12.2 C
Toronto
Wednesday, April 29, 2026
spot_img
Homeਕੈਨੇਡਾਰੁੱਖ ਦੀ ਪੁਕਾਰ

ਰੁੱਖ ਦੀ ਪੁਕਾਰ

ਕਹੇ ਵਿਚਾਰਾ ਰੁੱਖ ਨਿਮਾਣਾ, ਸੁਣ ਲਓ ਮੇਰੀ ਚੀਖ਼-ਪੁਕਾਰ,
ਕੀ ਗਵਾਇਐ ਮੈਂ ਤੁਹਾਡਾ, ਪੈ ਰਹੀ ਏ ਮੈਨੂੰ ਚੰਦਰੀ ਮਾਰ।

ਅੰਨ੍ਹੇ ਵਾਹ ਕਟਾਈ ਕੀਤੀ, ਛੱਡਿਆ ਨਾ ਕੋਈ ਰੁੱਖ ਪੁਰਾਣਾ,
ਨਵਾਂ ਕੋਈ ਨਾ ਲਾਇਆ ਉੱਥੇ, ਕਰਦੀ ਪਈ ਕੀ ਸਰਕਾਰ?

ਪਿੱਪਲ-ਬੋਹੜ ਸੱਭ ਵੱਢ ਛੱਡੇ, ਕਿੱਥੇ ਪਾਓਗੇ ਪੀਂਘਾਂ ਹੁਣ,
ਕਿੱਥੇ ਲੱਗਣਗੀਆਂ ਤੀਆਂ, ਸਾਉਣ ਦੀ ਕਿੱਥੇ ਮੌਜ-ਬਹਾਰ?

ਸੜਕਾਂ ਚੌੜੀਆਂ ਕਰਨ ਬਹਾਨੇ, ਕੀਤੇ ਵੇਹਲੇ ਕੰਢੇ ਸਾਰੇ,
ਰੁੰਡ-ਮੁੰਡ ਹੋ ਗਈਆਂ ਨੇ ਸੱਭ, ਕੌਣ ਲਵੇ ਉਨ੍ਹਾਂ ਦੀ ਸਾਰ।

ਥੱਕਿਆ ਕੋਈ ਰਾਹੀ ਆ ਕੇ, ਬਹਿ ਜਾਂਦਾ ਬੋਹੜ ਦੀ ਛਾਵੇਂ,
ਠੰਢਾ ਪਾਣੀ ਪੀ ਖੂਹੀ ਦਾ, ਹੋ ਜਾਂਦਾ ਸੀ ਉਹ ਸਰਸ਼ਾਰ।

ਟਾਹਲੀਆਂ ਦੀ ਥਾਂ ਆਏ ਸਫ਼ੈਦੇ, ਪਾਣੀ ਨੂੰ ਡੂੰਘੇਰਾ ਕਰਗੇ,
ਪੰਜਾਬ ਮੇਰੇ ਨੂੰ ਪਈ ਡਾਢੀ, ‘ਹਰੀ-ਕਰਾਂਤੀ’ ਦੀ ਵੀ ਮਾਰ।

ਬੋਰ ਬੰਬੀਆਂ ਦੇ ਗਏ ਪਤਾਲੀਂ, ‘ਮੱਛਲੀ-ਮੋਟਰ’ ਕੱਢੇ ਪਾਣੀ,
ਉਹ ਵਿਚਾਰੀ ਕੀ ਕਰੇ ਹੁਣ, ਥੱਕ-ਟੁੱਟ ਕੇ ਮੰਨ ਜਾਊ ਹਾਰ।

ਮੇਰੀ ਮੰਨੋ ਰੁੱਖ ਪਿਆ ਆਖੇ, ਕਰ ਦਿਓ ਧਰਤ ਹਰਿਆਲੀ,
ਮਸਲਾ ਹੋ ਜਾਊ ਹੱਲ ਪਾਣੀ ਦਾ,’ਝੰਡ’ ਦਾ ਵੀ ਏਹੀ ਵਿਚਾਰ।
– ਡਾ. ਸੁਖਦੇਵ ਸਿੰਘ ਝੰਡ

 

RELATED ARTICLES
POPULAR POSTS