Breaking News
Home / ਕੈਨੇਡਾ / ‘ਛੇਵੀਂ ਇੰਸਪੀਰੇਸ਼ਨਲ ਸਟੈੱਪਸ ਮੈਰਾਥਨ’ ਵਿਚ ਵੱਖ-ਵੱਖ ਉਮਰ-ਵਰਗਾਂ ਅਨੁਸਾਰ ਵਧੇਰੇ ਇਨਾਮ-ਕੈਟੇਗਰੀਆਂ ਹੋਣਗੀਆਂ

‘ਛੇਵੀਂ ਇੰਸਪੀਰੇਸ਼ਨਲ ਸਟੈੱਪਸ ਮੈਰਾਥਨ’ ਵਿਚ ਵੱਖ-ਵੱਖ ਉਮਰ-ਵਰਗਾਂ ਅਨੁਸਾਰ ਵਧੇਰੇ ਇਨਾਮ-ਕੈਟੇਗਰੀਆਂ ਹੋਣਗੀਆਂ

ਮਿਸੀਸਾਗਾ/ਡਾ.ਝੰਡ : ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਡੇਸ਼ਨ ਦੇ ਪ੍ਰਬੰਧਕਾਂ ਤੋਂ ਪ੍ਰਾਪਤ ਸੂਚਨਾ ਅਨੁਸਾਰ ਇਸ ਵਾਰ 21 ਮਈ ਨੂੰ ਹੋਣ ਵਾਲੀ ‘ਛੇਵੀਂ ਇੰਟਰਨੈਸ਼ਨਲ ਇਨਸਪੀਰੇਸ਼ਨਲ ਸਟੈੱਪਸ ਮੈਰਾਥਨ’ ਵਿਚ ਵੱਖ-ਵੱਖ ਉਮਰ ਵਰਗਾਂ ਅਨੁਸਾਰ ਵਧੇਰੇ ਇਨਾਮ-ਕੈਟਗਰੀਆਂ ਬਣਾਈਆਂ ਜਾਣਗੀਆਂ। ਫੁੱਲ-ਮੈਰਾਥਨ, ਹਾਫ਼-ਮੈਰਾਥਨ, 12 ਕਿਲੋਮੀਟਰ ਅਤੇ 5 ਕਿਲੋਮੀਟਰ ਲਈ ਇਹ ਵੱਖ-ਵੱਖ ਕੈਟਾਗਰੀਆਂ 17 ਸਾਲ ਤੱਕ ਦੇ ਬੱਚਿਆਂ, 18-34, 35-49, 50-64, 65-79, 80 ਸਾਲ ਤੇ ਇਸ ਤੋਂ ਉੱਪਰ ਮਰਦਾਂ ਅਤੇ ਔਰਤਾਂ ਦੀਆਂ ਹੋਣਗੀਆਂ। ਉਨ੍ਹਾਂ ਦੱਸਿਆ ਕਿ ਅਜਿਹਾ ਵੱਖ-ਵੱਖ ਉਮਰ-ਵਰਗਾਂ ਵਿਚ ਪਹਿਲੇ ਨੰਬਰ ‘ਤੇ ਆਉਣ ਵਾਲਿਆਂ ਨੂੰ ਯੋਗ ਸਨਮਾਨ ਦੇਣ ਲਈ ਕੀਤਾ ਗਿਆ ਹੈ ਤਾਂ ਜੋ ਵਧੇਰੇ ਉਮਰ ਵਾਲੇ ਦੌੜਾਕਾਂ ਦਾ ਵੀ ਬਣਦਾ ਮਾਣ-ਸਨਮਾਨ ਕੀਤਾ ਜਾ ਸਕੇ। ਬੀਤੇ ਸਾਲਾਂ ਵਿਚ ਇਹ ਵੇਖਣ ਵਿਚ ਆਇਆ ਹੈ ਕਿ ਵਧੇਰੀ ਉਮਰ ਵਾਲੇ ਦੌੜਾਕ ਨੌਜਵਾਨਾਂ ਨਾਲ ਮੁਕਾਬਲੇ ਵਿਚ ਅਕਸਰ ਪਿੱਛੇ ਰਹਿ ਜਾਂਦੇ ਹਨ ਅਤੇ ਉਨ੍ਹਾਂ ਨੂੰ ਯੋਗ ਮਾਣ-ਸਨਮਾਨ ਨਹੀਂ ਮਿਲਦਾ, ਜਿਹਾ ਕਿ ਪਿਛਲੇ ਸਾਲ ਵੀ ਹੋਇਆ। ਫੁੱਲ-ਮੈਰਾਥਨ ਪਹਿਲੇ ਨੰਬਰ ‘ਤੇ ਆਉਣ ਵਾਲਾ ਨੌਜਵਾਨ ਮਨਜੀਤ ਸਿੰਘ 31 ਸਾਲ ਦਾ ਸੀ ਜਦ ਕਿ ਦੂਸਰੇ ਨੰਬਰ ‘ਤੇ ਆਉਣ ਵਾਲੇ ਸੂਰਤ ਸਿੰਘ ਚਾਹਲ ਦੀ ਉਮਰ 62 ਸਾਲ ਸੀ।
ਫ਼ਾਊਂਡੇਸ਼ਨ ਦੀ ਕਾਰਜਕਾਰਨੀ ਵੱਲੋਂ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਉਪਰੋਕਤ ਵਰਗਾਂ ਵਿਚ ਸ਼ਾਮਲ ਉਸ ਵਰਗ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲਿਆਂ ਦੌੜਾਕਾਂ ਨੂੰ ਇਨਾਮ ਵਜੋਂ ਕੱਪ ਦਿੱਤਾ ਜਾਵੇਗਾ ਜਿਸ ਵਿਚ ਘੱਟੋ-ਘੱਟ 10 ਵਿਅੱਕਤੀ ਭਾਗ ਲੈਂਦੇ ਹਨ। ਦੂਸਰੇ ਅਤੇ ਤੀਸਰੇ ਸਥਾਨ ‘ਤੇ ਰਹਿਣ ਵਾਲਿਆਂ ਨੂੰ ਇਨਾਮ ਵਜੋਂ ਕੱਪ ਨਹੀਂ ਦਿੱਤਾ ਜਾਏਗਾ, ਸਗੋਂ ਉਨ੍ਹਾਂ ਨੂੰ ਕੇਵਲ ‘ਰਿਬਨ’ ਨਾਲ ਸਨਮਾਨਿਤ ਕੀਤਾ ਜਾਵੇਗਾ। ਪਿਛਲੇ ਸਾਲਾਂ ਵਾਂਗ ਸੱਭ ਤੋਂ ਤੇਜ਼ ਫੁੱਲ-ਮੈਰਾਥਨ ਦੌੜਨ ਵਾਲੇ ਮਰਦ ਅਤੇ ਔਰਤ ਦੌੜਾਕ ਨੂੰ ‘ਇੰਸਪੀਰੇਸ਼ਨ ਕੱਪ’ ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਟੋਰਾਂਟੋ ਡਾਊਨ ਟਾਊਨ ਵਿਚ ਹੋਣ ਵਾਲੀ ‘ਸਕੋਸ਼ੀਆ ਬੈਂਕ ਵਾਟਰਫ਼ਰੰਟ ਮੈਰਾਥਨ’ ਲਈ ‘ਮੁਫ਼ਤ ਰਜਿਸਟ੍ਰੇਸ਼ਨ’ ਹੋਵੇਗੀ। ਛੇ ਸਾਲ ਤੱਕ ਦੇ ਬੱਚਿਆਂ ਲਈ ਇਹ ਦੌੜ ਮੁਕਾਬਲੇ ਵਾਲੀ ਨਹੀਂ ਹੋਵੇਗੀ, ਸਗੋਂ ਇਹ ‘ਸ਼ੁਗ਼ਲੀਆ’ ਹੀ ਹੋਵੇਗੀ ਕਿਉਂਕਿ ਪ੍ਰਬੰਧਕ ਨਹੀਂ ਚਾਹੁੰਦੇ ਕਿ ਮਾਪੇ ਆਪਣੇ ਬੱਚਿਆਂ ਦੀ ਬਦੋਬਦੀ ‘ਖਿੱਚ-ਧੂਹ’ ਕਰਦਿਆਂ ਹੋਇਆਂ ਉਨ੍ਹਾਂ ਨੂੰ ਪਹਿਲੇ ਨੰਬਰ ‘ਤੇ ਲਿਆਉਣ ਦੀ ਕੋਸ਼ਿਸ਼ ਕਰਨ।
‘ਛੇਵੀਂ ਇਨਸਪੀਰੇਸ਼ਨਲ ਸਟੈੱਪਸ’ ਲਈ ‘ਔਨ-ਲਾਈਨ ਰਜਿਸਟ੍ਰੇਸ਼ਨ’ ਇਸ ਸਮੇਂ ਫ਼ਾਊਂਡੇਸ਼ਨ ਦੀ ਵੈੱਬਸਾਈਟ www.ggscf.com ‘ਤੇ ਚੱਲ ਰਹੀ ਹੈ ਅਤੇ 15 ਮਾਰਚ ਤੋਂ ਪਹਿਲਾਂ ਇਹ ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ ਲਈ ਇਹ ‘ਅਰਲੀ ਬਰਡ ਡਿਸਕਾਊਂਟ’ ਰੇਟ ਨਾਲ ਕਰਵਾਈ ਜਾ ਸਕਦੀ ਹੈ। ਇਸ ਸਬੰਧੀ ਜੇਕਰ ਕੋਈ ਵਿਅੱਕਤੀ ਕਿਸੇ ਕਿਸਮ ਦੀ ਦਿੱਕਤ ਮਹਿਸੂਸ ਕਰ ਰਿਹਾ ਹੈ ਤਾਂ ਉਹ [email protected] ‘ਤੇ ਈ-ਮੇਲ ਕਰ ਸਕਦਾ ਹੈ ਜਾਂ ਫਿਰ 416-500-1124 ਜਾਂ 416-873-4507 ‘ਤੇ ਸੰਪਰਕ ਕਰ ਸਕਦਾ ਹੈ। ਇਸ ਤੋਂ ਇਲਾਵਾ ਇਹ ਰਜਿਸਟ੍ਰੇਸ਼ਨ ‘ਟੋਰਾਂਟੋ ਪੀਅਰਸਨ ਏਅਰਪੋਰਟ ਰੱਨਜ਼ ਕਲੱਬ’ ਰਾਹੀਂ ਵੀ ਕਰਵਾਈ ਜਾ ਸਕਦੀ ਹੈ ਅਤੇ ਇਸ ਦੇ ਲਈ ਚਾਹਵਾਨ ਵਿਅੱਕਤੀ ਇਸ ਸਮੇਂ 25 ਡਾਲਰ ਫ਼ੀਸ ਇਸ ਕਲੱਬ ਰਾਹੀਂ ਭੇਜ ਕੇ 10 ਅਪ੍ਰੈਲ ਤੱਕ ਇਹ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਸਬੰਧੀ ਲੋੜੀਂਦੀ ਜਾਣਕਾਰੀ ਲਈ 416-275-9337, 416-918-6858, ਜਾਂ 647-567-9128 ਫ਼ੋਨ ਨੰਬਰਾਂ ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਇਹ ਰਜਿਸਟ੍ਰੇਸ਼ਨ ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਰਾਹੀਂ ਕੇਵਲ ਔਨ-ਲਾਈਨ ਹੀ ਉਚੇਰੇ ਰੇਟਾਂ ਨਾਲ ਕਰਵਾਈ ਜਾ ਸਕੇਗੀ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …