Breaking News
Home / ਭਾਰਤ / ਕਾਂਗਰਸੀਆਂ ਵਿਚਾਲੇ ਪਾੜਾ ਵਧਿਆ ਤੇ ਗਾਂਧੀ ਪਰਿਵਾਰ ਬਿਲਕੁਲ ਚੁੱਪ

ਕਾਂਗਰਸੀਆਂ ਵਿਚਾਲੇ ਪਾੜਾ ਵਧਿਆ ਤੇ ਗਾਂਧੀ ਪਰਿਵਾਰ ਬਿਲਕੁਲ ਚੁੱਪ

ਨਵੀਂ ਦਿੱਲੀ : ਕਾਂਗਰਸ ਦੇ ਸੀਨੀਅਰ ਆਗੂਆਂ ਵੱਲੋਂ ਬਗਾਵਤੀ ਸੁਰਾਂ ਉਠਾਏ ਜਾਣ ਕਾਰਨ ਪਾਰਟੀ ਵਿੱਚ ਚੱਲ ਰਹੀ ਗੜਬੜ ਦੇ ਬਾਵਜੂਦ ਗਾਂਧੀ ਪਰਿਵਾਰ ਨੇ ਇਸ ਸਬੰਧੀ ਚੁੱਪ ਧਾਰੀ ਹੋਈ ਹੈ। ਇਸ ਦੌਰਾਨ ਪਾਰਟੀ ਦੇ ਨੌਜਵਾਨ ਆਗੂਆਂ ਨੇ ਮੋਰਚਾ ਸੰਭਾਲ ਲਿਆ ਹੈ। ਉਹ ਬਾਗੀ ਹੋਏ ਆਗੂਆਂ ਨੂੰ ਲਾਂਭੇ ਕਰਨ ਲਈ ਉਨ੍ਹਾਂ ਨੂੰ ‘ਪਾਰਟੀ ਤੋੜਨ ਦੀ ਸਾਜਿਸ਼ ਘੜਨ ਵਾਲੇ’ ਕਹਿਣ ਤੋਂ ਵੀ ਨਹੀਂ ਝਿਜਕ ਰਹੇ ਹਨ। ਹਰਿਆਣਾ ਦੇ ਵਿਧਾਇਕ ਕੁਲਦੀਪ ਬਿਸ਼ਨੋਈ ਨੇ ਦੋਸ਼ ਲਗਾਇਆ ਕਿ ਗੁਲਾਮ ਨਬੀ ਆਜ਼ਾਦ ਕਾਰਨ ਸੂਬੇ ਵਿਚ ਪਾਰਟੀ ਸੱਤਾ ਵਿਚ ਨਹੀਂ ਪਰਤ ਸਕੀ। ਉਨ੍ਹਾਂ ਕਿਹਾ ਕਿ ਤੁਹਾਡਾ ਇਤਿਹਾਸ ਕੀ ਹੈ? ਸਾਰੀ ਜ਼ਿੰਦਗੀ ਵਿੱਚ ਤੁਸੀਂ ਸਿਰਫ਼ ਤਿੰਨ ਚੋਣਾਂ ਜਿੱਤੀਆਂ ਹਨ। ਤੁਸੀਂ ਕਾਂਗਰਸ ਪਾਰਟੀ ਨੂੰ ਮਸ਼ਵਰਾ ਦੇ ਰਹੇ ਹੋ। ਤੁਸੀਂ ਗਾਂਧੀ ਪਰਿਵਾਰ ਖ਼ਿਲਾਫ਼ ਬੋਲ ਰਹੇ ਹੋ ਜਿਸ ਨੇ ਤੁਹਾਨੂੰ ਪੰਜ ਵਾਰ ਰਾਜ ਸਭਾ ਲਈ ਨਾਮਜ਼ਦ ਕੀਤਾ। ਇਸੇ ਤਰ੍ਹਾਂ ਯੂਥ ਕਾਂਗਰਸ ਦੇ ਪ੍ਰਧਾਨ ਬੀ.ਵੀ. ਸ੍ਰੀਨਿਵਾਸ ਨੇ ਆਜ਼ਾਦ ‘ਤੇ ਸ਼ਬਦੀ ਹਮਲਾ ਕੀਤਾ ਅਤੇ ਕਿਹਾ ਕਿ ਸੀਨੀਅਰ ਆਗੂਆਂ ਨੂੰ ਮਰਿਆਦਾ ਬਣਾ ਕੇ ਰੱਖਣੀ ਚਾਹੀਦੀ ਹੈ।
ਸਿੱਬਲ, ਆਜ਼ਾਦ ਤੇ ਸ਼ਰਮਾ ਨੂੰ ਪਾਰਟੀ ‘ਚੋਂ ਕੱਢਣ ਦੀ ਮੰਗ
ਰੋਹਤਕ : ਹਰਿਆਣਾ ਦੇ ਕਾਂਗਰਸੀ ਆਗੂਆਂ ਅਤੇ ਸਾਬਕਾ ਮੰਤਰੀਆਂ ਸੁਭਾਸ਼ ਬੱਤਰਾ ਤੇ ਕ੍ਰਿਸ਼ਨ ਮੂਰਤੀ ਹੁੱਡਾ ਨੇ ਸੀਨੀਅਰ ਕਾਂਗਰਸੀ ਆਗੂਆਂ ਗੁਲਾਮ ਨਬੀ ਆਜ਼ਾਦ, ਕਪਿਲ ਸਿੱਬਲ ਅਤੇ ਆਨੰਦ ਸ਼ਰਮਾ ‘ਤੇ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਲਈ ਭਾਜਪਾ ਲੀਡਰਸ਼ਿਪ ਦੇ ਇਸ਼ਾਰਿਆਂ ‘ਤੇ ਚੱਲਣ ਦੇ ਦੋਸ਼ ਲਾਉਂਦਿਆਂ ਇਨ੍ਹਾਂ ਆਗੂਆਂ ਨੂੰ ਪਾਰਟੀ ‘ਚੋਂ ਕੱਢੇ ਜਾਣ ਦੀ ਮੰਗ ਕੀਤੀ ਹੈ। ਰੋਹਤਕ ਵਿਚ ਸਾਂਝੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬੱਤਰਾ ਅਤੇ ਹੁੱਡਾ ਨੇ ਕਿਹਾ ਕਿ ਆਜ਼ਾਦ, ਸਿੱਬਲ ਅਤੇ ਸ਼ਰਮਾ ‘ਸੱਤਾ ਦੇ ਭੁੱਖੇ’ ਆਗੂ ਹਨ, ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰਭਾਵ ਹੇਠ ਕਾਂਗਰਸੀ ਲੀਡਰਸ਼ਿਪ ਵਿਰੁੱਧ ਮਾਰੂ ਬਿਆਨਬਾਜ਼ੀ ਕਰ ਰਹੇ ਹਨ। ਬੱਤਰਾ ਨੇ ਕਿਹਾ, ”ਅਸੀਂ ਕਾਂਗਰਸ ਦੀ ਕੇਂਦਰੀ ਲੀਡਰਸ਼ਿਪ ਨੂੰ ਪੱਤਰ ਲਿਖਾਂਗੇ ਅਤੇ ਪਾਰਟੀ ਦੇ ਹਿੱਤਾਂ ਵਿਰੁਧ ਕੰਮ ਕਰਨ ਵਾਲੇ ਆਗੂਆਂ ਨੂੰ ਕੱਢੇ ਜਾਣ ਦੀ ਮੰਗ ਕਰਾਂਗੇ।”

Check Also

ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ

ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …