ਕਿਹਾ : ਪੰਜਾਬ ’ਚ 500 ਕਰੋੜ ਰੁਪਏ ਦਾ ਹੋਇਆ ਹੈ ਸ਼ਰਾਬ ਘੋਟਾਲਾ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ’ਚ ਨਵੀਂ ਐਕਸਾਈਜ਼ ਪਾਲਿਸੀ ਦੀ ਆੜ ਹੇਠ 500 ਕਰੋੜ ਰੁਪਏ ਦਾ ਸ਼ਰਾਬ ਘੁਟਾਲਾ ਹੋਇਆ ਹੈ। ਇਹ ਦਾਅਵਾ ਸ਼ੋ੍ਰਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਕੀਤਾ ਗਿਆ। ਚੰਡੀਗੜ੍ਹ ’ਚ ਅੱਜ ਸੁਖਬੀਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਭਗਵੰਤ ਮਾਨ ਸਰਕਾਰ ਨੇ ਸਿਰਫ਼ 2 ਹੋਲਸੇਲਰ ਬਣਾਏ ਅਤੇ ਉਨ੍ਹਾਂ ਦਾ ਕਮਿਸ਼ਨ 5 ਫੀਸਦੀ ਤੋਂ ਵਧਾ 10 ਫੀਸਦੀ ਕਰ ਦਿੱਤਾ ਗਿਆ। ਜਿਸ ਰਾਹੀਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ 5 ਮਹੀਨਿਆਂ ’ਚ ਸਿੱਧੇ ਤੌਰ ’ਤੇ 500 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਾਲੀ ਐਕਸਾਈਜ਼ ਪਾਲਿਸੀ ਹੀ ਪੰਜਾਬ ਵਿਚ ਵੀ ਲਾਗੂ ਕੀਤੀ ਗਈ ਹੈ, ਜਿਸ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ਇਸ ਮੰਗ ਨੂੰ ਲੈ ਕੇ ਉਹ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਨਾਲ ਵੀ ਮੁਲਾਕਾਤ ਕਰਨਗੇ। ਉਨ੍ਹਾਂ ਅੱਗੇ ਦੱਸਿਆ ਕਿ ਸ਼ੋ੍ਰਮਣੀ ਅਕਾਲੀ ਦਲ ਬਾਦਲ ਸੀਬੀਆਈ ਅਤੇ ਈਡੀ ਨੂੰ ਵੀ ਪੰਜਾਬ ਦੀ ਐਕਸਾਈਜ਼ ਪਾਲਿਸੀ ਸਬੰਧੀ ਸ਼ਿਕਾਇਤ ਕਰੇਗਾ। ਕਿਉਂਕਿ ਦਿੱਲੀ ਅਤੇ ਪੰਜਾਬ ਦੀ ਐਕਸਾਈਜ਼ ਪਾਲਿਸੀ ਇਕ ਹੀ ਟੀਮ ਨੇ ਬਣਾਈ ਹੈ, ਜਦੋਂ ਦਿੱਲੀ ’ਚ ਇਸ ਦੀ ਸ਼ਿਕਾਇਤ ਹੋਈ ਤਾਂ ਸਰਕਾਰ ਨੇ ਉਸ ਨੂੰ ਰੱਦ ਕਰ ਦਿੱਤਾ।