9.3 C
Toronto
Saturday, October 31, 2026
spot_img
Homeਪੰਜਾਬਚਰਚਾ ਵਿੱਚ : ਚੋਣਾਂ ਪੰਜਾਬ ਦੀਆਂ

ਚਰਚਾ ਵਿੱਚ : ਚੋਣਾਂ ਪੰਜਾਬ ਦੀਆਂ

ਚਰਚਾ ਵਿੱਚ : ਚੋਣਾਂ ਪੰਜਾਬ ਦੀਆਂਹਰਦੀਪ ਪੁਰੀ ਮੱਧ ਪ੍ਰਦੇਸ਼ ਤੋਂ ਹੋਣਗੇ ਰਾਜਸਭਾ ਸੀਟ ਦੇ ਉਮੀਦਵਾਰ, ਮੋਦੀ ਨੇ ਲਾਈ ਮੋਹਰ
ਭਾਜਪਾ ਨੇ ਇੱਕੋ-ਇੱਕ ਸਿੱਖ ਚਿਹਰੇ ਨੂੰ ਮੰਤਰੀ ਮੰਡਲ ‘ਚ ਬਰਕਰਾਰ ਰੱਖਣ ਲਈ ਚੁੱਕਿਆ ਕਦਮ
12 ਨਵੰਬਰ ਨੂੰ ਹੋਣ ਵਾਲੀ ਉਪ ਚੋਣ ਲਈ ਪੁਰੀ ਨੂੰ ਕੀਤਾ ਨਾਮਜਦ, ਸਿੱਖਾਂ ਦੇ ਨੇੜੇ ਹੋਈ ਭਾਜਪਾ
ਅਮਰਜੀਤ ਸਿੰਘ
ਚੰਡੀਗੜ੍ਹ : ਪੰਜਾਬ ਦੀ ਫਿਜ਼ਾ ਕਰਵਟ ਲੈ ਰਹੀ ਹੈ, ਭਾਰਤੀ ਜਨਤਾ ਪਾਰਟੀ ਨੂੰ ਵੀ ਹੌਲੇ ਹੌਲੇ ਸਮਝ ਆਉਣ ਲੱਗ ਪਿਆ ਹੈ ਕਿ ਕੇਂਦਰ ਵਿੱਚ ਸਿੱਖ ਚਿਹਰੇ ਤੋਂ ਬਗ਼ੈਰ ਪੰਜਾਬ ‘ਚ ਉਨ੍ਹਾਂ ਨੂੰ ਕਿਸੇ ਨੇ ਪੁੱਛਣਾ ਵੀ ਨਹੀਂ। ਲੋਕ ਸਭਾ ਨਾਲੋਂ ਸੜਕਾਂ ‘ਤੇ ਜ਼ਿਆਦਾ ਰੌਲਾ ਪਾਉਣ ਵਾਲੇ ਰਵਨੀਤ ਬਿੱਟੂ ਤੋਂ ਭਾਜਪਾ ਮੰਤਰੀ ਮੰਡਲ ਨੇ ਖਹਿੜਾ ਛੁਡਾ ਲਿਆ ਹੈ, ਲੈ ਦੇ ਕੇ ਇੱਕੋ ਇੱਕ ਸਿੱਖ ਹਰਦੀਪ ਸਿੰਘ ਪੁਰੀ ਬਾਕੀ ਬਚਿਆ ਹੈ ਜਿਸਦੇ ਸਿਰ ਤੇ ਕਾਫੀ ਦਿਨਾਂ ਤੋਂ ਬਰਤਰਫ਼ੀ ਦੀ ਤਲਵਾਰ ਲਟਕ ਰਹੀ ਸੀ। ਉਨ੍ਹਾਂ ਦਾ ਰਾਜ ਸਭਾ ਦਾ ਕਾਰਜਕਾਲ ਖਤਮ ਹੋਣ ਵਾਲਾ ਹੈ, ਅੱਗੇ ਲਈ ਉਨ੍ਹਾਂ ਦੇ ਭਵਿੱਖ ਦੇ ਪ੍ਰਸ਼ਨ ਚਿਨ੍ਹ ਲੱਗਿਆ ਹੋਇਆ ਸੀ।
ਸਾਰੀਆਂ ਅਟਕਲਬਾਜ਼ੀਆਂ ‘ਤੇ ਉਦੋਂ ਵਿਰਾਮ ਲੱਗ ਗਿਆ ਜਦੋਂ ਭਾਜਪਾ ਨੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੂੰ ਰਾਜ ਸਭਾ ਲਈ ਮੱਧ ਪ੍ਰਦੇਸ਼ ਦੀ ਇੱਕ ਸੀਟ ਤੋਂ ਨਾਮਜ਼ਦ ਕਰ ਲਿਆ, ਇਸ ਤਰ੍ਹਾਂ ਕੇਂਦਰੀ ਮੰਤਰੀ ਮੰਡਲ ਵਿੱਚ ਉਨ੍ਹਾਂ ਦੀ ਥਾਂ ਪੱਕੀ ਹੋ ਗਈ ਹੈ।
ਉਨ੍ਹਾਂ ਨਾਲ ਰਵਨੀਤ ਬਿੱਟੂ ਵਾਲਾ ਸਲੂਕ ਨਹੀਂ ਹੋਇਆ, ਬਿੱਟੂ ਦੀ ਰਾਜਸਭਾ ਦੀ ਸੀਟ ਦਾ ਸਮਾਂ ਸਮਾਪਤ ਹੋਣ ‘ਤੇ ਉਸਨੂੰ ਅੱਗੇ ਸਮਾਂ ਨਹੀਂ ਦਿੱਤਾ ਗਿਆ ਤੇ ਉਹ ਹੁਣ ਮੰਤਰੀ ਮੰਡਲ ਤੋਂ ਬਾਹਰ ਭਾਜਪਾ ਦਾ ਪ੍ਰਚਾਰ ਕਰਨ ਤੇ ਲੱਗੇ ਹੋਏ ਹਨ। ਕੇਂਦਰੀ ਮੰਤਰੀ ਐਲ ਮੁਰੂਗਨ ਦੇ ਅਸਤੀਫ਼ੇ ਤੋਂ ਬਾਅਦ ਜੋ ਸੀਟ ਖਾਲੀ ਹੋ ਗਈ ਸੀ ਉਸਦੇ ਲਈ ਪੁਰੀ ਨੂੰ ਮੌਕਾ ਦਿੱਤਾ ਜਾ ਰਿਹਾ ਹੈ। ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਨੇ ਬੁੱਧਵਾਰ ਨੂੰ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਦੇ ਭਵਿੱਖ ਬਾਰੇ ਲੱਗ ਰਹੀਆਂ ਕਿਆਸਅਰਾਈਆਂ ‘ਤੇ ਵਿਰਾਮ ਲਗਾਉਂਦੇ ਹੋਏ, ਉਨ੍ਹਾਂ ਨੂੰ ਮੱਧ ਪ੍ਰਦੇਸ਼ ਤੋਂ ਰਾਜ ਸਭਾ ਸੀਟ ਲਈ ਨਾਮਜ਼ਦ ਕੀਤਾ ਹੈ। 74 ਸਾਲਾ ਬਜ਼ੁਰਗ ਪੁਰੀ, ਹੁਣ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੇ ਮੰਤਰੀ ਮੰਡਲ ਵਿੱਚ ਬਣੇ ਰਹਿਣਗੇ, ਜਿਸ ਨਾਲ ਭਾਜਪਾ ਨੇ ਮੰਤਰੀ ਮੰਡਲ ਵਿੱਚ ਆਪਣੇ ਇਕਲੌਤੇ ਸਿੱਖ ਚਿਹਰੇ ਨੂੰ ਬਰਕਰਾਰ ਰੱਖ ਕੇ ਸਿੱਖਾਂ ਨਾਲ ਸਿੱਧਾ ਰਾਬਤਾ ਬਰਕਰਾਰ ਰੱਖਿਆ ਹੈ।
ਕੁੱਝ ਸਮਾਂ ਪਹਿਲਾਂ ਜਦੋਂ ਭਾਜਪਾ ਨੇ ਪੁਰੀ ਨੂੰ ਉੱਤਰ ਪ੍ਰਦੇਸ਼ ਤੋਂ ਦੁਬਾਰਾ ਰਾਜ ਸਭਾ ਲਈ ਨਾਮਜ਼ਦ ਨਹੀਂ ਕੀਤਾ ਸੀ, ਤਾਂ ਉਨ੍ਹਾਂ ਦੇ ਭਵਿੱਖ ਨੂੰ ਲੈ ਕੇ ਕਈ ਸਵਾਲ ਖੜ੍ਹੇ ਹੋ ਗਏ ਸਨ। ਕਿਉਂਕਿ ਉੱਤਰ ਪ੍ਰਦੇਸ਼ ਦੀਆਂ ਇਨ੍ਹਾਂ ਰਾਜ ਸਭਾ ਚੋਣਾਂ ਵਿੱਚ ਪਾਰਟੀ ਨੇ ਸਾਰੇ ਸੂਬਾਈ ਆਗੂਆਂ ਨੂੰ ਮੈਦਾਨ ਵਿੱਚ ਉਤਾਰਿਆ ਸੀ, ਜਿਸ ਪਿੱਛੇ ਕਿਹਾ ਇਹ ਜਾ ਰਿਹਾ ਸੀ ਕਿ ਇਹ ਸਭ 2027 ਦੀਆਂ ਯੂਪੀ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾ ਰਿਹਾ ਹੈ। ਹੁਣ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਹੋਣ ਵਾਲੀਆਂ ਪੰਜਾਬ ਦੀਆਂ ਅਹਿਮ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਪੁਰੀ ਨੂੰ ਮੁੜ ਬਰਕਰਾਰ ਰੱਖਿਆ ਹੈ।
ਐਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਹਰਦੀਪ ਪੁਰੀ ਨੂੰ ਕਾਂਗਰਸ ਦੀ ਅਗਵਾਈ ਵਾਲੇ ਵਿਰੋਧੀ ਧਿਰ ਵੱਲੋਂ ਵਾਰ-ਵਾਰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਛੋਟੇ ਬੱਚਿਆਂ ਨਾਲ ਜੁੜੇ ਜਿਨਸੀ ਅਪਰਾਧਾਂ ਦੇ ਦੋਸ਼ੀ ਰਹੇ ਮਰਹੂਮ ਜੈਫਰੀ ਐਪਸਟੀਨ ਨਾਲ ਪੁਰੀ ਦੇ ਕਥਿਤ ਸਬੰਧ ਹੋਣ ਦਾ ਦੋਸ਼ ਲਗਾਇਆ ਜਾ ਰਿਹਾ ਸੀ। ਹਾਲਾਂਕਿ, ਉਨ੍ਹਾਂ ਨੇ ਐਪਸਟੀਨ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧ ਹੋਣ ਦੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਸੀ ਲੇਕਿਨ ਬਹੁਤ ਸਾਰੀਆਂ ਵੀਡੀਓਜ਼ ਇਸ ਵੇਲੇ ਵੀ ਨੈੱਟ ‘ਤੇ ਮੌਜੂਦ ਹਨ ਜੋ ਇਸ਼ਾਰਾ ਕਰਦੀਆਂ ਹਨ ਕਿ ਪੂਰੀ ਦੇ ਐਪਸਟੀਨ ਨਾਲ ਸੰਬੰਧ ਰਹੇ ਹਨ। ਇਹ ਅਦਾਰਾ ਇਸ ਤਰ੍ਹਾਂ ਦੀਆਂ ਵੀਡੀਓਜ਼ ਦੀ ਕਿਸੇ ਤਰ੍ਹਾਂ ਵੀ ਪੁਸ਼ਟੀ ਨਹੀਂ ਕਰਦਾ ਕਿਉਂਕਿ ਇਹ ਇੱਕ ਜਾਂਚ ਦਾ ਮਾਮਲਾ ਹੈ।
ਹੁਣ ਇਹ ਵੀ ਜ਼ਾਹਿਰ ਹੋ ਗਿਆ ਹੈ ਕਿ ਕੇਂਦਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਨੂੰ ਦੁਬਾਰਾ ਨਾਮਜ਼ਦ ਕਰਕੇ, ਪ੍ਰਧਾਨ ਮੰਤਰੀ ਨੇ ਖੁਦ ਪੁਰੀ ਦਾ ਪੱਖ ਲਿਆ ਹੈ ਅਤੇ ਉਨ੍ਹਾਂ ਨੂੰ ਆਪਣਾ ਸਮਰਥਨ ਦਿੱਤਾ ਹੈ। ਪੁਰੀ ਨੇ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਅੰਮ੍ਰਿਤਸਰ ਤੋਂ ਚੋਣ ਲੜੀ ਸੀ ਪਰ ਉਹ ਜਿੱਤ ਨਹੀਂ ਸਕੇ ਸਨ। ਉਸ ਚੋਣ ਵਿੱਚ ਕਾਂਗਰਸ ਦੇ ਗੁਰਜੀਤ ਔਜਲਾ ਜੇਤੂ ਰਹੇ ਸਨ।
ਇਸੇ ਤਰ੍ਹਾਂ ਰਵਨੀਤ ਬਿੱਟੂ ਵੀ ਲੁਧਿਆਣਾ ਤੋਂ ਚੋਣ ਹਾਰੇ ਸਨ। ਭਾਜਪਾ ਨੇ ਇਨ੍ਹਾਂ ਹਾਰੇ ਹੋਏ ਆਗੂਆਂ ਨੂੰ ਰਾਜਸਭਾ ਵਿੱਚ ਭੇਜ ਕੇ ਇਨ੍ਹਾਂ ਦੀ ਸਿਆਸਤ ਬਰਕਰਾਰ ਰੱਖੀ ਸੀ। ਹੁਣ ਜਦੋਂ ਕਿ ਪੁਰੀ ਦਾ ਰਾਜ ਸਭਾ ਦਾ ਕਾਰਜਕਾਲ ਨਵੰਬਰ ਵਿੱਚ ਖਤਮ ਹੋਣ ਵਾਲਾ ਸੀ ਤਾਂ ਉਨ੍ਹਾਂ ਨੂੰ ਫੇਰ ਤੋਂ ਰਾਜਸਭਾ ਲਈ ਨਾਮਜਦ ਕਰ ਲਿਆ ਹੈ। ਮੱਧ ਪ੍ਰਦੇਸ਼ ਦੀ ਇਸ ਰਾਜ ਸਭਾ ਸੀਟ ਲਈ ਉਪ-ਚੋਣ 12 ਨਵੰਬਰ ਨੂੰ ਹੋਵੇਗੀ।

RELATED ARTICLES
POPULAR POSTS