Breaking News
Home / ਨਜ਼ਰੀਆ / ਧਰਤੀ ‘ਤੇ ਵਸਿਆ ਸਵਰਗ ਹੈ

ਧਰਤੀ ‘ਤੇ ਵਸਿਆ ਸਵਰਗ ਹੈ

ਟੋਬਰਮਰੀ
ਮੇਜਰ ਮਾਂਗਟ
ਲੰਬੀ ਸਰਦ ਰੁੱਤ ਬੀਤਣ ਤੋਂ ਬਾਅਦ, ਜਦੋਂ ਬਰਫਵਾਰੀ ਰੁਕਦੀ ਹੈ, ਤਾਂ ਕੈਨੇਡੀਅਨ ਜੀਵਨ ਚਹਿਕ ਉੱਠਦਾ ਹੈ। ਲੋਕ ਸਪਤਾਹਿਕ ਅੰਤ ਤੇ ਘੁੰਮਣਯੋਗ ਥਾਵਾਂ ਵਲ ਨਿੱਕਲ ਤੁਰਦੇ ਨੇ। ਜਿਹੜੇ ਦੂਰ ਦੁਰਾਡੇ ਨਹੀਂ ਜਾ ਸਕਦੇ ਉਨ੍ਹਾਂ ਲਈ ਆਸ ਪਾਸ ਹੀ ਦੇਖਣ ਯੋਗ ਥਾਵਾਂ ਹੁੰਦੀਆਂ ਨੇ। ਉਨਟਾਰੀਉ ਸੂਬੇ ਵਿੱਚ ਟੋਬਰਮਰੀ ਵੀ ਇੱਕ ਅਜਿਹਾ ਹੀ ਸਥਾਨ ਹੈ ਜੋ, ਮਈ ਤੋਂ ਅਕਤੂਬਰ ਤੱਕ ਸੈਲਾਨੀਆਂ ਲਈ ਖੁੱਲਦਾ ਹੈ ਤੇ ਸਾਲ ਵਿੱਚ ਸੱਤ ਮਹੀਨੇ ਬਰਫੀਲੇ ਮੌਸਮ ਕਾਰਨ ਬੰਦ ਰਹਿੰਦਾ ਹੈ। ਮੈਂ ਇਸ ਸਥਾਨ ਬਾਰੇ ਕਈ ਲੋਕਾਂ ਤੋਂ ਸਣਿਆ ਸੀ ਕਿ ਉਥੇ ਜਾ ਕੇ ਬੋਟਿੰਗ ਕਰਨਾਂ, ਬੇਹੱਦ ਸਾਫ ਸੁਥਰੇ ਪਾਣੀ ਦੇ ਕਿਨਾਰੇ ਬਣੀਆਂ ਬੀਚਾਂ ਤੇ ਕੁਦਰਤ ਦੀ ਗੋਦ ਵਿੱਚ ਬਹਿ ਕੇ ਆਨੰਦ ਮਾਨਣਾ ਤੁਹਾਡੇ ਮਾਨਸਿਕ ਤਨਾਅ ਨੂੰ ਦੂਰ ਕਰਕੇ ਬਿਲਕੁੱਲ ਤਰੋ ਤਾਜ਼ਾ ਕਰ ਦਿੰਦਾ ਹੈ। ਸੋਚਿਆ ਅਸੀਂ ਵੀ ਕਿਉਂ ਨਾ ਟੋਬਰਮਰੀ ਜਾ ਕੇ ਆਈਏ। ਬੱਸ ਫੇਰ ਕੀ ਸੀ ਅਸੀਂ 14 ਅਗਸਤ ਦਿਨ ਐਤਵਾਰ ਦਾ ਦਿਨ ਨਿਸਚਿਤ ਕਰ ਲਿਆ।
ਹਫਤਾ ਪਹਿਲਾਂ ਹੀ ਬੱਚਿਆਂ ਨੇ ਕੰਮਪਿਊਟਰ ਰਾਹੀ ਖੋਜ਼ ਆਰੰਭ ਕਰ ਦਿੱਤੀ, ਕਿ ਕਿਹੜਾ ਰੂਟ ਲੈਣਾ ਹੈ ਤੇ ਕਿਵੇਂ ਪਹੁੰਚਣਾ ਹੈ। ਆਲ਼ੇ ਦੁਆਲ਼ੇ ਦੇਖਣ ਵਾਲਾ ਏਰੀਆ ਵੀ ਜਾਣ ਲਿਆ, ਫੈਰੀ ਦੀਆਂ ਟਿਕਟਾਂ ਅਤੇ ਫੈਰੀ ਤੁਰਨ ਦਾ ਸਮਾਂ ਵੀ ਨੋਟ ਕਰ ਲਿਆ। ਪਰ ਸਮੱਸਿਆ ਇਹ ਆਈ ਕਿ ਉਥੇ ਜਾ ਕੇ ਰਾਤ ਰਹਿਣ ਲਈ ਸਾਨੂੰ ਕੋਈ ਵੀ ਹੋਟਲ ਨਹੀਂ ਸੀ ਲੱਭ ਰਿਹਾ। ਸਾਡੇ ਭਾਰਤੀਆਂ ਦੀ ਆਦਤ ਹੈ ਕਿ ‘ਵਿਹੜੇ ਆਈ ਜੰਨ ਤੇ ਬਿਨੋ ਕੁੜੀ ਦੇ ਕੰਨ’ ਐਨ ਮੌਕੇ ਤੇ ਆ ਕੇ ਅਸੀਂ ਪੁੱਛ ਪੜਤਾਲ ਆਰੰਭ ਕਰਦੇ ਹਾਂ, ਜਦੋਂ ਕਿ ਦੂਸਰੀਆਂ ਕੌਮਾਂ, ਕਈ ਕਈ ਮਹੀਨੇ ਪਹਿਲਾਂ ਪਲਾਨਿੰਗ ਬਣਾ ਕੇ ਹੋਟਲ ਬਗੈਰਾ ਬੁੱਕ ਕਰਵਾ ਦਿੰਦੀਆਂ ਨੇ। ਪਰ ਅਸੀਂ ਤਾਂ ਜਾਣ ਦਾ ਪ੍ਰੋਗਰਾਮ ਬਣਾ ਚੁੱਕੇ ਸੀ, ਫੇਰ ਇਹ ਫੈਸਲਾ ਹੋਇਆ ਕਿ ਰਾਤ ਨੂੰ ਚੱਲ ਕੇ ਤੜਕੇ ਟੋਬਰਮਰੀ ਪਹੁੰਚੀਏ ਅਤੇ ਸਵੇਰ ਦੀ ਪਹਿਲੀ ਫੈਰੀ ਫੜ ਲਈਏ।
ਸ਼ਨਿੱਚਰਵਾਰ ਦੀ ਸ਼ਾਮ ਨੂੰ ਸਮਾਨ ਤਿਆਰ ਕਰਕੇ, ਅਸੀਂ ਕੁੱਝ ਘੰਟੇ ਸੌਂ ਗਏ। ਲੋੜੀਂਦਾ ਸਮਾਨ ਜੋ ਰਸਤੇ ‘ਚ ਖਾਣ ਪੀਣ ਲਈ ਚਾਹੀਦਾ ਸੀ, ਲੈ ਲਿਆ। ਰਾਤ ਨੂੰ ਬਹੁਤੇ ਰੈਸਟੋਰੈਂਟ ਜਾਂ ਟਿੱਮ ਹੌਰਟਨ ਵੀ ਤਾਂ ਬੰਦ ਹੋ ਜਾਂਦੇ ਨੇ। ਲੰਬੇ ਸਫਰ ਤੇ ਤੁਰਨ ਲੱਗਿਆ, ਉਹ ਵੀ ਰਾਤ ਦੇ ਹਨੇਰੇ ਵਿੱਚ, ਕਾਰ ਦਾ ਠੀਕ ਠਾਕ ਹੋਣਾ ਬਹੁਤ ਜਰੂਰੀ ਹੈ। ਇਹ ਯਕੀਨੀ ਬਣਾਉਣ ਦੇ ਨਾਲ ਨਾਲ, ਤੁਹਾਡੇ ਕੋਲ ਜੈੱਕ, ਵਾਧੂ ਟਾਇਰ ਅਤੇ ਟਾਇਰ ਖੋਹਲਣ ਵਾਲੀ ਚਾਬੀ ਹੋਣੀ ਵੀ ਜਰੂਰੀ ਹੈ। ਅਸੀਂ ਰਾਤ ਦੇ ਬਾਰਾਂ ਕੁ ਵਜੇ ਖਾਣਾ ਖਾਧਾ, ਚਾਹ ਪੀਤੀ ਅਤੇ ਪੰਜੇ ਜਾਣੇ ਕਾਰ ਵਿੱਚ ਜਾ ਬੈਠੇ। ਕਾਰ ਅੱਜ ਮੈਂ ਚਲਾਉਣੀ ਸੀ। ਕੁੱਝ ਸੀਡੀਜ਼ ਵੀ ਰੱਖ ਲਈਆਂ ਸਨ। ਫੇਰ ਸੰਗੀਤ ਸੁਣਦਿਆਂ, ਅਸੀਂ ਰਾਤ ਦੇ ਹਨੇਰੇ ਵਿੱਚ ਆਪਣੀ ਮੰਜ਼ਿਲ ਵਲ ਰਵਾਨਾ ਹੋ ਪਏ।
ਬਰੈਂਪਟਨ ਨਿੱਕਲਣ ਸਾਰ ਸਟਰੀਟ ਲਾਈਟਾਂ ਦੀ ਰੋਸ਼ਨੀ ਖਤਮ ਹੋ ਗਈ। ਅਸੀਂ ਹਾਈਵੇਅ 10 ਲੈ ਕੇ ਉੱਤਰ ਦਿਸ਼ਾ ਵਲ ਜਾ ਰਹੇ ਸਾਂ। ਰਸਤਾ ਸਾਡਾ ਜੀ ਪੀ ਐੱਸ ਦੱਸਦਾ ਜਾ ਰਿਹਾ ਸੀ। ਵਿਗਿਆਨ ਨੇ ਕਿੰਨੀ ਤਰੱਕੀ ਕਰ ਲਈ ਹੈ, ਕਿ ਬਿਜਲਈ ਰਾਹ ਦਸੇਰੇ, ਇੱਕ ਚੰਗੇ ਗਾਈਡ ਵਾਂਗ ਸਭ ਕੁੱਝ ਦੱਸ ਰਹੇ ਹਨ। ਤੁਹਾਡੇ ਕੋਲ ਇਹ ਵੀ ਚੋਣ ਹੈ ਕਿ ਤੁਸੀਂ ਕਿਸ ਤਰ੍ਹਾਂ ਦੀ ਆਵਾਜ਼ ਸੁਣਨੀ ਹੈ ਅਤੇ ਕਿਸ ਤਰ੍ਹਾਂ ਦਾ ਰਸਤਾ ਚੁਣਨਾ ਹੈ। ਮੈਂ ਸੋਚ ਰਿਹਾ ਸੀ ਕਿ ਇਹ ਜੀ ਪੀ ਐੱਸ ਤਾਂ ਭਾਰਤ ਜਾ ਕੇ ਵਿੱਚ ਕਮਲ਼ਾ ਹੋ ਜਾਵੇ, ਜਿੱਥੇ ਨਾਂ ਤਾਂ ਕੁੱਝ ਨਕਸ਼ੇ ਅਨੁਸਾਰ ਹੈ ਅਤੇ ਨਾਂ ਨੰਬਰਾਂ ਅਨੁਸਾਰ। ਏਸੇ ਕਰਕੇ ਹਰ ਵਾਰ ਭਾਰਤ ਵਿੱਚ ਮੇਰੇ ਟੈਕਸੀ ਡਰਾਈਵਰ ਨੂੰ ਵਾਰ ਵਾਰ ਗੱਡੀ ਰੋਕ ਕੇ ਰਸਤਾ ਪੁੱਛਣਾ ਪੈਂਦਾ ਸੀ। ਤੇ ਸਾਡਾ ਬਹੁਤ ਟਾਈਮ ਏਸੇ ਗੱਲ ਵਿੱਚ ਖਰਾਬ ਹੋ ਜਾਂਦਾ।
ਇਹ ਇੱਕ ਤਾਰਿਆਂ ਭਰੀ ਰਾਤ ਸੀ। ਅਸਮਾਨ ਮੋਤੀਆਂ ਭਰੇ ਥਾਲ ਵਾਂਗ ਜਾਪ ਰਿਹਾ ਸੀ। ਟੋਰਾਂਟੋ ਦੀ ਚਕਾ ਚੌਂਧ ਤੇ ਰੋਸ਼ਨੀ ਪ੍ਰਦੂਸ਼ਨ ਏਹੋ ਜਿਹਾ ਮੌਕਾ ਕਦੇ ਬਣਨ ਹੀ ਨਹੀਂ ਦਿੰਦੇ ਕਿ ਤੁਸੀਂ ਚਮਕਦੇ ਤਾਰੇ ਅਤੇ ਚੰਦਰਮਾਂ ਦਾ ਆਨੰਦ ਮਾਣ ਸਕੋਂ। ਮੈਨੂੰ ਬਚਪਨ ਵਿੱਚ ਕੋਠੇ ਤੇ ਪੈ ਕੇ, ਰਾਤ ਸਮੇਂ ਤਾਰੇ ਦੇਖਣ ਦਾ ਸਮਾਂ ਯਾਦ ਆਇਆ। ਉਹ ਹੀ ਛੜਿਆਂ ਦਾ ਰਾਹ (ਮਿਲਕੀਵੇਅ ਗਲੈਕਸੀ) ਤਿੰਗੜ ਤਾਰੇ, ਸਪਤ ਰਿਸ਼ੀ ਸਭ ਕੁੱਝ ਉਵੇਂ ਦਾ ਉਵੇਂ ਸੀ ਪਰ ਅਸੀਂ ਹੀ ਬਦਲ ਗਏ ਸਾਂ ਤੇ ਜੀਵਨ ਢੰਗ ਬਦਲ ਗਿਆ ਸੀ।
ਪਰ ਏਥੇ ਇੱਕ ਗੱਲ ਵੱਖਰੀ ਜਰੂਰ ਸੀ ਕਿ ਰਾਤ ਨੂੰ ਕੋਈ ਡਰ ਨਹੀਂ ਸੀ ਲੱਗਦਾ, ਨਾ ਲੁਟੇਰਿਆਂ ਕੋਲੋਂ, ਨਾਂ ਭੂਤਾਂ ਪ੍ਰੇਤਾਂ ਕੋਲੋਂ ਅਤੇ ਨਾਂ ਹੀ ਪੁਲੀਸ ਕੋਲੋਂ। ਭੂਤ ਪ੍ਰੇਤ ਤਾਂ ਕੈਨੇਡਾ ਵਰਗੇ ਵਿਕਸਤ ਮੁਲਕ ਵਿੱਚ ਹੁੰਦੇ ਹੀ ਨਹੀਂ। ਅਸੀਂ ਵੀ ਕਈ ਕਬਰਸਤਾਨਾਂ ਕੋਲੋਂ ਲੰਘੇ, ਪਰ ਡਰ ਦਾ ਖਿਆਲ ਤੱਕ ਵੀ ਨਾ ਆਇਆ। ਅਸੀਂ ਔਰਿੰਜਵਿੱਲ ਲੰਘ ਗਏ। ਸੜਕਾਂ ਤੰਗ ਹੋਣ ਲੱਗੀਆਂ ਤੇ ਹੁਣ ਟਾਂਵੀ ਟਾਂਵੀ ਕੋਈ ਇਮਾਰਤ ਦਿਖਾਈ ਦੇ ਰਹੀ ਸੀ। ਆਲ਼ੇ ਦੁਆਲ਼ੇ ਫਾਰਮਾਂ ਵਿੱਚ ਝੂਮਦੀਆਂ ਫਸਲਾਂ ਤੇ ਜੰਗਲ ਸਨ। ਥਾਂ ਥਾਂ ਜੰਗਲੀ ਜਾਨਵਰਾਂ ਦੇ ਅਚਾਨਕ ਸੜਕ ਤੇ ਆ ਜਾਣ ਦਾ ਖਤਰਾ ਵੀ ਸੜਕ ਸਾਈਨਾਂ ਤੇ ਦ੍ਰਸ਼ਾਇਆ ਗਿਆ ਸੀ। ਮੈਂ ਇਤਿਆਦ ਨਾਲ ਸੌ ਕਿਲੋਮੀਟਰ ਪ੍ਰਤੀ ਘੰਟਾ ਸੀ ਸਪੀਡ ਨਾਲ ਗੱਡੀ ਚਲਾ ਰਿਹਾ ਸਾਂ। ਚਾਰੇ ਪਾਸੇ ਸੁੰਨ ਸਰਾਂ ਤੇ ਸੰਘਣਾ ਹਨੇਰਾ ਸੀ।
ਅਸੀਂ ਸੰਗੀਤ ਸੁਣਦੇ ਅਤੇ ਗੱਲਾਂ ਕਰਦੇ ਜਾ ਰਹੇ ਸੀ। ਰਾਤ ਦਾ ਹਨੇਰਾ ਅਤੇ ਸੰਨਾਟਾ ਸੰਗੀਤਕ ਧੁਨਾਂ ਹੇਠਾਂ ਨੱਪਿਆ ਗਿਆ ਸੀ। ਮੈਂ ਅਚਾਨਕ ਦੇਖਿਆ ਕਿ ਤੇਲ ਵਾਲੀ ਸੂਈ ਕਾਫੀ ਥੱਲੇ ਚਲੀ ਗਈ ਸੀ। ਤੁਰਨ ਲੱਗਿਆਂ ਸੋਚਿਆ ਸੀ ਕਿ ਰਸਤੇ ਵਿੱਚ ਕਿਸੇ ਗੈਸ ਸਟੇਸ਼ਨ ਤੋਂ ਤੇਲ ਭਰਵਾ ਲਵਾਂਗੇ। ਪਰ ਸੁੰਨ ਸਰਾਂ ਰਸਤਿਆਂ ਤੇ, ਕੋਈ ਪੈਟਰੋਲ ਪੰਪ ਹੀ ਨਹੀਂ ਸੀ ਆ ਰਿਹਾ। ਫੇਰ ਤੇਲ ਟੈਂਕ ਖਾਲੀ ਹੋਣ ਦੀ ਵਾਰਨਿੰਗ ਵਾਲੀ ਬੱਤੀ ਜਗਣ ਲੱਗੀ। ਅਸੀਂ ਹੋਰ ਵੀ ਸਹਿਮ ਗਏ ਕਿ ਜੇ ਹੁਣ ਤੇਲ ਮੁੱਕ ਗਿਆ ਤਾਂ ਅਸੀਂ ਇਸ ਘੁੱਪ ਹਨੇਰੇ ਵਿੱਚ ਤਾਂ ਕਾਰ ਵੀ ਸਟਾਰਟ ਨਹੀਂ ਰੱਖ ਸਕਾਂਗੇ। ਸਾਨੂੰ ਆਪਣੀ ਮੂਰਖਤਾ ਤੇ ਗੁੱਸਾ ਆਉਣ ਲੱਗਾ। ਅਸੀਂ ਜੀ ਪੀ ਐੱਸ ਤੇ ਗੈਸ ਪੰਪ ਲੱਭਣ ਲੱਗੇ। ਪਰ ਜਦੋਂ ਅਸੀਂ ਪੰਪ ਤੇ ਪਹੁੰਚਦੇ ਤਾਂ ਉਹ ਅੱਗੋਂ ਬੰਦ ਮਿਲਦਾ। ਟੋਬਰਮਰੀ ਅਜੇ ਪੰਜਾਹ ਸੱਠ ਕਿਲੋਮੀਟਰ ਪਿਆ ਸੀ। ਮੈਨੂੰ ਪਤਾ ਸੀ ਕਿ ਲਾਈਟ ਆਉਣ ਤੋਂ ਬਾਅਦ 35-40 ਕਿਲੋਮੀਟਰ ਤਾਂ ਗੱਡੀ ਚੱਲ ਹੀ ਜਾਵੇਗੀ। ਮੈਂ ਸਭ ਨੂੰ ਹੌਸਲਾ ਦਿੰਦਿਆ ਫੇਰ ਪੈਡਲ ਨੱਪ ਦਿੰਦਾ। ਪਿਛਲੇ ਪੰਜਾਹ ਕਿਲੋਮੀਟਰ ਤਾਂ ਅਸੀ ਪੂਰੇ ਤਨਾਅ ਵਿੱਚ ਕੱਢੇ। ਪਰ ਸਦਕੇ ਸਾਡੀ ਕਾਰ ਦੇ ਜੋ ਸਾਨੂੰ ਬਗੈਰ ਕਿਤੇ ਖੜਿਆਂ ਟੋਬਰਮਰੀ ਦੀ ਜੂਹ ਵਿੱਚ ਲੈ ਹੀ ਗਈ। ਅਸੀਂ ਇੱਕ ਗੈਸ ਪੰਪ ਖੁੱਲਾ ਦੇਖਿਆ ਤਾਂ ਕਿਤੇ ਸਾਹ ਵਿੱਚ ਸਾਹ ਆਇਆ। ਤੁਰੰਤ ਗੱਡੀ ਤੇਲ ਨਾਲ ਭਰਵਾ ਲਈ ਅਤੇ ਕੰਨਾਂ ਨੂੰ ਹੱਥ ਵੀ ਲਾੲ,ੇ ਕਿ ਰਾਤ ਬਰਾਤੇ, ਪੂਰਾ ਤੇਲ ਭਰਵਾਏ ਬਗੈਰ, ਲੰਬੇ ਸਫਰ ਤੇ ਨਹੀਂ ਤੁਰਨਾ। ਤਨਾਅ ਮੁਕਤ ਹੁੰਦਿਆਂ ਹੀ ਅਸੀਂ ਗਰਮ ਗਰਮ ਕੌਫੀ ਪੀਤੀ।
ਸਮਾਂ ਅਜੇ ਤੜਕੇ ਸਾਢੇ ਕੁ ਚਾਰ ਵਜੇ ਦਾ ਸੀ। ਸਾਨੂੰ ਏਥੇ ਪਹੁੰਚਣ ਤੱਕ ਚਾਰ ਘੰਟੇ ਲੱਗ ਗਏ ਸਨ। ਪਹੁਫੁਟਾਲਾ ਹੋਣ ਵਾਲਾ ਸੀ। ਅਸੀਂ ਕਾਰ ਲੈ ਕੇ ਉਸ ਬੰਦਰਗਾਹ ਦੇ ਬਿਲਕੁੱਲ ਨੇੜੇ ਪਹੁੰਚ ਗਏ ਅਤੇ ਪਾਰਕਿੰਗ ਲਾਟ ਵਿੱਚ ਕਾਰ ਪਾਰਕ ਕਰ ਦਿੱਤੀ। ਇੱਕ ਪਬਲਿਕ ਰੈਸਟੋਰੈਂਟ ਵਿੱਚ ਵਾਸ਼ਰੂਮ ਜਾ ਕੇ ਤਰੋ ਤਾਜ਼ਾ ਹੋਣ ਤੋਂ ਬਾਅਦ, ਅਸੀਂ ਹਲਕਾ ਜਿਹਾ ਨਾਸ਼ਤਾ ਕੀਤਾ ਅਤੇ ਗੱਡੀ ਵਿੱਚ ਦੋ ਘੰਟੇ ਸੌਣ ਜਾਂ ਅਰਾਮ ਕਰਨ ਦੀ ਸੋਚੀ। ਫੇਰ ਜਾਗੋਮੀਚੀ ਵਿੱਚ ਦੋ ਘੰਟੇ ਵੀ ਨਿੱਕਲ ਗਏ। ਸੁਭਾ ਦੀ ਲਾਲੀ ਨੇ ਅਸਮਾਨ ਤੇ ਸੁਨਹਿਰੀ ਰੰਗ ਬਖੇਰ ਦਿੱਤੇ ਸਨ। ਜਦੋਂ ਸੂਰਜ ਉਦੇ ਹੋਇਆ ਤਾਂ ਸਾਡੇ ਸਾਹਮਣੇ ਸਮੁੰਦਰ ਦਾ ਨੀਲਾ ਪਾਣੀ ਅਤੇ ਲੰਗਰ ਸੁਟੀਂ ਯਾਤਰੂ ਜਹਾਜ਼ ਖੜੇ ਦਿਖਾਈ ਦੇ ਰਹੇ ਸਨ। ਅਸੀਂ ਵੀ ਲੋੜੀਂਦਾ ਸਮਾਨ ਲੈ ਕੇ ਪਹਿਲੀ ਫੇਰੀ ਫੜਨ ਲਈ ਟਿਕਟ ਖਿੜਕੀ ਵਲ ਵਧਣ ਲੱਗੇ। ਫੇਰ ਦੇਖਦਿਆਂ ਹੀ ਦੇਖਦਿਆਂ ਯਾਤਰੂਆਂ ਦੀ ਲੰਬੀ ਲਾਈਨ ਲੱਗ ਗਈ।
ਅਸੀਂ ਵੀ ਪੰਜ ਟਿਕਟਾਂ ਲੈ ਲਈਆਂ। ਅੱਜ ਧੁੱਪ ਵਾਲਾ ਦਿਨ ਸੀ। ਲੋਕਾਂ ਨੇ ਗਰਮੀਆਂ ਦੇ ਮੌਸਮ ਕਰਕੇ ਉਸੇ ਹਿਸਾਬ ਨਾਲ ਕੱਪੜੇ ਵੀ ਪਹਿਨੇ ਹੋਏ ਸਨ। ਏਥੇ ਕੋਈ ਇੱਕ ਦੂਜੇ ਤੋਂ ਅੱਗੇ ਜਾ ਕੇ ਵਧੀਆਂ ਸੀਟਾਂ ਮੱਲਣ ਲਈ ਧੱਕਾ ਮੁੱਕੀ ਨਹੀਂ ਸੀ ਕਰ ਰਿਹਾ। ਸਭ ਬੜੇ ਸਲੀਕੇ ਨਾਲ ਕਤਾਰ ਵਿੱਚ ਅੱਗੇ ਵਧ ਰਹੇ ਸਨ। ਫੈਰੀ ਦੇ ਨਜ਼ਦੀਕ ਫੋਟੋਗ੍ਰਾਫਰ, ਇਨ੍ਹਾਂ ਯਾਦਗਾਰੀ ਪਲਾਂ ਨੂੰ ਕੈਮਰਾ ਬੰਦ ਕਰਕੇ ਵੇਚਦੇ ਸਨ। ਅਸੀਂ ਵੀ ਇੱਕ ਪਰਿਵਾਰਕ ਤਸਵੀਰ ਖਿਚਵਾ ਲਈ ਜੋ ਵਾਪਸੀ ਵਕਤ ਮਿਲਣੀ ਸੀ। ਫੇਰ ਅਸੀਂ ਦੁਲਹਨ ਵਾਂਗ ਸ਼ਿੰਗਾਰੀ ਇਸ ਜਲ ਪਰੀ ਤੇ ਸਵਾਰ ਹੋ ਗਏ। ਇਹ ਅੰਦਰੋਂ ਇੱਕ ਸਜੇ ਧਜੇ ਮਹਿਲ ਵਾਂਗ ਜਾਪ ਰਹੀ ਸੀ।
ਅਸੀਂ ਗਹਿਰੇ ਪਾਣੀ ਦੀ ਸਤਾਹ ਤੋਂ ਕੁਦਰਤੀ ਦ੍ਰਿਸ਼ਾਂ ਦਾ ਆਨੰਦ ਮਾਣਦੇ ਰਹੇ। ਸ਼ਾਨਦਾਰ ਅਤੇ ਅਰਾਮਦਾਇਕ ਲੌਂਜ਼ ਵਿੱਚ ਲੋਕ ਕੁਰਸੀਆਂ ਤੇ ਬੈਠ ਕੇ ਸ਼ੀਸ਼ਿਆਂ ਵਿੱਚੋਂ ਬਾਹਰ ਤੱਕ ਰਹੇ ਸਨ। ਡਾਈਨਿੰਗ ਲੌਂਜ ਵਿਚਕਾਰ ਇੱਕ ਸ਼ਾਨਦਾਰ ਰੈਸਟੋਰੈਂਟ ਸੀ ਜਿੱਥੇ ਖੂਬਸੂਰਤ ਕੁੜੀਆਂ ਗਾਹਕਾਂ ਤੋਂ ਆਰਡਰ ਲੈ ਰਹੀਆਂ ਸਨ। ਏਥੋਂ ਤੁਸੀਂ ਬੀਅਰ ਵਿਸਕੀ ਚਾਹ ਕੌਫੀ, ਪੀਜ਼ਾ ਬਰਗਰ ਅਤੇ ਖਾਣ ਪੀਣ ਦਾ ਹੋਰ ਸਮਾਨ ਲੈ ਸਕਦੇ ਸੀ। ਕਈਆਂ ਨੇ ਤਾਂ ਕੌਫੀ ਅਤੇ ਬੀਅਰਾਂ ਫੜ ਵੀ ਲਈਆਂ ਸਨ।
ਅਸੀਂ ਥੱਲੇ ਛੱਤ ਹੇਠਾਂ ਬੈਠਣ ਨਾਲੋਂ, ਪੌੜੀਆਂ ਚੜ੍ਹ ਕੇ ਫੇਰੀ ਦੀ ਛੱਤ ਤੇ ਖੁੱਲੇ ਅਸਮਾਨ ਹੇਠ ਚਲੇ ਗਏ। ਸੁਭਾ ਦਾ ਸੂਰਜ ਪਾਣੀ ਤੇ ਸੁਨਹਿਰੀ ਕਿਰਨਾਂ ਦਾ ਸੋਨਾ ਬਖੇਰ ਰਿਹਾ ਸੀ। ਦੂਰ ਦੁਰਡੇ ਕੁੱਝ ਅਤੀ ਸੁੰਦਰ ਟਾਪੂ ਨਜ਼ਰ ਆ ਰਹੇ ਸਨ। ਫੇਰ ਕੈਪਟਨ ਨੇ ਫੈਰੀ ਦੇ ਤੁਰਨ ਦੀ ਅਨਾਊਂਸਮੈਂਟ ਕਰ ਦਿੱਤੀ। ਮੋਟਾ ਸਾਰਾ ਰੱਸਾ, ਜਿਸ ਨਾਲ ਫੇਰੀ ਬੰਨੀ ਹੋਈ ਸੀ, ਖੋਹਲ ਦਿੱਤਾ ਗਿਆ। ਦਰਵਾਜ਼ੇ ਬੰਦ ਹੋ ਗਏ ਅਤੇ ਗੇਟ ਉੱਪਰ ਚੁੱਕ ਦਿੱਤੇ ਗਏ। ਜਦੋਂ ਜਾਣ ਲਈ ਬਿਗਲ ਵੱਜਿਆ ਤਾਂ ਝੱਟ ਫੈਰੀ ਤੁਰ ਪਈ।
ਮੈਨੂੰ ਨਹਿਰ ਸਰਹਿੰਦ ਤੇ ਸੈਂਕੜੇ ਵਾਰ ਕੀਤੀ ਕਿਸ਼ਤੀ ਦੀ ਸਵਾਰੀ ਯਾਦ ਆਈ। ਪਰ ਅੱਜ ਵਾਲੀ ਕਿਸ਼ਤੀ ਤਾਂ ਪੂਰਾ ਪਿੰਡ ਹੀ ਚੁੱਕੀ ਜਾ ਰਹੀ ਸੀ। ਮੈਂ ਪਹਿਲੀ ਵਾਕ ਕੈਨੇਡਾ ਆ ਕੇ ਵੈਨਕੋਵਰ ਤੋਂ ਵਿਕਟੋਰੀਆ, ਆਈਲੈਂਡ ਤੱਕ, ਫੈਰੀ ਦਾ ਸਫਰ ਕੀਤਾ ਸੀ, ਤਾਂ ਇਹ ਦੇਖ ਕੇ ਹੈਰਾਨ ਹੀ ਰਹਿ ਗਿਆ, ਕਿ ਹਜ਼ਾਰਾਂ ਕਾਰਾਂ ਸੈਂਕੜੇ ਟਰੱਕ ਵੀ ਇਸ ਵਿੱਚ ਚੜ੍ਹਾ ਦਿੱਤੇ ਗਏ ਸਨ। ਇਸਦੀ ਹੇਠਲੀ ਮੰਜ਼ਿਲ ਤੇ ਪੂਰੀ ਪਾਰਕਿੰਗ ਲੌਟ ਬਣੀ ਹੋਈ ਸੀ। ਫੈਰੀ ਕਾਹਦੀ ਸੀ, ਪੂਰਾ ਸ਼ਹਿਰ ਹੀ ਪਾਣੀ ਤੇ ਤੈਰ ਰਿਹਾ ਸੀ। ਇਹ ਫੇਰੀ ਭਾਵੇਂ ਉਤਨੀ ਵਿਸ਼ਾਲ ਤਾਂ ਨਹੀਂ ਸੀ ਪਰ ਉਹ ਹੀ ਅਨੁਭਵ ਉਹੋ ਜਿਹਾ ਹੀ ਹੋ ਰਿਹਾ ਤ9[
ਪਾਣੀ ਦੀ ਵੀ ਇੱਕ ਖੁਸ਼ਬੂ ਹੁੰਦੀ ਹੈ। ਪਾਣੀ ਦੀ ਹਿੱਕ ਤੇ ਵਗਦੀ ਹਵਾ, ਤੁਹਾਨੂੰ ਆਨੰਦਿਤ ਕਰਦੀ ਹੈ। ਅੱਜ ਹਵਾ ਵੀ ਕੁੱਝ ਤੇਜ਼ ਸੀ। ਇਹ ਕਈ ਔਰਤਾਂ ਦੀਆਂ ਜੁਲਫਾਂ ਉਡਾ ਰਹੀ ਸੀ। ਪਾਣੀ ਤੇ ਪੈਂਦੀ ਧੁੱਪ ਤੇ ਪਰਤਵੀਂ ਲਿਸ਼ਕੋਰ ਨੇ ਕਈਆਂ ਦੇ ਐਨਕਾਂ ਲੁਆ ਦਿੱਤੀਆਂ। ਅਸੀਂ ਬਾਲਕੋਨੀ ਦੇ ਆਲ਼ੇ ਦੁਆਲ਼ੇ ਘੁੰਮ ਕੇ ਕੁਦਰਤੀ ਦ੍ਰਿਸ਼ ਮਾਣਦੇ ਫੋਟਆਂ ਖਿੱਚ ਰਹੇ ਸਾਂ। ਪਾਣੀ ਕਿਨਾਰੇ ਵਸਿਆ ਟੋਬਰਮਰੀ ਸ਼ਹਿਰ ਬਹੁਤ ਖੂਬਸੂਰਤ ਜਾਪ ਰਿਹਾ ਸੀ। ਇੰਜਣ ਵਾਲੇ ਪਾਸੇ ਪਾਣੀ ਦਾ ਘੁੰਮਣਘੇਰ ਤਾਂ ਬਹੁਤ ਹੀ ਸੋਹਣਾ ਲੱਗ ਰਿਹਾ ਸੀ। ਕੈਨੇਡਾ ਦਾ ਝੰਡਾ ਵੀ ਪੂਰੇ ਜਲੋ ਨਾਲ ਸ਼ਿਖਰਾਂ ਤੇ ਲਹਿਰਾ ਰਿਹਾ ਸੀ। ਮੈਂ ਕਦੀ ਕਦਾਈਂ ਬੈਂਚ ਤੇ ਬੈਠ ਜਾਂਦਾ ਅਤੇ ਕਦੇ ਟਿਕਟ ਖਿੜਕੀ ਤੋਂ ਟੋਬਰਮਰੀ ਬਾਰੇ ਮਿਲੇ ਕਿਤਾਬਚੇ ਪੜ੍ਹਨ ਲੱਗ ਜਾਂਦਾ। ਜਿਸ ਤੋਂ ਮੈਨੂੰ ਕਾਫੀ ਜਾਣਕਾਰੀ ਮਿਲ ਰਹੀ ਸੀ।
ਇਹ ਥਾਂ ਟੋਰਾਂਟੋ ਤੋਂ ਲੱਗਪੱਗ ਤਿੰਨ ਸੌ ਕਿਲੋਮੀਟਰ ਦੀ ਦੂਰੀ ਤੇ ਸੀ, ਜੋ ਬਰੂਸ ਪੈਨਜ਼ੂਏਲਾ ਕਾਂਊਟੀ ਵਿੱਚ ਪੈਂਦਾ ਹੈ। ਇਸਦਾ ਸਭ ਤੋਂ ਨਜ਼ਦੀਕੀ ਸ਼ਹਿਰ ਓਵਨ ਸਾਊਂਡ, ਏਥੋਂ ਸੌ ਕਿਲੋਮੀਟਰ ਦੀ ਦੂਰੀ ਤੇ ਸੀ। ਦੋਨਾਂ ਸ਼ਹਿਰਾਂ ਨੂੰ ੳਾਪਸ ਵਿਾਚ ਹਾਈ ਵੇਅ 6 ਜੋੜਦਾ ਹੈ। ਜਦੋਂ ਇਹ ਖਿੱਤਾ ਵਸਣਾ ਸ਼ੁਰੂ ਹੋਇਆ ਸੀ ਤਾਂ ਸਭ ਤੋਂ ਪਹਿਲਾਂ ਏਥੇ ਸਕੌਟਿਸ਼ ਲੋਕ ਆਏ ਸਨ ਅਤੇ ਟੋਬਰਮਰੀ ਵੀ ਇੱਕ ਸਕੌਟਿਸ਼ ਨਾਂ ਹੈ। ਇਹ ਸਵੱਛ ਪਾਣੀ ਦੇ ਭੰਡਾਰ ਕਿਨਾਰੇ ਵਸਿਆ ਸ਼ਹਿਰ ਹੈ। ਏਥੇ ਗੋਤਾਖੋਰੀ ਨਾਲ ਸਬੰਧਤ ਅਨੇਕਾਂ ਲੋਕ ਆਉਦੇ ਨੇ, ਬਹੁਤੇ ਸੈਲਾਨੀ ਇਸ ਨੂੰ ਗੋਤਾਖੋਰੀ ਦਾ ਮੱਕਾ ਮੰਨਦੇ ਨੇ। ਇਸ ਏਰੀਏ ਵਿੱਚ ਅਨੇਕਾਂ ਸਾਫ ਸੁਥਰੀਆਂ ਬੀਚਾਂ ਹਨ। ਤਾਜ਼ੇ ਅਤੇ ਸਾਫ ਸੁਥਰੇ ਪਾਣੀ ਦੀ ਵਜ਼ਾ ਕਰਕੇ ਘੁਮੱਕੜ ਵੱਡੀ ਤਦਾਦ ਵਿੱਚ ਇਨ੍ਹਾਂ ਬੀਚਾਂ ਤੇ ਆਉਂਦੇ ਹਨ। ਅਨੇਕਾਂ ਤਰ੍ਹਾਂ ਦੀਆਂ ਰੰਗ ਬਿਰੰਗੀਆਂ ਕਿਸ਼ਤੀਆਂ ਹੁਣ ਵੀ ਮਨਮੋਹਕ ਨਜ਼ਾਰਾ ਪੇਸ਼ ਕਰ ਰਹੀਆਂ ਸਨ। ਕਈ ਮਨਚਲੇ ਵਾਟਰ ਬੋਰਡ ਤੇ ਕਰਤੱਵ ਵਿਖਾ ਰਹੇ ਸਨ। ਕੋਈ ਔਰਤ ਇੰਜਣ ਵਾਲੀ ਕਿਸ਼ਤੀ ਦੀ ਨੋਕ ਤੇ ਲੱਤਾਂ ਲਮਕਾਈ ਬੈਠੀ ਸੀ ਤੇ ਕਿਸ਼ਤੀ ਪਾਣੀ ਤੇ ਸ਼ੁਕਦੀ ਜਾ ਰਹੀ ਸੀ। ਕਮਾਲ ਸਨ ਇਹਨਾਂ ਲੋਕਾਂ ਦੇ ਸ਼ੌਂਕ ਅਤੇ ਬੋਟਿੰਗ ਦਾ ਜਨੂੰਨ।
ਟੋਬਰਮਰੀ ਸ਼ਹਿਰ ਦਾ ਸੰਸਾਰ ਸਿਰਫ ਪਾਣੀ ਨਾਲ ਹੀ ਜੁੜਿਆ ਹੋਇਆ ਨਹੀਂ ਹੈ। ਏਥੇ ਪੰਜ ਮਸ਼ਹੂਰ ਅਤੇ ਮਹੱਤਵਪੂਰਨ ਪਾਰਕ ਵੀ ਹਨ। ਜਿੱਥੇ ਲੋਕ ਪਿਕਨਿਕਾਂ ਮਨਾਂਉਂਦੇ ਨੇ ਅਤੇ ਕੈਂਪਿੰਗ ਕਰਦੇ ਨੇ। ਸੈਲਾਨੀਆਂ ਲਈ ਇਹ ਵੋਕੇਸ਼ਨ ਸਥਾਨ, ਜੰਨਤ ਸਮਾਨ ਮੰਨੇ ਜਾਂਦੇ ਨੇ। ਸਾਡੀ ਫੈਰੀ ਨੇ ਵੀ ਦੂਸਰੇ ਪਾਸੇ ਬਣੇ ਇੱਕ ਏਸੇ ਤਰ੍ਹਾਂ ਦੇ ਪ੍ਰਸਿੱਧ ਟਾਪੂ ਪਾਰਕ ਮੈਨੀਟੂਲਨ ਆਈਲੈਂਡ ਤੱਕ ਜਾਣਾ ਸੀ। ਕੈਨੇਡਾ ਝੀਲਾਂ ਦਾ ਮੁਲਕ ਹੈ। ਏਥੋਂ ਦੀਆਂ ਪੰਜ ਵਿਸ਼ਵ ਪ੍ਰਸਿੱਧ ਝੀਲਾਂ ਹਨ ਜੋ ਅਕਾਰ ਪੱਖੋਂ ਕਿਸੇ ਸਮੁੰਦਰ ਤੋਂ ਘੱਟ ਨਹੀਂ ਹਨ। ਟੋਬਰਮਰੀ ਉਹਨਾਂ ਚੋਂ ਹੀ ਇੱਕ ਲੇਕ ਹਿਊਰੋਨ ਦੇ ਕਿਨਾਰੇ ਵਸਿਆ ਹੋਇਆ ਸ਼ਹਿਰ ਹੈ। ਇਸੇ ਝੀਲ ਦੇ ਪਾਣੀ ਦੇ ਪਾਣੀ ਤੇ ਸਾਡੀ ਫੈਰੀ ਅਠਖੇਲੀਆਂ ਕਰਦੀ ਜਾ ਰਹੀ ਸੀ ਅਤੇ ਅਸੀਂ ਮੰਤਰ ਮੁਗਧ ਹੋਏ ਬਲਿਹਾਰੀ ਕੁਦਰਤ ਦਾ ਆਨੰਦ ਮਾਣ ਰਹੇ ਸੀ।
ਟੋਬਰਮਰੀ ਵਾਕਿਆ ਹੀ ਧਰਤੀ ਤੇ ਵਸਿਆ ਸਵਰਗ ਹੈ। ਇਸ ਜੰਨਤ ਦੀ ਸੈਰ ਲਈ ਮਈ ਤੋ ਅਕਤੂਬਰ ਤੱਕ ਲੱਖਾਂ ਸੈਲਾਨੀ ਆਉਂਦੇ ਹਨ। ਇਨ੍ਹਾਂ ਦਿਨਾਂ ਵਿੱਚ ਹੋਟਲ ਮੋਟਲ ਖਚਾ ਖਚ ਭਰੇ ਰਹਿੰਦੇ ਹਨ ਅਤੇ ਬੜੀ ਮੁਸ਼ਕਲ ਨਾਲ ਕੋਈ ਖਾਲੀ ਕਮਰਾ ਮਿਲਦਾ ਹੈ। ਇਸ ਸੈਰ ਨਾਲ ਰਾਤ ਦੀ ਬੇਅਰਾਮੀ ਅਤੇ ਉਨੀਂਦਰਾ ਭੁੱਲ ਚੁੱਕਾ ਸੀ। ਮਨ ਬ੍ਰਹਿਮੰਡ ਨਾਲ ਇੱਕ ਮਿੱਕ ਹੋ ਜਾਣਾ ਲੋਚਦਾ ਸੀ।
ਜੌਰਜੀਅਨ ਬੇਅ ਦਾ ਪਾਣੀ ਐਨਾ ਸਾਫ ਹੈ ਕਿ ਇਸ ਨੂੰ ਬਿਆਨਿਆ ਨਹੀਂ ਜਾ ਸਕਦਾ, ਸਿਰਫ ਕਰਿਸਲ ਕਲੀਅਰ ਕਹਿ ਸਕਦੇ ਹਾਂ। ਆਲੇ ਦੁਆਲੇ ਜੰਗਲ, ਪਗਡੰਡੀਆਂ, ਨਿੱਕੇ ਨਿੱਕੇ ਲੱਕੜ ਦੇ ਕਲਾਤਕ ਪੁਲ਼ ਤੁਹਾਨੂੰ ਹੋਰ ਹੀ ਦੁਨੀਆਂ ਵਿੱਚ ਲੈ ਜਾਂਦੇ ਹਨ। ਏਥੇ ਹੀ ਇੱਕ ਹੋਰ ਪਾਰਕ ਹੈ ‘ਫੈਥਮ ਫਾਈਵ ਨੈਸ਼ਨਲ ਮੈਰੀਨ ਪਾਰਕ’ ਇਹ ਸਾਰਾ ਕਨਜਰਵੇਸ਼ਨ ਏਰੀਆ ਹੈ। ਜੋ ਮੂਲ ਵਾਸੀਆਂ ਲਈ ਰੀਜ਼ਰਵ ਰੱਖਿਆ ਹੋਇਆ ਹੈ। ਏਥੇ ਪੁਰਾਤਨ ਵਿਰਸੇ ਨੂੰ ਅਤੇ ਇਸਦੀ ਕੁਦਰਤੀ ਦਿੱਖ ਨੂੰ ਸੰਭਾਲ ਕੇ ਰੱਖਿਆ ਗਿਆ ਹੈ। ਹਰ ਪਾਸੇ ਸੀਡਰ ਦੇ ਝੂਮਦੇ ਦਰਖ਼ਤ ਹਨ। ਹਜ਼ਾਰਾਂ ਕਿਸਮ ਦੇ ਫੁੱਲ ਹਨ। ਟੋਬਰਮੋਰੀ ਦੇ ਜੰਗਲਾਂ ਵਿੱਚ ਜੰਗਲੀ ਜੀਵਨ ਦੀ ਵੀ ਪੂਰੀ ਸੰਭਾਲ ਹੈ। ਸੈਂਕੜੇ ਜੀਵ ਪਰਜਾਤੀਆਂ ਏਥੇ ਵਿਚਰਦੀਆਂ ਹਨ ਜਿਨ੍ਹਾਂ ਵਿੱਚ ਰਿੱਛ, ਹਿਰਨ, ਲੱਕੜ ਬੱਘੇ, ਕਾਟੋਆਂ, ਅਨੇਕਾਂ ਕਿਸਮ ਦੇ ਸੱਪ, ਰਕੂਨ, ਲੂੰਬੜੀਆਂ, ਸੀਗੁਲ, ਚਿੱਪਮੰਕ ਤੁਹਾਨੂੰ ਆਮ ਹੀ ਨਜ਼ਰ ਆ ਜਾਣਗੇ। ਹਰ ਪਾਸੇ ਸੁਰੱਖਿਆ ਅਤੇ ਸਹੂਲਤਾਂ ਦਾ ਪੂਰਾ ਪ੍ਰਬੰਧ ਹੈ। ਚਾਰ ਘੰਟੇ ਪਾਣੀ ਤੇ ਬਿਤਾ ਕੇ ਅਸੀਂ ਵਾਪਸ ਮੁੜ ਆਏ। ਖਾਣਾ ਅਸੀਂ ਫੈਰੀ ਵਿੱਚ ਵੀ ਖਾਅ ਲਿਆ ਸੀ। ਵਾਸਪ ਆ ਕੇ ਅਸੀਂ ਬਜ਼ਾਰ ਅਤੇ ਹੋਰ ਦੇਖਣਯੋਗ ਥਾਵਾਂ ਦੇਖਣ ਨਿੱਕਲ ਪਏ।
ਪੁਰਾਤਨ ਵਸੋਂ ਨਾਲ ਸਬੰਧਤ, ਨੇਟਿਵ ਲੋਕਾਂ ਦੇ ਕਈ ਮਿਊਜ਼ੀਅਮ ਦੇਖੇ ਅਤੇ ਉਨ੍ਹਾਂ ਦੇ ਸੱਭਿਆਚਾਰ ਨੂੰ ਜਾਣਿਆ। ਥਾਂ ਥਾਂ ਟੋਟਮ ਸਤੰਭ ਅਤੇ ਚਿੱਤਰਕਾਰੀ ਨਜ਼ਰ ਆ ਰਹੀ ਸੀ। ਜੰਗਲੀ ਜੀਵਨ ਦੇ ਸੰਕੇਤ ਲਈ, ਪੰਛੀ ਖੰਭਾਂ ਨੂੰ ਚਿੰਨਾਤਮਕ ਤੌਰ ਤੇ ਵਰਤਿਆ ਗਿਆ ਸੀ। ਅਸੀਂ ਜੌਰਜੀਅਨ ਬੇਅ ਤੇ ਬਣੇ ਬਿੱਗ ਟੱਬ ਅਤੇ ਲਿਟਲ ਟੱਬ ਵਜੋਂ ਜਾਣੇ ਜਾਂਦੇ ਸਵੱਛ ਪਾਣੀਆਂ ਦਾ ਆਨੰਦ ਮਾਣਿਆ। ਕਿੰਨੀ ਹੀ ਦੇਰ ਪਾਣੀ ਵਿੱਚ ਪੈਰ ਰੱਖ ਵਿਸ਼ਾਲ ਪੱਥਰਾਂ ਤੇ ਬੈਠ ਕਾਦਰ ਦੀ ਕੁਦਰਤ ਦਾ ਆਨੰਦ ਮਾਣਦੇ ਰਹੇ।
ਸੂਰਜ ਪੱਛਮ ਦੀ ਗੋਦ ਵਿੱਚ ਨੀਵਾਂ ਹੁੰਦਾ ਜਾ ਰਿਹਾ ਸੀ। ਲੇਕ ਹਿਊਰੋਨ ਤੇ ਜਿਵੇਂ ਸੋਨਾ ਵਿਛਾ ਦਿੱਤਾ ਗਿਆ ਹੋਵੇ। ਸਾਡੇ ਵਲੋਂ ਇਸ ਸ਼ਹਿਰ ਨੂੰ ਅਲਵਿਦਾ ਕਹਿਣ ਦਾ ਸਮਾਂ ਆ ਗਿਆ ਸੀ। ਰਾਤ ਰਹਿਣ ਲਈ ਕਮਰਾ ਲੱਭਣ ਦੀ ਤਾਂ ਅਸੀਂ ਹੁਣ ਸੋਚੀ ਵੀ ਨਹੀਂ ਸੀ ਤੇ ਨਾਂ ਹੀ ਮਿਲਣਾ ਸੀ। ਦੂਸਰੇ ਦਿਨ ਕੰਮਾਂ ਤੇ ਵੀ ਜਾਣਾ ਸੀ, ਸੋ ਤੁਰਨਾ ਹੀ ਬੇਹਤਰ ਸਮਝਿਆ। ਅਸੀਂ ਤਾਂ ਪਹਿਲਾਂ ਹੀ ਗੱਡੀ ਤੇਲ ਨਾਲ ਭਰਵਾ ਲਈ ਸੀ, ਫੇਰ ਸੱਤ ਕੁ ਵਜੇ, ਵਾਪਿਸ ਟੋਰਾਂਟੋ ਵਲ ਵਹੀਰਾਂ ਘੱਤ ਲਈਆਂ।
ਗਰਮੀਆਂ ਵਿੱਚ ਕੈਨੇਡਾ ਅੰਦਰ ਨੌ ਵਜੇ ਤੋਂ ਬਾਅਦ ਹੀ ਸੂਰਜ ਛੁਪਦਾ ਹੈ। ਭਰਪੂਰ ਰੋਸ਼ਨੀ ਕਾਰਨ ਹੁਣ ਹਰੇ ਭਰੇ ਜੰਗਲ, ਪਾਰਕ ਤੇ ਫਾਰਮਾਂ ਵਿੱਚ ਲਹਿਲਹਾਉਂਦੀਆਂ ਫਸਲਾਂ, ਅਲੌਕਿਕ ਨਜ਼ਾਰਾ ਪੇਸ਼ ਕਰ ਰਹੀਆਂ ਸਨ। ਨਿੱਕੇ ਨਿੱਕੇ ਸ਼ਹਿਰ ਤੇ ਪੁਰਾਤਨ ਇਮਾਰਤਾਂ ਜਿਵੇਂ ਸਾਨੂੰ ਪੰਦਰਵੀ ਸਦੀ ਦੇ ਦਰਸ਼ਨ ਕਰਵਾ ਰਹੇ ਹੋਣ। ਖੇਤਾਂ ਵਿੱਚ ਗਾਵਾਂ ਘੋੜਿਆਂ ਦੇ ਬੱਗ ਚਰ ਰਹੇ ਸਨ। ਕਈ ਕਿਲੋਮੀਟਰ ਤੱਕ ਤਾਂ ਬਿਜਲ-ਪੌਣਚੱਕੀਆਂ ਹੀ ਆਈ ਗਈਆਂ, ਜੋ ਹਵਾ ਨਾਲ ਬਿਜਲੀ ਬਣਾਉਂਦੀਆਂ ਸਨ। ਜਿਵੇਂ ਸੈਂਕੜੇ ਜੁਆਕ ਭੰਬੀਰੀਆਂ ਚਲਾ ਰਹੇ ਹੋਣ। ਮੈਨੂੰ ਵੀ ਆਪਣਾ ਬਚਪਨ ਯਾਦ ਆ ਰਿਹਾ ਸੀ, ਜਦੋਂ ਅਸੀਂ ਪਿੱਪਲ ਪੱਤੇ ਨੂੰ ਕਿੱਕਰ ਦੀਆਂ ਸੂਲਾਂ ਨਾਲ ਪਰੁੰਨ ਕੇ, ਭੰਬੀਰੀ ਬਣਾਉਂਦੇ ਅਤੇ ਗਲੀਆਂ ਵਿੱਚ ਦੌੜੇ ਫਿਰਦੇ। ਹੁਣ ਸਾਡੀ ਕਾਰ ਦੱਖਣ ਦਿਸ਼ਾ ਵਲ ਟੋਰਾਂਟੋ ਨੂੰ ਦੌੜੀ ਜਾ ਰਹੀ ਸੀ। ਤੇ ਧਰਤ ਤੇ ਵੱਸਿਆ ਸਵਰਗ, ਟੋਬਰਮਰੀ ਪਿੱਛੇ ਰਹਿੰਦਾ ਜਾ ਰਿਹਾ ਸੀ।

Check Also

CLEAN WHEELS

Medium & Heavy Vehicle Zero Emission Mission ਹੇ ਸਾਥੀ ਟਰੱਕਰਜ਼, ਕੀ ਤੁਸੀਂ ਹੈਰਾਨ ਹੋ ਰਹੇ …