1309 ਸਟੇਸ਼ਨਾਂ ਨੂੰ ਕੀਤਾ ਜਾਵੇਗਾ ਰੀ-ਡਿਵੈਲਪ
ਨਵੀਂ ਦਿੱਲੀ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਮਿ੍ਰਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਪੂਰੇ ਭਾਰਤ ਵਿਚ 508 ਰੇਲਵੇ ਸਟੇਸ਼ਨਾਂ ਦੇ ਪੁਨਰ ਵਿਕਾਸ ਲਈ ਨੀਂਹ ਪੱਥਰ ਰੱਖਿਆ ਹੈ। ਇਸ ਨਵੀਂ ਯੋਜਨਾ ਤਹਿਤ 1309 ਰੇਲਵੇ ਸਟੇਸ਼ਨਾਂ ਨੂੰ ਰੀ-ਡਿਵੈਲਪ ਕੀਤਾ ਜਾਵੇਗਾ। ਪਹਿਲੇ ਫੇਜ ਵਿਚ 508 ਸਟੇਸ਼ਨਾਂ ਨੂੰੂ ਸ਼ਾਮਲ ਕੀਤਾ ਗਿਆ ਹੈ। ਇਹ 508 ਸਟੇਸ਼ਨ ਦੇਸ਼ ਦੇ 27 ਰਾਜਾਂ ਅਤੇ ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਵਿਚ ਹਨ। ਪਹਿਲੇ ਪੜ੍ਹਾਅ ਵਿਚ ਉਤਰ ਪ੍ਰਦੇਸ਼ ਅਤੇ ਰਾਜਸਥਾਨ ਵਿਚ 55-55, ਬਿਹਾਰ ਵਿਚ 49, ਮਹਾਰਾਸ਼ਟਰ ਵਿਚ 44, ਮੱਧ ਪ੍ਰਦੇਸ਼ ਵਿਚ 34, ਪੱਛਮੀ ਬੰਗਾਲ ਵਿਚ 37, ਅਸਾਮ ਵਿਚ 32, ਉੜੀਸਾ ਵਿਚ 25, ਪੰਜਾਬ ਵਿਚ 22 ਅਤੇ ਗੁਜਰਾਤ-ਤੇਲੰਗਾਨਾ ਵਿਚ 21-21 ਸਟੇਸ਼ਨਾਂ ਦਾ ਪੁਨਰ ਵਿਕਾਸ ਕੀਤਾ ਜਾਵੇਗਾ। ਇਸ ਤੋਂ ਇਲਾਵਾ ਝਾਰਖੰਡ ਵਿਚ 20, ਆਂਧਰਾ ਪ੍ਰਦੇਸ਼-ਤਾਮਿਲਨਾਡੂ ਵਿਚ 18-18 ਸਟੇਸ਼ਨ, ਹਰਿਆਣਾ ਵਿਚ 15 ਅਤੇ ਕਰਨਾਟਕ ਵਿਚ 13 ਸਟੇਸ਼ਨਾਂ ਨੂੰ ਰੀ-ਡਿਵੈਲਪ ਕੀਤਾ ਜਾਵੇਗਾ। ਇਸ ਵਿਚ ਕੁੱਲ 24,470 ਕਰੋੜ ਰੁਪਏ ਖਰਚ ਹੋਣਗੇ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀਆਂ ’ਤੇ ਤਿੱਖੇ ਸਿਆਸੀ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਵਿਰੋਧੀ ਧਿਰ ਹਰ ਚੰਗੇ ਕੰਮ ਦੇ ਵਿਰੋਧ ਵਿਚ ਹੈ। ਵਿਰੋਧੀ ਧਿਰ ਦਾ ਇਕ ਹਿੱਸਾ ਪੁਰਾਣੇ ਪੈਟਰਨ ’ਤੇ ਹੈ, ਉਹ ਨਾ ਕੰਮ ਕਰਨਗੇ ਨਾ ਕਰਨ ਦੇਣਗੇ ’ਤੇ ਅੜੇ ਹੋਏ ਹਨ। ਪੀਐਮ ਨੇ ਕਿਹਾ ਕਿ ਵਿਰੋਧੀ ਧਿਰ ਨੇ ਸੰਸਦ ਦੀ ਨਵੀਂ ਇਮਾਰਤ ਦਾ ਵਿਰੋਧ ਕੀਤਾ। ਇਨ੍ਹਾਂ ਨੇ 70 ਸਾਲਾਂ ਵਿਚ ਵਾਰ ਮੈਮੋਰੀਅਲ ਨਹੀਂ ਬਣਵਾਇਆ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਸਟੈਚੂ ਆਫ਼ ਯੂਨਿਟੀ ਵੀ ਨਹੀਂ ਗਏ।