Breaking News
Home / ਪੰਜਾਬ / ਨੌਕਰੀ ਘੁਟਾਲੇ ਦੇ ਦੋਸ਼ੀ ਬਖਸ਼ੇ ਨਹੀਂ ਜਾਣਗੇ : ਬਾਦਲ

ਨੌਕਰੀ ਘੁਟਾਲੇ ਦੇ ਦੋਸ਼ੀ ਬਖਸ਼ੇ ਨਹੀਂ ਜਾਣਗੇ : ਬਾਦਲ

8ਮੁੱਖ ਮੰਤਰੀ ਨੇ ਪੰਜਾਬ ਨੂੰ ਸਭ ਤੋਂ ਵੱਧ ਅਮਨ ਅਮਾਨ ਵਾਲਾ ਸੂਬਾ ਦੱਸਿਆ
ਲੰਬੀ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਨੌਕਰੀ ਘੁਟਾਲੇ ਦੀ ਵਿਜੀਲੈਂਸ ਜਾਂਚ ਵਿਚ ਦੋਸ਼ੀ ਪਾਏ ਜਾਣ ਵਾਲੇ ਦੋਸ਼ੀਆਂ ਨੂੰ ਕਿਸੇ ਵੀ ਕੀਮਤ ‘ਤੇ ਨਹੀਂ ਬਖਸ਼ਿਆ ਜਾਵੇਗਾ। ਜਿਹੜਾ ਵੀ ਦੋਸ਼ੀ ਹੋਇਆ ਉਸ ਵਿਰੁੱਧ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਲੰਬੀ ਹਲਕੇ ਵਿਚ ਸੰਗਤ ਦਰਸ਼ਨ ਸਮਾਗਮ ਮੌਕੇ ਪੱਤਰਕਾਰਾਂ ਵੱਲੋਂ ਅਕਾਲੀ ਦਲ ਦੇ ਇਕ ਸੀਨੀਅਰ ਆਗੂ ਦਾ ਨਾਂ ਇਸ ਮਾਮਲੇ ਵਿਚ ਆਉਣ ਬਾਰੇ ਪੁੱਛੇ ਜਾਣ ‘ਤੇ ਮੁੱਖ ਮੰਤਰੀ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਖੁਦ ਵਿਜੀਲੈਂਸ ਜਾਂਚ ਦੇ ਹੁਕਮ ਦਿੱਤੇ ਹਨ ਅਤੇ ਉਨ੍ਹਾਂ ਕਿਸੇ ਨੂੰ ਬਚਾਉਣਾ ਹੁੰਦਾ ਤਾਂ ਉਹ ਜਾਂਚ ਦੇ ਹੁਕਮ ਕਿਉਂ ਦਿੰਦੇ।
ਮੁੱਖ ਮੰਤਰੀ ਨੇ ਵਿਰੋਧੀਆਂ ਵੱਲੋਂ ਸੂਬਾ ਸਰਕਾਰ ਦੀ ਵੱਖ-ਵੱਖ ਮੁੱਦਿਆਂ ‘ਤੇ ਕੀਤੀ ਜਾ ਰਹੀ ਆਲੋਚਨਾ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਨੌਂ ਸਾਲਾਂ ਦੇ ਕਾਰਜ ਕਾਲ ਲਈ ਵਿਰੋਧੀਆਂ ਦੇ ਨਹੀਂ ਸਗੋਂ ਸੂਬੇ ਦੇ ਆਮ ਲੋਕਾਂ ਦੇ ਸਰਟੀਫਿਕੇਟ ਦੀ ਜ਼ਰੂਰਤ ਹੈ। ਮੁੱਖ ਮੰਤਰੀ ਨੇ ਗੱਗੜ, ਮਿੱਠੜੀ, ਫਤੂਹੀਵਾਲਾ, ਸਿੰਘੇਵਾਲਾ ਢਾਣੀ, ਵੜਿੰਗਖੇੜਾ, ਫੱਤਾਕੇਰਾ, ਕਿੱਲਿਆਂਵਾਲੀ ਅਤੇ ਮੰਡੀ ਕਿੱਲਿਆਂਵਾਲੀ ਵਿਖੇ ਸੰਗਤ ਦਰਸ਼ਨ ਕੀਤੇ। ਸੂਬੇ ਵਿੱਚ ਨਿੱਤ ਵਾਪਰ ਰਹੀਆਂ ਕਤਲਾਂ ਤੇ ਲੁੱਟ ਖੋਹ ਦੀਆਂ ਘਟਨਾਵਾਂ ਬਾਰੇ ਬਾਦਲ ਨੇ ਕਿਹਾ ਕਿ ਪੰਜਾਬ ਇਸ ਵੇਲੇ ਦੇਸ਼ ਦਾ ਸਭ ਤੋਂ ਅਮਨ-ਅਮਾਨ ਵਾਲਾ ਸੂਬਾ ਹੈ। ਉਨ੍ਹਾਂ ਕਿਹਾ ਕਿ ਮਾੜੀਆਂ ਮੋਟੀਆਂ ਘਟਨਾਵਾਂ ਦੁਨੀਆਂ ਦੇ ਕਿਸੇ ਹਿੱਸੇ ਵਿੱਚ, ਕਿਸੇ ਸਮੇਂ ਵੀ ਵਾਪਰ ਸਕਦੀਆਂ ਹਨ ਅਤੇ ਇਨ੍ਹਾਂ ਦੇ ਅਧਾਰ ‘ਤੇ ਕਿਸੇ ਖਿੱਤੇ ਵਿੱਚਲੀ ਸ਼ਾਂਤੀ ਦਾ ਮੁਲਾਂਕਣ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਕਾਂਗਰਸ ਅਜਿਹੇ ਨਾਜ਼ੁਕ ਮੁੱਦਿਆਂ ‘ਤੇ ਗੈਰਜ਼ਿੰਮੇਵਾਰੀ ਵਾਲੀ ਰਾਜਨੀਤੀ ਕਰ ਰਹੀ ਹੈ। ਇਸ ਤੋਂ ਪਹਿਲਾਂ ਸੰਗਤ ਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਬਾਦਲ ਨੇ ਆਉਂਦੇ ਸਮੇਂ ਦੌਰਾਨ ਚਿੱਟੇ ਮੱਛਰ ਦੇ ਸੰਭਾਵਿਤ ਹਮਲੇ ਦੇ ਟਾਕਰੇ ਲਈ ਕਿਸਾਨਾਂ ਤੋਂ ਸਹਿਯੋਗ ਦੀ ਮੰਗ ਕਰਦੇ ਹੋਏ ਕਿਸਾਨਾਂ ਨੂੰ ਆਪਣੇ ਖੇਤਾਂ ਦੇ ਆਲੇ-ਦੁਆਲੇ ਤੋਂ ਝਾੜੀਆਂ, ਮਲ੍ਹੇ, ਭੰਗ ਸਣੇ ਸਾਰੇ ਤਰ੍ਹਾਂ ਦੇ ਘਾਹ ਫੂਸ ਦਾ ਸਫਾਇਆ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਚਿੱਟੇ ਮੱਛਰ ਦੇ ਵੱਧਣ ਫੁੱਲਣ ਦੀਆਂ ਸੰਭਾਵਨਾਵਾਂ ਨੂੰ ਖਤਮ ਕੀਤਾ ਜਾ ਸਕੇ ਅਤੇ ਪਿਛਲੇ ਸਾਲ ਦੀ ਤਰ੍ਹਾਂ ਫਸਲਾਂ ਦੇ ਹੋਏ ਨੁਕਸਾਨ ਤੋਂ ਬਚਿਆ ਜਾ ਸਕੇ। ਕਾਂਗਰਸ ‘ਤੇ ਤਿੱਖੇ ਹਮਲੇ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਵੱਖੋ-ਵੱਖਰੇ ਸਮੇਂ ‘ਤੇ ਪਾਣੀਆਂ ਦੇ ਸਮਝੌਤੇ ਕਰਕੇ ਪੰਜਾਬ ਤੋਂ ਉਸ ਦਾ ਪਾਣੀ ਖੋਹਣ ਦੇ ਮਨਸੂਬੇ ਘੜੇ ਸਨ। ਹਰਿਆਣਾ, ਰਾਜਸਥਾਨ ਅਤੇ ਹੋਰ ਸੂਬੇ ਜਿਨ੍ਹਾਂ ਦਾ ਪੰਜਾਬ ਦੇ ਪਾਣੀ ‘ਤੇ ਕੋਈ ਵੀ ਹੱਕ ਨਹੀਂ ਹੈ, ਨੂੰ ਗੈਰ ਕਾਨੂੰਨੀ ਢੰਗ ਨਾਲ ਪੰਜਾਬ ਦਾ ਪਾਣੀ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੀ ਕਾਂਗਰਸ ਵਾਂਗ ਪੰਜਾਬ ਵਿਰੋਧੀ ਹੈ।

Check Also

ਭਾਜਪਾ ਆਗੂ ਵਿਜੇ ਸਾਂਪਲਾ ਸ਼ੋ੍ਰਮਣੀ ਅਕਾਲੀ ਦਲ ’ਚ ਨਹੀਂ ਹੋਣਗੇ ਸ਼ਾਮਲ

ਵਰਕਰਾਂ ਨਾਲ ਕੀਤੀ ਗਈ ਮੀਟਿੰਗ ਤੋਂ ਬਾਅਦ ਲਿਆ ਫੈਸਲਾ ਹੁਸ਼ਿਆਰਪੁਰ/ਬਿਊਰੋ : ਹੁਸ਼ਿਆਰਪੁਰ ਲੋਕ ਸਭਾ ਹਲਕੇ …