8.6 C
Toronto
Thursday, April 30, 2026
spot_img
Homeਦੁਨੀਆਲੰਡਨ 'ਚ ਬਣੇਗੀ ਸਿੱਖ ਫੌਜੀਆਂ ਦੀ ਯਾਦਗਾਰ

ਲੰਡਨ ‘ਚ ਬਣੇਗੀ ਸਿੱਖ ਫੌਜੀਆਂ ਦੀ ਯਾਦਗਾਰ

ਨੈਸ਼ਨਲ ਸਿੱਖ ਵਾਰ ਮੈਮੋਰੀਅਲ ਲਈ 3.75 ਲੱਖ ਪੌਂਡ ਇਕੱਤਰ ਹੋਏ
ਜਲੰਧਰ/ਬਿਊਰੋ ਨਿਊਜ਼ : ਇੰਗਲੈਂਡ ਦੇ ਸੈਂਟਰਲ ਲੰਡਨ ਵਿੱਚ ਨੈਸ਼ਨਲ ਸਿੱਖ ਵਾਰ ਮੈਮੋਰੀਅਲ ਬਣਾਉਣ ਲਈ ਪਰਵਾਸੀ ਪੰਜਾਬੀਆਂ ਦੇ ਯਤਨਾਂ ਨੂੰ ਬੂਰ ਪੈਣ ਲੱਗਾ ਹੈ। ਇਹ ਯਾਦਗਾਰ ਬਣਾਉਣ ਲਈ ਸੱਦੀ ਗਈ ਪਹਿਲੀ ਮੀਟਿੰਗ ਵਿੱਚ ਹੀ 3.75 ਲੱਖ ਪੌਂਡ ਇਕੱਤਰ ਹੋ ਗਏ ਹਨ। ਪਰਵਾਸੀ ਪੰਜਾਬੀਆਂ ਵੱਲੋਂ ਭਰੇ ਇਸ ਹੁੰਗਾਰੇ ਨਾਲ ਪ੍ਰਬੰਧਕਾਂ ਦਾ ਹੌਸਲਾ ਵਧਿਆ ਹੈ ਕਿ ਇਹ ਜੰਗੀ ਯਾਦਗਾਰ ਉਸਾਰਨ ਦਾ ਕੰਮ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ। ਇੰਗਲੈਂਡ ਦੇ ਪਹਿਲੇ ਦਸਤਾਰਧਾਰੀ ਐਮਪੀ ਤਨਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਨੈਸ਼ਨਲ ਸਿੱਖ ਵਾਰ ਮੈਮੋਰੀਅਲ ਬਣਾਉਣ ਲਈ ਮਨਜ਼ੂਰੀ ਮਿਲ ਗਈ ਹੈ।
ਇਸ ਮੀਟਿੰਗ ਵਿੱਚ ਲੰਡਨ ਦੇ ਮੇਅਰ ਸਾਦਿਕ ਖਾਨ ਸਮੇਤ ਹੋਰ ਆਗੂ ਹਾਜ਼ਰ ਸਨ।
ਗ਼ੌਰਤਲਬ ਹੈ ਕਿ ਤਕਰੀਬਨ ਦਰਜਨ ਐਮਪੀਜ਼ ਨੇ ਨੈਸ਼ਨਲ ਸਿੱਖ ਵਾਰ ਮੈਮੋਰੀਅਲ ਬਣਾਉਣ ਦੀ ਹਮਾਇਤ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇੰਗਲੈਂਡ ਦੇ ਰਾਜਸੀ ਆਗੂਆਂ ਨੇ ਪਾਰਟੀ ਪੱਧਰ ਤੋਂ ਉਪਰ ਉੱਠ ਕੇ ਇਸ ਕਾਰਜ ਦੀ ਹਮਾਇਤ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਮਹਿਜ਼ 15 ਦਾਨੀ ਸੱਜਣਾਂ ਨੇ ਹੀ 3.75 ਲੱਖ ਪੌਂਡ ਇਕੱਤਰ ਕੀਤੇ ਹਨ ਅਤੇ ਹਰ ਮੈਂਬਰ ਨੇ 25 ਹਜ਼ਾਰ ਪੌਂਡ ਦਾਨ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਸ ਰਾਸ਼ੀ ਦਾ ਚੈੱਕ ਬਣਾ ਦਿੱਤਾ ਗਿਆ ਹੈ। ਢੇਸੀ ਨੇ ਦੱਸਿਆ ਕਿ ਲੰਡਨ ਦੇ ਮੇਅਰ ਤੇ ਉਥੋਂ ਦੀਆਂ ਹੋਰ ਸਥਾਨਕ ਅਥਾਰਟੀਜ਼ ਨੇ ਵੀ ਇਸ ਕਾਰਜ ਨੂੰ ਨੇਪਰੇ ਚੜ੍ਹਾਉਣ ਦੀ ਹਮਾਇਤ ਕੀਤੀ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਨੇੜ ਭਵਿੱਖ ਵਿੱਚ ਸਾਰਿਆਂ ਦੇ ਸਹਿਯੋਗ ਨਾਲ ਇਹ ਕਾਰਜ ਸ਼ੁਰੂ ਕਰ ਦਿੱਤਾ ਜਾਵੇਗਾ। ਢੇਸੀ ਨੇ ਦੱਸਿਆ ਕਿ ਇਸ ਜੰਗੀ ਯਾਦਗਾਰ ਵਿਚ ਵਿਸ਼ਵ ਜੰਗਾਂ ਵਿੱਚ ਸਿੱਖਾਂ ਵੱਲੋਂ ਕੀਤੀਆਂ ਕੁਰਬਾਨੀਆਂ ਨੂੰ ਦਰਸਾਉਂਦੀਆਂ ਨਿਸ਼ਾਨੀਆਂ ਸਥਾਪਤ ਕੀਤੀ ਜਾਣਗੀਆਂ। ਇਸ ਮੌਕੇ ਜਸਪਾਲ ਸਿੰਘ ਢੇਸੀ, ਗੁਰਮੇਲ ਸਿੰਘ ਮੱਲ੍ਹੀ ਅਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।

RELATED ARTICLES
POPULAR POSTS