Breaking News
Home / ਮੁੱਖ ਲੇਖ / ਪੰਜਾਬ ਦੀ ਪਲੀਤ ਹੋ ਰਹੀ ਆਬੋ ਹਵਾ ਲੋਕ ਜਾਣ ਤਾਂ ਜਾਣ ਕਿੱਥੇ?

ਪੰਜਾਬ ਦੀ ਪਲੀਤ ਹੋ ਰਹੀ ਆਬੋ ਹਵਾ ਲੋਕ ਜਾਣ ਤਾਂ ਜਾਣ ਕਿੱਥੇ?

316844-1rZ8qx1421419655-300x225ਤਲਵਿੰਦਰ ਸਿੰਘ ਬੁੱਟਰ
98780-70008
ਪੰਜ ਦਰਿਆਵਾਂ ਦੀ ਧਰਤੀ ਦੇ ਪਾਣੀ ਨੂੰ ਕਿਸੇ ਸਮੇਂ ਅੰਮ੍ਰਿਤ ਸਮਝਿਆ ਜਾਂਦਾ ਸੀ। ਹਰੀ ਕ੍ਰਾਂਤੀ ਤੋਂ ਬਾਅਦ ਖੇਤੀ ‘ਚ ਰਸਾਇਣਿਕ ਖਾਦਾਂ ਦੀ ਅੰਨ੍ਹੇਵਾਹ ਵਰਤੋਂ ਅਤੇ ਉਦਯੋਗਾਂ-ਕਾਰਖਾਨਿਆਂ ਦੇ ਪ੍ਰਦੂਸ਼ਣ ਨੇ ਕੁਦਰਤੀ ਸਰੋਤ ਅੱਜ ਅੰਮ੍ਰਿਤ ਤੋਂ ਜ਼ਹਿਰ ਬਣਾ ਦਿੱਤੇ ਹਨ। ਅੱਜ ਪੰਜਾਬ ‘ਚ ਕਿਸੇ ਨਲਕੇ ਜਾਂ ਟਿਊਬਵੈਲ ਦਾ ਪਾਣੀ ਪੀਣਯੋਗ ਨਹੀਂ ਰਿਹਾ। ਜਿਨ੍ਹਾਂ ਲੋਕਾਂ ਦੀ ਪਹੁੰਚ ਹੈ, ਉਨ੍ਹਾਂ ਦੇ ਘਰਾਂ ‘ਚ ਪਾਣੀ ਸਾਫ਼ ਕਰਨ ਵਾਲੇ ਯੰਤਰ ਲੱਗ ਗਏ ਹਨ, ਪਰ ਬਾਕੀ ਪੰਜਾਬ ਜ਼ਹਿਰ ਪੀਣ ਲਈ ਮਜ਼ਬੂਰ ਹੈ। ਗਲੇਸ਼ੀਅਰਾਂ ਤੋਂ ਨਿਕਲਣ ਵਾਲਾ ਪਵਿੱਤਰ ਪਾਣੀ ਵੀ ਦਰਿਆਵਾਂ ‘ਚ ਸਨਅਤਾਂ ਦੇ ਰਸਾਇਣਿਕ ਤਰਲ ਦੇ ਨਿਕਾਸ ਦੀ ਮਾਰ ਕਾਰਨ ਜ਼ਹਿਰੀਲਾ ਹੋ ਰਿਹਾ ਹੈ। ਇਕ ਅਨੁਮਾਨ ਮੁਤਾਬਕ ਰੋਜ਼ਾਨਾ 1 ਹਜ਼ਾਰ 44 ਮਿਲੀਅਨ ਲੀਟਰ ਪ੍ਰਦੂਸ਼ਿਤ ਪਾਣੀ ਸਤਿਲੁਜ ਅਤੇ ਬਿਆਸ ਦਰਿਆ ਵਿਚ ਸੁੱਟਿਆ ਜਾ ਰਿਹਾ ਹੈ। ਇਹ ਪਾਣੀ ਬੁੱਢਾ ਨਾਲਾ, ਚਿੱਟੀ ਅਤੇ ਕਾਲੀ ਵੇਈਂ, ਕਾਲਾ ਸੰਘਿਆ ਡਰੇਨ, ਕਿਰਨ ਨਾਲਾ, ਚੱਕੀ ਨਦੀ, ਸਾਕੀ ਨਾਲਾ ਆਦਿ ਤੋਂ ਸਿੱਧਾ ਸਤਿਲੁਜ ਅਤੇ ਬਿਆਸ ਵਿਚ ਆ ਰਿਹਾ ਹੈ। ਇਹ ਪਾਣੀ ਪੰਜਾਬ ਦੇ ਮਾਲਵਾ ਖੇਤਰ ਵਿਚ ਪਹੁੰਚ ਕੇ ਕੈਂਸਰ ਦੀ ਫ਼ਸਲ ਪੈਦਾ ਕਰ ਰਿਹਾ ਹੈ। ਉਤਰੀ ਭਾਰਤ ਦਾ ਸਭ ਤੋਂ ਵੱਡਾ ਵੇਟਲੈਂਡ ਹਰੀਕੇ ਪੱਤਣ, ਜੋ ਕਿ ਬਿਆਸ ਅਤੇ ਸਤਿਲੁਜ ਦਰਿਆਵਾਂ ਦੀਆਂ ਹੇਠਲੀਆਂ ਧਾਰਾਵਾਂ ‘ਤੇ ਨਿਰਭਰ ਹੈ, ਇਥੋਂ ਦਾ ਪਾਣੀ ਵੀ ਪ੍ਰਦੂਸ਼ਿਤ ਹੋ ਚੁੱਕਾ ਹੈ। ਹਰੀਕੇ ਪੱਤਣ ਅਤੇ ਹੁਸੈਨੀਵਾਲਾ ਹੈਡਵਰਕਸ ਤੋਂ ਪ੍ਰਦੂਸ਼ਿਤ ਹੋ ਚੁੱਕਾ ਪਾਣੀ ਨਹਿਰਾਂ ਰਾਹੀਂ ਬਾਕੀ ਪੰਜਾਬ ਅਤੇ ਹੋਰ ਥਾਵਾਂ ‘ਤੇ ਸਿੰਜਾਈ ਲਈ ਭੇਜਿਆ ਜਾਂਦਾ ਹੈ।
ਜੇਕਰ ਖੋਜ ਤੱਥਾਂ ‘ਤੇ ਝਾਤ ਮਾਰੀ ਜਾਵੇ ਤਾਂ ਸਥਿਤੀ ਬਹੁਤ ਭਿਆਨਕ ਨਜ਼ਰ ਆਉਂਦੀ ਹੈ। ਸੂਬੇ ਦੇ 6500 ਪਿੰਡਾਂ ‘ਚ ਜ਼ਮੀਨ ਦੀ ਉਪਰਲੀ ਸਤ੍ਹਾ ਦੇ ਪਾਣੀ ਦੀ ਗੁਣਵੱਤਾ ਪੀਣਯੋਗ ਨਹੀਂ ਹੈ। ਪੰਜਾਬ ਦੇ ਪੇਂਡੂ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਅੰਕੜਿਆਂ ਅਨੁਸਾਰ ਫ਼ਿਰੋਜ਼ਪੁਰ, ਤਰਨਤਾਰਨ, ਸੰਗਰੂਰ, ਬਠਿੰਡਾ, ਫ਼ਰੀਦਕੋਟ, ਮਾਨਸਾ, ਪਟਿਆਲਾ, ਲੁਧਿਆਣਾ, ਅੰਮ੍ਰਿਤਸਰ ਅਤੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਿਆਂ ‘ਚ ਪਾਣੀ ਦੀ ਗੁਣਵੱਤਾ ਸਹੀ ਨਹੀਂ ਹੈ। ਪਟਿਆਲਾ, ਫ਼ਿਰੋਜ਼ਪੁਰ, ਤਰਨਤਾਰਨ, ਲੁਧਿਆਣਾ ਤੇ ਫ਼ਰੀਦਕੋਟ ਦੇ ਪਾਣੀ ‘ਚ ਫ਼ਲੋਰਾਈਡ ਦੀ ਸਮੱਸਿਆ ਹੈ। ਸੰਗਰੂਰ, ਬਠਿੰਡਾ, ਮਾਨਸਾ, ਫ਼ਰੀਦਕੋਟ ਦੇ ਕਈ ਖੇਤਰਾਂ ‘ਚ ਪਾਣੀ ‘ਚ ਕੁੱਲ ਘੁਲੇ ਹੋਏ ਠੋਸ ਪਦਾਰਥਾਂ ਦੀ ਮਾਤਰਾ ਲੋੜ ਤੋਂ ਵਧੇਰੇ ਪਾਈ ਗਈ ਹੈ। ਲੁਧਿਆਣਾ ਤੇ ਰੂਪਨਗਰ ਜ਼ਿਲ੍ਹਿਆਂ ‘ਚ ਪਾਣੀ ‘ਚ ਲੋਹਾ ਲੋੜੋਂ ਵੱਧ ਹੈ। ਰਸਾਇਣਿਕ ਖਾਦਾਂ ਦੀ ਅੰਨ੍ਹੇਵਾਹ ਵਰਤੋਂ ਕਾਰਨ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ‘ਚ ਘੱਟ ਡੂੰਘਾਈ ‘ਤੇ ਪਾਣੀ ‘ਚ ਨਾਈਟਰੇਟ ਦੀ ਮਾਤਰਾ ਵਧੇਰੇ ਪਾਈ ਗਈ ਹੈ।
ਪਾਣੀ ਦਾ ਸਭ ਤੋਂ ਵਧੇਰੇ ਕਹਿਰ ਮਾਲਵਾ ਪੱਟੀ ‘ਚ ਹੈ। ਇਸ ਪੱਟੀ ਦਾ ਸ਼ਾਇਦ ਹੀ ਕੋਈ ਪਿੰਡ ਜਾਂ ਮੁਹੱਲਾ ਹੋਵੇ, ਜਿਥੇ ਕੈਂਸਰ ਦਾ ਕੋਈ ਮਰੀਜ਼ ਨਾ ਹੋਵੇ। ਜਿਥੇ ਕਿਤੇ ਵੀ ਸਨਅਤੀ ਜਾਂ ਉਦਯੋਗਿਕ ਇਕਾਈਆਂ ਹਨ, ਉਨ੍ਹਾਂ ਖੇਤਰਾਂ ਦੇ ਨੇੜੇ ਸਥਿਤੀ ਜ਼ਿਆਦਾ ਭਿਆਨਕ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਬਠਿੰਡਾ ਜ਼ਿਲ੍ਹੇ ਵਿਚ ਪੈਂਦੇ ਤਾਪ ਬਿਜਲੀ ਘਰਾਂ ਦੇ ਆਲੇ-ਦੁਆਲੇ ਤੋਂ ਧਰਤੀ ਹੇਠਲੇ ਪਾਣੀ ਦੇ ਨਮੂਨੇ ਲਏ ਗਏ ਸਨ, ਜਿਨ੍ਹਾਂ ਵਿਚ ਯੂਰੇਨੀਅਮ ਦੀ ਭਾਰੀ ਮਾਤਰਾ ਪਾਈ ਗਈ।
ਪਿਛੇ ਜਿਹੇ ਜਰਮਨੀ ਦੇ ਇਕ ਰਿਸਰਚ ਲੈਬ ਦੀ ਖੋਜ ‘ਚ ਸਾਹਮਣੇ ਆਇਆ ਸੀ ਕਿ ਯੂਰੇਨੀਅਮ ਦਾ ਬੱਚਿਆਂ ਵਿਚ ਆਮ ਪੱਧਰ 0.15 ਪੀ.ਪੀ.ਐਮ.ਹੁੰਦਾ ਹੈ, ਪਰ ਮਾਲਵੇ ਦੇ ਕਈ ਬੱਚਿਆਂ ‘ਚ ਇਹ ਮਾਤਰਾ 6.69 ਅਤੇ 4.56 ਪੀ.ਪੀ.ਐਮ. ਪਾਈ ਗਈ ਹੈ। ਬਰਤਾਨੀਆ ਦੀ ਇਕ ਗੈਰ-ਸਰਕਾਰੀ ਸੰਸਥਾ ਨੇ ਖੁਲਾਸਾ ਕੀਤਾ ਹੈ ਕਿ ਪੰਜਾਬ ਵਿਚ ਕੈਂਸਰ ਦੀਆਂ ਅਨੇਕਾਂ ਭਿਆਨਕ ਕਿਸਮਾਂ ਤੇਜ਼ੀ ਨਾਲ ਫ਼ੈਲ ਰਹੀਆਂ ਹਨ। ਇਥੋਂ ਤੱਕ ਕਿ ਗਾਵਾਂ ਅਤੇ ਮੱਝਾਂ ਵਿਚ ਵੀ ਇਸ ਤਰ੍ਹਾਂ ਦੇ ਲੱਛਣ ਦੇਖਣ ਨੂੰ ਮਿਲੇ ਹਨ। ਜ਼ਹਿਰੀਲੇ ਪਾਣੀ ਕਾਰਨ ਨਿਪੁੰਸਕਤਾ, ਮਾਨਸਿਕ ਵਿਕਾਰ, ਅਚਾਨਕ ਹੋਣ ਵਾਲੇ ਗਰਭਪਾਤ, ਘੱਟ ਵਜ਼ਨ ਦੇ ਬੱਚੇ, ਪੋਲੀਓ, ਬੱਚਿਆਂ ਦੀ ਛੋਟੀ ਉਮਰ ਵਿਚ ਮੌਤ, ਮਾਨਸਿਕ ਰੋਗ, ਬੱਚੇਦਾਨੀ ਵਿਚ ਟਿਊਮਰ, ਤਣਾਅ, ਸ਼ੂਗਰ, ਦਿਲ ਦੀਆਂ ਬੀਮਾਰੀਆਂ, ਹੱਡੀਆਂ ਤੇ ਜੋੜਾਂ ਦੇ ਰੋਗ, ਅਲਰਜ਼ੀ, ਸਾਹ ਅਤੇ ਦਮਾ ਆਦਿ ਬਿਮਾਰੀਆਂ ਨੇ ਮਨੁੱਖੀ ਨਸਲਕੁਸ਼ੀ ਦਾ ਦੌਰ ਸ਼ੁਰੂ ਕਰ ਦਿੱਤਾ ਹੈ।
ਇਕੱਲੇ ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ‘ਚ ਕੈਂਸਰ ਨਾਲ ਪਿਛਲੇ ਤਿੰਨ ਸਾਲਾਂ ਦੌਰਾਨ 1089 ਮੌਤਾਂ ਹੋਈਆਂ ਹਨ। ਪੰਜਾਬ ਵਿਧਾਨ ਸਭਾ ‘ਚ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ 7 ਮਾਰਚ 2010 ਨੂੰ ਖੁਲਾਸਾ ਕੀਤਾ ਸੀ ਕਿ ਸਾਲ 2001 ਤੋਂ 2009 ਤੱਕ ਪੰਜਾਬ ਵਿਚ ਕੁੱਲ 23 ਹਜ਼ਾਰ 427 ਕੈਂਸਰ ਮਰੀਜ਼ ਪੇਂਡੂ ਖੇਤਰਾਂ ‘ਚੋਂ ਸਾਹਮਣੇ ਆਏ, ਜਿਨ੍ਹਾਂ ਵਿਚੋਂ 16 ਹਜ਼ਾਰ 730 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਗੈਰ-ਸਰਕਾਰੀ ਅੰਕੜੇ ਇਸ ਤੋਂ ਕਿਤੇ ਵੱਧ ਹਨ।
ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਜਲਾਲਾਬਾਦ ਹਲਕੇ ਦੀ ਹਾਲਤ ਇੰਨੀ ਭਿਆਨਕ ਹੈ ਕਿ ਉਥੇ ਰਹਿਣ ਵਾਲੇ ਲੋਕਾਂ ਦੀ ਦਾਸਤਾਨ ਸੁਣ ਕੇ ਹੀ ਕਲੇਜਾ ਮੂੰਹ ਨੂੰ ਆਉਂਦਾ ਹੈ। ਫ਼ਾਜ਼ਿਲਕਾ ਦੇ ਪਿੰਡ ਤੇਜਾ ਰਹੇਲਾ, ਮਹਾਤਮ ਨਗਰ, ਸੈਦੇ ਦੀ ਟਾਹਣੀ, ਰੇਤੇ ਵਾਲੀ ਭੈਣੀ, ਰਾਮ ਸਿੰਘ ਵਾਲੀ ਭੈਣੀ, ਦੋਨਾ ਨਾਨਕਾ ਸਮੇਤ ਕਈ ਪਿੰਡ ਅਜਿਹੇ ਹਨ, ਜਿਥੇ ਸਤਿਲੁਜ ਦਾ ਪਾਣੀ ਗਹਿਰਾ ਕਾਲਾ ਅਤੇ ਜ਼ਹਿਰੀਲਾ ਹੈ। ਇਥੋਂ ਦੇ ਹਰੇਕ ਘਰ ‘ਚ ਵੀਲ੍ਹ-ਚੇਅਰ ਹੈ। ਹਰ ਘਰ ‘ਚ ਅਪਾਹਜ ਬੱਚੇ ਅਤੇ ਚਮੜੀ ਸਮੇਤ ਹੱਡੀਆਂ ਦੇ ਰੋਗੀ ਹਨ। ਇਹ ਉਹ ਹਲਕਾ ਹੈ ਜਿਥੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਿਧਾਇਕ ਬਣੇ ਹਨ। ਲੋਕ ਤਾਂ ਦੁਖੀ ਹੋ ਕੇ ਇਥੋਂ ਤੱਕ ਆਖਦੇ ਹਨ ਕਿ ਜੇਕਰ ਸਰਕਾਰ ਸਾਨੂੰ ਸਵੱਛ ਆਬੋ-ਹਵਾ ਉਪਲਬਧ ਨਹੀਂ ਕਰਵਾ ਸਕਦੀ, ਤਾਂ ਇਸ ਹਲਕੇ ਤੋਂ ਮਹਿਜ਼ 10 ਕਿਲੋਮੀਟਰ ਦੂਰ ਪਾਕਿਸਤਾਨ ਜਾਣ ਦੀ ਆਗਿਆ ਹੀ ਦੇ ਦਿੱਤੀ ਜਾਵੇ, ਸ਼ਾਇਦ ਉਥੇ ਪੀਣ ਲਈ ਸਾਫ਼ ਪਾਣੀ ਮਿਲ ਜਾਵੇ। ਸਰਕਾਰ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਨਹੀਂ ਕਰਵਾ ਸਕੀ। ਸਰਕਾਰ ਨੇ ਪਿੰਡਾਂ ਦੀਆਂ ਕੰਧਾਂ ‘ਤੇ ਚਿਤਾਵਨੀਆਂ ਲਿਖ ਕੇ ਆਪਣਾ ਬੁੱਤਾ ਸਾਰ ਲਿਆ ਹੈ ਕਿ ਇਹ ਪਾਣੀ ਪੀਣਯੋਗ ਨਹੀਂ ਹੈ। ਲੋਕ ਕੀ ਕਰਨ, ਪਾਣੀ ਬਿਨ੍ਹਾਂ ਜ਼ਿੰਦਗੀ ਵੀ ਨਹੀਂ, ਇਸ ਕਰਕੇ ਨਲਕਿਆਂ, ਤਾਲਾਬਾਂ ਦਾ ਜ਼ਹਿਰੀਲਾ ਪਾਣੀ ਪੀਣ ਲਈ ਮਜ਼ਬੂਰ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖੀ ਜੀਵਨ ਲਈ ਹਵਾ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਸਮਾਨ ਦੱਸਿਆ ਹੈ। ਇਨ੍ਹਾਂ ਤਿੰਨਾਂ ਕੁਦਰਤੀ ਨਿਆਮਤਾਂ ਤੋਂ ਬਗੈਰ ਮਨੁੱਖ ਕੀ, ਕੁਦਰਤੀ ਜੀਵ-ਜੰਤੂਆਂ ਅਤੇ ਬਨਸਪਤੀ ਦਾ ਜੀਵਨ ਵੀ ਅਸੰਭਵ ਹੈ। ਅੱਜ ਮਨੁੱਖ ਨੇ ਆਪਣੀਆਂ ਉਪਭੋਗੀ ਲਾਲਸਾਵਾਂ, ਪਦਾਰਥਵਾਦ ਅਤੇ ਸਰਮਾਏਦਾਰੀ ਦੀ ਹੋੜ ਵਿਚ ਅੰਨ੍ਹੇ ਹੋ ਕੇ ਆਪਣੇ ਜੀਵਨ ਦੇ ਰੁੱਖ਼ ਦੀ ਉਸੇ ਟਾਹਣੀ ਨੂੰ ਵੱਢਣਾ ਸ਼ੁਰੂ ਕਰ ਦਿੱਤਾ ਹੈ, ਜਿਸ ‘ਤੇ ਉਹ ਬੈਠਾ ਹੈ। ਪੰਜਾਬ ਦਾ ਸ਼ਹਿਰੀਕਰਨ, ਸਨਅਤੀਕਰਨ ਅਤੇ ਫ਼ਸਲੀ ਰਸਾਇਣੀਕਰਨ ਪੰਜਾਬ ਦੇ ਹਵਾ, ਪਾਣੀ ਅਤੇ ਵਾਤਾਵਰਣ ਨੂੰ ਗੰਧਲਾ ਕਰਨੋ ਟੱਲ ਨਹੀਂ ਰਿਹਾ। ਮੁੱਲ ਦੀਆਂ ਸਾਫ਼ ਹਵਾਵਾਂ ਵਾਲੇ ਏਅਰ ਕੰਡੀਸ਼ਨਰਾਂ ‘ਚ ਰਹਿਣ ਵਾਲੇ ਅਤੇ ਮਹਿੰਗੇ ਜਲ ਸ਼ੁੱਧੀਕਰਨ ਯੰਤਰਾਂ ਦਾ ਪੁਣ-ਪੁਣ ਕੇ ਪਾਣੀ ਪੀਣ ਵਾਲੇ ਉਦਯੋਗਪਤੀ ਅਤੇ ਸੱਤਾਧਾਰੀ ਧਰਤੀ ਹੇਠਲੇ ਪਾਣੀ ਦਾ ਮੁੱਲ ਨਹੀਂ ਸਮਝ ਰਹੇ। ਜਿਣਸ ਮੰਡੀ ‘ਚ ਖੜ੍ਹਾ ਖੇਤੀ ਉਤਪਾਦਕ ਵੀ ਫ਼ਸਲਾਂ, ਸਬਜ਼ੀਆਂ ਦਾ ਵੱਧ ਝਾੜ ਲੈਣ ਦੀ ਹੋੜ ‘ਚ ਅੰਨ੍ਹਾ ਹੋ ਕੇ ਧਰਤੀ ‘ਚ ਰਸਾਇਣਕ ਜ਼ਹਿਰ ਧੁੱਸ ਰਿਹਾ ਹੈ।
ਆਬੋ-ਹਵਾ ਨੂੰ ਬਚਾਉਣ ਲਈ 1974 ਦੇ ਕਾਨੂੰਨ ਦੀ ਵਿਵਸਥਾ ਹੈ, ਪਰ ਸਰਕਾਰੀ ਅਮਲ ਦੀ ਹੀ ਲੋੜ ਹੈ। ਕਈ ਚੇਤੰਨ ਵਾਤਾਵਰਣ ਪ੍ਰੇਮੀ ਦੁਹਾਈਆਂ ਦੇ ਰਹੇ ਹਨ, ਪਰ ਹਕੂਮਤ ਦੇ ਕੰਨ ‘ਤੇ ਜੂੰਅ ਤੱਕ ਨਹੀਂ ਸਰਕ ਰਹੀ। ਸੰਤ ਬਲਵੀਰ ਸਿੰਘ ਸੀਚੇਵਾਲ ਨੇ ਵਾਤਾਵਰਣ ਦੀ ਸੰਭਾਲ ਲਈ ਸਰਕਾਰ ਨੂੰ ਵਾਰ-ਵਾਰ ਚਿਤਾਵਨੀਆਂ ਦਿੱਤੀਆਂ, ਪਰ ਸਰਕਾਰ ਦੀ ਡੰਗ-ਟਪਾਊ ਨੀਅਤ ਭਾਂਪਣ ਤੋਂ ਬਾਅਦ ਉਨ੍ਹਾਂ ਖੁਦ ਹੀ ਆਰ-ਪਾਰ ਦੀ ਲੜਾਈ ਦਾ ਐਲਾਨ ਕੀਤਾ ਹੈ। ਪੰਜਾਬ ਵਾਤਾਵਰਣ ਸੰਕਟ ‘ਚ ਸੜ ਰਿਹਾ ਹੈ, ਪਰ ਹੁਕਮਰਾਨ ਤਾਂ ਨੀਰੋ ਦੇ ਅਵਤਾਰ ਹਨ, ਜਿਹੜੇ ਸਭ ਕਾਸੇ ਤੋਂ ਬੇਖ਼ਬਰ ਆਪੋ-ਆਪਣੀਆਂ ਬੰਸਰੀਆਂ ਵਜਾ ਰਹੇ ਹਨ। ਵਿਚਾਰੇ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਜਾਣ ਤਾਂ ਜਾਣ ਕਿਥੇ?
ਜੇਕਰ ਸਮੇਂ ਸਿਰ ਸਰਕਾਰ ਅਤੇ ਪੰਜਾਬ ਦੇ ਲੋਕਾਂ ਨੇ ਇਸ ਗੰਭੀਰ ਸੰਕਟ ਵੱਲ੍ਹ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ‘ਚ ਪੂਰੇ ਪੰਜਾਬ ਦਾ ਉਹੀ ਹਾਲ ਹੋਣ ਵਾਲਾ ਹੈ, ਜੋ ਅੱਜਕੱਲ੍ਹ ਬੀਕਾਨੇਰ, ਜੈਸਲਮੇਰ ਅਤੇ ਬਾੜਮੇੜ ਵਰਗੇ ਸ਼ਹਿਰਾਂ ਦਾ ਹੈ। ਰਾਜਸਥਾਨ ਦੇ ਇਨ੍ਹਾਂ ਸ਼ਹਿਰਾਂ ਦੇ ਬੱਚੇ ਹਾਈਵੇਅ ‘ਤੇ ਚੱਲਣ ਵਾਲੇ ਵਾਹਨਾਂ ਨੂੰ ਰੋਕ ਕੇ ਪੀਣ ਵਾਲੇ ਪਾਣੀ ਦੀ ਭੀਖ ਮੰਗਦੇ ਫ਼ਿਰਦੇ ਹਨ। ਪੰਜਾਬ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਅਜਿਹੀ ਲੋਕ ਲਹਿਰ ਖੜ੍ਹੀ ਕਰ ਦੇਣ ਕਿ ਸਿਆਸੀ ਧਿਰਾਂ ਆਪਣੇ ਚੋਣ ਏਜੰਡਿਆਂ ‘ਚ ਵਾਤਾਵਰਣ ਦੇ ਮੁੱਦੇ ਨੂੰ ਤਰਜੀਹੀ ਤੌਰ ‘ਤੇ ਸ਼ਾਮਲ ਕਰਨ ਲਈ ਮਜ਼ਬੂਰ ਹੋ ਜਾਣ। ਸਮੁੱਚੀਆਂ ਧਾਰਮਿਕ ਜਥੇਬੰਦੀਆਂ ਨੂੰ ਵਾਤਾਵਰਣ ਬਚਾਉਣ ਵਿਆਪਕ ਲਹਿਰ ਪੈਦਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।
ੲੲੲ

Check Also

5 ਦਸੰਬਰ 1872 : ਜਨਮ ਦਿਹਾੜੇ ‘ਤੇ ਵਿਸ਼ੇਸ਼

ਭਾਈ ਵੀਰ ਸਿੰਘ ਖਿਲਾਫ਼ ਸਾਹਿਤ ਮਾਫ਼ੀਆ ਦਾ ਬਿਰਤਾਂਤ *ਹੀਰ-ਵੰਨੇ ਵਾਲੇ ‘ਚੁੰਝ ਵਿਦਵਾਨਾਂ’ ਵੱਲੋਂ ਭਾਈ ਸਾਹਿਬ …