26 ਫਰਵਰੀ ਨੂੰ ਪੁੱਛਗਿੱਛ ਲਈ ਬੁਲਾਇਆ
ਨਵੀਂ ਦਿੱਲੀ/ਬਿਊਰੋ ਨਿਊਜ਼
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ਰਾਬ ਨੀਤੀ ਘੁਟਾਲਾ ਮਾਮਲੇ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਜ 22 ਫਰਵਰੀ ਨੂੰ 7ਵਾਂ ਸੰਮਨ ਭੇਜ ਦਿੱਤਾ ਹੈ। ਈਡੀ ਨੇ ‘ਆਪ’ ਸੁਪਰੀਮੋ ਤੇ ਸੀਐਮ ਕੇਜਰੀਵਾਲ ਨੂੰ 26 ਫਰਵਰੀ ਨੂੰ ਪੇਸ਼ ਹੋਣ ਲਈ ਕਿਹਾ ਹੈ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਈਡੀ ਨੇ ਲੰਘੀ 17 ਫਰਵਰੀ, 2 ਫਰਵਰੀ, 17 ਜਨਵਰੀ, 3 ਜਨਵਰੀ, 21 ਦਸੰਬਰ 2023 ਅਤੇ 2 ਨਵੰਬਰ 2023 ਨੂੰ ਵੀ ਕੇਜਰੀਵਾਲ ਨੂੰ ਸੰਮਨ ਭੇਜਿਆ ਸੀ। ਪਰ ਹੁਣ ਤੱਕ ਅਰਵਿੰਦ ਕੇਜਰੀਵਾਲ ਈਡੀ ਸਾਹਮਣੇ ਪੇਸ਼ ਨਹੀਂ ਹੋਏ ਹਨ। ਆਮ ਆਦਮੀ ਪਾਰਟੀ, ਏਜੰਸੀ ਦੇ ਸੰਮਨਾਂ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਦੀ ਆਈ ਹੈ। ਇਸੇ ਦੌਰਾਨ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ’ਤੇ ਆਰੋਪ ਲਗਾਉਂਦਿਆਂ ਕਿਹਾ ਕਿ ਇਹ ਵਿਅਕਤੀ ਸ਼ਰਾਬ ਘੁਟਾਲਾ ਮਾਮਲੇ ਦੀ ਆੜ ਵਿਚ ਗਿ੍ਰਫਤਾਰੀ ਕਰਕੇ ਦਿੱਲੀ ਦੀ ਸਰਕਾਰ ਨੂੰ ਡੇਗਣਾ ਚਾਹੁੰਦੇ ਹਨ। ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਖਰੀਦਣ ਦੀਆਂ ਕੋਸ਼ਿਸ਼ਾਂ ਵੀ ਹੋਈਆਂ, ਪਰ ਸਾਡੇ ਵਿਧਾਇਕ ਇੱਕਜੁਟ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਦਿੱਲੀ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਸ਼ਰਾਬ ਨੀਤੀ ਘੁਟਾਲਾ ਮਾਮਲੇ ਵਿਚ ਘਿਰੇ ਹੋਏ ਹਨ।