-1.4 C
Toronto
Sunday, December 7, 2025
spot_img
Homeਪੰਜਾਬਫਰੀਦਕੋਟ 'ਚ ਪ੍ਰਵਚਨਾਂ ਲਈ ਪਹੁੰਚੇ ਸ੍ਰੀ ਸ੍ਰੀ ਰਵੀਸ਼ੰਕਰ ਦਾ ਜ਼ੋਰਦਾਰ ਵਿਰੋਧ

ਫਰੀਦਕੋਟ ‘ਚ ਪ੍ਰਵਚਨਾਂ ਲਈ ਪਹੁੰਚੇ ਸ੍ਰੀ ਸ੍ਰੀ ਰਵੀਸ਼ੰਕਰ ਦਾ ਜ਼ੋਰਦਾਰ ਵਿਰੋਧ

ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ‘ਚ ਜਿਨਸੀ ਸ਼ੋਸ਼ਣ ਹੋਣ ਦੇ ਦੋਸ਼
ਫ਼ਰੀਦਕੋਟ/ਬਿਊਰੋ ਨਿਊਜ਼ : ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਵਿੱਚ ਪ੍ਰਵਚਨਾਂ ਲਈ ਪਹੁੰਚੇ ਆਰਟ ਆਫ ਲਿਵਿੰਗ ਸੰਸਥਾ ਦੇ ਮੁਖੀ ਸ੍ਰੀ ਸ੍ਰੀ ਰਵੀਸ਼ੰਕਰ ਦਾ ਪੰਜਾਬ ਸਟੂਡੈਂਟਸ ਯੂਨੀਅਨ, ਯੂਥ ਫਾਰ ਸਵਰਾਜ ਅਤੇ ਨੌਜਵਾਨ ਭਾਰਤ ਸਭਾ ਨੇ ਜ਼ੋਰਦਾਰ ਵਿਰੋਧ ਕੀਤਾ। ਪੁਲਿਸ ਨੇ ਵਿਰੋਧ ਕਰ ਰਹੇ 60 ਦੇ ਕਰੀਬ ਨੌਜਵਾਨਾਂ ਨੂੰ ਦਰਬਾਰ ਗੰਜ ਤੋਂ ਹਿਰਾਸਤ ਵਿੱਚ ਲੈ ਲਿਆ। ਮੁੱਖ ਸਮਾਗਮ ਵਾਲੀ ਥਾਂ ‘ਤੇ ਪੁਲਿਸ ਨੇ ਛੇ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ।
ਸਮਾਗਮ ਦੌਰਾਨ ਜਦੋਂ ਸ੍ਰੀ ਸ੍ਰੀ ਰਵੀਸ਼ੰਕਰ ਬੋਲਣ ਲੱਗੇ ਤਾਂ ਇੱਕ ਵਿਦਿਆਰਥਣ ਨੇ ਉਨ੍ਹਾਂ ਦੇ ਭਾਸ਼ਣ ਦਾ ਵਿਰੋਧ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਵਿੱਚ ਵਿਦਿਆਰਥਣਾਂ ਤੇ ਮਹਿਲਾ ਡਾਕਟਰ ਸੁਰੱਖਿਅਤ ਨਹੀਂ ਹਨ ਅਤੇ ਮਹਿਲਾ ਡਾਕਟਰਾਂ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਅਧਿਕਾਰੀਆਂ ਨੂੰ ਯੂਨੀਵਰਸਿਟੀ ਬਚਾ ਰਹੀ ਹੈ। ਨਾਅਰੇਬਾਜ਼ੀ ਕਰਨ ਵਾਲੀ ਵਿਦਿਆਰਥਣ ਹਰਵੀਰ ਕੌਰ ਨੇ ਕਿਹਾ ਕਿ ਅਜਿਹੇ ਹਾਲਾਤ ਵਿੱਚ ਮਹਿਲਾਵਾਂ ਨੂੰ ਸ਼ਾਂਤ ਰਹਿਣ ਦਾ ਸੁਨੇਹਾ ਦੇਣਾ ਬੇਤੁਕੀ ਗੱਲ ਹੈ। ਸ੍ਰੀ ਸ੍ਰੀ ਰਵੀਸ਼ੰਕਰ ਨਾਲ ਬੈਠੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਖਿਲਾਫ਼ ਵੀ ਵਿਦਿਆਰਥਣ ਨੇ ਨਾਅਰੇਬਾਜ਼ੀ ਕੀਤੀ। ਸੈਨੇਟ ਹਾਲ ਵਿੱਚ ਮੌਜੂਦ ਸੁਰੱਖਿਆ ਮੁਲਾਜ਼ਮ ਵਿਦਿਆਰਥਣ ਨੂੰ ਖਿੱਚ ਕੇ ਬਾਹਰ ਲੈ ਗਏ ਪਰੰਤੂ ਹੋਰ ਵਿਦਿਆਰਥਣਾਂ ਨਾਅਰੇਬਾਜ਼ੀ ਕਰਦੀਆਂ ਰਹੀਆਂ ਜਿਸ ਕਰਕੇ ਸਮਾਗਮ ਵਿੱਚ ਲੰਬਾ ਸਮਾਂ ਵਿਘਨ ਪਿਆ ਰਿਹਾ।
ਸ੍ਰੀ ਸ੍ਰੀ ਰਵੀਸ਼ੰਕਰ ਨੇ ਕਿਹਾ ਕਿ ਵਿਰੋਧ ਕਰਨ ਵਾਲੀ ਵਿਦਿਆਰਥਣ ਦੇ ਗਿਲੇ-ਸ਼ਿਕਵੇ ਸੁਣੇ ਜਾਣੇ ਚਾਹੀਦੇ ਹਨ। ਇਸ ਤੋਂ ਪਹਿਲਾਂ ਸਮਾਗਮ ਦਾ ਵਿਰੋਧ ਕਰਨ ਵਾਲੇ ਨੌਜਵਾਨ ਦਰਬਾਰ ਗੰਜ ਵਿੱਚ ਇਕੱਠੇ ਹੋਏ। ਜ਼ਿਕਰਯੋਗ ਹੈ ਕਿ ਪੁਲਿਸ ਨੇ ਮੁਜ਼ਾਹਰਾਕਾਰੀਆਂ ਨੂੰ ਘੇਰ ਕੇ ਹਲਕਾ ਲਾਠੀਚਾਰਜ ਕੀਤਾ ਜਿਸ ਵਿੱਚ ਕੁਝ ਸਿੱਖ ਬੁਜ਼ਰਗਾਂ ਦੀਆਂ ਦਸਤਾਰਾਂ ਵੀ ਉਤਰ ਗਈਆਂ। ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਮੁੱਖ ਗੇਟ ਅਤੇ ਮੈਡੀਕਲ ਕਾਲਜ ਦੇ ਅੰਦਰ ਵੀ ਨੌਜਵਾਨਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪੁਲਿਸ ਪੂਰਾ ਦਿਨ ਮੁਜ਼ਾਹਰਾਕਾਰੀਆਂ ਨੂੰ ਲੱਭਦੀ ਰਹੀ ਪਰੰਤੂ ਇਸ ਦੇ ਬਾਵਜੂਦ ਮੁਜ਼ਾਹਰਾਕਾਰੀਆਂ ਨੇ ਮੁੱਖ ਸਮਾਗਮ ਵਿੱਚ ਪਹੁੰਚ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।
ਪੀਐੱਸਯੂ ਦੇ ਜ਼ਿਲ੍ਹਾ ਪ੍ਰਧਾਨ ਕੇਸ਼ਵ ਆਜ਼ਾਦ, ਗਗਨ ਸੰਗਰਾਮੀ, ਲਵਪ੍ਰੀਤ ਸਿੰਘ ਫੇਰੋਕੇ ਅਤੇ ਜਗਰੂਪ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਸਾਜਿਸ਼ ਤਹਿਤ ਸਰਕਾਰੀ ਵਿਦਿਅਕ ਅਦਾਰਿਆਂ ਦਾ ਭਗਵਾਂਕਰਨ ਕਰ ਰਹੀ ਹੈ। ਇਸੇ ਮੁਹਿੰਮ ਤਹਿਤ ਸ੍ਰੀ ਸ੍ਰੀ ਰਵੀਸ਼ੰਕਰ ਨੂੰ ਮੈਡੀਕਲ ਯੂਨੀਅਨ ਵਿੱਚ ਲਿਆਂਦਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਜਿਨਸੀ ਸ਼ੋਸ਼ਣ ਅਤੇ ਘਪਲੇਬਾਜ਼ੀ ਦੇ ਦੋਸ਼ਾਂ ਵਿੱਚ ਘਿਰੀ ਯੂਨੀਵਰਸਿਟੀ ਨੇ ਆਪਣਾ ਦਾਮਨ ਸਾਫ਼ ਕਰਨ ਲਈ ਸਰਕਾਰੀ ਖਰਚੇ ‘ਤੇ ਧਾਰਮਿਕ ਆਗੂ ਨੂੰ ਇੱਥੇ ਬੁਲਾਇਆ ਜੋ ਪੂਰੀ ਤਰ੍ਹਾਂ ਗੈਰ-ਕਾਨੂੰਨੀ ਹੈ। ਐੱਸਪੀ ਭੁਪਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਨੂੰ ਦੇਖਦਿਆਂ 50 ਦੇ ਕਰੀਬ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਜਿਨ੍ਹਾਂ ਨੂੰ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ।

RELATED ARTICLES
POPULAR POSTS