ਬਰਮਿੰਘਮ ਅਧਾਰਿਤ ਸਿੱਖ ਜਥੇਬੰਦੀ ਨੂੰ ਸੌਂਪੀ ਸੇਵਾ
ਅੰਮ੍ਰਿਤਸਰ : ਸ੍ਰੀ ਹਰਿਮੰਦਰ ਸਾਹਿਬ ਦੀ ਮੁੱਖ ਇਮਾਰਤ ‘ਤੇ ਲੱਗੇ ਸੋਨੇ ਦੀ ਚਮਕ ਮੱਧਮ ਪੈਣ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੋਨੇ ਦੀ ਧੁਆਈ ਕਰਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਸੇਵਾ ਗੁਰੂ ਨਾਨਕ ਨਿਸ਼ਕਾਮ ਸੇਵਕ ਜੱਥਾ ਬਰਮਿੰਘਮ ਨੂੰ ਸੌਂਪੀ ਗਈ ਹੈ। ਇਹ ਫੈਸਲਾ ਗੁਰਦੁਆਰਾ ਦੇਗਸਰ ਕਟਾਣਾ ਵਿਖੇ ਅੰਤ੍ਰਿੰਗ ਕਮੇਟੀ ਦੀ ਹੋਈ ਮੀਟਿੰਗ ਵਿੱਚ ਕੀਤਾ ਗਿਆ ਹੈ। ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਪ੍ਰਦੂਸ਼ਣ ਕਾਰਨ ਮੁੱਖ ਇਮਾਰਤ ‘ਤੇ ਲੱਗੇ ਸੋਨੇ ਅਤੇ ਪੱਥਰ ਦਾ ਰੰਗ ਪ੍ਰਭਾਵਿਤ ਹੋ ਰਿਹਾ ਹੈ।
ਪ੍ਰਦੂਸ਼ਣ ਦੀ ਰੋਕਥਾਮ ਦੇ ਉਪਰਾਲੇ ਵਜੋਂ ਹਾਲ ਹੀ ਵਿੱਚ ਇੱਥੇ ਪ੍ਰਦੂਸ਼ਣ ਮਾਪਕ ਯੰਤਰ ਵੀ ਸਥਾਪਤ ਕੀਤਾ ਗਿਆ ਹੈ, ਜਿਸ ਦੇ ਅਗਲੇ ਪੜਾਅ ਵਿੱਚ ਪ੍ਰਦੂਸ਼ਣ ਦੀ ਰੋਕਥਾਮ ਲਈ ਵੀ ਯਤਨ ਕੀਤੇ ਜਾਣਗੇ। ਅੰਤ੍ਰਿੰਗ ਕਮੇਟੀ ਦੀ ਮੀਟਿੰਗ ਵਿੱਚ ਕੀਤੇ ਗਏ ਫੈਸਲੇ ਬਾਰੇ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਅਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਮੁੱਖ ਇਮਾਰਤ ‘ਤੇ ਲੱਗੇ ਸੋਨੇ ਦੀ ਮੱਧਮ ਪੈ ਰਹੀ ਚਮਕ ਦੀ ਵਾਪਸੀ ਵਾਸਤੇ ਇਸ ਦੀ ਧੁਆਈ ਕਰਾਈ ਜਾਵੇਗੀ। ਇਸ ਸਬੰਧੀ ਸੇਵਾ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਨੂੰ ਸੌਂਪੀ ਗਈ ਹੈ। ਇੰਗਲੈਂਡ ਆਧਾਰਿਤ ਇਸ ਸਿੱਖ ਜਥੇਬੰਦੀ ઠਵੱਲੋਂ ਹੀ 1999 ਵਿੱਚ ਸੋਨੇ ਦੀ ਸੇਵਾ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਅਗਲੇ ਡੇਢ ਮਹੀਨੇ ਵਿੱਚ ਧੁਆਈ ਦੀ ਸੇਵਾ ਸ਼ੁਰੂ ਹੋ ਜਾਵੇਗੀ। ਇਹ ਧੁਆਈ ਰੀਠੇ ਦੇ ਪਾਣੀ ਨਾਲ ਕੀਤੀ ਜਾਵੇਗੀ, ਜਿਸ ਨਾਲ ਸੋਨੇ ਦੀ ਮੱਧਮ ਪੈ ਰਹੀ ਚਮਕ ਮੁੜ ਪਰਤ ਆਵੇਗੀ। ਧੁਆਈ ਦੇ ਨਾਲ ਸੋਨੇ ‘ਤੇ ਜੰਮੀ ਧੂੜ ਦੀ ਪਰਤ ਵੀ ਹਟ ਜਾਵੇਗੀ। ਦੱਸਣਯੋਗ ਹੈ ਕਿ 1999 ਵਿੱਚ ਮੁੜ ਲਾਏ ਗਏ ਸੋਨੇ ਦੀ ਸੇਵਾ ਮੁਕੰਮਲ ਹੋਣ ਮਗਰੋਂ ਜਲਦੀ ਹੀ ਸੋਨੇ ਦਾ ਰੰਗ ਲਾਲ ਹੋਣ ਲੱਗ ਪਿਆ ਸੀ ਅਤੇ ਚਮਕ ਗੁੰਮ ਹੋਣ ਲੱਗੀ ਸੀ, ਜਿਸ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ ਪਿਛਲੇ ਕੁਝ ਵਰ੍ਹਿਆਂ ਤੋਂ ਨਿਰੰਤਰ ਸੋਨੇ ਦੀ ਧੁਆਈ ਦੀ ਸੇਵਾ ਕਰਵਾਈ ਜਾ ਰਹੀ ਹੈ।
Check Also
ਗਿਆਨੀ ਰਘਬੀਰ ਸਿੰਘ ਨਾਲ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਕੀਤੀ ਮੁਲਾਕਾਤ
ਪ੍ਰਕਾਸ਼ ਸਿੰਘ ਬਾਦਲ ਤੋਂ ਫਖਰ ਏ ਕੌਮ ਸਨਮਾਨ ਵਾਪਸ ਲੈਣ ਦੀ ਕੀਤੀ ਮੰਗ ਅੰਮਿ੍ਰਤਸਰ/ਬਿਊਰੋ ਨਿਊਜ਼ …