Breaking News
Home / ਪੰਜਾਬ / ਹਰਿਮੰਦਰ ਸਾਹਿਬ ਨਤਮਸਤਕ ਹੋਣਾ ਚਾਹੁੰਦੇ ਹਨ ਰਾਏ ਬੁਲਾਰ ਭੱਟੀ ਦੀ 19ਵੀਂ ਪੀੜ੍ਹੀ ਦੇ ਮੈਂਬਰ

ਹਰਿਮੰਦਰ ਸਾਹਿਬ ਨਤਮਸਤਕ ਹੋਣਾ ਚਾਹੁੰਦੇ ਹਨ ਰਾਏ ਬੁਲਾਰ ਭੱਟੀ ਦੀ 19ਵੀਂ ਪੀੜ੍ਹੀ ਦੇ ਮੈਂਬਰ

ਸ਼੍ਰੋਮਣੀ ਕਮੇਟੀ ਕੇਂਦਰੀ ਸਿੱਖ ਅਜਾਇਬ ਘਰ ‘ਚ ਲਗਾਏਗੀ ਰਾਏ ਬੁਲਾਰ ਭੱਟੀ ਦੀ ਤਸਵੀਰ
ਨਨਕਾਣਾ ਸਾਹਿਬ/ਬਿਊਰੋ ਨਿਊਜ਼ : ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਸ਼ਰਧਾਲੂ ਰਾਏ ਬੁਲਾਰ ਭੱਟੀ ਦੀ 19ਵੀਂ ਪੀੜ੍ਹੀ ਦੇ ਮੈਂਬਰ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਚ ਨਤਮਸਤਕ ਹੋਣਾ ਚਾਹੁੰਦੇ ਹਨ। ਉਨ੍ਹਾਂ ਨੂੰ ਭਾਰਤ ਆਉਣ ਦਾ ਵੀਜ਼ਾ ਨਹੀਂ ਮਿਲ ਰਿਹਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਹਰਿਮੰਦਰ ਸਾਹਿਬ ਸਥਿਤ ਕੇਂਦਰੀ ਸਿੱਖ ਅਜਾਇਬਘਰ ਵਿਚ ਰਾਏ ਬੁਲਾਰ ਭੱਟੀ ਦੀ ਤਸਵੀਰ ਸਥਾਪਤ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਪਰਿਵਾਰ ਦੀ ਗ਼ੈਰ-ਹਾਜ਼ਰੀ ਕਾਰਨ ਹੁਣ ਤਕ ਇਹ ਤਸਵੀਰ ਸਥਾਪਤ ਨਹੀਂ ਹੋ ਸਕੀ ਹੈ।
ਰਾਏ ਬੁਲਾਰ ਭੱਟੀ ਦੀ 19ਵੀਂ ਪੀੜ੍ਹੀ ਵਿਚ ਇਸ ਵੇਲੇ ਰਾਏ ਸਲੀਮ ਭੱਟੀ (41) ਅਤੇ 20ਵੀਂ ਪੀੜ੍ਹੀ ਵਿਚ ਉਨ੍ਹਾਂ ਦਾ ਬੇਟਾ ਰਾਏ ਵਲੀਦ (11) ਸ਼ਾਮਲ ਹਨ। ਰਾਏ ਸਲੀਮ ਭੱਟੀ ਇਸ ਵੇਲੇ ਲਾਹੌਰ ਵਿਚ ਵਕੀਲ ਹਨ। ਇਹ ਪੀੜ੍ਹੀ ਅੱਜ ਵੀ ਗੁਰੂ ਘਰ ਨਾਲ ਪੂਰੀ ਸ਼ਰਧਾ ਨਾਲ ਜੁੜੀ ਹੋਈ ਹੈ। ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਚ ਕਮੇਟੀ ਦੇ ਪ੍ਰਬੰਧਕੀ ਦਫ਼ਤਰ ਵਿਚ ਮੁਲਾਕਾਤ ਦੌਰਾਨ ਰਾਏ ਸਲੀਮ ਭੱਟੀ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਨੇ ਤਸਵੀਰ ਸਥਾਪਤੀ ਸਮਾਗਮ ਵਿਚ ਸ਼ਾਮਲ ਹੋਣ ਲਈ ਕਈ ਵਾਰ ਯਤਨ ਕੀਤੇ ਪਰ ਉਨ੍ਹਾਂ ਨੂੰ ਵੀਜ਼ਾ ਨਹੀਂ ਦਿੱਤਾ ਜਾ ਰਿਹਾ ਹੈ।
ਮੌਕੇ ‘ਤੇ ਹਾਜ਼ਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਰਾਏ ਬੁਲਾਰ ਭੱਟੀ ਦੀ ਤਸਵੀਰ ਕੇਂਦਰੀ ਸਿੱਖ ਅਜਾਇਬਘਰ ਵਿਚ ਲਾਉਣ ਵਾਸਤੇ ਦੋ-ਤਿੰਨ ਵਾਰ ਪ੍ਰੋਗਰਾਮ ਨਿਰਧਾਰਤ ਕੀਤਾ ਗਿਆ ਪਰ ਪਰਿਵਾਰ ਨੂੰ ਵੀਜ਼ਾ ਨਾ ਮਿਲਣ ਕਾਰਨ ਇਹ ਪ੍ਰੋਗਰਾਮ ਮੁਲਤਵੀ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਉਹ ਇਹ ਮਾਮਲਾ ਛੇਤੀ ਹੀ ਭਾਰਤ ਸਰਕਾਰ ਕੋਲ ਰੱਖਣਗੇ ਤਾਂ ਜੋ ਪਰਿਵਾਰ ਨੂੰ ਵੀਜ਼ਾ ਮਿਲ ਸਕੇ ਅਤੇ ਉਹ ਦਰਸ਼ਨਾਂ ਲਈ ਸ੍ਰੀ ਹਰਿਮੰਦਰ ਸਾਹਿਬ ਆ ਸਕਣ।
ਮੁਲਾਕਾਤ ਦੌਰਾਨ ਖੁਲਾਸਾ ਹੋਇਆ ਕਿ ਭੱਟੀ ਪਰਿਵਾਰ ਨੇ ਇਥੇ ਗੁਰੂ ਨਾਨਕ ਸਾਹਿਬ ਫਾਊਂਡੇਸ਼ਨ ਟਰੱਸਟ ਵੀ ਸਥਾਪਤ ਕੀਤਾ ਹੋਇਆ ਹੈ। 1993 ਵਿਚ ਸਥਾਪਤ ਟਰੱਸਟ ਲਈ 10 ਏਕੜ ਜ਼ਮੀਨ ਵੀ ਪਰਿਵਾਰ ਵੱਲੋਂ ਦਿੱਤੀ ਗਈ ਸੀ। ਟਰਸੱਟ ਦਾ ਮੁੱਖ ਮੰਤਵ ਇਸ ਜ਼ਮੀਨ ਵਿਚ ਕੋਈ ਸਨਅਤ ਸਥਾਪਤ ਕਰਕੇ ਸਥਾਨਕ ਸਿੱਖਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਸੀ ਪਰ ਕੁਝ ਸਿਆਸੀ ਕਾਰਨਾਂ ਕਰਕੇ ਇਹ ਯੋਜਨਾ ਸਿਰੇ ਨਹੀਂ ਚੜ੍ਹ ਸਕੀ।
ਰਾਏ ਸਲੀਮ ਭੱਟੀ ਫਾਊਂਡੇਸ਼ਨ ਦੇ ਪ੍ਰੋਜੈਕਟ ਨੂੰ ਸੁਰਜੀਤ ਕਰਨ ਲਈ ਯਤਨਸ਼ੀਲ ਹਨ। ਇਹ ਜ਼ਮੀਨ ਉਨ੍ਹਾਂ ਦੇ ਪਰਿਵਾਰ ਵਿਚੋਂ ਦੋ ਭਰਾਵਾਂ ਰਾਏ ਸਰਵਰ ਖਾਨ ਅਤੇ ਰਾਏ ਅਹਿਮਦ ਖਾਨ ਵੱਲੋਂ ਭੇਟ ਕੀਤੀ ਗਈ ਸੀ। ਭੱਟੀ ਪਰਿਵਾਰ ਦੀ ਗੁਰੂ ਘਰ ਨਾਲ ਨੇੜਤਾ ਦੇ ਇਤਿਹਾਸ ‘ਤੇ ਚਾਨਣਾ ਪਾਉਂਦਿਆਂ ਉਨ੍ਹਾਂ ਦੱਸਿਆ ਕਿ ਰਾਏ ਬੁਲਾਰ ਭੱਟੀ ਅਜਿਹੇ ਸ਼ਖਸ ਸਨ, ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਬਚਪਨ ਵਿਚ ਹੀ ਉਨ੍ਹਾਂ ਦੀ ਰੂਹਾਨੀਅਤ ਨੂੰ ਪਛਾਣ ਲਿਆ ਸੀ ਅਤੇ ਉਹ ਉਨ੍ਹਾਂ ਦੇ ਉਪਾਸ਼ਕ ਹੋ ਗਏ ਸਨ। ਉਨ੍ਹਾਂ ਖੁਲਾਸਾ ਕੀਤਾ ਕਿ ਉਨ੍ਹਾਂ ਦਾ ਜਨਮ ਵੀ ਗੁਰੂ ਘਰ ਦੀ ਮੰਨਤ ਦੇ ਰੂਪ ਵਿਚ ਹੋਇਆ ਹੈ। ਪਰਿਵਾਰ ਵਿਚ ਪੁਰਖਿਆਂ ਤੋਂ ਦੱਸੇ ਜਾ ਰਹੇ ਇਤਿਹਾਸ ਮੁਤਾਬਕ ਰਾਏ ਬੁਲਾਰ ਭੱਟੀ ਨੇ ਦੋ ਤਿੰਨ ਘਟਨਾਵਾਂ ਵਿਚ ਗੁਰੂ ਸਾਹਿਬ ਵਿਚ ਅਲੌਕਿਕ ਸ਼ਕਤੀ ਨੂੰ ਦੇਖਿਆ ਸੀ। ਇਨ੍ਹਾਂ ਵਿਚ ਗਾਵਾਂ-ਮੱਝਾਂ ਚਾਰਦਿਆਂ ਧੁੱਪ ਵੇਲੇ ਇਕ ਸੱਪ ਵਲੋਂ ਫਨ ਖਿਲਾਰ ਕੇ ਉਨ੍ਹਾਂ ਦੇ ਚਿਹਰੇ ‘ਤੇ ਪੈ ਰਹੀ ਧੁੱਪ ਨੂੰ ਰੋਕਣ ਦਾ ਯਤਨ , ਗਾਵਾਂ-ਮੱਝਾਂ ਚਾਰਨ ਸਮੇਂ ਖੇਤ ਵਿਚ ਹੋਇਆ ਨੁਕਸਾਨ ਆਪਣੇ ਆਪ ਹੀ ਠੀਕ ਹੋ ਜਾਣ ਅਤੇ ਸੱਚਾ ਸੌਦਾ ਦੀਆਂ ਘਟਨਾਵਾਂ ਸ਼ਾਮਲ ਹਨ। ਉਨ੍ਹਾਂ ਦਾਅਵਾ ਕੀਤਾ ਕਿ ਬੇਬੇ ਨਾਨਕੀ ਦੇ ਵਿਆਹ ਵੇਲੇ ਵੀ ਰਾਏ ਬੁਲਾਰ ਭੱਟੀ ਨੇ ਹੀ ਸਾਰੇ ਪ੍ਰਬੰਧ ਕੀਤੇ ਸਨ। ਪਰਿਵਾਰ ਵੱਲੋਂ ਦਿੱਤੀ ਗਈ ਹਜ਼ਾਰਾਂ ਏਕੜ ਜ਼ਮੀਨ ਵਿਚ ਹੀ ਅੱਜ ਨਨਕਾਣਾ ਸਾਹਿਬ ਸ਼ਹਿਰ ਵਸਿਆ ਹੋਇਆ ਹੈ ਜਿਥੇ 7 ਗੁਰਦੁਆਰੇ ਵੀ ਸਥਾਪਤ ਹਨ। ਵੰਡ ਤੋਂ ਪਹਿਲਾਂ ਇਨ੍ਹਾਂ 7 ਗੁਰਦੁਆਰਿਆਂ ਦਾ ਪ੍ਰਬੰਧ ਉਨ੍ਹਾਂ ਦੇ ਪੜਦਾਦਾ ਰਾਏ ਹੁਸੈਨ ਖਾਨ ਅਤੇ ਦਾਦੇ ਦੇ ਭਰਾ ਜੈਲਦਾਰ ਰਾਏ ਅਨਾਇਤ ਖਾਨ ਵੱਲੋਂ ਕੀਤਾ ਜਾਂਦਾ ਸੀ। ਹੁਣ ਇਨ੍ਹਾਂ ਗੁਰਧਾਮਾਂ ਦੀ ਸਾਂਭ ਸੰਭਾਲ ਪਾਕਿਸਤਾਨ ਦੇ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਵੱਲੋਂ ਕੀਤਾ ਜਾ ਰਿਹਾ ਹੈ। ਇਹ ਵੀ ਖੁਲਾਸਾ ਹੋਇਆ ਕਿ ਦੇਸ਼ ਦੀ ਵੰਡ ਵੇਲੇ ਰਾਏ ਹੁਸੈਨ ਖਾਨ ਨੇ ਲਗਭਗ ਇੱਕ ਹਜ਼ਾਰ ਸਿੱਖਾਂ ਨੂੰ ਸੁਰੱਖਿਅਤ ਸਰਹੱਦ ਪਾਰ ਕਰਾਇਆ ਸੀ ਅਤੇ ਦੇਸ਼ ਦੀ ਵੰਡ ਦੇ ਦੁਖ ਵਜੋਂ ਹੀ 1948 ਵਿਚ ਉਨ੍ਹਾਂ ਦੀ ਮੌਤ ਹੋਈ ਸੀ। ਰਾਏ ਸਲੀਮ ਭੱਟੀ ਦੇ ਪਿਤਾ ਰਾਏ ਅਕਰਮ ਭੱਟੀ ਨਨਕਾਣਾ ਸਾਹਿਬ ਵਿਖੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਹਨ ਅਤੇ ਖੇਤੀ ਕਰਦੇ ਹਨ। ਇਨ੍ਹਾਂ ਦੇ ਘਰ ਦਾ ਦੁਆਰ ਸਿੱਖ ਸ਼ਰਧਾਲੂਆਂ ਵਾਸਤੇ ਹਮੇਸ਼ਾ ਖੁੱਲ੍ਹਾ ਰਹਿੰਦਾ ਹੈ।

Check Also

ਪੰਜਾਬ ਪੁਲਿਸ ਦੇ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੇ ਛੱਡੀ ਨੌਕਰੀ

ਕਿਹਾ : ਸਿਹਤ ਠੀਕ ਨਾ ਹੋਣ ਕਰਕੇ ਲਈ ਹੈ ਵੀਆਰਐਸ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਪੁਲਿਸ …