ਕਿਹਾ : ਕੀਤੇ ਗਏ ਵਧੀਆ ਕੰਮ ਨੂੰ ਛੁਪਾਉਣ ਦੀ ਜ਼ਰੂਰਤ ਨਹੀਂ
ਚੰਡੀਗੜ੍ਹ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਖਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਜੇ ਸਿੰਗਲਾ ਖਿਲਾਫ ਕੀਤੇ ਗਏ ਸਟਿੰਗ ਦੀ ਆਡੀਓ ਜਾਰੀ ਕਰਨ ਦੀ ਮੰਗ ਕੀਤੀ ਹੈ। ਇਸ ਆਡੀਓ ਰਿਕਾਰਡਿੰਗ ਦੇ ਆਧਾਰ ’ਤੇ ਹੀ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਅਹੁਦੇ ਤੋਂ ਹਟਾਇਆ ਗਿਆ। ਸੁਖਪਾਲ ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬਹੁਤ ਵਧੀਆ ਕੰਮ ਕੀਤਾ ਹੈ, ਜਿਸ ਦੀ ਚਾਰੇ ਪਾਸੇ ਤਾਰੀਫ਼ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਭਿ੍ਰਸ਼ਟਾਚਾਰ ਖਿਲਾਫ਼ ਵੱਡਾ ਕਦਮ ਚੁੱਕਿਆ ਹੈ ਅਤੇ ਅਜਿਹੇ ਵਿਚ ਉਨ੍ਹਾਂ ਨੂੰ ਰਿਕਾਰਡ ਕੀਤੀ ਗਈ ਆਡੀਓ ਵੀ ਜਨਤਕ ਕਰਨੀ ਚਾਹੀਦੀ ਹੈ ਤਾਂ ਜੋ ਸੱਚਾਈ ਜਨਤਾ ਦੇ ਸਾਹਮਣੇ ਆ ਸਕੇ। ਸੁਖਪਾਲ ਖਹਿਰਾ ਨੇ ਅੱਗੇ ਕਿਹਾ ਕਿ ਕਿਤੇ ਇਹ ਆਮ ਆਦਮੀ ਪਾਰਟੀ ’ਚੋਂ ਕੱਢੇ ਗਏ ਸੀਨੀਅਰ ਆਗੂ ਸੁੱਚਾ ਸਿੰਘ ਛੋਟੇਪੁਰ ਵਰਗਾ ਮਾਮਲਾ ਨਾ ਹੋਵੇ, ਕਿਉਂਕਿ ਉਨ੍ਹਾਂ ਨੂੰ ਆਡੀਓ ਰਿਕਾਰਡਿੰਗ ’ਚ ਪੈਸੇ ਮੰਗਣ ਦੇ ਆਧਾਰ ’ਤੇ ਹੀ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਸੀ ਜਦਕਿ ਉਹ ਆਡੀਓ ਰਿਕਾਰਡਿੰਗ ਕਦੇ ਜਨਤਾ ਦੇ ਸਾਹਮਣੇ ਨਹੀਂ ਆਈ। ਧਿਆਨ ਰਹੇ ਕਿ ਸਿਹਤ ਵਿਭਾਗ ਦੇ ਸੁਪਰੀਟੈਂਡੈਂਟ ਇੰਜੀਨੀਅਰ ਰਜਿੰਦਰ ਸਿੰਘ ਨੇ ਸ਼ਿਕਾਇਤ ਕੀਤੀ ਸੀ, ਜਿਸ ’ਚ ਉਨ੍ਹਾਂ ਕਿਹਾ ਕਿ ਮੇਰੇ ਕੋਲੋਂ ਪੈਸੇ ਮੰਗੇ ਗਏ ਹਨ। ਪੈਸੇ ਸਬੰਧੀ ਜੋ ਵੀ ਗੱਲਬਾਤ ਹੋਈ ਉਸ ਦੀ ਸਾਰੀ ਰਿਕਾਰਡਿੰਗ ਮੇਰੇ ਕੋਲ ਹੈ, ਜਿਸ ’ਚ ਵਿਜੇ ਸਿੰਗਲਾ ਨੇ 5 ਲੱਖ ਰੁਪਏ ਆਪਣੇ ਓਐਸਡੀ ਪ੍ਰਦੀਪ ਕੁਮਾਰ ਨੂੰ ਦੇਣ ਦੇ ਲਈ ਕਿਹਾ ਸੀ। ਇਸ ਆਡੀਓ ਰਿਕਾਰਡਿੰਗ ਦੇ ਆਧਾਰ ’ਤੇ ਹੀ ਵਿਜੇ ਸਿੰਗਲਾ ਖਿਲਾਫ਼ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਗਿਆ ਹੈ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …