ਕਿਹਾ : ਭਾਜਪਾ ਨੂੰ ਹਾਰ ਦਿਖਾਈ ਦੇਣ ਲੱਗੀ
ਜਲਪਾਇਗੁੜੀ/ਬਿਊਰੋ ਨਿਊਜ਼ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਸਰਕਾਰ ਛੇ ਮਹੀਨੇ ਹੋਰ ਚੱਲੇਗੀ ਕਿਉਂਕਿ ਅਗਲੇ ਸਾਲ ਫਰਵਰੀ-ਮਾਰਚ ਵਿੱਚ ਲੋਕ ਸਭਾ ਚੋਣਾਂ ਹੋਣਗੀਆਂ। ਪੰਚਾਇਤ ਚੋਣਾਂ ਲਈ ਜਲਪਾਇਗੁੜੀ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਬੈਨਰਜੀ ਨੇ ਕਿਹਾ ਕਿ ਭਲਕੇ ਸ਼ਾਇਦ ਭਾਜਪਾ ਸੱਤਾ ਵਿੱਚ ਨਾ ਹੋਵੇ, ਇਸ ਕਰਕੇ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨੂੰ ਨਿਰਪੱਖ ਢੰਗ ਨਾਲ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ, ”ਅਗਲੀਆਂ ਲੋਕ ਸਭਾ ਚੋਣਾਂ ਅਗਲੇ ਸਾਲ ਫਰਵਰੀ-ਮਾਰਚ ਵਿੱਚ ਹੋਣਗੀਆਂ। ਭਾਜਪਾ ਸਰਕਾਰ ਦਾ ਕਾਰਜਕਾਲ ਸਿਰਫ਼ ਛੇ ਮਹੀਨੇ ਬਚਿਆ ਹੈ। ਭਾਜਪਾ ਨੂੰ ਹਾਰ ਸਾਹਮਣੇ ਦਿਖਾਈ ਦੇ ਰਹੀ ਹੈ।”
ਰੈਲੀ ਵਿੱਚ ਬੈਨਰਜੀ ਨੇ ਸਰਹੱਦੀ ਖੇਤਰਾਂ ਵਿੱਚ ਬੀਐੱਸਐੱਫ ਦੀ ਕਥਿਤ ਗੋਲੀਬਾਰੀ ਵਿੱਚ ਮਾਰੇ ਗਏ ਵਿਅਕਤੀਆਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਮੁਆਵਜ਼ਾ ਅਤੇ ਨੌਕਰੀ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ, ਮੈਂ ਸਾਰੇ ਬੀਐੱਸਐੱਫ ਅਧਿਕਾਰੀਆਂ ਨੂੰ ਆਰੋਪੀ ਨਹੀਂ ਠਹਿਰਾ ਰਹੀ। ਉਹ ਸਾਡੀਆਂ ਸਰਹੱਦਾਂ ਦੀ ਰਾਖੀ ਕਰਦੇ ਹਨ। ਪਰ ਬੀਐੱਸਐੱਫ ਨੂੰ ਨਿਰਪੱਖਤਾ ਨਾਲ ਕੰਮ ਕਰਨਾ ਚਾਹੀਦਾ ਹੈ ਕਿਉਂਕਿ ਭਲਕੇ ਭਾਜਪਾ ਭਾਵੇਂ ਸੱਤਾ ਵਿੱਚ ਨਾ ਹੋਵੇ ਪਰ ਉਨ੍ਹਾਂ ਨੇ ਆਪਣਾ ਕੰਮ ਕਰਦੇ ਰਹਿਣਾ ਹੈ। ਜ਼ਿਕਰਯੋਗ ਹੈ ਕਿ ਮਮਤਾ ਨੇ ਬੀਤੇ ਦਿਨ ਬੀਐੱਸਐੱਫ ‘ਤੇ ਸਰਹੱਦੀ ਇਲਾਕਿਆਂ ‘ਚ ਭਾਜਪਾ ਦੇ ਇਸ਼ਾਰੇ ‘ਤੇ ਵੋਟਰਾਂ ਨੂੰ ਡਰਾਉਣ-ਧਮਕਾਉਣ ਦਾ ਆਰੋਪ ਲਾਇਆ ਸੀ, ਜਿਸ ‘ਤੇ ਕੇਂਦਰੀ ਬਲ ਨੇ ਪ੍ਰਤੀਕਿਰਿਆ ਦਿੰਦਿਆਂ ਇਸ ਨੂੰ ‘ਸੱਚਾਈ ਤੋਂ ਕੋਹਾਂ ਦੂਰ’ ਦੱਸਿਆ ਸੀ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …