ਕਾਲਾ ਬੱਦਲ, ਤਿੱਖੀਆਂ ਕਿੱਲਾਂ
ਡਾ. ਡੀ ਪੀ ਸਿੰਘ
416-859-1856
ਪਾਤਰ:
ਸ਼ਹਿਨਾਜ਼ : ਸੋਲ੍ਹਾਂ ਕੁ ਸਾਲ ਦੀ ਲੜਕੀ।
ਤਨਵੀਰ: ਚੋਦਾਂ ਕੁ ਸਾਲ ਦਾ ਲੜਕਾ।
ਕਾਲਾ ਬੱਦਲ: ਕਾਲੇ ਪੀਲੇ ਧੱਬਿਆਂ ਵਾਲਾ ਚੋਲਾ ਤੇ ਲਾਲ-ਭੂਰੇ ਵਾਲਾਂ ਵਾਲਾ ਵਿੱਗ ਪਹਿਨੀ 50 ਕੁ ਸਾਲ ਦਾ ਆਦਮੀ, ਜੋ ਪ੍ਰਦੂਸ਼ਣ ਦੀ
ਨੁਮਾਇੰਦਗੀ ਕਰਦਾ ਹੈ।
ਕਾਲੇ ਬੱਦਲ ਦੇ ਸੱਤ ਛੋਟੇ ਬੱਚੇ:
ਸਲਫ਼ੀ – ਹਲਕੇ ਸਲੇਟੀ ਰੰਗ ਦੀ ਪੁਸ਼ਾਕ ਪਹਿਨੀ ਦਮ-ਘੁੱਟਵੀ ਸਲਫ਼ਰ ਡਾਇ ਆਕਸਾਈਡ ਗੈਸ ਦੀ ਨੁਮਾਇੰਦਗੀ ਕਰਦਾ ਬੱਚਾ
ਨਿਟਰੋ – ਲਾਲ-ਭੂਰੇ ਰੰਗ ਦੀ ਪੁਸ਼ਾਕ ਪਹਿਨੀ ਦਮ-ਘੁੱਟਵੀ ਨਾਈਟਰੋਜਨ ਆਕਸਾਈਡ ਗੈਸਾਂ ਦੀ ਨੁਮਾਇੰਦਗੀ ਕਰਦਾ ਬੱਚਾ
ਔਜੋ – ਹਲਕੇ ਨੀਲੇ ਰੰਗ ਦੀ ਪੁਸ਼ਾਕ ਪਹਿਨੀ ੳਜ਼ੋਨ ਗੈਸ ਦੀ ਨੁਮਾਇੰਦਗੀ ਕਰਦਾ ਬੱਚਾ
ਮੋਨੋ- ਚਿੱਟੇ ਰੰਗ ਦੀ ਪੁਸ਼ਾਕ ਪਹਿਨੀ ਕਾਰਬਨ ਮੋਨੋਆਕਸਾਈਡ ਗੈਸ ਦੀ ਨੁਮਾਇੰਦਗੀ ਕਰਦਾ ਬੱਚਾ
ਸਿੱਕੂ – ਸਲੇਟੀ ਰੰਗ ਦੀ ਪੁਸ਼ਾਕ ਪਹਿਨੀ ਸਿੱਕਾ ਧਾਤ ਦੀ ਨੁਮਾਇੰਦਗੀ ਕਰਦਾ ਬੱਚਾ
ਕਾਲੋ- ਕਾਲੇ ਰੰਗ ਦੀ ਪੁਸ਼ਾਕ ਪਹਿਨੀ ਰਾਖ਼ ਦੇ ਕਣਾਂ ਦੀ ਨੁਮਾਇੰਦਗੀ ਕਰਦਾ ਬੱਚਾ
ਖਾਕੀ – ਖਾਕੀ ਰੰਗ ਦੀ ਪੁਸ਼ਾਕ ਪਹਿਨੀ ਮਿੱਟੀ ਦੇ ਕਣਾਂ ਦੀ ਨੁਮਾਇੰਦਗੀ ਕਰਦਾ ਬੱਚਾ
ਪਰਦਾ ਉਠਦਾ ਹੈ
(ਸ਼ਹਿਨਾਜ਼ ਤੇ ਤਨਵੀਰ ਆਪਣੇ ਘਰ ਦੇ ਡਰਾਇੰਗ ਰੂਮ ਵਿਚ ਬੈਠੇ ਹਨ। ਟੈਲੀਵਿਯਨ ਉੱਤੇ ਕੋਈ ਪ੍ਰੋਗਰਾਮ ਚਲ ਰਿਹਾ ਹੈ। ਬਿਜਲੀ ਦਾ ਪੱਖਾ ਚਲ ਰਿਹਾ ਹੈ। ਟਿਊਬ ਲਾਇਟ ਤੇ ਟੇਬਲ ਲੈਂਪ ਦੋਨੋਂ ਹੀ ਜਗ ਰਹੇ ਹਨ। ਟੈਲੀਵਿਯਨ ਦੇਖਣ ਦੇ ਨਾਲ ਨਾਲ ਤਨਵੀਰ ਲੈਪਟੋਪ ਉੱਤੇ ਆਪਣਾ ਹੋਮ ਵਰਕ ਕਰਨ ਵਿਚ ਵੀ ਰੁੱਝਾ ਹੈ। ਇਸੇ ਸਮੇਂ ਸ਼ਹਿਨਾਜ਼ ਆਪਣੇ ਆਈ-ਪੈਡ ਉੱਤੇ ਆਪਣੀ ਸਹੇਲੀ ਨਾਲ ਚੈਟ ਕਰ ਰਹੀ ਹੈ। ਉਹ ਦੋਨੋਂ ਸਮੇਂ ਸਮੇਂ ਟੈਲੀਵਿਯਨ ਵੱਲ ਵੀ ਝਾਂਕ ਲੈਂਦੇ ਹਨ।
ਸ਼ਹਿਨਾਜ਼: ਇਹ ਮੇਰਾ ਮਨਪਸੰਦ ਪੌਗਰਾਮ ਹੈ।
ਤਨਵੀਰ : ਹੂੰ……. ਨਿੰਜ਼ਾ ਟਰਟਲਜ਼ ਮੈਨੂੰ ਵੀ ਬਹੁਤ ਪਸੰਦ ਹੈ। ਇਸ ਪ੍ਰੋਗਰਾਮ ਵਿਚ ਦਿਖਾਏ ਜਾਂਦੇ ਜੋਖਿਮ ਕੰਮ ਤੇ ਨਿੰਜ਼ਾਂ ਟਰਟਲਜ਼ ਦਾ ਉਨ੍ਹਾਂ ਨਾਲ ਨਜਿੱਠਣਾ, ਮੈਨੂੰ ਡਾਢਾ ਚੰਗਾ ਲੱਗਦਾ ਹੈ।
ਸ਼ਹਿਨਾਜ਼: (ਆਪਣੀ ਥਾਂ ਤੋਂ ਉੱਠ ਕੇ ਖਿੜਕੀ ਕੋਲ ਜਾਂਦੀ ਹੈ।) ਤਨਵੀਰ! ਦੇਖ ਦੇਖ (ਖਿੜਕੀ ਤੋਂ ਬਾਹਰ ਆਸਮਾਨ ਵੱਲ ਨੂੰ ਇਸ਼ਾਰਾ ਕਰਦੀ ਹੋਈ) ਆਹ ਕੀ ਆ ਰਿਹਾ ਹੈ?
ਤਨਵੀਰ : ਯਾ ਅੱਲਾਹ ! ਕੀ ਹੈ ਇਹ ? ਚਲ ਬਾਹਰ ਜਾ ਕੇ ਦੇਖਦੇ ਹਾਂ ।
2
(ਸ਼ਹਿਨਾਜ ਅਤੇ ਤਨਵੀਰ ਘਰ ਤੋਂ ਬਾਹਰ ਮੈਦਾਨ ਵਿਚ ਆ ਜਾਂਦੇ ਹਨ। ਕਾਲਾ ਬੱਦਲ ਉਨ੍ਹਾਂ ਵੱਲ ਤੁਰਿਆ ਆ ਰਿਹਾ ਦਿਸਦਾ ਹੈ। ਜਿਵੇਂ ਹੀ ਇਹ ਸ਼ਹਿਨਾਜ ਅਤੇ ਤਨਵੀਰ ਕੋਲ ਪੁੰਹਚਦਾ ਹੈ ਉਸ ਦੀ ਬੁੱਕਲ ਤੇ ਪਿੱਛੇ ਛਿੱਪੇ ਉਸ ਦੇ ਬੱਚੇ ਨਜ਼ਰ ਆਉਣ ਲੱਗ ਪੈਂਦੇ ਹਨ। ਜੋ ਤੁਰੰਤ ਹੀ ਸੱਭ ਵੱਲ ਵਿੰਗੇ ਟੇਢੇ ਮੂੰਹ ਬਣਾ ਬਣਾ ਇਧਰ ਉੱਧਰ ਨੱਚਣ ਟੱਪਣ ਲਗਦੇ ਹਨ।)
ਸ਼ਹਿਨਾਜ : ਕੌਣ ਹੋ ਤੁਸੀਂ ? ਇੰਨੀ ਗੰਦੀ ਬਦਬੂ ਮਾਰਦੇ ਹੋ ਤੁਸੀਂ ਸਾਰੇ। ਪਰੇ ਹੱਟੋ ਇਥੋਂ । ਤੁਹਾਡੇ ਨੇੜੇ ਆਉਣ ਨਾਲ ਤਾਂ ਸਾਡਾ ਸਾਹ ਘੁੱਟਦਾ ਹੈ।
ਕਾਲਾ ਬੱਦਲ : (ਸਟੇਜ ਦੇ ਸੈਂਟਰ ਵਿਚ ਜਾਂਦਾ ਹੈ। ਹੱਥ ਵਿਚ ਫੜਿਆ ਢਾਂਗੂ, ਜ਼ੋਰ ਨਾਲ ਸਟੇਜ ਉੱਤੇ ਮਾਰਦਾ ਹੈ। ਢਾਂਗੂ ਨਾਲ ਬੰਨੇ ਘੁੰਗਰੂ ਜ਼ੋਰ ਨਾਲ ਛਣ ਛਣ ਕਰਦੇ ਹਨ। ਹਰ ਪਾਸੇ ਸੰਨਾਟਾ ਛਾ ਜਾਂਦਾ ਹੈ।)
ਕਾਲਾ ਬੱਦਲ ਨਾਂ ਹੈ ਮੇਰਾ, ਲੋਕੀ ਆਖਣ ਮਹਾਂਬਲੀ।
ਪਿੰਡ ਹੋਵੇ ਜਾਂ ਸ਼ਹਿਰ, ਪਾ ਦੇਵਾਂ ਤਰਥੱਲੀ।
ਗੁੱਸਾ ਜੇ ਆ ਜਾਏ ਮੈਨੂੰ, ਤੇਜ਼ਾਬੀ ਬਾਰਸ਼ ਬਣ ਜਾਵਾਂ।
ਜੀਅ ਜੰਤ ਤੇ ਪੌਦੇ ਤੜਪਣ, ਮਚ ਜਾਏ ਖਲਬਲੀ।
ਹਰ ਨਗਰ ਦੇ ਵਾਸੀ ਡਰਦੇ, ਜਦ ਮੈਂ ਫੇਰਾ ਪਾਵਾਂ। ਜ਼ਰਾ ਜ਼ਰਾ ਵੀ ਥਰ ਥਰ ਕੰਬੇ, ਮਿਹਰ ਲਈ ਕਰੇ ਦੁਆਵਾਂ।
(ਹੱਥ ਵਿਚ ਫੜਿਆ ਢਾਂਗੂ, ਜ਼ੋਰ ਨਾਲ ਸਟੇਜ ਉੱਤੇ ਮਾਰਦਾ ਹੈ।)
ਮੇਰੇ ਬੱਚੇ ਮੈਥੋਂ ਭੈੜੇ, ਨਿਰੀਆਂ ਤਿੱਖੀਆਂ ਕਿੱਲਾਂ,
ਸ਼ੁਗਲ ਇਨ੍ਹਾਂ ਦਾ ਦੁੱਖ ਦੇਣਾ ਹੈ, ਲਾ ਕੇ ਪੂਰੀਆਂ ਟਿੱਲਾਂ।
ਗੱਲੀਂ ਬਾਤੀ ਬੜੇ ਗਪੌੜੀ, ਖੁਦ ਹੀ ਦੱਸਣ ਔਗੁਣ,
ਨਹੀਂ ਭਰੋਸਾ ਮੇਰੇ ਉੱਤੇ, ਆਪੇ ਸੁਣ ਲਓ ਹੁਣ।
(ਕਾਲਾ ਬੱਦਲ ਢਾਂਗੂ ਖੜਕਾਂਦਾ, ਵਾਪਸ ਮੁੜਦਾ ਹੈ ਤੇ ਸਟੇਜ ਦੇ ਪਿਛਲੇ ਹਿੱਸੇ ਵਿਖੇ ਰੱਖੇ ਬੈਂਚ ਉੱਤੇ ਜਾ ਬੈਠਦਾ ਹੈ।)
ਸਲਫ਼ੀ : ਅਸੀਂ ਹਾਂ ਕਾਲੇ ਬੱਦਲ ਦੇ ਬੱਚੇ। ਅਸੀਂ ਆਏ ਹਾਂ ਇਸ ਸ਼ਹਿਰ ਉੱਤੇ ਕਬਜ਼ਾ ਕਰਨ।
ਸ਼ਹਿਨਾਜ : ਤੁਸੀਂ ਅਜਿਹਾ ਕਿਉਂ ਕਰਨਾ ਚਾਹੁੰਦੇ ਹੋ? ਇਥੇ ਤਾਂ ਸਾਰੇ ਭਲੇ ਲੋਕ ਵੱਸਦੇ ਨੇ। (ਦਰਸ਼ਕਾਂ ਵੱਲ ਇਸ਼ਾਰਾ ਕਰਦੇ ਹੋਏ)
ਕਾਲੂ : ਭਲੇ ਲੋਕ ਹੋਣਗੇ ਇਥੇ ਸਾਰੇ ਹੀ, ਪਰ ਕੋਈ ਵੀ ਸ਼ਹਿਰ ਦੀ ਹਵਾ ਦਾ ਧਿਆਨ ਹੀ ਨਹੀਂ ਰੱਖਦਾ। ਇਸੇ ਲਈ ਇਹ ਸਾਡੇ ਸੱਭ ਲਈ ਰਹਿਣ ਦੀ ਵਧੀਆ ਥਾਂ ਹੈ। (ਮਜ਼ਾਕ ਉਡਾਣ ਵਾਲੇ ਅੰਦਾਜ਼ ਵਿਚ ਬੋਲਦਾ ਹੋਇਆ।)
ਤਨਵੀਰ : ਬੜੇ ਅਜੀਬ ਨਾਮ ਨੇ ਤੁਹਾਡੇ। ਸਲਫੀ, ਨਿਟਰੋ, ਔਜੋ, ਮੋਨੋ, ਸਿੱਕੂ, ਕਾਲੋ ਤੇ ਖਾਕੀ। ਅਜਿਹਾ ਕਿਉਂ? ਕੀ ਤੁਸੀਂ ਇਕੋ ਪਰਿਵਾਰ ਦੇ ਮੈਂਬਰ ਨਹੀਂ ਹੋ।
ਮੋਨੋ: ਹੈ ਭੀ ਤੇ ਨਹੀਂ ਭੀ। ਕਾਲਾ ਬੱਦਲ (ਜਿਸ ਨੂੰ ਤੁਸੀਂ ਲੋਕ ਪ੍ਰਦੂਸ਼ਣ ਕਹਿੰਦੇ ਹੋ) ਸਾਡਾ ਵੱਡਾ ਅੱਬਾ ਹੈ ਅਤੇ ਅਸੀਂ ਉਸ ਦੇ ਬੱਚੇ। ਇਸ ਲਈ ਅਸੀਂ ਸਾਰੇ ਇਕ ਹਾਂ। ਪਰ ਸਾਨੂੰ ਜਨਮ ਦੇਣ ਵਾਲੀਆਂ ਮਾਵਾਂ ਅਲੱਗ ਅਲੱਗ ਹਨ ਅਤੇ ਅਸੀਂ ਬਿਮਾਰੀਆਂ ਵੀ ਅਲੱਗ ਅਲੱਗ ਫੈਲਾਉਂਦੇ ਹਾਂ ਇਸ ਲਈ ਅਸੀਂ ਹਾਂ ਅਲੱਗ ਅਲੱਗ।
ਸ਼ਹਿਨਾਜ਼ ਤੇ ਤਨਵੀਰ: ਓਹ …… ਨਹੀਂ ਨਹੀਂ ।
ਮੋਨੋ: ਮੈਂ ਹਾਂ ਕਾਰਬਨ ਮੋਨੋ ਆਕਸਾਈਡ। ਸਕੂਟਰਾਂ ਤੇ ਕਾਰਾਂ ਦਾ ਧੂੰਆਂ ਹੈ ਮੇਰੀ ਅੰਮੀ । ਲੋਕਾਂ ਨੂੰ ਸਿਰ ਪੀੜ ਲਾਉਣੀ ਤੇ ਚੱਕਰ ਚੜਾਉਣਾ ਮੈਨੂੰ ਬਹੁਤ ਚੰਗਾ ਲੱਗਦਾ ਹੈ।
3
ਸਲਫ਼ੀ : ਮੈਂ ਹਾਂ ਬਦਬੂਦਾਰ ਸਲਫ਼ਰ ਡਾਇ ਆਕਸਾਈਡ। ਫੈਕਟਰੀਆਂ ਤੇ ਕਾਰਖਾਨਿਆਂ ਦੀਆਂ ਉੱਚੀਆਂ ਉੱਚੀਆਂ ਚਿਮਨੀਆਂ ਵਿਚੋਂ ਨਿਕਲਦੀ ਹਾਂ ਮੈਂ ।ਲੋਕਾਂ ਦੀਆਂ ਅੱਖਾਂ, ਨੱਕਾਂ ਤੇ ਫੇਫੜਿਆਂ ਨੂੰ ਨੁਕਸਾਨ ਪਹੁੰਚਾ ਕੇ ਮੈਨੂੰ ਬੜੀ ਖੁਸ਼ੀ ਮਿਲਦੀ ਹੈ। ਮੈਂ ਤਾਂ ਲੋਹੇ ਤੇ ਫੌਲਾਦ ਨੂੰ ਵੀ ਖੋਰਾ ਲਾਉਣ ਦੇ ਸਮਰਥ ਹਾਂ ਲੋਕ ਭਲਾ ਕੀ ਚੀਜ਼ ਨੇ। ਲੋਕਾਂ ਨੂੰ ਦਮਾ ਕਰ ਦੇਣਾ ਤਾਂ ਮੇਰੇ ਖੱਬੇ ਹੱਥ ਦਾ ਖੇਲ ਹੈ। ਸਾਫ਼ ਹਵਾ ਨੂੰ ਧੁੰਦਲੀ ਬਣਾਉਣਾ ਮੇਰੇ ਤੋਂ ਚੰਗਾ ਹੋਰ ਕਿਸ ਨੂੰ ਆਉਂਦਾ ਹੈ ? (ਦਰਸ਼ਕਾਂ ਵੱਲ ਨੂੰ ਝਪਟਦੀ ਹੈ।)
ਨਿਟਰੋ: ਮੈਂ ਹਾਂ ਸ਼ੈਤਾਨ ਨਾਈਟਰੋਜਨ ਡਾਇ ਆਕਸਾਈਡ। ਲਾਲ-ਭੂਰਾ ਰੰਗ ਹੈ ਮੇਰਾ। ਕਾਰਾਂ, ਟਰੱਕਾਂ, ਬੱਸਾਂ , ਫੈਕਟਰੀਆਂ, ਤੇ ਕਾਰਖਾਨਿਆਂ ਦੇ ਧੂੰਏ ‘ਚ ਮੈਂ ਹੀ ਤਾਂ ਹੁੰਦੀ ਹਾਂ ਆਪਣੇ ਹੋਰ ਭੈਣ ਭਰਾਵਾਂ ਨਾਲ। ਮੈਂ ਹਵਾ ਨੂੰ ਭੂਰੇ ਰੰਗ ਵਿਚ ਰੰਗ ਦਿੰਦੀ ਹਾਂ ਤੇ ਇਸ ਨੂੰ ਧੁੰਦਲਾ ਕਰਨ ਵਿਚ ਵੀ ਮਾਹਿਰ ਹਾਂ ਮੈਂ। ਲੋਕਾਂ ਦੇ ਫੇਫੜਿਆਂ, ਪੌਦਿਆਂ ਤੇ ਧਾਤਾਂ ਨੂੰ ਗੜਬੜਾ ਕੇ ਮੈਂ ਖੁਸ਼ ਹੁੰਦੀ ਹਾਂ। ਦਮੇ ਦੇ ਰੋਗੀਆਂ ਨੂੰ ਤੜਫਾਉਣ ਵਿਚ ਮੈਨੂੰ ਬੜਾ ਮਜ਼ਾ ਆਉਂਦਾ ਹੈ। (ਸ਼ੈਤਾਨੀ ਹਾਸਾ ਹੱਸਦੀ ਹੈ।)
ਸਿੱਕੂ : ਮੈਂ ਹਾਂ ਕਣਦਾਰ ਸਿੱਕਾ। ਹਵਾ, ਪਾਣੀ ਤੇ ਖਾਣੇ ਨੂੰ ਖ਼ਰਾਬ ਕਰਨ ਦਾ ਮੈਨੂੰ ਬੜਾ ਸ਼ੌਂਕ ਹੈ। ਪੁਰਾਣੇ ਪੇਂਟ ਦੇ ਡੱਬਿਆਂ ਵਿਚ ਤੁਸੀਂ ਮੈਨੂੰ ਸਹਿਜੇ ਹੀ ਮਿਲ ਸਕਦੇ ਹੋ। ਬੱਚਿਆਂ ਤੇ ਮੱਛੀਆਂ ਨੂੰ ਦੁੱਖ ਦੇਣ ਵਿਚ ਮੇਰਾ ਸਾਨੀ ਕੋਈ ਨਹੀਂ। (ਭੰਗੜਾ ਪਾਉਂਦਾ ਹੈ।)
ਔਜੋ: ਮੈਂ ਹਾਂ ਭੈੜੀ ਓਜ਼ੋਨ । ਮੈਂ ਤਾਂ ਖੁੱਦ ਨੂੰ ਵੀ ਦਿਖਾਈ ਨਹੀਂ ਦਿੰਦੀ। ਪਰ ਜਦ ਮੈਂ ਆਪਣੇ ਹਮਸਾਇਆ ਨਾਲ ਮਿਲ ਬੈਠਦੀ ਹਾਂ ਤਾਂ ਸਾਰੇ ਪਾਸੇ ਧੁੰਦ ਫੈਲ ਜਾਂਦੀ ਹੈ। ਮੈਂ ਤਾਂ ਹਰ ਕਿਸੇ ਨੂੰ ਬੇਦਮ ਕਰਨ ਦੇ ਸਮਰਥ ਹਾਂ। (ਦਰਸ਼ਕਾਂ ਵੱਲ ਨੂੰ ਝਪਟਦੀ ਹੈ।)
ਕਾਲੋ: ਮੈਂ ਹਾਂ ਬਦਸੂਰਤ ਕਾਲਖ਼ । ਫੈਕਟਰੀ ਹੋਵੇ ਜਾਂ ਘਰ, ਖੇਤ ਹੋਣ ਜਾਂ ਜੰਗਲ ਬੇਲੇ, ਜਦ ਵੀ ਕਿਧਰੇ ਅੱਗ ਬਲਦੀ ਹੈ, ਮੈਂ ਜਨਮ ਲੈਂਦੀ ਹਾਂ।
ਹਵਾ ਦੇ ਕੰਧਾੜੇ ਚੜ੍ਹ ਸੈਰ ਕਰਨਾ ਮੇਰਾ ਸ਼ੌਕ ਹੈ। ਚੀਜ਼ਾਂ ਨੂੰ ਆਪਣੇ ਰੰਗ ਵਿਚ ਰੰਗਣਾ ਮੈਨੂੰ ਖੂਬ ਆਉਂਦਾ ਹੈ। ਲੋਕਾਂ ਤੇ ਪਸ਼ੂਆਂ ਦੇ ਸਾਹ ਲੈਣ ਨਾਲ ਮੈਂ ਉਨ੍ਹਾਂ ਦੇ ਅੰਦਰ ਵੜ੍ਹ ਜਾਂਦੀ ਹਾਂ ਤੇ ਆਪਣੇ ਨਾਲ ਆਪਣੇ ਕਈ ਹਮਸਾਇਆਂ ਨੂੰ ਵੀ ਨਾਲ ਹੀ ਲੈ ਜਾਂਦੀ ਹਾਂ। (ਉੱਚੀ ਆਵਾਜ਼ ਵਿਚ
ਸ਼ੈਤਾਨੀ ਹਾਸਾ ਹੱਸਦੀ ਹੈ।)
ਖਾਕੀ: ਮੈਂ ਹਾਂ ਮਿੱਟੀ ਪੁੱਤਰ। ਧੂੜ ਹਾਂ ਮੈਂ।ਸੀਮਿੰਟ ਬਣਾਉਣ ਦੇ ਕਾਰਖਾਨੇ ਤੇ ਵੱਡੇ ਤਾਮੀਰ ਕਾਰਜ ਨੇ ਮੇਰੇ ਜਨਮ ਦਾਤੇ। ਸੱਭ ਨੁੰ ਸਾਹ ਲੈਣ ਤੋਂ ਦੁਭੱਰ ਕਰਨ ਵਿਚ ਮਾਹਿਰ ਹਾਂ ਮੈਂ। ਰੁੱਖਾਂ ਤੋਂ ਸਾਨੂੰ ਬਹੁਤ ਡਰ ਲਗਦਾ ਹੈ। ਬੰਨ ਲੈਂਦੇ ਨੇ ਉਹ ਸਾਨੂੰ ਆਪਣੇ ਸੰਗਲਾਂ ਨਾਲ । ਜਦ ਤੁਸੀਂ ਜੰਗਲ
ਕੱਟਦੇ ਹੋ ਬੜਾ ਚੰਗਾ ਲਗਦਾ ਹੈ ਸਾਨੂੰ। ਰੁੱਖਾਂ ਦੀ ਕੈਦ ਤੋਂ ਆਜ਼ਾਦ ਹੋ, ਹਵਾਵਾਂ ਦੇ ਕੰਧਾੜੇ ਚੜ੍ਹ ਦੇਸ਼ ਵਿਦੇਸ਼ ਦੀ ਸੈਰ ਕਰਨਾ ਸ਼ੌਕ ਹੈ ਸਾਡਾ।
ਆਜ਼ਾਦ ਹੋ ਮਨ ਆਈਆ ਜੂ ਕਰ ਸਕਦੇ ਹਾਂ ਅਸੀਂ। ਦਮੇ ਦੇ ਮਰੀਜ਼ ਸਾਥੋਂ ਖਾਸਾ ਹੀ ਡਰਦੇ ਹਨ। ਉਨ੍ਹਾਂ ਨੂੰ ਤੜਫਦੇ ਦੇਖ ਮੇਰਾ ਤਾਂ ਹਾਸਾ ਹੀ ਨਹੀਂ ਰੁਕਦਾ। (ਖੱਚਰੀ ਹਾਸੀ ਹੱਸਦਾ ਹੈ।)
ਸ਼ਹਿਨਾਜ਼: ਯਾ ਅੱਲਾਹ ! ਤੋਬਾ ਤੋਬਾ …… ਤੁਸੀਂ ਸਾਰੇ ਹੀ ਸ਼ੈਤਾਨ ਦੀ ਔਲਾਦ ਹੋ। ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਇਥੇ ਰਹੋ ।
ਔਜੋ: ਤੁਸੀਂ ਹੀ ਤਾਂ ਸਾਡੇ ਲਈ ਇਥੇ ਰਹਿਣਾ ਸੌਖਾ ਕਰਦੇ ਹੋ ਜਦ ਤੁਸੀਂ ਬਿਜਲੀ ਬੇਫਜੂਲ ਬਾਲਦੇ ਹੋ। ਤੇ ਜਦ ਤੁਹਾਡੇ ਮਾਂ-ਬਾਪ, ਤੁਹਾਡੀ ਹਰ ਮਨਪਸੰਦ ਥਾਂ ਉੱਤੇ ਤੁਹਾਨੂੰ ਕਾਰਾਂ ਵਿਚ ਲਈ ਫਿਰਦੇ ਹਨ।
ਤਨਵੀਰ : ਤੇਰਾ ਮਤਲਬ ਹੈ ਕਿ ਅਸੀਂ ਬਿਜਲੀ ਫਾਲਤੂ ਫੂਕਦੇ ਹਾਂ ਤੇ ਕਾਰਾਂ ਵਿਚ ਜ਼ਿਆਦਾ ਘੁੰਮਦੇ ਫਿਰਦੇ ਹਾਂ ਤਾਂ ਤੁਹਾਨੂੰ ਲੋਕਾਂ ਨੂੰ ਇਥੇ ਰਹਿਣ ਦਾ ਹੱਕ ਹੈ?
ਸ਼ੈਤਾਨ ਨਿਟਰੋ: ਵਾਹ ਜੀ ਵਾਹ ! ਆਪਣੇ ਸ਼ਹਿਰ ਵਿਚ ਰਹਿਣ ਦਾ ਸੱਦਾ ਦੇਣ ਲਈ ਤੇਰਾ ਬਹੁਤ ਬਹੁਤ ਸ਼ੁਕਰੀਆ।
ਸ਼ਹਿਨਾਜ਼: ਪਰ ਹੁਣ ਤੋਂ ਸਾਡੇ ਸ਼ਹਿਰ ਵਿਚ ਤੁਹਾਡਾ ਆਉਣਾ ਮਨ੍ਹਾ ਹੈ। ਮੈਂ ਬਿਜਲੀ ਫਾਲਤੂ ਬਿਲਕੁਲ ਹੀ ਨਹੀਂ ਬਾਲਾਂਗੀ। ਤੇ ਨੇੜੇ ਤੇੜੇ ਜਿਥੇ ਮੈਂ ਤੁਰ ਕੇ ਜਾਂ ਆਪਣੇ ਸਾਇਕਲ ਨਾਲ ਜਾ ਸਕਦੀ ਹਾਂ ਉਥੇ ਮੈਂ ਕਦੇ ਵੀ ਮੰਮੀ-ਪਾਪਾ ਨਾਲ ਕਾਰ ਉੱਤੇ ਜਾਣ ਦੀ ਜਿੱਦ ਵੀ ਨਹੀਂ ਕਰਾਂਗੀ। …… ਤੇ
ਹਾਂ ਰੁੱਖਾਂ ਤੇ ਬੂਟਿਆਂ ਦਾ ਵੀ ਖਾਸ ਖਿਆਲ ਰੱਖਾਂਗੇ ਤਾਂ ਕਿ ਉਹ ਹਮੇਸ਼ਾਂ ਸਾਨੂੰ ਇਸ ਜਹਿਮਤ ਤੋਂ ਬਚਾਈ ਰੱਖਣ।
ਤਨਵੀਰ : ਬਿਲਕੁਲ ਠੀਕ। (ਦ੍ਰਿੜਤਾ ਨਾਲ ਬੋਲਦਾ ਹੋਇਆ।) ਅਸੀਂ ਆਪਣਾ ਇਹ ਅਹਿਦ ਹੁਣ ਤੋਂ ਹੀ ਨਿਭਾਉਣਾ ਸ਼ੁਰੂ ਕਰਦੇ ਹਾਂ।
(ਸ਼ਹਿਨਾਜ਼ ਅਤੇ ਤਨਵੀਰ ਨੱਠ ਕੇ ਘਰ ਅੰਦਰ ਜਾਂਦੇ ਹਨ ਅਤੇ ਬੇਵਜ੍ਹਾ ਜਗ ਰਹੀਆਂ ਰੋਸ਼ਨੀਆਂ, ਪੱਖੇ ਤੇ ਟੈਲੀਵਿਯਨ ਨੂੰ ਬੰਦ ਕਰਦੇ ਹਨ।)
4
ਕਾਲੇ ਬੱਦਲ ਦੇ ਬੱਚੇ : ਓਹ …… ਨਹੀਂ…… ਨਹੀਂ…… ਨਹੀਂ । ਅਸੀਂ ਭਲਾ ਉਸ ਸ਼ਹਿਰ ਵਿਚ ਕਿਵੇਂ ਰਹਿ ਸਕਦੇ ਹਾਂ ਜਿਥੇ ਕੋਈ ਵੀ ਬੇਵਜਾ ਊਰਜਾ ਬਰਬਾਦ ਨਹੀਂ ਕਰਦਾ ! ਲੱਗਦਾ ਹੈ ਇਹ ਥਾਂ ਸਾਡੇ ਰਹਿਣ ਲਈ ਬਹੁਤ ਚੰਗੀ ਨਹੀਂ ।
ਕਾਲਾ ਬੱਦਲ : (ਉੱਠ ਕੇ ਖੜਾ ਹੁੰਦਾ ਹੈ। ਸਟੇਜ ਦੇ ਸਾਹਮਣਲੇ ਹਿੱਸੇ ਵਿਚ ਆ ਕੇ, ਢਾਂਗੂ ਖੜਕਾ ਕੇ ਬੋਲਦਾ ਹੈ।)
ਬੈਠਾ ਸਾਂ ਮੈਂ ਸੁਣ ਰਿਹਾ, ਤੁਹਾਡਾ ਸਾਰਾ ਹਾਲ, ਨਵੀਂ ਠਾਹਰ ਲੱਭਣ ਲਈ, ਕਰਨੀ ਪਊ ਵਿਚਾਰ।
ਸ਼ਹਿਰ ਏਸ ਦੇ ਬੱਚੇ, ਬੜੇ ਨੇ ਕਾਰਸਾਜ਼,
ਸਾਡੀ ਹਰ ਚਾਲ ਦਾ, ਲੱਭ ਲੈਣਗੇ ਜਵਾਬ।
ਏਥੇ ਸਾਡੀ ਦਾਲ ਨਹੀਂ ਗਲਣੀ, ਚਲੀਏ ਇਥੋਂ ਨੱਠ, ਨਹੀਂ ਤਾਂ ਸਾਨੂੰ ਬੰਨ ਲੈਣਗੇ, ਕਰ ਕੇ ਕੋਈ ‘ਕੱਠ।
(ਢਾਂਗੂ ਸੰਭਾਲ, ਤੇਜੀ ਨਾਲ ਸਟੇਜ ਤੋਂ ਨੱਠਦਾ ਹੈ ਅਤੇ ਉਸ ਦੇ ਬੱਚੇ ਵੀ ਤੇਜ਼ੀ ਨਾਲ ਦੌੜਦੇ ਹੋਏ, ਉਸ ਦੇ ਪਿੱਛੇ ਪਿੱਛੇ ਸਟੇਜ ਤੋਂ ਬਾਹਰ ਨਿਕਲ ਜਾਂਦੇ ਹਨ।)
ਤਨਵੀਰ ਼: ਹੁਣ ਕੀ ਕਰਨਾ ਹੈ ਸਾਨੂੰ?
ਸ਼ਹਿਨਾਜ : ਪਹਿਲਾਂ ਤਾਂ ਆਪਣੇ ਬਗੀਚੇ ਦੇ ਬੂਟਿਆਂ ਨੂੰ ਪਾਣੀ ਦਿੰਦੇ ਹਾਂ ਤੇ ਫਿਰ ਘਰ ਨੇੜਲੇ ਰੁੱਖਾਂ ਨੂੰ ਵੀ।
(ਦੋਨੋਂ ਬਗੀਚੀ ਦੇ ਬੂਟਿਆਂ ਤੇ ਘਰ ਨੇੜਲੇ ਰੁੱਖਾਂ ਨੂੰ ਪਾਣੀ ਲਾਂਦੇ ਹਨ। ਇਹ ਕੰਮ ਖਤਮ ਹੁੰਦਿਆਂ ਹੀ ……)
ਸ਼ਹਿਨਾਜ਼: ਚਲ ਹੁਣ ਬਾਹਰ ਜਾ ਕੇ ਵਿਚ ਸਾਇਕਲ ਚਲਾਉਂਦੇ ਹਾਂ ਤੇ ਤਾਜ਼ੀ ਤੇ ਸਾਫ਼ ਹਵਾ ਦਾ ਮਜ਼ਾ ਲੈਂਦੇ ਹਾਂ।
ਤਨਵੀਰ : ਮੇਰਾ ਖਿਆਲ ਹੈ ਕਿ ਹੁਣ ਕਾਲਾ ਬੱਦਲ ਦੇ ਉਸ ਦੇ ਸ਼ੈਤਾਨ ਬੱਚੇ ਵਾਪਸ ਨਹੀਂ ਆਉਣਗੇ।
ਸ਼ਹਿਨਾਜ਼: ਅਜਿਹਾ ਤਦ ਤਕ ਹੀ ਸੰਭਵ ਹੈ ਜਦ ਤਕ ਅਸੀਂ ਆਪਣੇ ਅਹਿਦ ਦੇ ਪੱਕੇ ਰਹੀਏ। ਯਾਦ ਹੈ ਨਾ…… (ਸ਼ਹਿਨਾਜ ਤੇ ਤਨਵੀਰ ਦੋਨੋਂ ਇਕੱਠੇ, ਦਰਸ਼ਕਾਂ ਵਿਚ ਮੌਜੂਦ ਬੱਚਿਆਂ ਨੂੰ ਸੰਬੋਧਤ ਕਰਦੇ ਹੋਏ)
ਊਰਜਾ ਅਸੀਂ ਬਚਾਵਾਂਗੇ, ਕਾਰਾਂ ਘੱਟ ਚਲਾਵਾਂਗੇ।
ਸਾਇਕਲ ਖੂਬ ਭਜਾਵਾਂਗੇ, ਪ੍ਰਦੂਸ਼ਣ ਨਠਾਵਾਂਗੇ।
ਰੁੱਖ ਨੂੰ ਲਗਾਵਾਂਗੇ, ਸੁਨਿਹਰਾ ਭਵਿੱਖ ਸਜਾਵਾਂਗੇ। ਪਰਦਾ ਗਿਰਦਾ ਹੈ।
[email protected]
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …