ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਐਲਾਨ ਕਰਦਿਆਂ ਆਖਿਆ ਹੈ ਕਿ ਦੇਸ਼ ਦੀਆਂ ਲੋੜਾਂ ਮੁਤਾਬਿਕ ਇਮੀਗ੍ਰੇਸ਼ਨ ਨੀਤੀ ਉਪਰ ਨਜ਼ਰਸਾਨੀ ਕੀਤੀ ਜਾ ਰਹੀ ਹੈ, ਜਿਸ ਤਹਿਤ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਵਿਦੇਸ਼ੀ ਕਾਮਿਆਂ ਲਈ ਨਵੇਂ ਮੌਕੇ ਪੈਦਾ ਹੋ ਰਹੇ ਹਨ।
ਮੰਤਰੀ ਫਰੇਜ਼ਰ ਨੇ ਕਿਹਾ ਕਿ ਇਮੀਗ੍ਰੇਸ਼ਨ ਦੀਆਂ ਪ੍ਰਾਪਤ ਹੋ ਚੁੱਕੀਆਂ ਅਰਜ਼ੀਆਂ ਦਾ ਨਿਪਟਾਰਾ ਪਹਿਲ ਦੇ ਅਧਾਰ ‘ਤੇ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਜੋ ਵਿਦੇਸ਼ੀ ਵਿਦਿਆਰਥੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪੋਸਟ ਗਰੈਜੂਏਸ਼ਨ ਵਰਕ ਪਰਮਿਟ ਦੀ ਤਰੀਕ ਖਤਮ ਹੋਣ ਤੋਂ ਬਾਅਦ ਕੈਨੇਡਾ ਵਿਚ ਆਪਣਾ ਭਵਿੱਖ ਧੁੰਦਲਾ ਦੇਖ ਰਹੇ ਸਨ, ਉਨ੍ਹਾਂ ਨੂੰ ਰਾਹਤ ਦਿੰਦਿਆਂ ਮੰਤਰੀ ਫਰੇਜ਼ਰ ਨੇ ਕਿਹਾ ਕਿ ਜਨਵਰੀ ਤੋਂ ਦਸੰਬਰ 2022 ਤੱਕ ਖਤਮ ਹੋਣ ਵਾਲੇ ਓਪਨ (ਪੋਸਟ ਗਰੈਜੂਏਸ਼ਨ) ਵਰਕ ਪਰਮਿਟਾਂ ਦੀ ਮਿਆਦ ਡੇਢ ਸਾਲ ਤੱਕ ਹੋਰ ਵਧਾਈ ਜਾ ਸਕਦੀ ਹੈ। ਇਸ ਵਾਧੇ ਨਾਲ ਵਿਦੇਸ਼ੀ ਨੌਜਵਾਨਾਂ ਨੂੰ ਕੈਨੇਡਾ ਵਿੱਚ ਆਪਣਾ ਭਵਿੱਖ ਸਿਰਜਣ ਦਾ ਵਾਧੂ ਮੌਕਾ ਮਿਲੇਗਾ।
ਇਸਦੇ ਨਾਲ ਹੀ ਉਨ੍ਹਾਂ ਆਖਿਆ ਹੈ ਕਿ ਐਕਸਪ੍ਰੈਸ ਐਂਟਰੀ ਸਿਸਟਮ ‘ਚੋਂ ਸਕਿੱਲਡ ਵਰਕਰਜ਼ ਅਤੇ ਇਸ ਨਾਲ ਸੰਬੰਧਿਤ ਹੋਰ (ਆਰਥਿਕ) ਕੈਟੇਗਰੀਆਂ ਦੇ ਡਰਾਅ ਜੁਲਾਈ ਮਹੀਨੇ ਤੋਂ ਮੁੜ ਸ਼ੁਰੂ ਕੀਤੇ ਜਾ ਰਹੇ ਹਨ। ਕੋਵਿਡ ਦੇ ਹਾਲਾਤ ਕਾਰਨ ਇਹ ਡਰਾਅ ਸਤੰਬਰ 2020 ‘ਚ ਬੰਦ ਕਰ ਦਿੱਤੇ ਗਏ ਸਨ।