ਰੋਜ਼ਾਨਾ ਡੇਢ ਘੰਟਾ ਹਵਾਈ ਸਫਰ ਕਰਦੇ ਹਨ ਦੋਵੇਂ ਬਾਦਲ
ਬਠਿੰਡਾ/ਬਿਊਰੋ ਨਿਊਜ਼ : ਬਾਦਲਾਂ ਦਾ ਰੋਜ਼ਾਨਾ ਔਸਤਨ ਡੇਢ ਘੰਟਾ ਹਵਾਈ ਸਫ਼ਰ ਵਿੱਚ ਲੰਘਦਾ ਹੈ। ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਇੱਕੋ ਸਰਕਾਰੀ ਹੈਲੀਕਾਪਟਰ ਵਰਤਦੇ ਹਨ। ਬੀਤੇ ਤਿੰਨ ਵਰ੍ਹਿਆਂ ਦੀ ਔਸਤ ਹੈ ਕਿ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਰੋਜ਼ਾਨਾ ਡੇਢ ਘੰਟਾ ਅਸਮਾਨੀ ਚੜ੍ਹੇ ਹੁੰਦੇ ਹਨ। ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਪ੍ਰਤੀ ਮਹੀਨਾ ਔਸਤਨ 40 ਘੰਟੇ ਹਵਾ ਵਿੱਚ ਉਡਦੇ ਹਨ। ਸ਼ਹਿਰੀ ਹਵਾਬਾਜ਼ੀ ਵਿਭਾਗ ਤੋਂ ਆਰ.ਟੀ.ਆਈ. ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਦਾ ਹੈਲੀਕਾਪਟਰ 1 ਮਈ 2013 ਤੋਂ 31 ਮਾਰਚ 2016 ਤੱਕ 1391 ਘੰਟੇ ਉਡਿਆ ਹੈ। ਭਾਵ ਕਰੀਬ 1061 ਦਿਨਾਂ ਵਿੱਚ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੇ 1391 ਘੰਟੇ ਦਾ ਹਵਾਈ ਸਫ਼ਰ ਕੀਤਾ ਹੈ। ਇਹ ਉਡਾਣਾਂ ਸਿਰਫ਼ ਸਰਕਾਰੀ ਹੈਲੀਕਾਪਟਰ ਦੀਆਂ ਹਨ। ਪੰਜਾਬ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਪ੍ਰਾਈਵੇਟ ਹੈਲੀਕਾਪਟਰ ਵੀ ਵਰਤਿਆ ਜਾਂਦਾ ਹੈ। ਭਾਵੇਂ ਪ੍ਰਾਈਵੇਟ ਹੈਲੀਕਾਪਟਰ ਦੇ ਉਡਣ ਘੰਟਿਆਂ ਦੀ ਸੂਚਨਾ ਨਹੀਂ ਦਿੱਤੀ ਗਈ ਹੈ, ਪਰ ਪ੍ਰਾਈਵੇਟ ਹੈਲੀਕਾਪਟਰ ਦੀ ਵਰਤੋਂ ਵੀ ਸਰਕਾਰੀ ਹੈਲੀਕਾਪਟਰ ਵਾਂਗ ਹੀ ਹੋ ਰਹੀ ਹੈ। ਪੰਜਾਬ ਸਰਕਾਰ ਨੇ ਦਸੰਬਰ 2012 ਵਿੱਚ ਆਪਣਾ ਬੈੱਲ-429 ਹੈਲੀਕਾਪਟਰ ਖ਼ਰੀਦ ਲਿਆ ਸੀ। ਨਵਾਂ ਹੈਲੀਕਾਪਟਰ ਖ਼ਰੀਦਣ ਦੇ ਬਾਵਜੂਦ ਸਰਕਾਰ ਦੇ ਹੈਲੀਕਾਪਟਰ ਦੇ ਖਰਚੇ ਘਟੇ ਨਹੀਂ ਹਨ। ਪ੍ਰਾਈਵੇਟ ਹੈਲੀਕਾਪਟਰ ਦਾ ਖਰਚਾ ਵੀ ਜਿਉਂ ਦਾ ਤਿਉਂ ਹੀ ਹੈ।ઠਵੇਰਵਿਆਂ ਅਨੁਸਾਰ ਸਰਕਾਰੀ ਹੈਲੀਕਾਪਟਰ ਦਾ ਸਾਲ 2013-14 ਤੋਂ ਫਰਵਰੀ 2016 ਤੱਕ ਦਾ ਖਰਚਾ 13.10 ਕਰੋੜ ਰੁਪਏ ਰਿਹਾ। ਇਸੇ ਦੌਰਾਨ ਭਾੜੇ ਦੇ ਹੈਲੀਕਾਪਟਰ ਦਾ ਖਰਚਾ ਕਰੀਬ 12 ਕਰੋੜ ਰੁਪਏ ਰਿਹਾ। ਦੋ ਵਰ੍ਹਿਆਂ ਦੀ ਤੁਲਨਾ ਕਰੀਏ ਤਾਂ ਸਰਕਾਰੀ ਹੈਲੀਕਾਪਟਰ ਦਾ ਖਰਚਾ 9.50 ਕਰੋੜ ਰੁਪਏ ਹੈ ਜਦਕਿ ਭਾੜੇ ਦੇ ਹੈਲੀਕਾਪਟਰ ਦਾ ਖਰਚਾ 12 ਕਰੋੜ ਹੈ। ਸਰਕਾਰੀ ਹੈਲੀਕਾਪਟਰ ਹਰ ਵਰ੍ਹੇ 480 ਘੰਟੇ ਉੱਡ ਰਿਹਾ ਹੈ। ਸੂਤਰ ਦੱਸਦੇ ਹਨ ਕਿ ਪਿਛਲੇ ਵਰ੍ਹਿਆਂ ਦੌਰਾਨ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦਾ ਸੜਕੀ ਸਫ਼ਰ ਕਾਫ਼ੀ ਘਟਿਆ ਹੈ। ਲੋਕ ਸਭਾ ਚੋਣਾਂ ਅਤੇ ਵਿਧਾਨ ਸਭਾ ਚੋਣਾਂ ਵਾਲੇ ਵਰ੍ਹਿਆਂ ਦੌਰਾਨ ਤਾਂ ਲੋਕਲ ਸਫ਼ਰ ਲਈ ਵੀ ਹੈਲੀਕਾਪਟਰ ਹੀ ਵਰਤਿਆ ਜਾਂਦਾ ਹੈ। ਇਸੇ ਲਈ ਪ੍ਰਸ਼ਾਸਨ ਨੂੰ ਪਿੰਡ ਪਿੰਡ ਨਵੇਂ ਹੈਲੀਪੈਡ ਬਣਾਉਣੇ ਪੈਂਦੇ ਹਨ।
ਬੇਰੁਜ਼ਗਾਰ ਲਾਈਨਮੈਨ ਯੂਨੀਅਨ ਦੇ ਪ੍ਰਧਾਨ ਪਿਰਮਲ ਸਿੰਘ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੂੰ ਹੁਣ ਧਰਤੀ ‘ਤੇ ਆ ਕੇ ਪੰਜਾਬ ਦੇ ਹਾਲਾਤ ਦੇਖਣੇ ਚਾਹੀਦੇ ਹਨ। ਦੱਸਣਯੋਗ ਹੈ ਕਿ ਆਡਿਟ ਵਿਭਾਗ ਵੱਲੋਂ ਹਰ ਵਰ੍ਹੇ ਸਰਕਾਰ ਵੱਲੋਂ ਪ੍ਰਾਈਵੇਟ ਹੈਲੀਕਾਪਟਰ ਵਰਤੇ ਜਾਣ ‘ਤੇ ਇਤਰਾਜ਼ ਕੀਤਾ ਜਾਂਦਾ ਹੈ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …