ਕੈਪਟਨ ਨਹੀਂ ਬਲਕਿ ਅਫਸਰਸ਼ਾਹੀ ਚਲਾ ਰਹੀ ਹੈ ਸਰਕਾਰ : ਮਦਨ ਲਾਲ ਜਲਾਲਪੁਰ
ਪਟਿਆਲਾ/ਬਿਊਰੋ ਨਿਊਜ਼
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਜ਼ਿਲ੍ਹੇ ਦੇ ਕਾਂਗਰਸ ਦੇ ਵਿਧਾਇਕਾਂ ਦੇ ਕੈਪਟਨ ਸਰਕਾਰ ਖਿਲਾਫ ਬਗ਼ਾਵਤ ਦੀ ਚਰਚਾ ਪੰਜਾਬ ਦੇ ਸਿਆਸੀ ਗਲਿਆਰਿਆਂ ‘ਚ ਵੱਡੀ ਦਿਲਚਸਪੀ ਪੈਦਾ ਕਰਨ ਲੱਗੀ ਹੈ। ਇਨ੍ਹਾਂ ਕਾਂਗਰਸੀ ਵਿਧਾਇਕਾਂ ਦੀ ਅਗਵਾਈ ਕਰ ਰਹੇ ਵਿਧਾਇਕ ਮਦਨ ਲਾਲ ਜਲਾਲਪੁਰ ਦਾ ਸ਼ਿਕਵਾ ਹੈ ਕਿ ਪੰਜਾਬ ਵਿਚ ਸਰਕਾਰ ਕੈਪਟਨ ਅਮਰਿੰਦਰ ਸਿੰਘ ਨਹੀਂ ਬਲਕਿ ਅਫ਼ਸਰਸ਼ਾਹੀ ਚਲਾ ਰਹੀ ਹੈ।
ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਖਿਲਾਫ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਵੀ ਬਗ਼ਾਵਤ ਦਾ ਝੰਡਾ ਚੁੱਕਿਆ ਹੋਇਆ ਹੈ। ਹੁਣ ਮੁੜ ਪਟਿਆਲਾ ਦੇ ਹੁਕਰਮਾਨ ਧਿਰ ਦੇ ਵਿਧਾਇਕਾਂ ਦੇ ਬਾਗ਼ੀ ਰੌਂਅ ਦੀ ਚਰਚਾ ਹੈ।
ਪਟਿਆਲਾ ਜ਼ਿਲ੍ਹੇ ਵਿਚ ਮੁੱਖ ਮੰਤਰੀ ਸਣੇ ਸੱਤ ਵਿਧਾਇਕ ਹਨ, ਜਿਸ ‘ਚੋਂ ਦੋ ਬ੍ਰਹਮ ਮਹਿੰਦਰਾ ਤੇ ਸਾਧੂ ਸਿੰਘ ਧਰਮਸੋਤ ਮੰਤਰੀ ਹਨ ਜਦੋਂਕਿ ਪਿੱਛੇ ਚਾਰ ਵਿਧਾਇਕ ਮਦਨ ਲਾਲ ਜਲਾਲਪੁਰ, ਹਰਦਿਆਲ ਸਿੰਘ ਕੰਬੋਜ, ਕਾਕਾ ਰਜਿੰਦਰ ਸਿੰਘ ਤੇ ਨਿਰਮਲ ਸਿੰਘ ਸ਼ੁਤਰਾਣਾ ਹਨ। ਇਨ੍ਹਾਂ ਨਾਰਾਜ਼ ਵਿਧਾਇਕਾਂ ਦੀ ਅਗਵਾਈ ਮਦਨ ਲਾਲ ਜਲਾਲਪੁਰ ਨੇ ਸੰਭਾਲੀ ਹੋਈ ਹੈ।
ਵਾਇਰਲ ਹੋਈ ਵੀਡੀਓ ‘ਚ ਉਹ ਕਹਿ ਰਹੇ ਹਨ ਕਿ ‘ਹੁਣ ਤਾਂ ਅਫ਼ਸਰਸ਼ਾਹੀ ਸਰਕਾਰ ਚਲਾ ਰਹੀ ਹੈ ਕੈਪਟਨ ਸਾਹਿਬ ਤਾਂ ਸਰਕਾਰ ਹੀ ਨਹੀਂ ਚਲਾ ਰਹੇ। ਅਫ਼ਸਰ ਵਿਧਾਇਕਾਂ ‘ਤੇ ਭਾਰੂ ਹਨ। ਚਾਰੇ ਵਿਧਾਇਕਾਂ ਦੀ ਸਰਕਾਰੇ-ਦਰਬਾਰੇ ਕੋਈ ਸੁਣਵਾਈ ਨਹੀਂ ਹੋ ਰਹੀ। 2002 ਤੋਂ 2007 ਦੌਰਾਨ ਕੈਪਟਨ ਦਾ ਪੂਰਾ ਬੋਲਬਾਲਾ ਸੀ, ਉਦੋਂ ਮੰਤਰੀ ਵੀ ਸਿਆਣੇ ਸਨ। ਹੁਣ ਤਾਂ ਮੰਤਰੀ ਵੀ ਅਫ਼ਸਰਾਂ ਦੇ ਥੱਲੇ ਲੱਗੇ ਹੋਏ ਹਨ।’
ਇਹ ਵਿਧਾਇਕ ਜ਼ਿਲ੍ਹੇ ‘ਚ ਅਫ਼ਸਰਾਂ ਦੀ ਨਿਯੁਕਤੀ ਸਬੰਧੀ ਵੀ ਖਫ਼ਾ ਹਨ। ਵਿਧਾਇਕ ਜਲਾਲਪੁਰ ਨੇ ਫੋਨ ‘ਤੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਪਟਿਆਲੇ ਜ਼ਿਲ੍ਹੇ ਦੇ ਬਾਗ਼ੀ ਤੇਵਰ ਵਾਲੇ ਚਾਰੇ ਵਿਧਾਇਕ ਜ਼ਿਲ੍ਹੇ ‘ਚੋਂ ਭ੍ਰਿਸ਼ਟ ਅਫ਼ਸਰਾਂ ਦਾ ਤਬਾਦਲਾ ਹੋਣ ਤਕ ਡਟੇ ਰਹਿਣਗੇ। ਉਨ੍ਹਾਂ ਆਖਿਆ ਕਿ ਹਾਲੇ ਤੱਕ ਮੁੱਖ ਮੰਤਰੀ ਨੇ ਉਨ੍ਹਾਂ ਨਾਲ ਰਾਬਤਾ ਨਹੀਂ ਕੀਤਾ, ਉਹ ਮੁੱਖ ਮੰਤਰੀ ਦੇ ਵਿਦੇਸ਼ੋਂ ਪਰਤਣ ‘ਤੇ ਇਹ ਮਾਮਲਾ ਉਨ੍ਹਾਂ ਕੋਲ ਉਠਾਉਣਗੇ।
ਨਾਰਾਜ਼ ਵਿਧਾਇਕਾਂ ਨੂੰ ਹੈਲੀਕਾਪਟਰ ‘ਚ ਬਿਠਾ ਸਤਸੰਗ ਸੁਣਾਉਣ ਲਈ ਨੂਰਮਹਿਲ ਲੈ ਪਹੁੰਚੀ ਪ੍ਰਨੀਤ ਕੌਰ
ਪਟਿਆਲਾ : ਜ਼ਿਲ੍ਹਾ ਪ੍ਰਸ਼ਾਸਨ ਤੋਂ ਖਫ਼ਾ ਪਟਿਆਲਾ ਜ਼ਿਲ੍ਹੇ ਦੇ ਚਾਰ ‘ਚੋਂ ਤਿੰਨ ਵਿਧਾਇਕਾਂ ਨੇ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਨਾਲ਼ ਹੈਲੀਕਾਪਟਰ ਦੀ ਗੇੜੀ ਲਾਈ। ਉਹ ਦਿਵਿਆ ਜੋਤੀ ਸੰਸਥਾ ਦੇ ਨੂਰ ਮਹਿਲ ਵਿਚ ਹੋੲੋ ਸਤਸੰਗ ਸਮਾਗਮ ‘ਚ ਸ਼ਿਰਕਤ ਕਰਨ ਗਏ ਸਨ। ਉਂਜ ਇਸ ਮੌਕੇ ‘ਤੇ ਇਸ ਵਿਵਾਦ ਸਬੰਧੀ ਅਧਿਕਾਰਤ ਰੂਪ ‘ਚ ਕੋਈ ਗੱਲ ਨਹੀਂ ਹੋਈ।
ਵਿਧਾਇਕਾਂ ਦਾ ਕਹਿਣਾ ਸੀ ਕਿ ਪ੍ਰਨੀਤ ਕੌਰ ਨੂੰ ਤਾਂ ਉਹ ਸਾਰਾ ਮਾਮਲਾ ਪਹਿਲਾਂ ਹੀ ਦੱਸ ਚੁੱਕੇ ਹਨ, ਹੁਣ ਵਿਦੇਸ਼ੋਂ ਪਰਤਣ ‘ਤੇ ਇਹ ਮਾਮਲਾ ਮੁੱਖ ਮੰਤਰੀ ਦੇ ਧਿਆਨ ‘ਚ ਵੀ ਲਿਆਂਦਾ ਜਾਵੇਗਾ। ਜ਼ਿਕਰਯੋਗ ਹੈ ਕਿ ਪ੍ਰਨੀਤ ਕੌਰ ਅਤੇ ਧਰਮਸੋਤ ਸਣੇ ਤਿੰਨ ਵਿਧਾਇਕ ਹਰਦਿਆਲ ਸਿੰਘ ਕੰਬੋਜ (ਰਾਜਪੁਰਾ), ਮਦਨ ਲਾਲ ਜਲਾਲਪੁਰ (ਘਨੌਰ) ਅਤੇ ਕਾਕਾ ਰਾਜਿੰਦਰ ਸਿੰਘ (ਸਮਾਣਾ) ਪਟਿਆਲਾ ਸਥਿਤ ਐਵੀਏਸ਼ਨ ਕਲੱਬ ਤੋਂ ਹੈਲੀਕਾਪਟਰ ਰਾਹੀਂ ਨੂਰ ਮਹਿਲ ਵਿਚ ਸਮਾਗਮ ‘ਤੇ ਪੁੱਜੇ ਸਨ। ਇਸ ਸਬੰਧੀ ਹਰਦਿਆਲ ਕੰਬੋਜ ਨੇ ਆਖਿਆ ਕਿ ਉਨ੍ਹਾਂ ਦੀ ਮੁੱਖ ਮੰਤਰੀ ਜਾਂ ਪ੍ਰਨੀਤ ਕੌਰ ਨਾਲ਼ ਕੋਈ ਨਾਰਾਜ਼ਗੀ ਨਹੀਂ ਹੈ, ਉਹ ਤਾਂ ਅਫ਼ਸਰਸ਼ਾਹੀ ਦੇ ਮਾੜੇ ਰਵੱਈਏ ਤੋਂ ਜਾਣੂ ਕਰਵਾ ਰਹੇ ਹਨ। ਰਾਜਿੰਦਰ ਸਿੰਘ ਨੇ ਕਿਹਾ ਕਿ ਅਫ਼ਸਰਸ਼ਾਹੀ ਦੇ ਮਾੜੇ ਰਵੱਈਏ ਦਾ ਮਾਮਲਾ ਮੁੱਖ ਮੰਤਰੀ ਦੇ ਧਿਆਨ ‘ਚ ਵੀ ਲਿਆਂਦਾ ਜਾਵੇਗਾ। ਵਿਧਾਇਕ ਮਦਨ ਜਲਾਲਪੁਰ ਨੇ ਕਿਹਾ ਕਿ ਕਾਂਗਰਸੀ ਵਰਕਰ ਪਹਿਲਾਂ ਅਕਾਲੀ ਸਰਕਾਰ ਦੌਰਾਨ ਕੁੱਟ ਖਾਂਦੇ ਰਹੇ ਤੇ ਹੁਣ ਆਪਣੀ ਸਰਕਾਰ ‘ਚ ਵੀ ਕੁੱਟ ਖਾ ਰਹੇ ਹਨ।
Check Also
ਸੁਨੀਲ ਜਾਖੜ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ’ਤੇ ਸਾਧਿਆ ਨਿਸ਼ਾਨਾ
ਕਿਹਾ : ਕੁਝ ਲੋਕਾਂ ਦਾ ਧੰਦਾ ਹੈ ਚੋਣਾਂ ਦੇ ਨਾਮ ’ਤੇ ਫੰਡ ਇਕੱਠਾ ਕਰਨਾ ਲੁਧਿਆਣਾ/ਬਿਊਰੋ ਨਿਊਜ਼ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸੀ ਆਗੂ ਰਾਜਾ ਵੜਿੰਗ ’ਤੇ ਸਿਆਸੀ ਨਿਸ਼ਾਨਾ ਸਾਧਿਆ ਹੈ। ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਜੀਵਨ ਗੁਪਤਾ ਹੱਕ ਵਿਚ ਚੋਣ ਪ੍ਰਚਾਰ ਕਰਨ ਪਹੁੰਚੇ ਜਾਖੜ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੀ ਆਲੋਚਨਾ ਕੀਤੀ ਹੈ। ਜਾਖੜ ਨੇ ਰਾਜਾ ਵੜਿੰਗ ’ਤੇ ਆਰੋਪ ਲਗਾਉਂਦਿਆਂ ਕਿਹਾ ਕਿ ਕੁਝ ਲੋਕਾਂ ਦਾ ਧੰਦਾ ਬਣ ਚੁੱਕਾ ਹੈ ਕਿ ਚੋਣਾਂ ਦੇ ਨਾਮ ’ਤੇ ਫੰਡ ਇਕੱਠਾ ਕੀਤਾ ਜਾਵੇ। ਜਾਖੜ ਨੇ ਕਿਹਾ ਕਿ ਇਹ ਨੇਤਾ ਸ਼ਰਾਬ ਅਤੇ ਨਸ਼ੇ ਵਾਲਿਆਂ ਕੋਲੋਂ ਵੀ ਚੰਦਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਮੈਂ ਪੰਜਾਬ ਅਤੇ ਹਰਿਆਣਾ ਦੇ ਚੀਫ ਜਸਟਿਸ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਪੱਤਰ ਲਿਖਾਂਗਾ ਕਿ ਚੀਫ ਜਸਟਿਸ ਸਣੇ ਦੇਸ਼ ਦੀ ਕਿਸੇ ਵੀ ਏਜੰਸੀ ਦੇ ਅਧਿਕਾਰੀਆਂ ਦੀ ਨਿਗਰਾਨੀ ਵਿਚ ਸਾਰੇ ਆਗੂਆਂ ਦੀ ਜਾਂਚ ਹੋਣੀ ਚਾਹੀਦੀ ਹੈ। ਜਾਖੜ ਨੇ ਸਵਾਲ ਚੁੱਕਿਆ ਕਿ ਜਿਹੜੇ ਆਗੂ ਛੋਟੀਆਂ ਜਿਹੀਆਂ ਦੁਕਾਨਾਂ ਚਲਾਉਂਦੇ ਸਨ, ਉਹ ਅੱਜ ਵੱਡੀਆਂ ਵੱਡੀਆਂ ਕੋਠੀਆਂ ਕਿਸ ਤਰ੍ਹਾਂ ਬਣਾ ਰਹੇ ਹਨ।