ਮਿ੍ਰਤਕ ਕਿਸਾਨ ਪੰਜਾਬ ਦੇ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦਾ ਰਹਿਣ ਵਾਲਾ ਸੀ
ਫਤਹਿਗੜ੍ਹ ਸਾਹਿਬ/ਬਿਊਰੋ ਨਿਊਜ਼
ਸਿੰਘੂ ਬਾਰਡਰ ’ਤੇ ਚੱਲ ਰਹੇ ਕਿਸਾਨ ਅੰਦੋਲਨ ਦਰਮਿਆਨ ਇਕ ਹੋਰ ਕਿਸਾਨ ਦੀ ਮੌਤ ਹੋ ਗਈ ਪ੍ਰੰਤੂ ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਆਤਮ ਹੱਤਿਆ ਹੈ ਜਾਂ ਗੁਰਪ੍ਰੀਤ ਸਿੰਘ ਨਾਮੀ ਵਿਅਕਤੀ ਦਾ ਕਤਲ ਕੀਤਾ ਗਿਆ ਹੈ। ਕਿਉਂਕਿ ਮਿ੍ਰਤਕ ਕਿਸਾਨ ਦੀ ਦੇਹ ਨਿੰਮ ਦੇ ਦਰਖਤ ’ਤੇ ਲਟਕਦੀ ਮਿਲੀ ਹੈ। ਗੁਰਪ੍ਰੀਤ ਸਿੰਘ ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਰੁੜਕੀ ਦਾ ਰਹਿਣ ਵਾਲਾ ਸੀ ਅਤੇ ਉਹ ਪਿਛਲੇ ਲੰਮੇ ਸਮੇਂ ਤੋਂ ਸਿੰਘੂ ਬਾਰਡਰ ’ਤੇ ਡਟਿਆ ਹੋਇਆ ਸੀ। ਦੀਵਾਲੀ ਤੋਂ ਪਹਿਲਾਂ ਗੁਰਪ੍ਰੀਤ ਦੇ ਕੁੱਝ ਸਾਥੀ ਘਰ ਚਲੇ ਗਏ ਅਤੇ ਉਹ ਕੁੱਝ ਦਿਨਾਂ ਤੋਂ ਟਰਾਲੀ ’ਤੇ ਇਕੱਲਾ ਹੀ ਰਹਿ ਰਿਹਾ ਸੀ। ਬੁੱਧਵਾਰ ਦੀ ਸਵੇਰੇ ਅੰਦੋਲਨ ’ਚ ਸ਼ਾਮਲ ਹੋਰ ਕਿਸਾਨਾਂ ਨੇ ਦੇਖਿਆ ਕਿ ਇਕ ਵਿਅਕਤੀ ਦੀ ਲਾਸ਼ ਨੂੰ ਹੁੱਡਾ ਸੈਕਟਰ ’ਚ ਨਿੰਮ ਦੇ ਦਰੱਖਤ ’ਤੇ ਰੱਸੀ ਨਾਲ ਲਟਕਦਾ ਦੇਖਿਆ। ਇਸ ਦੀ ਸੂਚਨਾ ਕੁੰਡਲੀ ਥਾਣਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮਿ੍ਰਤਕ ਦੇਹ ਨੂੰ ਨਿੰਮ ਤੋਂ ਉਤਾਰ ਕੇ ਆਪਣੇ ਕਬਜ਼ੇ ਲੈ ਲਿਆ ਅਤੇ ਪੋਸਟ ਮਾਰਟਮ ਲਈ ਹਸਪਤਾਲ ਭੇਜ ਦਿੱਤਾ। ਪੁਲਿਸ ਵੱਲੋਂ ਆਸ ਰਹਿਣ ਵਾਲੇ ਕਿਸਾਨਾਂ ਤੋਂ ਇਸ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਨੇ ਮਿ੍ਰਤਕ ਕਿਸਾਨ ਦੇ ਪਰਿਵਾਰ ਨੂੰ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਹੈ ਅਤੇ ਪੁਲਿਸ ਇਸ ਗੱਲ ਦਾ ਪਤਾ ਲਗਾਉਣ ’ਚ ਲੱਗੀ ਹੋਈ ਹੈ ਕਿ ਗੁਰਪ੍ਰੀਤ ਸਿੰਘ ਦਾ ਕਤਲ ਕੀਤਾ ਗਿਆ ਹੈ ਜਾਂ ਫਿਰ ਉਸ ਨੇ ਆਤਮ ਹੱਤਿਆ ਕੀਤੀ ਹੈ।