-1.3 C
Toronto
Thursday, January 22, 2026
spot_img
Homeਪੰਜਾਬਭਾਈ ਮਰਦਾਨੇ ਦੇ ਵੰਸ਼ਜ ਨੂੰ ਸ਼੍ਰੋਮਣੀ ਕਮੇਟੀ ਦੇਵੇਗੀ 21 ਹਜ਼ਾਰ ਰੁਪਏ ਮਹੀਨਾ...

ਭਾਈ ਮਰਦਾਨੇ ਦੇ ਵੰਸ਼ਜ ਨੂੰ ਸ਼੍ਰੋਮਣੀ ਕਮੇਟੀ ਦੇਵੇਗੀ 21 ਹਜ਼ਾਰ ਰੁਪਏ ਮਹੀਨਾ ਪੈਨਸ਼ਨ

ਨਨਕਾਣਾ ਸਾਹਿਬ : ਗੁਰੂ ਨਾਨਕ ਦੇਵ ਜੀ ਦੇ ਸਾਥੀ ਭਾਈ ਮਰਦਾਨਾ ਦੀ 18ਵੀਂ ਤੇ 19ਵੀਂ ਪੀੜ੍ਹੀ ਦੇ ਵੰਸ਼ਜ ਅੱਜ ਮਾੜੇ ਆਰਥਿਕ ਹਾਲਾਤ ਵਿਚੋਂ ਲੰਘ ਰਹੇ ਹਨ। ਉਨ੍ਹਾਂ ਨੂੰ ਗੁਜ਼ਾਰੇ ਲਈ ਮਿਹਨਤ-ਮਜ਼ਦੂਰੀ ਕਰਨੀ ਪੈਂਦੀ ਹੈ। ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਨੂੰ ਆਰਥਿਕ ਮਦਦ ਦੇਣ ਲਈ ਹਰ ਮਹੀਨੇ 21 ਹਜ਼ਾਰ ਰੁਪਏ ਪੈਨਸ਼ਨ ਦੇਣ ਦਾ ਫ਼ੈਸਲਾ ਕੀਤਾ ਹੈ। ਭਾਈ ਮਰਦਾਨਾ ਦੀ 18ਵੀਂ ਪੀੜ੍ਹੀ ਵਿਚੋਂ ਇਸ ਵੇਲੇ ਭਾਈ ਮੁਹੰਮਦ ਹੁਸੈਨ ਲਾਲ ਤੇ ਉਸ ਦਾ ਭਰਾ ਭਾਈ ਨਾਇਮ ਤਾਹਿਰ ਹੈ ਜਦੋਂਕਿ 19ਵੀਂ ਪੀੜ੍ਹੀ ਵਿਚੋਂ ਭਾਈ ਮੁਹੰਮਦ ਹੁਸੈਨ ਲਾਲ ਦਾ ਬੇਟਾ ਭਾਈ ਸਰਫਰਾਜ ਹੈ। ਇਹ ਸਾਰੇ ਇਸ ਵੇਲੇ ਲਾਹੌਰ ਵੱਸੇ ਹੋਏ ਹਨ। ਇਨ੍ਹਾਂ ਨੇ ਗੁਰੂ ਘਰ ਵਿਚ ਗੁਰਬਾਣੀ ਕੀਰਤਨ ਕਰਨ ਦੀ ਪੁਰਾਤਨ ਪਰਿਵਾਰਕ ਰਵਾਇਤ ਨੂੰ ਬਰਕਰਾਰ ਰੱਖਿਆ ਹੈ। ਇਹ ਪਰਿਵਾਰ ਹਰ ਐਤਵਾਰ ਨੂੰ ਲਾਹੌਰ ਸਥਿਤ ਗੁਰਦੁਆਰਾ ਡੇਹਰਾ ਸਾਹਿਬ ਵਿਚ ਕੀਰਤਨ ਕਰਦਾ ਹੈ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਨਗਰ ਕੀਰਤਨ ਦੀ ਆਰੰਭਤਾ ਵੇਲੇ ਵੀ ਇਨ੍ਹਾਂ ਦੇ ਜਥੇ ਨੇ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਵਿਚ ਕੀਰਤਨ ਕੀਤਾ। ਭਾਈ ਮੁਹੰਮਦ ਹੁਸੈਨ ਲਾਲ ਇਸ ਵੇਲੇ ਰੰਗ ਰੋਗਨ ਦਾ ਕੰਮ ਕਰਦਾ ਹੈ ਤੇ ਉਨ੍ਹਾਂ ਦਾ ਬੇਟਾ ਸਰਫਰਾਜ ਰਿਕਸ਼ਾ ਚਲਾਉਂਦਾ ਹੈ। ਉਹ ਇਮਾਰਤ ਉਸਾਰੀ ਦਾ ਸਾਮਾਨ ਸੀਮਿੰਟ, ਬਜਰੀ ਤੇ ਰੇਤ ਆਦਿ ਦੀ ਢੋਆ-ਢੁਆਈ ਕਰਦਾ ਹੈ। ਭਾਈ ਮੁਹੰਮਦ ਹੁਸੈਨ ਲਾਲ ਦੀ ਪਤਨੀ ਦੀ ਅੱਖ ਦਾ ਅਪਰੇਸ਼ਨ ਹੋਣਾ ਹੈ, ਜਿਸ ਲਈ ਉਸ ਨੂੰ ਆਰਥਿਕ ਮਦਦ ਦੀ ਲੋੜ ਸੀ। ਮੁੱਖ ਸਕੱਤਰ ਨੇ ਉਨ੍ਹਾਂ ਦੀ ਪਤਨੀ ਦੀ ਅੱਖ ਦੇ ਅਪਰੇਸ਼ਨ ਲਈ ਸ਼੍ਰੋਮਣੀ ਕਮੇਟੀ ਵਲੋਂ ਉਨ੍ਹਾਂ ਨੂੰ ਭਾਰਤੀ ਕਰੰਸੀ ਦੇ 11 ਹਜ਼ਾਰ ਰੁਪਏ ਦੀ ਮਦਦ ਮੁਹੱਈਆ ਕੀਤੀ ਹੈ। ਇਸ ਤੋਂ ਬਾਅਦ ਅੰਤ੍ਰਿੰਗ ਕਮੇਟੀ ਵਿਚ ਫ਼ੈਸਲਾ ਕਰ ਕੇ ਇਸ ਪਰਿਵਾਰ ਨੂੰ ਹਰ ਮਹੀਨੇ 21 ਹਜ਼ਾਰ ਰੁਪਏ ਭਾਰਤੀ ਕਰੰਸੀ ਦੇ ਮਹੀਨਾਵਾਰ ਪੈਨਸ਼ਨ ਦੇਣ ਦਾ ਫ਼ੈਸਲਾ ਕੀਤਾ ਹੈ।

RELATED ARTICLES
POPULAR POSTS