ਚੰਡੀਗੜ੍ਹ ਸਣੇ ਪੰਚਕੂਲਾ ਅਤੇ ਮੋਹਾਲੀ ’ਚ ਵੀ ਵਧ ਰਹੇ ਹਨ ਮਾਮਲੇ
ਚੰਡੀਗੜ੍ਹ/ਬਿਊਰੋ ਨਿਊਜ਼
ਚੰਡੀਗੜ੍ਹ ਸਣੇ ਪੰਚਕੂਲਾ ਅਤੇ ਮੋਹਾਲੀ ਵਿਚ ਡੇਂਗੂ ਅਤੇ ਚਿਕਨਗੁਨੀਆ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਲੰਘੇ ਅਕਤੂਬਰ ਮਹੀਨੇ ਤੋਂ ਡੇਂਗੂ ਦੇ ਕੇਸ ਵਧਣ ਲੱਗੇ ਹਨ। ਹੁਣ ਤੱਕ ਟਰਾਈਸਿਟੀ ਵਿਚ ਡੇਂਗੂ ਦੇ 4 ਹਜ਼ਾਰ ਤੋਂ ਉਪਰ ਅਤੇ ਚਿਕਨਗੁਨੀਆ ਦੇ 350 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ। ਹਾਲਾਂਕਿ ਚੰਡੀਗੜ੍ਹ ਵਿਚ ਦਰਜ ਮਾਮਲੇ ਪੰਚਕੂਲਾ ਅਤੇ ਮੋਹਾਲੀ ਤੋਂ ਘੱਟ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਮਾਨਸੂਨ ਖਤਮ ਹੋਣ ਵਿਚ ਹੋਈ ਦੇਰੀ ਕਾਰਨ ਮੱਛਰਾਂ ਦੀ ਗਿਣਤੀ ਵਧੀ ਹੈ ਅਤੇ ਇਸਦੇ ਚੱਲਦਿਆਂ ਡੇਂਗੂ ਅਤੇ ਚਿਕਨਗੁਨੀਆ ਦੇ ਮਾਮਲੇ ਵਧ ਰਹੇ ਹਨ। ਚੰਡੀਗੜ੍ਹ ਦੀ ਡਾਇਰੈਕਟਰ, ਹੈਲਥ ਸਰਵਿਸਿਜ਼ ਦਾ ਕਹਿਣਾ ਸੀ ਕਿ ਇਸ ਵਾਰ ਡੇਂਗੂ ਦੇ ਮਾਮਲੇ ਪਿਛਲੇ ਸਾਲ ਦੇ ਮੁਕਾਬਲੇ ਘੱਟ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਚੰਡੀਗੜ੍ਹ ਵਿਚ ਡੇਂਗੂ ਦੇ 1596 ਕੇਸ ਸਾਹਮਣੇ ਆਏ ਸਨ। ਰਾਹਤ ਦੀ ਗੱਲ ਇਹ ਹੈ ਕਿ ਇਸ ਸਾਲ ਹੁਣ ਤੱਕ ਚੰਡੀਗੜ੍ਹ ਅਤੇ ਪੰਚਕੂਲਾ ਵਿਚ ਡੇਂਗੂ ਨਾਲ ਕੋਈ ਵੀ ਮੌਤ ਦਰਜ ਨਹੀਂ ਕੀਤੀ ਗਈ। ਹਾਲਾਂਕਿ ਮੋਹਾਲੀ ਵਿਚ ਪੰਜ ਮੌਤਾਂ ਇਸ ਬਿਮਾਰੀ ਨਾਲ ਹੋ ਚੁੱਕੀਆਂ ਹਨ। ਡੇਂਗੂ ਦੇ ਲੱਛਣ ਆਮ ਵਿਅਕਤੀਆਂ ਵਿਚ ਮੱਛਰ ਦੇ ਕੱਟਣ ਤੋਂ ਚਾਰ-ਪੰਜ ਦਿਨਾਂ ਬਾਅਦ ਦਿਖਾਈ ਦੇਣ ਲੱਗਦੇ ਹਨ। ਡੇਂਗੂ ਦੇ ਲੱਛਣ ਤੇਜ਼ ਬੁਖਾਰ, ਸਿਰ ਦਰਦ, ਉਲਟੀ ਜਾਂ ਸਰੀਰ ’ਤੇ ਦਾਣੇ ਜਿਹੇ ਹੋ ਜਾਂਦੇ ਹਨ। ਬਹੁਤੇ ਵਿਅਕਤੀਆਂ ਨੂੰ ਇਕ ਜਾਂ ਦੋ ਹਫਤੇ ਵਿਚ ਬੁਖਾਰ ਤੋਂ ਆਰਾਮ ਮਿਲ ਜਾਂਦਾ ਹੈ, ਹਾਲਾਂਕਿ ਜਿਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਹੈ, ਉਨ੍ਹਾਂ ਵਿਚ ਇਸਦੇ ਗੰਭੀਰ ਰੋਗ ਵਿਚ ਤਬਦੀਲ ਹੋਣ ਦਾ ਖਦਸ਼ਾ ਵੀ ਵਧ ਜਾਂਦਾ ਹੈ। ਹੈਲਥ ਵਿਭਾਗ ਨੇ ਲੋਕਾਂ ਨੂੰ ਸਿਹਤ ਸਬੰਧੀ ਸਾਵਧਾਨੀਆਂ ਵਰਤਣ ਲਈ ਕਿਹਾ ਹੈ।