Breaking News
Home / ਪੰਜਾਬ / ਅਮਿਤ ਸ਼ਾਹ ਲੋਕ ਸਭਾ ‘ਚ ਬੋਲੇ ਮੀਡੀਆ ਰਿਪੋਰਟਾਂ ‘ਤੇ ਨਾ ਜਾਓ

ਅਮਿਤ ਸ਼ਾਹ ਲੋਕ ਸਭਾ ‘ਚ ਬੋਲੇ ਮੀਡੀਆ ਰਿਪੋਰਟਾਂ ‘ਤੇ ਨਾ ਜਾਓ

ਰਾਜੋਆਣਾ ਦੀ ਕੋਈ ਸਜ਼ਾ ਮੁਆਫ਼ੀ ਨਹੀਂ
ਅਮਿਤ ਸ਼ਾਹ ਨੇ ਖੇਡੀ ਸ਼ਬਦਾਂ ਦੀ ਖੇਡ : ਸਤੰਬਰ ‘ਚ ਗ੍ਰਹਿ ਮੰਤਰਾਲੇ ਨੇ ਆਖਿਆ ਸੀ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਉਮਰ ਕੈਦ ‘ਚ ਕਰਾਂਗੇ ਤਬਦੀਲ, ਹੁਣ ਆਖਿਆ ਕੋਈ ਸਜ਼ਾ ਮੁਆਫ਼ੀ ਨਹੀਂ
ਉਮੀਦ ਬਰਕਰਾਰ : ਜੇ ਸ਼ਬਦਾਂ ਦੀ ਖੇਡ ‘ਤੇ ਜਾਈਏ ਤਾਂ ਉਮੀਦ ਬਰਕਰਾਰ ਹੈ ਕਿਉਂਕਿ ਕੇਂਦਰ ਸਰਕਾਰ ਨੇ ਸਜ਼ਾ ਮੁਆਫ਼ੀ ਨਹੀਂ ਸਜ਼ਾ ਤਬਦੀਲੀ ਦੀ ਗੱਲ ਕਹੀ ਸੀ।
ਨਵੀਂ ਦਿੱਲੀ : ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਪਹਿਲਾਂ ਉਮਰ ਕੈਦ ਵਿਚ ਬਦਲ ਦਿੱਤਾ ਗਿਆ ਸੀ ਅਤੇ ਹੁਣ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਤੋਂ ਮੁੱਕਰ ਗਏ ਹਨ। ਸ਼ਾਹ ਨੇ ਲੋਕ ਸਭਾ ਵਿਚ ਕਿਹਾ ਕਿ ਰਾਜੋਆਣਾ ਦੀ ਸਜ਼ਾ ਮੁਆਫ਼ ਨਹੀਂ ਕੀਤੀ ਗਈ। ਪ੍ਰਸ਼ਨ ਕਾਲ ਦੌਰਾਨ ਲੋਕ ਸਭਾ ਮੈਂਬਰ ਅਤੇ ਬੇਅੰਤ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ ਨੇ ਸ਼ਾਹ ਕੋਲੋਂ ਪੁੱਛਿਆ ਸੀ ਕਿ ਰਾਜੋਆਣਾ ਨੂੰ ਮੁਆਫ਼ੀ ਕਿਸ ਅਧਾਰ ‘ਤੇ ਦਿੱਤੀ ਗਈ ਹੈ? ਇਸ ‘ਤੇ ਸ਼ਾਹ ਨੇ ਕਿਹਾ ‘ਸੰਸਦ ਮੈਂਬਰ ਮੀਡੀਆ ਰਿਪੋਰਟਾਂ ‘ਤੇ ਨਾ ਜਾਣ, ਕੋਈ ਮੁਆਫ਼ੀ ਨਹੀਂ ਦਿੱਤੀ ਗਈ।’ ਇਸ ਸਬੰਧੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਇਕ ਸਾਜ਼ਿਸ਼ ਤਹਿਤ ਕੀਤੀ ਜਾ ਰਹੀ ਸੀ ਪਰ ਅਮਿਤ ਸ਼ਾਹ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਰਾਜੋਆਣਾ ਦੀ ਸਜ਼ਾ ਮੁਆਫ਼ ਨਹੀਂ ਕੀਤੀ ਗਈ। ਬਿੱਟੂ ਨੇ ਅਮਿਤ ਸ਼ਾਹ ਦੀਆਂ ਤਾਰੀਫਾਂ ਦੇ ਪੁਲ ਵੀ ਬੰਨ੍ਹੇ। ਲੰਘੇ ਸਤੰਬਰ ਮਹੀਨੇ ਵਿਚ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਨੇ ਐਲਾਨ ਕੀਤਾ ਸੀ ਕਿ ਕੇਂਦਰ ਸਰਕਾਰ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ ਤਬਦੀਲ ਕਰ ਰਹੀ ਹੈ। ਉਸ ਵੇਲੇ ਕਿਹਾ ਗਿਆ ਸੀ ਕਿ ਫ਼ੈਸਲਾ ‘ਮਨੁੱਖੀ ਅਧਾਰ’ ਉੱਤੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਲਿਆ ਗਿਆ ਹੈ ਅਤੇ ਹੁਣ ਆਖ ਰਹੇ ਹਨ ਕਿ ਕੋਈ ਸਜ਼ਾ ਮੁਆਫੀ ਨਹੀਂ ਹੈ। ਇਸੇ ਲਈ ਜੇ ਸ਼ਬਦਾਂ ਦੀ ਖੇਡ ‘ਤੇ ਜਾਈਏ ਤਾਂ ਉਮੀਦ ਬਰਕਰਾਰ ਹੈ ਕਿਉਂਕਿ ਕੇਂਦਰ ਸਰਕਾਰ ਨੇ ਸਜ਼ਾ ਮੁਆਫੀ ਨਹੀਂ ਸਜ਼ਾ ਤਬਦੀਲੀ ਦੀ ਗੱਲ ਕਹੀ ਸੀ। ਪੰਜਾਬ ਪੁਲਿਸ ਦੇ ਸਾਬਕਾ ਕਾਂਸਟੇਬਲ ਰਾਜੋਆਣਾ ਦੀ ਪੰਜਾਬ ਸਿਵਲ ਸਕੱਤਰੇਤ ਦੇ ਬਾਹਰ 1995 ‘ਚ ਹੋਏ ਬੰਬ ਧਮਾਕੇ ‘ਚ ਸ਼ਮੂਲੀਅਤ ਸੀ।
ਪ੍ਰੋ. ਭੁੱਲਰ ਦੀ ਰਿਹਾਈ ਵਾਲੇ ਵੀ ਹੁਕਮ ਅਜੇ ਨਹੀਂ ਆਏ
ਅੰਮ੍ਰਿਤਸਰ : ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਸਿੱਖ ਕੈਦੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਸਬੰਧੀ ਲੋੜੀਂਦੇ ਆਦੇਸ਼ ਨਾ ਆਉਣ ਕਾਰਨ ਉਸ ਦੀ ਪਤਨੀ ਤੇ ਹੋਰ ਪਰਿਵਾਰਕ ਮੈਂਬਰ ਪ੍ਰੇਸ਼ਾਨ ਹਨ। ਉਂਜ, ਪੈਰੋਲ ਖ਼ਤਮ ਹੋਣ ਮਗਰੋਂ ਪ੍ਰੋ.ਭੁੱਲਰ ਨੂੰ ਮੁੜ ਜੇਲ੍ਹ ਭੇਜ ਦਿੱਤਾ ਗਿਆ ਹੈ। ਚੇਤੇ ਰਹੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ 9 ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਸੀ। ਇਨ੍ਹਾਂ ਵਿੱਚ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦਾ ਨਾਂ ਵੀ ਸ਼ਾਮਲ ਸੀ, ਪਰ ਅਜੇ ਤਕ ਜੇਲ੍ਹ ਪ੍ਰਸ਼ਾਸਨ ਨੂੰ ਉਨ੍ਹਾਂ ਦੀ ਰਿਹਾਈ ਸਬੰਧੀ ਕੋਈ ਹੁਕਮ ਨਹੀਂ ਮਿਲੇ।

Check Also

ਜੱਸੀ ਖੰਗੂੜਾ ਨੇ ਆਮ ਆਦਮੀ ਪਾਰਟੀ ਤੋਂ ਦਿੱਤਾ ਅਸਤੀਫ਼ਾ

ਸਾਬਕਾ ਵਿਧਾਇਕ 2022 ’ਚ ਕਾਂਗਰਸ ਪਾਰਟੀ ਨੂੰ ਛੱਡ ਕੇ ‘ਆਪ’ ’ਚ ਹੋਏ ਸਨ ਸ਼ਾਮਲ ਲੁਧਿਆਣਾ/ਬਿਊਰੋ …