
ਪਠਾਨਕੋਟ ਨੇੜੇ ਬਾਰਡਰ ਟੱਪਣ ਦੀ ਕਰ ਰਿਹਾ ਸੀ ਕੋਸ਼ਿਸ਼
ਪਠਾਨਕੋਟ/ਬਿਊਰੋ ਨਿਊਜ਼
ਪਠਾਨਕੋਟ ਵਿਚ ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਬਾਰਡਰ ਸਕਿਉਰਿਟੀ ਫੋਰਸ ਦੇ ਜਵਾਨਾਂ ਨੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਮੁਕਾਇਆ ਹੈ। ਦੱਸਿਆ ਗਿਆ ਕਿ ਪਾਕਿਸਤਾਨੀ ਘੁਸਪੈਠੀਆ ਤਾਸ਼ਪਤਨ ਬਾਰਡਰ ਪੋਸਟ ਦੇ ਨੇੜੇ ਭਾਰਤ ਵਾਲੇ ਪਾਸੇ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਬੀਐਸਐਫ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਆਰੋਪੀ ਭਾਰਤੀ ਸਰਹੱਦ ਦੇ ਅੰਦਰ ਦਾਖਲ ਹੋ ਚੁੱਕਾ ਸੀ। ਇਸਦੇ ਚੱਲਦਿਆਂ ਬੀਐਸਐਫ ਦੇ ਜਵਾਨਾਂ ਨੇ ਘੁਸਪੈਠੀਏ ਨੂੰ ਲਲਕਾਰਿਆ, ਪਰ ਉਹ ਅੱਗੇ ਵਧਦਾ ਗਿਆ। ਇਸ ਨੂੰੂ ਦੇਖਦਿਆਂ ਜਵਾਨਾਂ ਨੇ ਫਾਇਰਿੰਗ ਕਰ ਦਿੱਤੀ ਤਾਂ ਇਹ ਘੁਸਪੈਠੀਆ ਮਾਰਿਆ ਗਿਆ। ਬੀਐਸਐਫ ਦੇ ਬੁਲਾਰੇ ਨੇ ਕਿਹਾ ਕਿ ਘੁਸਪੈਠ ਦੀ ਇਸ ਘਟਨਾ ਬਾਰੇ ਪਾਕਿਸਤਾਨੀ ਰੇਂਜਰਾਂ ਕੋਲ ਵੀ ਸਖਤ ਵਿਰੋਧ ਦਰਜ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਬੀਐਸਐਫ ਦੇ ਜਵਾਨ ਪੰਜਾਬ ਵਿਚ ਭਾਰਤ-ਪਾਕਿਸਤਾਨ ਦੀ 553 ਕਿਲੋਮੀਟਰ ਲੰਮੀ ਕੌਮਾਂਤਰੀ ਸਰਹੱਦ ਦੀ ਰਾਖੀ ਕਰਦੇ ਹਨ।