ਚੰਡੀਗੜ੍ਹ/ਬਿਊਰੋ ਨਿਊਜ਼ : ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਨੇ ਕਾਂਗਰਸ ਪਾਰਟੀ ਨੂੰ ਬਾਗ਼ੀ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਉਹ ਖੁੱਲ੍ਹ ਕੇ ਕੈਪਟਨ ਅਮਰਿੰਦਰ ਸਿੰਘ ਦੀ ਹਮਾਇਤ ‘ਚ ਨਿੱਤਰ ਆਏ ਹਨ। ਕਾਂਗਰਸ ਵੱਲੋਂ ਜਾਰੀ ਕੀਤੇ ਗਏ ‘ਕਾਰਨ ਦੱਸੋ’ ਨੋਟਿਸ ਦੀ ਪ੍ਰਵਾਹ ਕੀਤੇ ਬਿਨਾਂ ਪਰਨੀਤ ਕੌਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਆਪਣੇ ਪਤੀ ਅਮਰਿੰਦਰ ਸਿੰਘ ਨਾਲ ਖੜ੍ਹਨਗੇ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਪਰਨੀਤ ਕੌਰ ਨੂੰ ਨੋਟਿਸ ਜਾਰੀ ਕਰ ਕੇ ਸਪੱਸ਼ਟੀਕਰਨ ਮੰਗਿਆ ਸੀ ਕਿ ਉਹ ਕਿਸ ਪਾਸੇ ਖੜ੍ਹਨਗੇ?
ਸੰਸਦ ਮੈਂਬਰ ਪਰਨੀਤ ਕੌਰ ਨੇ ਆਪਣੇ ਸੋਸ਼ਲ ਮੀਡੀਆ ਖਾਤੇ ‘ਤੇ ‘ਕੈਪਟਨ ਫ਼ਾਰ 2022’ ਦੀ ਪ੍ਰੋਫਾਈਲ ਤਸਵੀਰ ਲਗਾ ਦਿੱਤੀ ਹੈ, ਜਿਸ ਤੋਂ ਸਾਫ਼ ਹੋ ਗਿਆ ਹੈ ਕਿ ਆਗਾਮੀ ਚੋਣਾਂ ‘ਚ ਪਰਨੀਤ ਕੌਰ ਨਵੀਂ ਬਣ ਰਹੀ ‘ਲੋਕ ਕਾਂਗਰਸ ਪਾਰਟੀ’ ਨਾਲ ਖੜ੍ਹਨਗੇ। ਇਸ ਤੋਂ ਪਹਿਲਾਂ ਸੰਸਦ ਮੈਂਬਰ ਨੇ ਜਨਤਕ ਤੌਰ ‘ਤੇ ਵੀ ਕਿਹਾ ਸੀ ਕਿ ਉਹ ਆਪਣੇ ਪਰਿਵਾਰ ਨਾਲ ਖੜ੍ਹਨਗੇ, ਜਿਸ ਮਗਰੋਂ ਪਾਰਟੀ ਨੇ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਸੀ। ਸਿਆਸੀ ਹਲਕਿਆਂ ਵਿੱਚ ਪਰਨੀਤ ਕੌਰ ਦੇ ਕਾਂਗਰਸ ‘ਚੋਂ ਬਾਗ਼ੀ ਹੋਣ ਬਾਰੇ ਕਾਫ਼ੀ ਹਲਚਲ ਹੈ। ਪਤਾ ਲੱਗਾ ਹੈ ਕਿ ਹਰੀਸ਼ ਚੌਧਰੀ ਨੇ ਪਰਨੀਤ ਕੌਰ ਦੀ ਤਾਜ਼ਾ ਗਤੀਵਿਧੀ ਤੋਂ ਕਾਂਗਰਸ ਹਾਈਕਮਾਨ ਨੂੰ ਜਾਣੂ ਕਰਵਾ ਦਿੱਤਾ ਹੈ। ਸੂਤਰ ਦੱਸਦੇ ਹਨ ਕਿ ਹਰੀਸ਼ ਚੌਧਰੀ ਨੇ ਹਾਈਕਮਾਨ ਤੋਂ ਪਰਨੀਤ ਕੌਰ ਖ਼ਿਲਾਫ਼ ਅਗਲੀ ਕਾਰਵਾਈ ਕੀਤੇ ਜਾਣ ਸਬੰਧੀ ਪ੍ਰਵਾਨਗੀ ਵੀ ਮੰਗੀ ਹੈ।