅਤਾਂ ਨੇ ਭਾਗ ਲਿਆ। ਇਹ ਰਿਪੋਰਟ ਪ੍ਰੋ. ਕੁਲਜੀਤ ਕੌਰ ਨੇ ਰਮਿੰਦਰ ਰੰਮੀ ਨੂੰ ਸਾਂਝੀ ਕੀਤੀ।
ਰਮਿੰਦਰ ਰੰਮੀ ਨੇ ਇਕ ਵਾਰ ਫਿਰ ਸੱਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਸੀਂ ਘਰ ਅਸਾਡੇ ਆਏ ਅਸੀਂ ਫੁੱਲੇ ਨਹੀਂ ਸਮਾਏ। ਪ੍ਰੋ. ਕੁਲਜੀਤ ਕੌਰ ਸਿਰਜਨਾ ਦੇ ਆਰ ਪਾਰ ਵਿੱਚ ਬਹੁਤ ਹੀ ਸਹਿਜਤਾ ਵਿੱਚ ਪ੍ਰੋਗਰਾਮ ਕਰਦੇ ਹਨ , ਉਹਨਾਂ ਦੇ ਬਹੁਤ ਸਾਰੇ ਪ੍ਰਸ਼ੰਸਕਾਂ ਨੂੰ ਵੀ ਸਿਰਜਨਾ ਦੇ ਆਰ ਪਾਰ ਪ੍ਰੋਗਰਾਮ ਦਾ ਇੰਤਜ਼ਾਰ ਰਹਿੰਦਾ ਹੈ ਤੇ ਪ੍ਰੋਗਰਾਮ ਨੂੰ ਸਾਰੇ ਬਹੁਤ ਪਸੰਦ ਕਰਦੇ ਹਨ। ਦਰਸ਼ਕਾਂ ਨੂੰ ਪਿਆਰਾ ਸਿੰਘ ਕੁੱਦੋਵਾਲ ਨੂੰ ਸੁਨਣਾ ਤੇ ਪ੍ਰੋਗਰਾਮ ਨੂੰ ਸਮਅੱਪ ਕਰਨ ਦਾ ਉਹਨਾਂ ਦੇ ਵਿਲੱਖਣ ਅੰਦਾਜ਼ ਨੂੰ ਬਹੁਤ ਪਸੰਦ ਕਰਦੇ ਹਨ। ਧੰਨਵਾਦ ਸਹਿਤ ।
ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰਬੰਧਕ, ਅੰਤਰਰਾਸ਼ਟਰੀ ਸਾਹਿਤਕ ਸਾਂਝਾਂ।

RELATED ARTICLES
POPULAR POSTS